- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਸ਼ੱਕ ਇਸ ਮਾਮਲੇ ’ਚ ਹੁਣ ਹੌਲੀ-ਹੌਲੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਪਰ ਲੇਟਲਤੀਫ਼ੀ ਕਿਹੜੇ ਚਿਹਰਿਆਂ ਕਰ ਕੇ ਹੋਈ, ਉਨ੍ਹਾਂ ਦੇ ਪਰਦੇ ਵੀ ਚੱਕੇ ਜਾਣੇ ਚਾਹੀਦੇ ਹਨ, ਕਿਉਂਕਿ ਇਸ ਮਾਮਲੇ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਤਾਂ ਵੱਜੀ ਹੀ ਹੈ, ਸਗੋਂ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਵੀ ਬੁਰੇ ਤਰੀਕੇ ਨਾਲ ਢਾਅ ਲੱਗੀ ਹੈ। ਇਲਜ਼ਾਮਾਂ ਮੁਤਾਬਕ ਅਮਰਜੀਤ ਸਿੰਘ ਨੇ ਜੋ ਕੀਤਾ ਹੈ, ਉਹ ਬੱਜਰ ਕੁਰਹਿਤ ਹੈ ਤੇ ਉਸ ਦੇ ਭੱਜਣ ਨਾਲ ਇਸ ਗੱਲ ’ਤੇ ਮੁਹਰ ਲੱਗ ਜਾਂਦੀ ਹੈ ਕਿ ਉਹ ਕਿਸੇ ਨਾ ਕਿਸੇ ਗੱਲੋਂ ਕੱਚਾ ਹੈ।

ਜਬਰ-ਜਨਾਹ ਦੇ ਇਲਜ਼ਾਮਾਂ ’ਚ ਘਿਰੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਭਾਈ ਮਲਕੀਤ ਸਿੰਘ ਨੂੰ ਪੰਥ ’ਚੋਂ ਛੇਕ ਦਿੱਤਾ ਗਿਆ। ਹਾਲਾਂਕਿ ਚਾਵਲਾ ਦੀਆਂ ‘ਕਾਲੀਆਂ ਕਰਤੂਤਾਂ’ ਨੂੰ ਨਸ਼ਰ ਕਰਦੀ ਇਕ ਐੱਫਆਈਆਰ ਇਕ ਮਹੀਨਾ ਪਹਿਲਾਂ ਦਰਜ ਹੋ ਚੁੱਕੀ ਹੈ ਤੇ ਜਬਰ-ਜਨਾਹ ਪੀੜਤ ਬੀਬੀ ਦੇ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਦੀਆਂ ਲਗਾਤਾਰ ਪਰਤਾਂ ਖੁੱਲ੍ਹ ਰਹੀਆਂ ਹਨ। ਪਹਿਲੀ ਨਜ਼ਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰ ਸਿੰਘ ਸਾਹਿਬਾਨ ਵੱਲੋਂ ਲਿਆ ਗਿਆ ਇਹ ਫ਼ੈਸਲਾ ਤਾਰੀਫ਼ ਦੇ ਕਾਬਲ ਹੈ। ਕਿਉਂਕਿ ਜਿਸ ਸਿਰਮੌਰ ਸੰਸਥਾਂ ਤੇ ਉਸ ਦੇ ਪਵਿੱਤਰ ਅਸਥਾਨ ਦੀ ਹਦੂਦ ਅੰਦਰ ਬਣੀਆਂ ਸਰਾਵਾਂ ਦੇ ਨਾਂ ਲੈਣ ’ਤੇ ਵੀ ਕਈ ਵਾਰ ਜੀਭ ਅਦਬ ਤੇ ਅਕੀਦਤ ਨਾਲ ਭਰ ਜਾਂਦੀ ਹੈ, ਉਨ੍ਹਾਂ ਅੰਦਰ ਇਨ੍ਹਾਂ ਲੋਕਾਂ ਨੇ ਮਰਿਆਦਾ ਨੂੰ ਜਿਸ ਤਰੀਕੇ ਛਿੱਕੇ ਟੰਗ ਕੇ ਹੱਦਾਂ ਟੱਪੀਆਂ ਨੇ, ਉਹ ਕਿਸੇ ਵੀ ਰੂਪ ’ਚ ਬਖ਼ਸ਼ਣਯੋਗ ਜਾਂ ਮਾਫ਼ੀ ਦੇ ਲਾਇਕ ਨਹੀਂ ਹਨ। ਦੂਜੇ ਪਾਸੇ, ਇਸ ਤੋਂ ਵੱਡੀ ਸ਼ਰਮ ਤੇ ਲਾਹਨਤ ਵਾਲੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਉਸ ਮੁਕੱਦਸ ਅਸਥਾਨ ਦਾ ਨਾਂ ਐੱਫਆਈਆਰ ਅਤੇ ਵਾਰ-ਵਾਰ ਮੀਡੀਆ ’ਚ ਉਚਾਰਿਆ ਜਾ ਰਿਹਾ ਹੈ, ਜਿਸ ਦੀ ਪਵਿੱਤਰਤਾ ਦਾ ਲੋਹਾ ਸਦੀਆ ਤੋਂ ਲੋਕਾਈ ਮੰਨਦੀ ਆ ਰਹੀ ਹੈ•। ਉਸੇ ਅੰਦਰ ਜਬਰ-ਜਨਾਹ ਵਰਗੇ ਘਿਨੌਣੇ ਅਪਰਾਧ ਕਰਨ ਦੀ ਇਨ੍ਹਾਂ ਵੱਲੋਂ ਹਿਮਾਕਤ ਕੀਤੀ ਗਈ। ਇਨ੍ਹਾਂ ਮੁਲਜ਼ਮਾਂ ਨੂੰ ਪੰਥ ’ਚੋਂ ਛੇਕਣ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਬੇਸ਼ੱਕ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਪੱਸ਼ਟ ਲਫ਼ਜ਼ਾਂ ’ਚ ਇਹ ਚਿਤਾਵਨੀ ਦਿੱਤੀ ਹੈ ਕਿ ਮਾੜੇ ਕਿਰਦਾਰ ਵਾਲੇ ਵਿਅਕਤੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਉਹ ਆਪਣੇ ਆਪ ਇਸ ਸੰਸਥਾ ਨੂੰ ਫ਼ਤਹਿ ਬੁਲਾ ਕੇ ਦੂਰ ਹੋ ਜਾਣ ਪਰ ਇਹ ਇੰਨਾ ਸੌਖਾ ਨਹੀਂ ਹੈ ਕਿ ਕੋਈ ਖ਼ੁਦ ਇਸ ਗੱਲ ਨੂੰ ਸਵੀਕਾਰ ਕਰੇ ਕਿ ਉਹ ਕਿਰਦਾਰ ਪੱਖੋਂ ਕਿੰਨਾ ਊਣਾ ਹੈ। ਕਿਤੇ ਨਾ ਕਿਤੇ ਇਹ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਮੁਲਾਜ਼ਮਾਂ ’ਤੇ ਅਹੁਦੇਦਾਰਾਂ ’ਤੇ ਸਖ਼ਤ ਨਜ਼ਰ ਰੱਖੇ। ਹਾਲਾਂਕਿ ਇਸ ਮਾਮਲੇ ’ਚ ਪਿਛਲੇ ਦਿਨੀਂ ਸ਼੍ਰੋਮਣੀ ਕਮੇਟੀ ਨੇ ਕੁਝ ਛੋਟੇ ਮੁਲਾਜ਼ਮਾਂ ’ਤੇ ਕਾਰਵਾਈ ਕੀਤੀ ਹੈ ਪਰ ਇਹ ਕਾਰਵਾਈ ‘ਗੋਂਗਲੂਆਂ ਤੋਂ ਮਿੱਟੀ ਝਾੜਨ’ ਬਰਾਬਰ ਹੈ•। ਕਿਉਂਕਿ ਵੱਡੇ ਅਹੁਦਿਆਂ ਦੀ ਨਿਗਰਾਨੀ ਹੇਠਾਂ ਕੰਮ ਕਰਦੇ ਮੁਲਾਜ਼ਮ ਦੀ ਇੰਨੀ ਹਿੰਮਤ ਨਹੀਂ ਹੁੰਦੀ ਕਿ ਉਹ ਕੋਈ ਪੁੱਠਾ ਕੰਮ ਕਰੇ। ਕੋਈ ਸ਼ਹਿ ਜਾਂ ਕਿਸੇ ਦਾ ਸਿਰ ’ਤੇ ਹੱਥ ਹੋਵੇ ਤਾਂ ਗੱਲ ਵੱਖਰੀ ਹੈ। ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਅਮਰਜੀਤ ਚਾਵਲਾ ਇਸ ਵੇਲੇ ਗ੍ਰਿਫ਼ਤਾਰੀ ਦੇ ਡਰੋਂ ਮੁਲਕ ਛੱਡ ਕੇ ਭੱਜ ਚੁੱਕਾ ਹੈ। ਆਪਣਾ ਅਸਤੀਫ਼ਾ ਦਿੰਦੇ ਸਮੇਂ ਹਾਲਾਂਕਿ ਉਸ ਨੇ ਇਹ ਕਿਹਾ ਸੀ ਕਿ ਮੇਰੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਪਰ ਜਬਰ ਜਨਾਹ ਵਰਗੇ ਇਲਜ਼ਾਮਾਂ ’ਤੇ ਸੱਚੇ ਹੋਣ ਦਾ ਸਬੂਤ ਕਿਰਦਾਰ ਨਾਲ ਦਿੱਤਾ ਜਾਂਦਾ ਹੈ ਨਾ ਕਿ ਮੈਦਾਨ ’ਚੋਂ ਭੱਜ ਕੇ। ਬੇਸ਼ੱਕ ਇਸ ਮਾਮਲੇ ’ਚ ਹੁਣ ਹੌਲੀ-ਹੌਲੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਪਰ ਲੇਟਲਤੀਫ਼ੀ ਕਿਹੜੇ ਚਿਹਰਿਆਂ ਕਰ ਕੇ ਹੋਈ, ਉਨ੍ਹਾਂ ਦੇ ਪਰਦੇ ਵੀ ਚੱਕੇ ਜਾਣੇ ਚਾਹੀਦੇ ਹਨ, ਕਿਉਂਕਿ ਇਸ ਮਾਮਲੇ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਤਾਂ ਵੱਜੀ ਹੀ ਹੈ, ਸਗੋਂ ਸਿੱਖ ਸੰਸਥਾਵਾਂ ਦੇ ਵੱਕਾਰ ਨੂੰ ਵੀ ਬੁਰੇ ਤਰੀਕੇ ਨਾਲ ਢਾਅ ਲੱਗੀ ਹੈ। ਇਲਜ਼ਾਮਾਂ ਮੁਤਾਬਕ ਅਮਰਜੀਤ ਸਿੰਘ ਨੇ ਜੋ ਕੀਤਾ ਹੈ, ਉਹ ਬੱਜਰ ਕੁਰਹਿਤ ਹੈ ਤੇ ਉਸ ਦੇ ਭੱਜਣ ਨਾਲ ਇਸ ਗੱਲ ’ਤੇ ਮੁਹਰ ਲੱਗ ਜਾਂਦੀ ਹੈ ਕਿ ਉਹ ਕਿਸੇ ਨਾ ਕਿਸੇ ਗੱਲੋਂ ਕੱਚਾ ਹੈ। ਅਮਰਜੀਤ ਸਿੰਘ ਚਾਵਲਾ ਨਾਲ ਜੁੜੀ ਇਸ ਘਟਨਾ ਨੂੰ ਕਿਸੇ ਵੀ ਰੂਪ ’ਚ ਹਲਕਿਆਂ ਨਹੀਂ ਲੈਣਾ ਚਾਹੀਦਾ। ਇਹ ਘਟਨਾ ਹਰੇਕ ਨਾਨਕ ਨਾਮ ਲੇਵਾ ਸਿੱਖ ਲਈ ਨਮੋਸ਼ੀ ਵਾਲੀ ਗੱਲ ਹੈ। ਇਸ ਮਾਮਲੇ ’ਚ ਅਮਰਜੀਤ ਸਿੰਘ ਸਣੇ ਜੋ ਕੋਈ ਵੀ ਘਟਨਾ ਦਾ ਹਿੱਸੇਦਾਰ ਜਾਂ ਗੁਣਾਹਗਾਰ ਹੈ, ਉਸ ਨੂੰ ਕਿਸੇ ਵੀ ਕੀਮਤ ’ਤੇ ਪੰਥ ਦੀ ਪਵਿੱਤਰਤਾ ਲਾਗੇ ਫੜਕਣ ਨਹੀਂ ਦੇਣਾ ਚਾਹੀਦਾ।