- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵਾਲ ਇਹ ਨਹੀਂ ਕਿ ਹਰ ਅਧਿਆਪਕ ਦੀ ਹਰ ਮੰਗ ਸਹੀ ਹੈ ਜਾਂ ਨਹੀਂ; ਸਵਾਲ ਇਹ ਹੈ ਕਿ ਕੀ ਅਧਿਆਪਕ ਨਾਲ ਸੰਵਾਦ ਦਾ ਰਸਤਾ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਉਸ ਦੀ ਆਵਾਜ਼ ਸਿਰਫ਼ ਸੜਕ ’ਤੇ ਸੁਣਾਈ ਦਿੰਦੀ ਹੈ? ਨਿੱਜੀ ਸਕੂਲਾਂ ਦੇ ਅਧਿਆਪਕਾਂ ਦੀ ਕਹਾਣੀ ਵੀ ਕੋਈ ਬਹੁਤ ਵੱਖਰੀ ਨਹੀਂ। ਕਈ ਥਾਵਾਂ ’ਤੇ ਘੱਟ ਤਨਖ਼ਾਹ, ਨੌਕਰੀ ਦੀ ਅਸੁਰੱਖਿਆ, ਵਧਦਾ ਕੰਮ ਤੇ ਪ੍ਰਬੰਧਕੀ ਦਬਾਅ ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ।

ਅੱਜ ਅਧਿਆਪਕ ਦਿਵਸ ਹੈ। ਸਕੂਲਾਂ ’ਚ ਸਮਾਗਮ ਹੋਣਗੇ, ਅਧਿਆਪਕਾਂ ਨੂੰ ਫੁੱਲ ਦਿੱਤੇ ਜਾਣਗੇ, ਮੰਚਾਂ ਤੋਂ ਉਨ੍ਹਾਂ ਨੂੰ ‘ਰਾਸ਼ਟਰ ਨਿਰਮਾਤਾ’ ਕਿਹਾ ਜਾਵੇਗਾ ਤੇ ਸੋਸ਼ਲ ਮੀਡੀਆ ਅਧਿਆਪਕਾਂ ਦੀ ਮਹਾਨਤਾ ਨਾਲ ਭਰ ਜਾਵੇਗਾ। ਇਹ ਸਭ ਕੁਝ ਚੰਗਾ ਹੈ ਪਰ ਇਕ ਸਵਾਲ ਅੱਜ ਵੀ ਸਾਡੇ ਸਾਹਮਣੇ ਖੜ੍ਹਾ ਹੈ ਕਿ ਜਿਸ ਅਧਿਆਪਕ ਤੋਂ ਅਸੀਂ ਦੇਸ਼ ਦਾ ਭਵਿੱਖ ਬਣਾਉਣ ਦੀ ਆਸ ਰੱਖਦੇ ਹਾਂ, ਕੀ ਅਸੀਂ ਉਸ ਦਾ ਵਰਤਮਾਨ ਬਣਾਉਣ ਬਾਰੇ ਵੀ ਕਦੇ ਗੰਭੀਰਤਾ ਨਾਲ ਸੋਚਿਆ ਹੈ? ਪੰਜਾਬ ਦਾ ਅਧਿਆਪਕ ਇਸ ਸਵਾਲ ਦਾ ਜਵਾਬ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਦਿੰਦਾ ਹੈ। ਉਹ ਕਲਾਸਰੂਮ ’ਚ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦਾ ਹੈ ਪਰ ਅਕਸਰ ਉਸ ਦੀ ਡਿਊਟੀ ਕਲਾਸ ਤੋਂ ਬਾਹਰ ਲੱਗੀ ਹੁੰਦੀ ਹੈ। ਕਦੇ ਚੋਣਾਂ, ਕਦੇ ਸਰਵੇਖਣ, ਕਦੇ ਜਨਗਣਨਾ ਤੇ ਕਦੇ ਕੋਈ ਹੋਰ ਸਰਕਾਰੀ ਜ਼ਿੰਮੇਵਾਰੀ। ਜਿਸ ਵਿਅਕਤੀ ਦਾ ਮੁੱਖ ਕੰਮ ਬੱਚੇ ਦੇ ਮਨ ਨੂੰ ਪੜ੍ਹਨਾ ਹੈ, ਉਸ ਨੂੰ ਅਸੀਂ ਕਈ ਵਾਰ ਕਾਗਜ਼ਾਂ ਤੇ ਸਰਕਾਰੀ ਕੰਮਾਂ ’ਚ ਉਲਝਾ ਦਿੰਦੇ ਹਾਂ। ਫਿਰ ਜਦੋਂ ਉਹ ਆਪਣੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਕਹਾਣੀ ਹੋਰ ਵੀ ਵਿਡੰਬਨਾਪੂਰਨ ਹੋ ਜਾਂਦੀ ਹੈ। ਉਹੀ ਅਧਿਆਪਕ ਜੋ ਬੱਚਿਆਂ ਨੂੰ ਲੋਕਤੰਤਰ, ਅਧਿਕਾਰ ਤੇ ਇਨਸਾਫ਼ ਦੇ ਪਾਠ ਪੜ੍ਹਾਉਂਦਾ ਹੈ, ਆਪਣੇ ਹੱਕਾਂ ਲਈ ਸੜਕ ’ਤੇ ਆਉਂਦਾ ਹੈ। ਕਦੇ ਧਰਨੇ, ਕਦੇ ਪ੍ਰਦਰਸ਼ਨ ਤੇ ਕਦੇ ਪੁਲਿਸ ਦੀਆਂ ਡਾਂਗਾਂ ਉਸ ਦੇ ਹਿੱਸੇ ਆਉਂਦੀਆਂ ਹਨ। ਸਵਾਲ ਇਹ ਨਹੀਂ ਕਿ ਹਰ ਅਧਿਆਪਕ ਦੀ ਹਰ ਮੰਗ ਸਹੀ ਹੈ ਜਾਂ ਨਹੀਂ; ਸਵਾਲ ਇਹ ਹੈ ਕਿ ਕੀ ਅਧਿਆਪਕ ਨਾਲ ਸੰਵਾਦ ਦਾ ਰਸਤਾ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਉਸ ਦੀ ਆਵਾਜ਼ ਸਿਰਫ਼ ਸੜਕ ’ਤੇ ਸੁਣਾਈ ਦਿੰਦੀ ਹੈ? ਨਿੱਜੀ ਸਕੂਲਾਂ ਦੇ ਅਧਿਆਪਕਾਂ ਦੀ ਕਹਾਣੀ ਵੀ ਕੋਈ ਬਹੁਤ ਵੱਖਰੀ ਨਹੀਂ। ਕਈ ਥਾਵਾਂ ’ਤੇ ਘੱਟ ਤਨਖ਼ਾਹ, ਨੌਕਰੀ ਦੀ ਅਸੁਰੱਖਿਆ, ਵਧਦਾ ਕੰਮ ਤੇ ਪ੍ਰਬੰਧਕੀ ਦਬਾਅ ਉਨ੍ਹਾਂ ਦੀ ਪੇਸ਼ੇਵਰ ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਹਨ। ਮਾਪਿਆਂ ਦੀਆਂ ਉਮੀਦਾਂ, ਸਕੂਲ ਪ੍ਰਬੰਧਕਾਂ ਦੇ ਟੀਚੇ ਤੇ ਨਤੀਜਿਆਂ ਦਾ ਦਬਾਅ-ਇਨ੍ਹਾਂ ਸਭ ਦੇ ਵਿਚਕਾਰ ਅਧਿਆਪਕ ਤੋਂ ਫਿਰ ਵੀ ਮੁਸਕਰਾਉਂਦੇ ਹੋਏ ਕਲਾਸ ’ਚ ਜਾਣ ਦੀ ਉਮੀਦ ਕੀਤੀ ਜਾਂਦੀ ਹੈ। ਹੁਣ ਇਸ ਤਸਵੀਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਦਾਖ਼ਲ ਹੋ ਚੁੱਕੀ ਹੈ। ਏਆਈ ਬੱਚੇ ਨੂੰ ਕੁਝ ਸਕਿੰਟਾਂ ’ਚ ਜਵਾਬ ਦੇ ਸਕਦੀ ਹੈ, ਲੇਖ ਲਿਖ ਸਕਦੀ ਹੈ, ਭਾਸ਼ਾ ਬਦਲ ਸਕਦੀ ਹੈ ਤੇ ਪੜ੍ਹਾਈ ਨੂੰ ਵਿਅਕਤੀਗਤ ਵੀ ਬਣਾ ਸਕਦੀ ਹੈ। ਫਿਰ ਕੀ ਅਧਿਆਪਕ ਦਾ ਭਵਿੱਖ ਖ਼ਤਰੇ ’ਚ ਹੈ? ਸ਼ਾਇਦ ਇਸ ਸਵਾਲ ਦਾ ਸਹੀ ਜਵਾਬ ‘ਹਾਂ’ ਜਾਂ ‘ਨਹੀਂ’ ’ਚ ਨਹੀਂ ਹੈ। ਖ਼ਤਰਾ ਏਆਈ ਤੋਂ ਘੱਟ ਤੇ ਅਧਿਆਪਕ ਨੂੰ ਬਦਲਦੇ ਸਮੇਂ ਨਾਲ ਨਾ ਬਦਲਣ ਦੇਣ ਤੋਂ ਵੱਧ ਹੈ। ਜੇ ਸਿੱਖਿਆ ਪ੍ਰਣਾਲੀ ਅਧਿਆਪਕ ਨੂੰ ਨਵੀਂ ਤਕਨਾਲੋਜੀ ਦੀ ਸਿਖਲਾਈ ਨਹੀਂ ਦਿੰਦੀ, ਉਸ ਨੂੰ ਏਆਈ ਦੀ ਸਹੀ ਵਰਤੋਂ ਲਈ ਤਿਆਰ ਨਹੀਂ ਕਰਦੀ ਤੇ ਉਸ ਦੀ ਪੇਸ਼ੇਵਰ ਖੁਦਮੁਖਤਿਆਰੀ ਨੂੰ ਮਜ਼ਬੂਤ ਨਹੀਂ ਕਰਦੀ ਤਾਂ ਆਉਣ ਵਾਲਾ ਸਮਾਂ ਅਧਿਆਪਕ ਲਈ ਹੋਰ ਮੁਸ਼ਕਲ ਹੋ ਸਕਦਾ ਹੈ। ਇੱਕ ਗੱਲ ਏਆਈ ਸ਼ਾਇਦ ਕਦੇ ਪੂਰੀ ਤਰ੍ਹਾਂ ਨਹੀਂ ਕਰ ਸਕੇਗੀ, ਇਕ ਬੱਚੇ ਨੂੰ ਮਨੁੱਖ ਵਜੋਂ ਸਮਝਣਾ। ਮਸ਼ੀਨ ਜਵਾਬ ਦੇ ਸਕਦੀ ਹੈ, ਅਧਿਆਪਕ ਸਵਾਲ ਪੈਦਾ ਕਰ ਸਕਦਾ ਹੈ। ਮਸ਼ੀਨ ਜਾਣਕਾਰੀ ਦੇ ਸਕਦੀ ਹੈ, ਅਧਿਆਪਕ ਉਸ ਜਾਣਕਾਰੀ ਦੀ ਪਰਖ ਕਰਨੀ ਸਿਖਾ ਸਕਦਾ ਹੈ। ਮਸ਼ੀਨ ਗ਼ਲਤੀ ਦੱਸ ਸਕਦੀ ਹੈ ਪਰ ਇਕ ਚੁੱਪ ਬੱਚੇ ਦੀਆਂ ਅੱਖਾਂ ’ਚ ਲੁਕੀ ਗ਼ਲਤੀ, ਡਰ ਜਾਂ ਸੰਭਾਵਨਾ ਨੂੰ ਪਛਾਣਨ ਲਈ ਅਜੇ ਵੀ ਮਨੁੱਖੀ ਸੰਵੇਦਨਾ ਦੀ ਲੋੜ ਹੈ। ਇਸ ਲਈ ਅੱਜ ਅਧਿਆਪਕ ਦਿਵਸ ’ਤੇ ਸਾਨੂੰ ਅਧਿਆਪਕ ਨੂੰ ਸਿਰਫ਼ ਸਨਮਾਨਿਤ ਕਰਨ ਦੀ ਨਹੀਂ, ਸਮਝਣ ਦੀ ਲੋੜ ਹੈ। ਉਸ ਤੋਂ ਉਮੀਦਾਂ ਰੱਖਣ ਤੋਂ ਪਹਿਲਾਂ ਉਸ ਦੀਆਂ ਮੁਸ਼ਕਲਾਂ ਨੂੰ ਸਮਝਣਾ ਪਵੇਗਾ। ਉਸ ਨੂੰ ਗ਼ੈਰ-ਅਧਿਆਪਕੀ ਕੰਮਾਂ ਤੋਂ ਬਚਾਉਣਾ ਪਵੇਗਾ, ਸਰਕਾਰੀ ਤੇ ਨਿੱਜੀ ਦੋਵਾਂ ਖੇਤਰਾਂ ’ਚ ਉਸ ਦੀਆਂ ਸੇਵਾ-ਸ਼ਰਤਾਂ ਨੂੰ ਬਿਹਤਰ ਬਣਾਉਣਾ ਪਵੇਗਾ ਅਤੇ ਏਆਈ ਦੇ ਯੁੱਗ ਲਈ ਉਸ ਨੂੰ ਤਿਆਰ ਕਰਨਾ ਪਵੇਗਾ। ਕਿਉਂਕਿ ਆਖ਼ਰਕਾਰ ਸਵਾਲ ਇਹ ਨਹੀਂ ਕਿ ਏਆਈ ਅਧਿਆਪਕ ਦੀ ਥਾਂ ਲਵੇਗੀ ਜਾਂ ਨਹੀਂ। ਵੱਡਾ ਸਵਾਲ ਇਹ ਹੈ ਕਿ ਅਸੀਂ ਅਧਿਆਪਕ ਨੂੰ ਇੰਨਾ ਸਮਾਂ, ਸਨਮਾਨ ਅਤੇ ਸਾਧਨ ਦੇਵਾਂਗੇ ਜਾਂ ਨਹੀਂ ਕਿ ਉਹ ਬਦਲਦੇ ਯੁੱਗ ’ਚ ਆਪਣੀ ਅਸਲ ਭੂਮਿਕਾ ਨਿਭਾ ਸਕੇ। ਅਧਿਆਪਕ ਨੂੰ ਫੁੱਲ ਦੇਣੇ ਚੰਗੀ ਗੱਲ ਹੈ ਪਰ ਉਸ ਨੂੰ ਪੜ੍ਹਾਉਣ ਲਈ ਸਮਾਂ ਦੇਣਾ ਉਸ ਤੋਂ ਵੀ ਵੱਡੀ ਗੱਲ ਹੈ। ਅੱਜ ਅਧਿਆਪਕ ਦਿਵਸ ’ਤੇ ਇਸੇ ਚਿੰਤਨ ਦੀ ਲੋੜ ਹੈ।
ਕਲਮ ਫੜਾ ਕੇ ਹੱਥਾਂ ਨੂੰ, ਜੋ ਭਵਿੱਖ ਲਿਖਾਉਂਦੇ ਨੇ,
ਉਹ ਅਧਿਆਪਕ ਨੇ ਜੋ ਖ਼ੁਦ ਚੁੱਪਚਾਪ ਸੜ ਜਾਂਦੇ ਨੇ।
ਦੁਨੀਆ ਨੂੰ ਰੌਸ਼ਨ ਕਰਨ ਵਾਲਿਆਂ ਦੀ ਵੀ ਕਦੇ ਖ਼ਬਰ ਲਓ,
ਦੀਵੇ ਅਕਸਰ ਆਪਣੇ ਲਈ ਹਨੇਰੇ ਵਿੱਚ ਰਹਿ ਜਾਂਦੇ ਨੇ।