ਗਾਲਾਂ: ਭਾਸ਼ਾ ਤੋਂ ਵੱਧ ਸਮਾਜ ਦਾ ਦਰਪਣ ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਜੈੱਨ-ਜ਼ੀ ਦੇ ਇਕ ਹਿੱਸੇ ’ਚ ਤਣਾਅ ਅਤੇ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਵਧੀਆਂ ਹਨ। ਰੁਜ਼ਗਾਰ ਦੀ ਬੇਯਕੀਨੀ, ਆਰਥਿਕ ਭਵਿੱਖ ਦਾ ਡਰ, ਕੰਮ ਵਾਲੀ ਥਾਂ ਦਾ ਦਬਾਅ, ਪਰਿਵਾਰ ਦੀਆਂ ਉੱਚੀਆਂ ਉਮੀਦਾਂ ਅਤੇ ਤੇਜ਼ੀ ਨਾਲ ਬਦਲਦੀ ਜੀਵਨ-ਸ਼ੈਲੀ ਇਸ ਦੇ ਮੁੱਖ ਕਾਰਨਾਂ ’ਚ ਹਨ। ਅਜਿਹੇ ਦਬਾਅ ਹੇਠ ਗਾਲਾਂ ਕਈ ਵਾਰ ਭਾਵਨਾਤਮਕ ਨਿਕਾਸ ਦਾ ਸਾਧਨ ਬਣ ਜਾਂਦੀਆਂ ਹਨ।
Publish Date: Mon, 10 Aug 2026 08:44 PM (IST)
Updated Date: Tue, 11 Aug 2026 07:48 AM (IST)
ਪਿਛਲੇ ਦਿਨਾਂ ਤੋਂ ਦੇਸ਼ ’ਚ ਇਕ ਮੁੱਦਾ ਬੜਾ ਚਰਚਾ ’ਚ ਹੈ, ਉਹ ਹੈ ਗਾਲਾਂ ਦਾ ਮੁੱਦਾ। ਮੁੱਦਾ ਬਣਾਉਣ ਵਾਲਿਆਂ ਦੇ ਨਿਸ਼ਾਨੇ ’ਤੇ ਜੈੱਨ-ਜ਼ੀ ਹੈ, ਜਿਨ੍ਹਾਂ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਨੈਤਿਕਤਾ, ਸੰਸਕਾਰਾਂ ਅਤੇ ਸਭਿਅਕ ਭਾਸ਼ਾ ਦੇ ਪਾਠ ਪੜ੍ਹਾਏ ਜਾ ਰਹੇ ਹਨ ਪਰ ਸਭ ਤੋਂ ਦਿਲਚਸਪ ਅਤੇ ਵਿਅੰਗਮਈ ਪੱਖ ਇਹ ਹੈ ਕਿ ਨੈਤਿਕਤਾ ਦਾ ਉਪਦੇਸ਼ ਦੇਣ ਵਾਲੇ ਬਹੁਤੇ ਲੋਕ ਆਪ ਵੀ ਉਸੇ ਸ਼੍ਰੇਣੀ ’ਚ ਆਉਂਦੇ ਹਨ, ਜੋ ਆਮ ਜ਼ਿੰਦਗੀ ’ਚ ਦੂਜਿਆਂ ਨੂੰ ਭਾਂਤ-ਭਾਂਤ ਦੀਆਂ ਗਾਲਾਂ ਨਾਲ ਨਿਵਾਜਣ ਦਾ ਚੰਗਾ ‘ਹੁਨਰ’ ਅਤੇ ਅਭਿਆਸ ਰੱਖਦੇ ਹਨ।
ਵੈਸੇ ਗਾਲਾਂ ਮਨੁੱਖੀ ਸਮਾਜ ਜਿੰਨੀਆਂ ਹੀ ਪੁਰਾਣੀਆਂ ਹਨ। ਗਾਲ ਕੱਢਣਾ ਹਮੇਸ਼ਾਂ ਵਿਅਕਤੀ ਦੇ ਚਰਿੱਤਰ ਦਾ ਸਹੀ ਮਾਪਦੰਡ ਨਹੀਂ ਹੁੰਦਾ ਅਤੇ ਨਾ ਹੀ ਹਰ ਗਾਲ ਕੱਢਣ ਵਾਲਾ ਵਿਅਕਤੀ ਹਮੇਸ਼ਾਂ ਗੁੱਸੇ ਵਾਲਾ ਜਾਂ ਬੁਰੇ ਸੁਭਾਅ ਦਾ ਹੁੰਦਾ ਹੈ। ਹਰ ਗਾਲ ਹਮਲਾਵਰ ਇਰਾਦੇ ਨਾਲ ਨਹੀਂ ਦਿੱਤੀ ਜਾਂਦੀ ਹੈ। ਇਸ ਦਾ ਅਰਥ ਸੰਦਰਭ, ਰਿਸ਼ਤੇ ਅਤੇ ਬੋਲਣ ਦੇ ਢੰਗ ’ਤੇ ਨਿਰਭਰ ਕਰਦਾ ਹੈ। ਇਕੋ ਸ਼ਬਦ ਦੋਸਤਾਂ ’ਚ ਹਾਸੇ ਦਾ ਸਾਧਨ ਹੋ ਸਕਦਾ ਹੈ, ਅਦਾਲਤ ’ਚ ਅਪਮਾਨ ਜਾਂ ਅਪਰਾਧ ਦਾ ਸਬੂਤ ਬਣ ਸਕਦਾ ਹੈ, ਸੋਸ਼ਲ ਮੀਡੀਆ ’ਤੇ ਨਫ਼ਰਤੀ ਭਾਸ਼ਣ ਬਣ ਸਕਦਾ ਹੈ ਅਤੇ ਘਰੇਲੂ ਜੀਵਨ ’ਚ ਮਾਨਸਿਕ ਹਿੰਸਾ ਦਾ ਸਾਧਨ ਵੀ।
ਮਨੋਭਾਸ਼ਾ-ਵਿਗਿਆਨੀ ਟਿਮੋਥੀ ਜੇ ਦੇ ਅਨੁਸਾਰ ਗਾਲਾਂ ਮੁੱਖ ਤੌਰ ’ਤੇ ਗੁੱਸੇ, ਨਿਰਾਸ਼ਾ, ਡਰ, ਦਰਦ, ਹੈਰਾਨੀ ਜਾਂ ਬਹੁਤ ਜ਼ਿਆਦਾ ਖੁਸ਼ੀ ਵਰਗੀਆਂ ਤੀਬਰ ਭਾਵਨਾਵਾਂ ਦੀ ਸੁਭਾਵਿਕ ਪ੍ਰਗਟਾਵਾ ਹੁੰਦੀਆਂ ਹਨ। ਬਹੁਤ ਸਾਰੇ ਮਾਮਲਿਆਂ ’ਚ ਇਹ ਸ਼ਬਦ ਪਹਿਲਾਂ ਤੋਂ ਸੋਚੇ ਨਹੀਂ ਜਾਂਦੇ, ਸਗੋਂ ਭਾਵਨਾਤਮਕ ਉਤੇਜਨਾ ਦੇ ਸਮੇਂ ਆਪਣੇ ਆਪ ਮੂੰਹੋਂ ਨਿਕਲ ਜਾਂਦੇ ਹਨ।
ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਜੈੱਨ-ਜ਼ੀ ਦੇ ਇਕ ਹਿੱਸੇ ’ਚ ਤਣਾਅ ਅਤੇ ਮਾਨਸਿਕ ਸਿਹਤ ਸੰਬੰਧੀ ਚਿੰਤਾਵਾਂ ਵਧੀਆਂ ਹਨ। ਰੁਜ਼ਗਾਰ ਦੀ ਬੇਯਕੀਨੀ, ਆਰਥਿਕ ਭਵਿੱਖ ਦਾ ਡਰ, ਕੰਮ ਵਾਲੀ ਥਾਂ ਦਾ ਦਬਾਅ, ਪਰਿਵਾਰ ਦੀਆਂ ਉੱਚੀਆਂ ਉਮੀਦਾਂ ਅਤੇ ਤੇਜ਼ੀ ਨਾਲ ਬਦਲਦੀ ਜੀਵਨ-ਸ਼ੈਲੀ ਇਸ ਦੇ ਮੁੱਖ ਕਾਰਨਾਂ ’ਚ ਹਨ। ਅਜਿਹੇ ਦਬਾਅ ਹੇਠ ਗਾਲਾਂ ਕਈ ਵਾਰ ਭਾਵਨਾਤਮਕ ਨਿਕਾਸ ਦਾ ਸਾਧਨ ਬਣ ਜਾਂਦੀਆਂ ਹਨ।
ਕੁਝ ਖੋਜਾਂ ਦਰਸਾਉਂਦੀਆਂ ਹਨ ਕਿ ਗਾਲ ਕੱਢਣ ਨਾਲ ਕੁਝ ਲੋਕਾਂ ’ਚ ਦਰਦ ਸਹਿਣ ਦੀ ਸਮਰੱਥਾ ਵਧ ਸਕਦੀ ਹੈ ਅਤੇ ਭਾਵਨਾਤਮਕ ਤਣਾਅ ਦਾ ਅਨੁਭਵ ਕੁਝ ਹੱਦ ਤੱਕ ਘੱਟ ਹੋ ਸਕਦਾ ਹੈ। ਬ੍ਰਿਟਿਸ਼ ਮਨੋਵਿਗਿਆਨੀ ਰਿਚਰਡ ਸਟੀਫ਼ਨਜ਼ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਸਾਲ 2009 ’ਚ ਕੀਤੇ ਗਏ ਇਕ ਪ੍ਰਯੋਗ ’ਚ ਸ਼ਾਮਲ ਵਿਅਕਤੀਆਂ ਨੇ ਆਪਣੇ ਹੱਥ ਬਰਫ਼ ਵਰਗੇ ਅਤਿ-ਠੰਢੇ ਪਾਣੀ ’ਚ ਰੱਖੇ, ਤਾਂ ਜਿਨ੍ਹਾਂ ਲੋਕਾਂ ਨੇ ਉਸ ਦਰਦ ਦੌਰਾਨ ਗਾਲਾਂ ਦੀ ਵਰਤੋਂ ਕੀਤੀ, ਉਹ ਆਮ ਸ਼ਬਦ ਬੋਲਣ ਵਾਲੇ ਲੋਕਾਂ ਦੇ ਮੁਕਾਬਲੇ ਵਧੇਰੇ ਸਮੇਂ ਤੱਕ ਪਾਣੀ ’ਚ ਹੱਥ ਰੱਖ ਸਕੇ ਅਤੇ ਉਨ੍ਹਾਂ ਨੇ ਦਰਦ ਵੀ ਘੱਟ ਮਹਿਸੂਸ ਕੀਤਾ।
ਆਮ ਧਾਰਨਾ ਹੈ ਕਿ ਮਨੁੱਖ ਆਪਣੇ ਗੁੱਸੇ ਨੂੰ ਸਰੀਰਕ ਹਮਲੇ ਜਾਂ ਹਿੰਸਾ ’ਚ ਬਦਲਣ ਦੀ ਬਜਾਏ ਸ਼ਬਦਾਂ ਰਾਹੀਂ ਬਾਹਰ ਕੱਢ ਲੈਂਦਾ ਹੈ, ਜੋ ਕਿ ਇਕ ਕਿਸਮ ਦਾ ‘ਸੁਰੱਖਿਆ ਵਾਲਵ’ ਮੰਨਿਆ ਜਾਂਦਾ ਹੈ। ਹਾਲਾਂਕਿ, ਵਿਗਿਆਨਕ ਤੌਰ ’ਤੇ ਇਸ ਨੂੰ ਹਿੰਸਾ ਰੋਕਣ ਦੀ ਕੋਈ ਪੱਕੀ ਜਾਂ ਪ੍ਰਮਾਣਿਤ ਰਣਨੀਤੀ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਇਹ ਹਰ ਸਥਿਤੀ ਜਾਂ ਹਰ ਵਿਅਕਤੀ ’ਤੇ ਇੱਕੋ ਜਿਹੀ ਲਾਗੂ ਨਹੀਂ ਹੁੰਦੀ।
ਇਤਿਹਾਸ ਦੱਸਦਾ ਹੈ ਕਿ ਅਪਮਾਨਜਨਕ ਭਾਸ਼ਾ ਦਾ ਰੂਪ ਸਮੇਂ ਦੇ ਨਾਲ ਬਦਲਦਾ ਰਿਹਾ ਹੈ। ਵੈਦਿਕ ਅਤੇ ਮਹਾਂਕਾਵਿ ਸਾਹਿਤ ’ਚ ਅਪਮਾਨ ਲਈ ‘ਮੂਰਖ’, ‘ਅਧਰਮੀ’, ‘ਦੁਰਾਤਮਾ’ ਅਤੇ ‘ਪਾਪੀ’ ਵਰਗੇ ਸੰਬੋਧਨ ਮਿਲਦੇ ਹਨ। ਭਗਤੀ ਕਾਲ ਦੇ ਸੰਤਾਂ ਨੇ ਵਿਅਕਤੀ ਦੀ ਬਜਾਏ ਪਖੰਡ ਅਤੇ ਬੇਇਨਸਾਫ਼ੀ ’ਤੇ ਤਿੱਖਾ ਪ੍ਰਹਾਰ ਕੀਤਾ। ਮੱਧਕਾਲ ਅਤੇ ਉਸ ਤੋਂ ਬਾਅਦ ਸਮਾਜਿਕ ਬਣਤਰਾਂ, ਜਾਤ, ਪਰਿਵਾਰ ਅਤੇ ‘ਇੱਜ਼ਤ’ ਦੀਆਂ ਧਾਰਨਾਵਾਂ ਨੇ ਅਜਿਹੀ ਸ਼ਬਦਾਵਲੀ ਨੂੰ ਜਨਮ ਦਿੱਤਾ, ਜੋ ਅੱਜ ਵੀ ਲੋਕ-ਭਾਸ਼ਾ ’ਚ ਮੌਜੂਦ ਹੈ।
ਆਧੁਨਿਕ ਦੌਰ ’ਚ ਸਿਨੇਮਾ, ਟੈਲੀਵਿਜ਼ਨ, ਸੋਸ਼ਲ ਮੀਡੀਆ, ਮੀਮ ਕਲਚਰ ਅਤੇ ਓਟੀਟੀ ਪਲੇਟਫਾਰਮਾਂ ਨੇ ਗਾਲਾਂ ਨੂੰ ਗੁੱਸੇ ਦੇ ਨਾਲ-ਨਾਲ ਦੋਸਤੀ, ਹਾਸੇ ਅਤੇ ਰਾਜਨੀਤਿਕ ਵਿਰੋਧ ਦੀ ਭਾਸ਼ਾ ਵੀ ਬਣਾ ਦਿੱਤਾ। ਇਸ ਦੇ ਨਾਲ ਹੀ ਮਹਿਲਾ-ਵਿਰੋਧੀ, ਜਾਤੀਵਾਦੀ ਅਤੇ ਧਾਰਮਿਕ ਗਾਲਾਂ ਦੀ ਆਲੋਚਨਾ ਵੀ ਵਧੀ ਹੈ।
ਭਾਰਤ ਅਤੇ ਦੱਖਣੀ ਏਸ਼ੀਆਈ ਸਮਾਜ ’ਚ ਜ਼ਿਆਦਾਤਰ ਗਾਲਾਂ ਮਾਂ, ਭੈਣ ਜਾਂ ਧੀ ਵਰਗੇ ਮਹਿਲਾ ਰਿਸ਼ਤੇਦਾਰਾਂ ਨੂੰ ਕੇਂਦਰ ਬਣਾ ਕੇ ਘੜੀਆਂ ਗਈਆਂ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਪੁਰਖ-ਪ੍ਰਧਾਨ ਸਮਾਜ ’ਚ ਪਰਿਵਾਰ ਦੀ ‘ਇੱਜ਼ਤ’ ਨੂੰ ਔਰਤਾਂ ਨਾਲ ਜੋੜਿਆ ਗਿਆ ਅਤੇ ਵਿਰੋਧੀ ਨੂੰ ਵੱਧ ਤੋਂ ਵੱਧ ਅਪਮਾਨਿਤ ਕਰਨ ਲਈ ਉਸ ਦੀਆਂ ਮਹਿਲਾ ਰਿਸ਼ਤੇਦਾਰਾਂ ’ਤੇ ਸ਼ਬਦੀ ਹਮਲਾ ਕਰਨ ਦਾ ਰੁਝਾਨ ਪ੍ਰਚਲਿਤ ਹੋਇਆ। ਇਸ ਲਈ ਇਹ ਗਾਲਾਂ ਕੁਦਰਤੀ ਨਹੀਂ, ਸਗੋਂ ਸਮਾਜਿਕ ਬਣਤਰ ਦੀ ਦੇਣ ਹਨ।
ਹੁਣ ਭਾਰਤੀ ਸਮਾਜ ’ਚ ਔਰਤ ਵਰਗ ਵੱਲੋਂ ਵੀ ਮਰਦਾਂ ਵਾਲੀਆਂ ਗਾਲਾਂ ਕੱਢੀਆਂ ਜਾਣ ਲੱਗ ਪਈਆ ਹਨ, ਹਾਲਾਂਕਿ ਗਾਲਾਂ ਨੂੰ ਮਰਦਾਂ ਦਾ ਵਿਹਾਰ ਮੰਨਿਆਂ ਜਾਂਦਾ ਹੈ ਅਤੇ ਔਰਤਾਂ ਤੋਂ ਸੰਸਕਾਰੀ ਭਾਸ਼ਾ ਦੀ ਆਸ ਕੀਤੀ ਜਾਂਦੀ ਹੈ। ਇਹ ਇਕ ਦਿਲਚਸਪ ਤਬਦੀਲੀ ਹੈ, ਜਿਸ ਨੂੰ ‘ਸੰਸਕਾਰਾਂ ਦਾ ਪਤਨ’ ਜਾਂ ‘ਬਰਾਬਰੀ ਦੀ ਨਿਸ਼ਾਨੀ’ ਆਖ ਕੇ ਸਮਝਾਇਆ ਨਹੀਂ ਜਾ ਸਕਦਾ। ਅੱਜ ਜਦੋਂ ਔਰਤਾਂ ਹਰ ਮੰਚ ’ਤੇ ਬਹੁਤ ਸਰਗਰਮ ਹਨ ਤਾਂ ਉਨ੍ਹਾਂ ਦੀ ਬੋਲਚਾਲ ’ਚ ਵੀ ਉਹ ਪ੍ਰਗਟਾਵੇ ਵੱਧ ਦਿਖਾਈ ਦੇਣ ਲੱਗੇ ਹਨ, ਜੋ ਪਹਿਲਾਂ ਮੁੱਖ ਤੌਰ ’ਤੇ ਮਰਦਾਂ ਦੀ ਬੋਲਚਾਲ ਨਾਲ ਜੋੜੇ ਜਾਂਦੇ ਸਨ। ਸਮਾਜ-ਭਾਸ਼ਾ ਵਿਗਿਆਨੀ ਡੈਬੋਰਾ ਕੈਮਰਨ ਦਾ ਮੰਨਣਾ ਹੈ ਕਿ ਭਾਸ਼ਾ ਦੇ ਨਿਯਮ ਸਮਾਜਕ ਸ਼ਕਤੀ-ਸਬੰਧਾਂ ਦੇ ਨਾਲ ਬਦਲਦੇ ਹਨ। ਇਸ ਲਈ ਔਰਤਾਂ ਦੀ ਵਧਦੀ ਭਾਸ਼ਾਈ ਆਜ਼ਾਦੀ ਦੇ ਬਾਵਜੂਦ, ਇਨ੍ਹਾਂ ਗਾਲਾਂ ਦਾ ਔਰਤ-ਵਿਰੋਧੀ ਸੁਭਾਅ ਆਪਣੇ ਆਪ ਖ਼ਤਮ ਨਹੀਂ ਹੋ ਜਾਂਦਾ।
ਗਾਲਾਂ ਨਾ ਤਾਂ ਮਨੁੱਖੀ ਸੱਭਿਆਚਾਰ ਦਾ ਨਵਾਂ ਵਰਤਾਰਾ ਹਨ ਅਤੇ ਨਾ ਹੀ ਕਿਸੇ ਇਕ ਪੀੜ੍ਹੀ ਦੀ ਖੋਜ। ਇਸ ਲਈ ਜੈੱਨ-ਜ਼ੀ ਨੂੰ ਸਿਰਫ਼ ਅਸੱਭਿਅਕ ਭਾਸ਼ਾ ਵਰਤਣ ਵਾਲੀ ਪੀੜ੍ਹੀ ਕਰਾਰ ਦੇਣਾ ਨਾ ਤਾਂ ਨਿਆਂਸੰਗਤ ਹੈ ਅਤੇ ਨਾ ਹੀ ਸਮੱਸਿਆ ਦੀ ਸਹੀ ਸਮਝ। ਸਵਾਲ ਸਿਰਫ਼ ਇਹ ਨਹੀਂ ਕਿ ਲੋਕ ਗਾਲਾਂ ਕਿਉਂ ਕੱਢਦੇ ਹਨ, ਸਗੋਂ ਇਹ ਵੀ ਹੈ ਕਿ ਕਿਸੇ ਸਮਾਜ ’ਚ ਕਿਹੜੇ ਸ਼ਬਦ ਗਾਲ ਬਣਦੇ ਹਨ ਅਤੇ ਕਿਉਂ। ਜੇ ਅਸੀਂ ਗਾਲਾਂ ਨੂੰ ਸੱਚਮੁੱਚ ਸਮਝਣਾ ਚਾਹੁੰਦੇ ਹਾਂ, ਤਾਂ ਸਿਰਫ਼ ਸ਼ਬਦਾਂ ਨੂੰ ਨਹੀਂ, ਸਗੋਂ ਉਸ ਸਮਾਜ ਨੂੰ ਵੀ ਸਮਝਣਾ ਪਵੇਗਾ, ਜਿਸ ਨੇ ਉਨ੍ਹਾਂ ਨੂੰ ਜਨਮ ਦਿੱਤਾ ਹੈ। ਆਖ਼ਰਕਾਰ, ਗਾਲਾਂ ਭਾਸ਼ਾ ਦੀ ਸਮੱਸਿਆ ਘੱਟ ਅਤੇ ਸਮਾਜ ਦਾ ਦਰਪਣ ਵੱਧ ਹਨ। (ਸੰਪਰਕ : 9878019889)