- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲੀ ਬੰਦਿਸ਼ਾਂ ਤੋਂ ਰਹਿਤ ਸੁਪਨਿਆਂ ਦੇ ਸੰਸਾਰ ਜਿਹਾ ਮਾਹੌਲ ਮਿਲ ਗਿਆ। ਦੇਸੀ ਜਿਹੇ ਕੁੜਤੇ ਪਜਾਮੇ ਤੇ ਟੇਢੀਆਂ ਪੱਗਾਂ ਬੰਨਣ ਵਾਲੇ ਪੇਂਡੂ ਮੁੰਡੇ ਪੈਂਟਾਂ ਸ਼ਰਟਾਂ ਪਾ ਕੇ ਅਤੇ ਸੋਹਣੀਆਂ ਪੱਗਾਂ ਬੰਨ੍ਹ ਕੇ ਪੂਰੇ ਕਾਲਜੀਏਟ ਬਣ ਕੇ ਆਉਂਦੇ ਸਨ। ਵਾਕਿਆ ਹੀ ਪ੍ਰੋਫੈਸਰਾਂ ਦੀ ਕਿਸੇ ਗੱਲ ਤੋਂ ਰੋਕ-ਟੋਕ ਨਹੀਂ ਸੀ। ਸਾਡੇ ਪ੍ਰੈਪ ਮੈਡੀਕਲ ਤੇ ਪ੍ਰੈਪ ਨਾਨ ਮੈਡੀਕਲ ਵਾਲੇ ਮੁੰਡੇ ਕੁੜੀਆਂ ਦੇ ਜ਼ਿਆਦਾ ਪੀਰੀਅਡ ਇਕੱਠੇ ਹੀ ਲੱਗਦੇ ਸਨ ਤੇ ਕਾਲਜ ਵੱਲੋਂ ਰੋਲ ਨੰਬਰ ਵੀ ਆਰਟਸ ਵਾਲਿਆਂ ਨੂੰ ਵੱਖਰੀ ਲੜੀ ਤੇ ਸਾਇੰਸ ਵਾਲਿਆਂ ਨੂੰ ਵੱਖਰੀ ਲੜੀ ’ਚ ਅਲਾਟ ਕੀਤੇ ਹੁੰਦੇ ਸਨ।

ਨਿਰਮਲ ਸਿੰਘ ਦਿਓਲ
ਗਿੱਦੜਬਾਹਾ ਨੇੜੇ ਪੈਂਦੇ ਆਪਣੇ ਨਾਨਕੇ ਪਿੰਡ ਛੱਤੇਆਣੇ ਰਹਿੰਦਿਆਂ ਮੈਂ ਨਾਲ ਵਾਲੇ ਪਿੰਡ ਸੁਖਣਾ ਅਬਲੂ ਦੇ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ ਸੀ। ਇਹ ਸਕੂਲ ਮਿਡਲ ਤੋਂ ਨਵਾਂ ਹੀ ਹਾਈ ਸਕੂਲ ਬਣਿਆ ਸੀ ਜਿੱਥੋਂ ਅਸੀਂ ਅੱਠਵੀਂ ਤੱਕ ਦੀ ਪੜ੍ਹਾਈ ਕੀਤੀ ਸੀ ਅਤੇ ਪਹਿਲੀ ਦਸਵੀਂ ਦੀ ਜਮਾਤ ਸਾਡੀ ਹੀ ਸੀ। ਮੈਂ ਆਪਣੀ ਜਮਾਤ ’ਚੋਂ ਫਸਟ ਡਿਵੀਜ਼ਨ ਲੈ ਕੇ ਪਹਿਲੇ ਨੰਬਰ ’ ਆਇਆ ਸੀ। ਦਸਵੀਂ ’ਚ ਪੜ੍ਹਦਿਆਂ ਹੀ ਆਪ ਤੋਂ ਪਹਿਲਾਂ ਕਾਲਜ ਪੜ੍ਹਦੇ ਸਾਥੀਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਖੰਭ ਜਿਹੇ ਲੱਗਣੇ ਸ਼ੁਰੂ ਹੋ ਗਏ ਸਨ ਕਿ ਕਾਲਜ ਬੜੀਆਂ ਮੌਜਾਂ ਹੁੰਦੀਆਂ ਹਨ, ਉੱਥੇ ਪ੍ਰੋਫੈਸਰ ਕਿਸੇ ਵੀ ਵਿਦਿਆਰਥੀ ਨੂੰ ਕੁੱਟਦੇ ਨਹੀਂ ਹਨ ਕਿਉਂਕਿ ਉਦੋਂ ਸਕੂਲਾਂ ’ਚ ਥੋੜੀ ਮੋਟੀ ਗ਼ਲਤੀ ਕਰਨ ’ਤੇ ਮਾਸਟਰ ਡੰਡਾ ਪਰੇਡ ਵੀ ਕਰਦੇ ਹੁੰਦੇ ਸਨ। ਇਹ ਵੀ ਸੁਣਦੇ ਸਾਂ ਕਿ ਕਾਲਜ ਪੀਰੀਅਡ ਵੀ ਥੋੜ੍ਹੇ ਲੱਗਦੇ ਹਨ ਤੇ ਬਸਤੇ ਦੀ ਥਾਂ ਇਕ ਰਫ਼ ਕਾਪੀ ਲੈ ਕੇ ਹੀ ਤੁਸੀਂ ਕਾਲਜ ਜਾ ਸਕਦੇ ਹੋ। ਉਸ ਸਮੇਂ ਦੀ ਬੱਚਿਆਂ ਵਾਲੀ ਸੋਚ ਮੁਤਾਬਕ ਇਹੋ ਜਿਹੀਆਂ ਸਹੂਲਤਾਂ ਮਿਲਣ ਦੀ ਉਮੀਦ ਨਾਲ ਕਾਲਜ ਪਹੁੰਚਣਾ ਇਕ ਰੰਗੀਨ ਸੁਪਨੇ ਵਰਗਾ ਜਾਪਦਾ ਸੀ।
ਉਦੋਂ ਜ਼ਿਆਦਾਤਰ ਮਾਪੇ ਅਨਪੜ੍ਹ ਹੁੰਦੇ ਸਨ ਪਰ ਮੇਰੇ ਮਾਮਾ ਜੀ ਸੰਤ ਸਿੰਘ ਨੇ ਉਸ ਤੋਂ ਕਈ ਵਰ੍ਹੇ ਪਹਿਲਾਂ ਚੰਗੇ ਨੰਬਰਾਂ ’ਚ ਦਸਵੀਂ ਪਾਸ ਕੀਤੀ ਸੀ ਤੇ ਕੁਝ ਸਮਾਂ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਵੀ ਪੜ੍ਹਾਈ ਕੀਤੀ ਸੀ। ਦਸਵੀਂ ਤੱਕ ਪੜ੍ਹਾਉਣ ਵਾਲੇ ਸੰਜੀਦਾ ਅਧਿਆਪਕਾਂ ਪ੍ਰੀਤਮ ਸਿੰਘ ਢਿੱਲੋਂ ਤੇ ਦੂਸਰੇ ਸਤਿਕਾਰ ਯੋਗ ਅਧਿਆਪਕਾਂ ਦੀ ਰਾਇ ਅਨੁਸਾਰ ਚੰਗੀ ਵਿੱਦਿਆ ਪ੍ਰਾਪਤੀ ਲਈ ਸਾਇੰਸ ਦੀ ਪੜ੍ਹਾਈ ਕਰਨ ਲਈ ਪ੍ਰੇਰਨਾ ਮਿਲੀ। ਉਦੋਂ ਹੁਣ ਤਰ੍ਹਾਂ ਜ਼ਿਆਦਾ ਕਿਸਮ ਦੇ ਕੋਰਸ ਨਹੀਂ ਹੁੰਦੇ ਸਨ, ਸਿਰਫ ਸਾਇੰਸ ਦੇ ਮੈਡੀਕਲ ਤੇ ਨਾਨ ਮੈਡੀਕਲ ਤੇ ਆਰਟਸ ਗਰੁੱਪ ਹੁੰਦੇ ਸਨ। ਸੋ ਨਾਨ-ਮੈਡੀਕਲ ਦੀ ਪੜ੍ਹਾਈ ਕਰਾਉਣ ਦੀ ਇੱਛਾ ਨਾਲ ਮਾਪਿਆਂ ਨੇ ਡੀਏਵੀ ਕਾਲਜ ਮਲੋਟ ’ਚ ਮੇਰਾ ਦਾਖ਼ਲਾ ਕਰਾ ਦਿੱਤਾ।
ਸਕੂਲੀ ਬੰਦਿਸ਼ਾਂ ਤੋਂ ਰਹਿਤ ਸੁਪਨਿਆਂ ਦੇ ਸੰਸਾਰ ਜਿਹਾ ਮਾਹੌਲ ਮਿਲ ਗਿਆ। ਦੇਸੀ ਜਿਹੇ ਕੁੜਤੇ ਪਜਾਮੇ ਤੇ ਟੇਢੀਆਂ ਪੱਗਾਂ ਬੰਨਣ ਵਾਲੇ ਪੇਂਡੂ ਮੁੰਡੇ ਪੈਂਟਾਂ ਸ਼ਰਟਾਂ ਪਾ ਕੇ ਅਤੇ ਸੋਹਣੀਆਂ ਪੱਗਾਂ ਬੰਨ੍ਹ ਕੇ ਪੂਰੇ ਕਾਲਜੀਏਟ ਬਣ ਕੇ ਆਉਂਦੇ ਸਨ। ਵਾਕਿਆ ਹੀ ਪ੍ਰੋਫੈਸਰਾਂ ਦੀ ਕਿਸੇ ਗੱਲ ਤੋਂ ਰੋਕ-ਟੋਕ ਨਹੀਂ ਸੀ। ਸਾਡੇ ਪ੍ਰੈਪ ਮੈਡੀਕਲ ਤੇ ਪ੍ਰੈਪ ਨਾਨ ਮੈਡੀਕਲ ਵਾਲੇ ਮੁੰਡੇ ਕੁੜੀਆਂ ਦੇ ਜ਼ਿਆਦਾ ਪੀਰੀਅਡ ਇਕੱਠੇ ਹੀ ਲੱਗਦੇ ਸਨ ਤੇ ਕਾਲਜ ਵੱਲੋਂ ਰੋਲ ਨੰਬਰ ਵੀ ਆਰਟਸ ਵਾਲਿਆਂ ਨੂੰ ਵੱਖਰੀ ਲੜੀ ਤੇ ਸਾਇੰਸ ਵਾਲਿਆਂ ਨੂੰ ਵੱਖਰੀ ਲੜੀ ’ਚ ਅਲਾਟ ਕੀਤੇ ਹੁੰਦੇ ਸਨ। ਸਾਡੇ ਸਾਇੰਸ ਵਾਲੇ ਵਿਦਿਆਰਥੀਆਂ ਦੇ ਰੋਲ ਨੰਬਰ ਚਾਰ ਸੌ ਇਕ ਤੋਂ ਸ਼ੁਰੂ ਹੋ ਕੇ ਅੱਗੇ ਨੂੰ ਇਕ, ਦੋ, ਤਿੰਨ ਤੇ ਇਸ ਤਰ੍ਹਾਂ ਤਕਰੀਬਨ ਛਪੰਜਾ ਤੱਕ ਚਲਦੇ ਸਨ ਅਤੇ ਮੇਰਾ ਰੋਲ ਨੰਬਰ ਚਾਰ ਸੌ ਛੱਤੀ ਸੀ।
