- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਐੱਸਯੂਵੀਜ਼ ਦਾ ਵਧਦਾ ਰੁਝਾਨ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਿਹਾ ਹੈ। ਪਿਛਲੇ ਇਕ ਦਹਾਕੇ ਵਿਚ ਸੂਬੇ ਦੀਆਂ ਸੜਕਾਂ ’ਤੇ ਵੱਡੀਆਂ, ਉੱਚੀਆਂ ਤੇ ਭਾਰੀਆਂ ਗੱਡੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਲੋਕ ਇਨ੍ਹਾਂ ਗੱਡੀਆਂ ਨੂੰ ਸੁਰੱਖਿਆ, ਤਾਕਤ ਤੇ ਰੁਤਬੇ ਨਾਲ ਜੋੜ ਕੇ ਦੇਖਦੇ ਹਨ ਅਤੇ ਐੱਸਯੂਵੀ ਚਾਲਕ ਇਸੇ ਮਾਨਸਿਕਤਾ ਨਾਲ ਅਕਸਰ ਇਹ ਸੋਚਦੇ ਹਨ ਕਿ ਉਨ੍ਹਾਂ ਦੀ ਗੱਡੀ ਮਜ਼ਬੂਤ ਹੈ, ਇਸ ਲਈ ਉਹ ਤੇਜ਼ ਰਫ਼ਤਾਰ ਨਾਲ ਚਲਾ ਸਕਦੇ ਹਨ।

ਫ਼ਤਹਿਗੜ੍ਹ ਸਾਹਿਬ ’ਚ ਬੀਤੇ ਕੱਲ੍ਹ ਵਾਪਰੀ ਘਟਨਾ ਨੇ ਇਕ ਵਾਰ ਮੁੜ ਪੰਜਾਬ ਦੀਆਂ ਸੜਕਾਂ ’ਤੇ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਤਿੰਨ ਕਾਂਵੜੀਆਂ ਨੂੰ ਇਕ ਐੱਸਯੂਵੀ ਵੱਲੋਂ ਦਰੜ ਦੇਣਾ ਕੋਈ ਆਮ ਹਾਦਸਾ ਨਹੀਂ, ਸਗੋਂ ਵੱਡੀ ਸਮਾਜਿਕ ਤੇ ਪ੍ਰਸ਼ਾਸਕੀ ਅਸਫਲਤਾ ਹੈ। ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਸੜਕਾਂ ’ਤੇ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਲਈ ਹੁਕਮ ਜਾਰੀ ਕੀਤੇ ਸਨ ਪਰ ਉਸ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀ ਘਟਨਾ ਦਾ ਵਾਪਰ ਜਾਣਾ ਇਹ ਦਰਸਾਉਂਦਾ ਹੈ ਕਿ ਕਾਨੂੰਨੀ ਹਦਾਇਤਾਂ ਤੇ ਜ਼ਮੀਨੀ ਹਕੀਕਤ ਵਿਚਾਲੇ ਅਜੇ ਬਹੁਤ ਵੱਡਾ ਫ਼ਾਸਲਾ ਹੈ। ਕਾਂਵੜ ਯਾਤਰਾ ਧੀਰਜ, ਤਿਆਗ ਤੇ ਸ਼ਰਧਾ ਦੀ ਪ੍ਰਤੀਕ ਹੈ ਪਰ ਜਦੋਂ ਇਹੀ ਭਗਤ ਆਧੁਨਿਕ ਭਾਰਤ ਦੀਆਂ ਤੇਜ਼ ਰਫ਼ਤਾਰ ਵਾਲੀਆਂ ਸੜਕਾਂ ’ਤੇ ਚੱਲਦੇ ਹਨ ਤਾਂ ਉਹ ਇਕ ਖ਼ਤਰਨਾਕ ਖੇਡ ਦਾ ਹਿੱਸਾ ਬਣ ਜਾਂਦੇ ਹਨ। ਸੁਪਰੀਮ ਕੋਰਟ ਦੀਆਂ ਹਾਲੀਆ ਹਦਾਇਤਾਂ ਵਿਚ ਸੜਕਾਂ ’ਤੇ ਪੈਦਲ ਚੱਲਣ ਵਾਲਿਆਂ ਲਈ ਵੱਖਰੀਆਂ ਲੇਨਾਂ, ਰਾਤ ਦੇ ਸਮੇਂ ਰੋਸ਼ਨੀ ਦਾ ਪ੍ਰਬੰਧ, ਗਤੀ ਸੀਮਾ ਦੀ ਸਖ਼ਤੀ ਨਾਲ ਪਾਲਣਾ ਤੇ ਡਰਾਈਵਰਾਂ ਲਈ ਸਿਖਲਾਈ ਦੀ ਗੱਲ ਕੀਤੀ ਗਈ ਹੈ। ਇਹ ਹਦਾਇਤਾਂ ਇਸ ਗੱਲ ਨੂੰ ਤਸਦੀਕ ਕਰਦੀਆਂ ਹਨ ਕਿ ਭਾਰਤ ’ਚ ਸੜਕ ਹਾਦਸਿਆਂ ’ਚ ਮਰਨ ਵਾਲਿਆਂ ’ਚੋਂ ਵੱਡੀ ਗਿਣਤੀ ਪੈਦਲ ਚੱਲਣ ਵਾਲਿਆਂ ਦੀ ਹੈ। ਪੰਜਾਬ ’ਚ ਐੱਸਯੂਵੀਜ਼ ਦਾ ਵਧਦਾ ਰੁਝਾਨ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਿਹਾ ਹੈ। ਪਿਛਲੇ ਇਕ ਦਹਾਕੇ ਵਿਚ ਸੂਬੇ ਦੀਆਂ ਸੜਕਾਂ ’ਤੇ ਵੱਡੀਆਂ, ਉੱਚੀਆਂ ਤੇ ਭਾਰੀਆਂ ਗੱਡੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਲੋਕ ਇਨ੍ਹਾਂ ਗੱਡੀਆਂ ਨੂੰ ਸੁਰੱਖਿਆ, ਤਾਕਤ ਤੇ ਰੁਤਬੇ ਨਾਲ ਜੋੜ ਕੇ ਦੇਖਦੇ ਹਨ ਅਤੇ ਐੱਸਯੂਵੀ ਚਾਲਕ ਇਸੇ ਮਾਨਸਿਕਤਾ ਨਾਲ ਅਕਸਰ ਇਹ ਸੋਚਦੇ ਹਨ ਕਿ ਉਨ੍ਹਾਂ ਦੀ ਗੱਡੀ ਮਜ਼ਬੂਤ ਹੈ, ਇਸ ਲਈ ਉਹ ਤੇਜ਼ ਰਫ਼ਤਾਰ ਨਾਲ ਚਲਾ ਸਕਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਪੈਦਲ ਚੱਲਣ ਵਾਲੇ, ਸਾਈਕਲ ਸਵਾਰ ਤੇ ਦੋਪਹੀਆ ਵਾਹਨ ਚਾਲਕ ਇਸ ਤਾਕਤ ਦਾ ਸਭ ਤੋਂ ਵੱਧ ਖਮਿਆਜ਼ਾ ਭੁਗਤਦੇ ਹਨ। ਸੜਕਾਂ ਦੀ ਹਾਲਤ ਇਸ ਮਸਲੇ ਨੂੰ ਹੋਰ ਗੰਭੀਰ ਬਣਾਉਂਦੀ ਹੈ। ਅਸਲ ’ਚ ਤਾਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਰਾਜ ਸਰਕਾਰ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ। ਐੱਸਯੂਵੀ ਚਲਾਉਣ ਵਾਲਿਆਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਗੱਡੀ ਦੀ ਤਾਕਤ ਉਨ੍ਹਾਂ ਨੂੰ ਹੋਰ ਵਧੇਰੇ ਜ਼ਿੰਮੇਵਾਰ ਬਣਾਉਂਦੀ ਹੈ, ਨਾ ਕਿ ਉਨ੍ਹਾਂ ਨੂੰ ਬੇਪਰਵਾਹ ਬਣਾਉਣ ਦਾ ਹੱਕ ਦਿੰਦੀ ਹੈ। ਪੰਜਾਬ ਵਿਚ ਇਸ ਰੁਝਾਨ ਨੂੰ ਰੋਕਣ ਲਈ ਸਿਆਸੀ ਇੱਛਾ ਸ਼ਕਤੀ ਦੀ ਵੀ ਲੋੜ ਹੈ। ਅਕਸਰ ਸਿਆਸਤਦਾਨ ਖੁ਼ਦ ਵੱਡੀਆਂ ਗੱਡੀਆਂ ਵਿਚ ਘੁੰਮਦੇ ਹਨ। ਜਦੋਂ ਤੱਕ ਉੱਪਰੋਂ ਉਦਾਹਰਣ ਨਹੀਂ ਮਿਲਦੀ, ਹੇਠਾਂ ਤੱਕ ਤਬਦੀਲੀ ਆਉਣੀ ਮੁਸ਼ਕਲ ਹੈ। ਫ਼ਤਹਿਗੜ੍ਹ ਸਾਹਿਬ ਵਾਲੀ ਘਟਨਾ ਇਕ ਚਿਤਾਵਨੀ ਹੈ। ਜੇ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਤਾਂ ਅਜਿਹੀਆਂ ਹੋਰ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨਾ, ਐੱਸਯੂਵੀਜ਼ ਦੀ ਵਧਦੀ ਗਿਣਤੀ ਨੂੰ ਕੰਟਰੋਲ ਕਰਨਾ, ਤੇਜ਼ ਰਫ਼ਤਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਅਤੇ ਪੈਦਲ ਚੱਲਣ ਵਾਲਿਆਂ ਲਈ ਸੁਰੱਖਿਅਤ ਬੁਨਿਆਦੀ ਢਾਂਚਾ ਖੜ੍ਹਾ ਕਰਨਾ ਅੱਜ ਦੀ ਸਭ ਤੋਂ ਵੱਡੀ ਲੋੜ ਹੈ। ਸੜਕਾਂ ਸਿਰਫ਼ ਗੱਡੀਆਂ ਲਈ ਨਹੀਂ, ਸਗੋਂ ਉਨ੍ਹਾਂ ਲਈ ਵੀ ਹਨ, ਜੋ ਪੈਦਲ ਚੱਲਦੇ ਹਨ। ਜਦੋਂ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ, ਫ਼ਤਹਿਗੜ੍ਹ ਸਾਹਿਬ ਵਰਗੀਆਂ ਘਟਨਾਵਾਂ ਸਮੂਹਿਕ ਅਸਫਲਤਾ ਦੀ ਯਾਦ ਵਜੋਂ ਵਾਪਰਦੀਆਂ ਰਹਿਣਗੀਆਂ। ਸਮਾਜ ਨੂੰ ਫ਼ੈਸਲਾ ਕਰਨਾ ਪਵੇਗਾ ਕਿ ਉਹ ਰੁਤਬੇ ਵਾਲੀਆਂ ਗੱਡੀਆਂ ਨੂੰ ਤਰਜੀਹ ਦੇਣਾ ਚਾਹੁੰਦਾ ਹੈ ਜਾਂ ਮਨੁੱਖੀ ਜੀਵਨ ਨੂੰ। ਇਸ ਚੋਣ ’ਤੇ ਹੀ ਪੰਜਾਬ ਦੀਆਂ ਸੜਕਾਂ ਦਾ ਭਵਿੱਖ ਨਿਰਭਰ ਕਰਦਾ ਹੈ।