
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਈ ਵਾਰ ਭਵਿੱਖ ਵਿਚ ਅਜਿਹਾ ਕੁਝ ਨਹੀਂ ਵਾਪਰਨਾ ਹੁੰਦਾ, ਜਿਸ ਤਰ੍ਹਾਂ ਦਾ ਅਸੀਂ ਆਪਣੇ ਮਨ ਮੁਤਾਬਕ ਸੋਚ ਲੈਂਦੇ ਹਾਂ। ਚਿੰਤਾ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਉਸ ਸਮੱਸਿਆ ਦਾ ਹੱਲ ਲੱਭਣਾ, ਜਿਹੜੀ ਮਨ ਨੂੰ ਅਸਿਹਜ ਕਰ ਰਹੀ ਹੈ। ਇਹ ਸਾਡੇ ਹੱਥ ’ਚ ਹੁੰਦਾ ਹੈ ਕਿ ਅਸੀਂ ਮਨ ਦੇ ਘੋੜੇ ਕਿੰਨੀ ਤੇਜ਼ ਦੌੜਾਉਣੇ ਹਨ। ਅਸੀਂ ਨੋਟ ਕੀਤਾ ਹੋਵੇਗਾ ਕਿ ਚਿੰਤਾ ਦੇ ਪਲਾਂ ’ਚ ਸਾਹ ਬਹੁਤ ਤੇਜ਼ੀ ਨਾਲ ਚੱਲਦੇ ਹਨ।

ਮਨੁੱਖ ਦਾ ਮਨ ਚੰਗੇ-ਮਾੜੇ ਵਿਚਾਰਾਂ ਦਾ ਘਰ ਹੈ। ਜ਼ਿੰਦਗੀ ਦੀ ਤੇਜ਼ ਰਫ਼ਤਾਰੀ ਕਿਤੇ ਨਾ ਕਿਤੇ ਮਨ ਦੀ ਸਹਿਜਤਾ ਨੂੰ ਪ੍ਰਭਾਵਿਤ ਕਰ ਰਹੀ ਹੈ। ਕੰਮ ਦਾ ਦਬਾਅ, ਭਵਿੱਖ ਦੀ ਚਿੰਤਾ, ਰਿਸ਼ਤਿਆਂ ਦੀਆਂ ਉਲਝਣਾਂ ਤੇ ਲਗਾਤਾਰ ਬਦਲਦੇ ਹਾਲਾਤ ਮਨੁੱਖੀ ਮਨ ਨੂੰ ਬੇਚੈਨ ਰੱਖਦੇ ਹਨ ਪਰ ਕਿਤੇ ਨਾ ਕਿਤੇ ਮਨ ਦੀ ਇਹ ਅਸ਼ਾਂਤੀ ਸਾਡੇ ਬਾਹਰਲੇ ਹਾਲਾਤਾਂ ਨਾਲ ਜੁੜੀ ਹੋਈ ਹੈ। ਅਸੀਂ ਜਿਸ ਤਰੀਕੇ ਦਾ ਸਮਾਜ ਆਪਣੀਆਂ ਅੱਖਾਂ ਸਾਹਮਣੇ ਦੇਖਦੇ ਹਾਂ, ਉਸੇ ਤਰ੍ਹਾਂ ਦੇ ਸਾਡੇ ਅੰਦਰਲੇ ਹਾਲਾਤ ਬਣਦੇ ਚਲੇ ਜਾਂਦੇ ਹਨ। ਜ਼ਿੰਦਗੀ ਪ੍ਰਤੀ ਸਾਡਾ ਨਜ਼ਰੀਆ ਹੀ ਮਨ ਦੀ ਸਥਿਰਤਾ ਦਾ ਆਧਾਰ ਹੈ। ਸਵਾਲ ਉੁਠਦਾ ਹੈ ਕਿ ਇਸ ਅਸ਼ਾਂਤ ਮਨ ਨੂੰ ਕਿਸ ਤਰੀਕੇ ਨਾਲ ਸਥਿਰ ਰੱਖੀਏ। ਮਨ ਦੀ ਧਰਾਤਲ ’ਤੇ ਵਿਚਾਰਾਂ ਦੀ ਤੇਜ਼ ਹਲਚਲ ਹੈ। ਇਸ ਨੂੰ ਸਹਿਜ ਕਰਨ ਦਾ ਸੌਖਾ ਤਰੀਕਾ ਹੈ ਕਿ ਅਸੀਂ ਪਹਿਲਾਂ ਆਪਣੇ ਵਿਚਾਰਾਂ ਨੂੰ ਸਮਝੀਏ। ਹਰ ਵਿਚਾਰ ਨੂੰ ਸੱਚ ਮੰਨ ਲੈਣ ਦੀ ਥਾਂ ਇਹ ਦੇਖਣਾ ਚਾਹੀਦਾ ਹੈ ਕਿ ਵਿਚਾਰ ਸਾਡੇ ਮਨ ਨੂੰ ਕਿੱਥੇ ਲੈ ਕੇ ਜਾ ਰਹੇ ਹਨ। ਬੇਲੋੜੀ ਚਿੰਤਾ ਵੀ ਮਨ ਨੂੰ ਅਸਹਿਜ ਕਰਦੀ ਹੈ। ਕਈ ਵਾਰ ਭਵਿੱਖ ਵਿਚ ਅਜਿਹਾ ਕੁਝ ਨਹੀਂ ਵਾਪਰਨਾ ਹੁੰਦਾ, ਜਿਸ ਤਰ੍ਹਾਂ ਦਾ ਅਸੀਂ ਆਪਣੇ ਮਨ ਮੁਤਾਬਕ ਸੋਚ ਲੈਂਦੇ ਹਾਂ। ਚਿੰਤਾ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਉਸ ਸਮੱਸਿਆ ਦਾ ਹੱਲ ਲੱਭਣਾ, ਜਿਹੜੀ ਮਨ ਨੂੰ ਅਸਿਹਜ ਕਰ ਰਹੀ ਹੈ। ਇਹ ਸਾਡੇ ਹੱਥ ’ਚ ਹੁੰਦਾ ਹੈ ਕਿ ਅਸੀਂ ਮਨ ਦੇ ਘੋੜੇ ਕਿੰਨੀ ਤੇਜ਼ ਦੌੜਾਉਣੇ ਹਨ। ਅਸੀਂ ਨੋਟ ਕੀਤਾ ਹੋਵੇਗਾ ਕਿ ਚਿੰਤਾ ਦੇ ਪਲਾਂ ’ਚ ਸਾਹ ਬਹੁਤ ਤੇਜ਼ੀ ਨਾਲ ਚੱਲਦੇ ਹਨ। ਇਸ ਲਈ ਜਦੋਂ ਵੀ ਮਨ ਅਸਹਿਜ ਜਾਂ ਚਿੰਤਾ ’ਚ ਘਿਰਿਆ ਮਹਿਸੂਸ ਕਰੇ, ਆਪਣੇ ਸਾਹਾਂ ਦੀਆਂ ਹਰਕਤਾਂ ਨੂੰ ਕੰਟਰੋਲ ਕਰੋ। ਕੁਝ ਦੇਰ ਦੀ ਚੁੱਪੀ ਜਾਂ ਬੇਚੈਨੀ ਦੇ ਪਲਾਂ ’ਚ ਵਿਚਾਰਾਂ ਨੂੰ ਕੁਝ ਦੇਰ ਲਈ ਲਾਂਭੇ ਕਰ ਦੇਣ ਨਾਲ ਵੀ ਮਨ ਸਹਿਜ ਹੋ ਸਕਦਾ ਹੈ। ਕੁਝ ਹਾਲਾਤਾਂ ’ਚ ‘ਜੋ ਹੋਵੇਗਾ, ਦੇਖਿਆ ਜਾਵੇਗਾ’ ਦਾ ਮੰਤਰ ਵੀ ਕੰਮ ਆ ਸਕਦਾ ਹੈ। ਹਰੇਕ ਚਿੰਤਾ ਤੇ ਸਮੱਸਿਆ ਦਾ ਹੱਲ ਹੈ, ਬਸ ਮਨ ਦਾ ਟਿਕਾਅ ਕਰਕੇ ਉਸ ਦੇ ਹੱਲ ਵੱਲ ਧਿਆਨ ਕੇਂਦ੍ਰਿਤ ਕਰਨ ਦੀ ਲੋੜ ਹੁੰਦੀ ਹੈ। ਕੁਝ ਦੇਰ ਦੀ ਚੁੱਪੀ ਮਨ ਨੂੰ ਭਟਕਣ ਤੋਂ ਰੋਕ ਸਕਦੀ ਹੈ। ਅਜਿਹੇ ਸਮੇਂ ’ਚ ਕੁਦਰਤ ਨੂੰ ਦੇਖਣਾ, ਸੈਰ ਕਰਨਾ ਤੇ ਸਰੀਰਕ ਕਸਰਤ ਲਾਹੇਵੰਦ ਹੋ ਸਕਦੀ ਹੈ। ਦਰਅਸਲ, ਮਨ ਨੂੰ ਸਥਿਰ ਕਰਨਾ ਵਿਅਕਤੀ ਦੀ ਇੱਛਾ ਸ਼ਕਤੀ ’ਤੇ ਨਿਰਭਰ ਕਰਦਾ ਹੈ। ਲੋੜ ਹੈ ਆਪਣੇ ਆਪ ’ਚੋਂ ‘ਕਰਤਾ’ ਭਾਵ ਕੱਢ ਕੇ ਸਿਰਫ਼ ਕਰਮ ’ਤੇ ਧਿਆਨ ਦਈਏ।
-ਜਗਜੀਵਨ ਮੀਤ।