ਸਕੂਲ ਦੀ ਕਾਰਜਸ਼ੈਲੀ ਦੇ ਉਲਟ ਹਰ ਪੀਰੀਅਡ ’ਚ ਨਵਾਂ ਆਉਣ ਵਾਲਾ ਪ੍ਰੋਫੈਸਰ ਨਵੇਂ ਸਿਰਿਉਂ ਹਾਜ਼ਰੀ ਲਗਾਉਂਦਾ ਸੀ। ਇਸ ਤਰ੍ਹਾਂ ਜਦੋਂ ਪ੍ਰੋਫੈਸਰ ਸਾਹਬ ਹਾਜ਼ਰੀ ਲਗਾਉਂਦੇ ਤਾਂ ਉਹ ਚਾਰ ਸੌ ਇਕ ਤੋਂ ਸ਼ੁਰੂ ਕਰਕੇ ਚਾਰ ਸੌ ਛਪੰਜਾ ਤੱਕ ਦੇ ਰੋਲ ਨੰਬਰ ਬੋਲਦੇ ਤੇ ਬਾਅਦ ’ਚ ਦੋ ਵੱਖਰੇ ਰੋਲ ਨੰਬਰ ਦੋ ਸੌ ਉਨੱਤ੍ਹਰ ਤੇ ਇਕ ਸੌ ਸਤਾਹਟ ਬੋਲਦੇ ਸਨ। ਜ਼ਾਹਿਰ ਸੀ ਕਿ ਇਹ ਦੋਵੇਂ ਵਿਦਿਆਰਥੀ ਆਰਟਸ ’ਚ ਦਾਖਲਾ ਲੈਣ ਤੋਂ ਬਾਅਦ ਸਾਇੰਸ ਗਰੁੱਪ ’ਚ ਬਦਲ ਕੇ ਆਏ ਸਨ। ਸਾਇੰਸ ਗਰੁੱਪ ’ਚ ਆਮ ਤੌਰ ’ਤੇ ਹੁਸ਼ਿਆਰ ਬੱਚੇ ਹੀ ਦਾਖਲਾ ਲੈਂਦੇ ਸਨ ਤੇ ਉਹਨਾਂ ’ਚੋਂ ਵੀ ਅਕਸਰ ਜੇ ਕਿਸੇ ਨੂੰ ਸਾਇੰਸ ਦੀ ਪੜ੍ਹਾਈ ਜ਼ਿਆਦਾ ਔਖੀ ਤੇ ਬੋਝ ਵਾਲੀ ਲੱਗਦੀ ਤਾਂ ਕੁਝ ਵਿਦਿਆਰਥੀ ਸਾਇੰਸ ਛੱਡ ਕੇ ਆਰਟਸ ’ਚ ਚਲੇ ਜਾਂਦੇ ਸਨ ਕਿਉਂਕਿ ਸਾਇੰਸ ’ਚ ਪੀਰੀਅਡ ਵੀ ਜ਼ਿਆਦਾ ਹੁੰਦੇ ਸਨ ਤੇ ਪ੍ਰੈਕਟੀਕਲ ਹੋਣ ਕਾਰਨ ਸਾਰਾ ਦਿਨ ਜਮਾਤਾਂ ਲੱਗਦੀਆਂ ਰਹਿੰਦੀਆਂ ਸਨ। ਪਹਿਲਾਂ ਵਾਲੇ ਸਾਲਾਂ ’ਚ ਇਸ ਤਰ੍ਹਾਂ ਜਮਾਤਾਂ ਬਦਲਣ ਦਾ ਵਰਤਾਰਾ ਅਸੀਂ ਸੁਣਿਆ ਸੀ। ਐਤਕੀਂ ਵੀ ਸਾਡੇ ਨਾਲ ਦੇ ਕੁਝ ਵਿਦਿਆਰਥੀ ਸਾਇੰਸ ਛੱਡ ਕੇ ਆਰਟਸ ਗਰੁੱਪ ’ਚ ਚਲੇ ਗਏ ਸਨ ਪਰ ਆਰਟਸ ’ਚੋਂ ਸਾਇੰਸ ’ਚ ਆਉਣ ਦੇ ਬਹੁਤ ਘੱਟ ਕੇਸ ਹੁੰਦੇ ਸਨ।
ਇਕ ਦਿਨ ਸਾਡੇ ਕੈਮਿਸਟਰੀ ਦੇ ਪ੍ਰੋਫੈਸਰ ਯਸ਼ ਪਾਲ ਮੱਕੜ ਜੀ ਨੇ ਹਾਜ਼ਰੀ ਲਾਉਣ ਤੋਂ ਬਾਅਦ ਰੋਲ ਨੰਬਰ ਦੋ ਸੌ ਉਣੱਤਰ ਨੂੰ, ਜਿਸ ਦਾ ਨਾਮ ਸੰਤੋਖ ਸਿੰਘ ਮਾਨ ਸੀ ਤੇ ਉਹ ਪਿੰਡ ਭਲੇਰੀਆਂ ਤੋਂ ਰੋਜ਼ਾਨਾ ਸਾਈਕਲ ’ਤੇ ਆਉਂਦਾ ਸੀ, ਪੁੱਛਿਆ ਕਿ ਸਾਇੰਸ ’ਚੋਂ ਆਰਟਸ ਜਮਾਤਾਂ ’ਚ ਤਾਂ ਵਿਦਿਆਰਥੀ ਅਕਸਰ ਜਾਂਦੇ ਹਨ ਤੇ ਤੂੰ ਆਰਟਸ ’ਚੋਂ ਸਾਇੰਸ ’ਚ ਕਿਉਂ ਆਇਆ ਹੈ ਤਾਂ ਉਹ ਨਵਾਂ-ਨਵਾਂ ਕਾਲਜ ਆਇਆ ਪੇਂਡੂ ਜਿਹਾ ਮੁੰਡਾ ਸਹਿਜ ਸੁਭਾਅ ਕਹਿੰਦਾ ਕਿ ਮੇਰੇ ਘਰ ਦੇ ਮੈਨੂੰ ਡਾਕਟਰ ਬਨਾਉਣਾ ਚਾਹੁੰਦੇ ਹਨ ਤੇ ਮੈਨੂੰ ਕਈ ਦਿਨ ਆਰਟਸ ਦੀਆਂ ਜਮਾਤਾਂ ਲਾਉਣ ਤੋਂ ਬਾਅਦ ਪਤਾ ਲੱਗਿਆ ਕਿ ਡਾਕਟਰ ਬਣਨ ਲਈ ਤਾਂ ਮੈਡੀਕਲ ਦੀ ਪੜ੍ਹਾਈ ਕਰਨੀ ਪੈਂਦੀ ਹੈ। ਸਾਰੀ ਜਮਾਤ ਦੇ ਵਿਦਿਆਰਥੀ ਉਸ ਦੇ ਸਾਫ ਸਪਸ਼ਟ ਉੱਤਰ ’ਤੇ ਖੁੱਲ੍ਹ ਕੇ ਹੱਸੇ ਤੇ ਉਸ ਨੂੰ ਅਕਸਰ ਹੀ ਡਾਕਟਰ ਕਹਿ ਕੇ ਹਾਸਾ ਠੱਠਾ ਕਰਦੇ ਰਹਿੰਦੇ ਸਨ। ਦੂਸਰਾ ਇਕ ਸੌ ਸਤਾਹਟ ਰੋਲ ਨੰਬਰ ਵਾਲਾ ਹਸਮੁੱਖ ਜਿਹੇ ਚਿਹਰੇ ਵਾਲਾ ਸੁਖਰਾਜ ਸਿੰਘ ਵੀ ਇਸ ਤਰ੍ਹਾਂ ਆਰਟਸ ’ਚੋਂ ਬਦਲ ਕੇ ਸਾਇੰਸ ਗਰੁੱਪ ’ਚ ਆਇਆ ਸੀ।
ਸਮਾਂ ਤੁਰਦਾ ਰਹਿੰਦਾ ਹੈ ਹਰ ਇਨਸਾਨ ਦੀ ਜ਼ਿੰਦਗੀ ਸਵੈ-ਇਤਿਹਾਸ ਲਿਖਦਿਆਂ ਗੁਜ਼ਰਦੀ ਰਹਿੰਦੀ ਹੈ। ਕਾਲਜ ਦਾ ਸਮਾਂ ਗੁਜ਼ਾਰਨ ਤੋਂ ਬਾਅਦ ਸਾਰੇ ਵਿਦਿਆਰਥੀ ਆਪੋ ਆਪਣੇ ਸਿਰਜੇ ਸੁਪਨਿਆਂ ਜਾਂ ਕਿਸਮਤ ’ਚ ਲਿਖੇ ਰਾਹਾਂ ’ਤੇ ਪੈ ਗਏ ਸਨ। ਇਹਨਾਂ ਸਤਿਕਾਰਯੋਗ ਅਧਿਆਪਕਾਂ ਦੀਆਂ ਅੱਖਰਾਂ ਦੇ ਗਿਆਨ ਦੇ ਰੂਪ ’ਚ ਕੀਤੀਆਂ ਬਖਸ਼ਿਸ਼ਾਂ ਕਰਕੇ ਸਾਡੇ ਕਈ ਸਾਥੀਆਂ ਨੇ ਸੂਬਾ ਪੱਧਰ ਦੇ ਰੁਤਬਿਆਂ ਤੱਕ ਤੇ ਕਈਆਂ ਨੇ ਵੱਖ-ਵੱਖ ਵਿਭਾਗਾਂ ’ਚ ਚੰਗੇ ਅਹੁਦਿਆਂ ’ਤੇ ਪਹੁੰਚ ਕੇ ਆਪਣੇ ਪਰਿਵਾਰਾਂ, ਪਿੰਡਾਂ, ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਕਈਆਂ ਨੇ ਆਪਣੇ ਕਾਰੋਬਾਰਾਂ ’ਚ ਬੁਲੰਦੀਆਂ ਨੂੰ ਛੋਹਿਆ ਹੈ।
ਉਸ ਸਮੇਂ ਦੇ ਹੁਣ ਇਸ ਜਹਾਨ ਤੋਂ ਤੁਰ ਗਏ ਨੇਕ ਦਿਲ ਅਤੇ ਦੂਰ ਅੰਦੇਸ਼ ਇਨਸਾਨ ਪ੍ਰਿੰਸੀਪਲ ਪਿਆਰੇ ਲਾਲ ਤਰਾਕੜੂ, ਪ੍ਰੋਫੈਸਰ ਗਿਰਧਰ, ਡਾਕਟਰ ਦਰਸ਼ਨ ਸਿੰਘ ਨਰੂਲਾ, ਸਤਪਾਲ ਨਰੂਲਾ ਜੀ ਉਸ ਤੋਂ ਬਾਅਦ ਵੀ ਬੜੀ ਮੁਹੱਬਤ ਅਤੇ ਅਪਣੱਤ ਨਾਲ ਮਿਲਦੇ ਰਹੇ ਸਨ। ਪ੍ਰੋਫੈਸਰ ਯਸ਼ ਪਾਲ ਮੱਕੜ ਜੋ ਬਹੁਤ ਸੰਜੀਦਾ ਅਤੇ ਜ਼ਹੀਨ ਲੇਖਕ ਹਨ, ਹੁਣ ਵੀ ਸਾਹਿਤ ਸਭਾਵਾਂ ਅਤੇ ਹੋਰ ਸਮਾਗਮਾਂ ’ਚ ਮਿਲਦੇ ਰਹਿੰਦੇ ਹਨ। ਉਹਨਾ ਦੇ ਸਹਿਜਤਾ ਨਾਲ ਕਹੇ ਮੋਹਵੰਤੇ ਸਿੱਖਿਆਦਾਇਕ ਸ਼ਬਦ ਹੁਣ ਵੀ ਬੜਾ ਕੁਝ ਵਧੀਆ ਸਿਖਾ ਜਾਂਦੇ ਹਨ। ਪ੍ਰੋ. ਇੰਦਰ ਪਾਲ ਸਿੰਘ ਭੁੱਲਰ ਦਾ ਵੀ ਆਪਣੇ ਪੁਰਾਣੇ ਵਿਦਿਆਰਥੀਆਂ ਨਾਲ ਮੁਹੱਬਤੀ ਰਿਸ਼ਤਾ ਕਾਇਮ ਹੈ।
ਯਾਦਾਂ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ ਹਨ। ਸਕੂਲ ਤੇ ਕਾਲਜ ਸਮੇਂ ਦੀਆਂ ਭੋਲੇਪਨ ਵਾਲੀਆਂ ਮਨ ਦੇ ਵਰਕਿਆਂ ’ਤੇ ਗੂੜ੍ਹੇ ਅੱਖਰਾਂ ’ਚ ਲਿਖੀਆਂ ਯਾਦਾਂ ਦੇ ਰੰਗ ਕਦੇ ਫਿੱਕੇ ਨਹੀਂ ਪੈਂਦੇ ਹਨ। ਇਨਸਾਨ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ’ਚ ਮਿਲੇ ਸੰਗੀ ਸਾਥੀਆਂ ਨੂੰ ਤਾਂ ਭੁੱਲ ਸਕਦਾ ਹੈ ਪਰ ਸਕੂਲ ਅਤੇ ਕਾਲਜ ਸਮੇਂ ਦੇ ਨਾਲ ਪੜ੍ਹਨ ਵਾਲੇ ਮਿੱਤਰਾਂ ਬੇਲੀਆਂ ਦੇ ਮਨ ਦੇ ਕੈਨਵਸ ਤੇ ਚਿਤਰੇ ਚਿਹਰੇ-ਮੋਹਰੇ ਅਤੇ ਯਾਦਾਂ ਸਾਰੀ ਉਮਰ ਲਈ ਚੇਤਿਆਂ ’ਚ ਵਸੀਆਂ ਰਹਿੰਦੀਆਂ ਹਨ। ਅਚੇਤ ਸੁਚੇਤ ਰੂਪ ’ਚ ਇਨਸਾਨ ਇਕੱਲਾ ਜਾਂ ਇਕੱਠਾਂ ’ਚ ਇਹਨਾਂ ਦਾ ਜ਼ਿਕਰ ਜ਼ਰੂਰ ਕਰਦਾ ਰਹਿੰਦਾ ਹੈ। ਰੂਹਦਾਰੀ ਨਾਲ ਜ਼ਿੰਦਗੀ ਨਾਲ ਜੁੜੇ ਨਿੱਕੇ-ਨਿੱਕੇ ਰੰਗੀਨ ਕਿੱਸੇ, ਛੋਟੇ ਛੋਟੇ ਹਾਦਸੇ, ਯਾਦਾਂ, ਸ਼ਰਾਰਤਾਂ, ਗੱਲਾਂ ਬਾਤਾਂ ਚੇਤੇ ਕਰਨਾ ਹਰ ਇਨਸਾਨ ਨੂੰ ਬਾਅਦ ਵਿਚ ਬੜਾ ਸਕੂਨ ਦਿੰਦਾ ਹੈ। ਬਹੁਤੇ ਵਿਦਿਆਰਥੀ ਚਾਹੇ ਕਈ ਕਾਲਜ ਸਮੇਂ ਦੀਆਂ ਗੱਲਾਂ ਭੁੱਲ ਭੁਲਾ ਗਏ ਹੋਣ ਪਰ ਰੋਲ ਨੰਬਰ ਦੋ ਸੌ ਉਣੱਤਰ ਦਾ ਜ਼ਿਕਰ ਜਦੋਂ ਵੀ ਕੋਈ ਪੁਰਾਣਾ ਸਾਥੀ ਮਿਲਦਾ ਹੈ ਤਾਂ ਜ਼ਰੂਰ ਹੁੰਦਾ ਹੈ। ਹੁਣ ਵੀ ਕਦੇ ਸਾਲਾਂ ਬਾਅਦ ਜਦੋਂ ਕਦੇ ਸੰਤੋਖ ਸਿੰਘ ਮਾਨ ਮਿਲਦਾ ਹੈ ਤਾਂ ਉਸ ਦਾ ਸਾਈਕਲ ’ਤੇ ਮਲੋਟ ਕਾਲਜ ਆਉਂਦੇ ਦਾ ਭੋਲਾ ਜਿਹਾ ਦੋ ਸੌ ਉਨੱਤ੍ਹਰ ਰੋਲ ਨੰਬਰ ਵਾਲਾ ਚਿਹਰਾ ਯਾਦ ਆ ਜਾਂਦਾ ਹੈ। (ਸੰਪਰਕ : 94171-04961)