- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੋ ਬੱਚਾ ਸਾਨੂੰ ਜ਼ਿੱਦੀ ਲੱਗਦਾ ਹੈ, ਹੋ ਸਕਦਾ ਹੈ ਉਹ ਕਿਸੇ ਅਣਸੁਣੇ ਦਰਦ ਦੀ ਆਵਾਜ਼ ਹੋਵੇ। ਸ਼ਾਇਦ ਅਸੀਂ ਹੀ ਉਨ੍ਹਾਂ ਦੇ ਅੰਦਰਲੇ ਮਨ ਨੂੰ ਪੜ੍ਹਨਾ ਛੱਡ ਦਿੱਤਾ ਹੈ। ਇਸ ਲਈ ਅਧਿਆਪਕ ਹੋਣਾ ਸਿਰਫ਼ ਕਿਤਾਬਾਂ ਦੇ ਪਾਠ ਪੜ੍ਹਾਉਣਾ ਨਹੀਂ। ਕਈ ਵਾਰ ਅਧਿਆਪਕ ਦਾ ਅਸਲ ਪਾਠ ਕਿਤਾਬ ਤੋਂ ਬਾਹਰ ਉਸ ਵੇਲੇ ਸ਼ੁਰੂ ਹੁੰਦਾ ਹੈ, ਉਸ ਵੇਲੇ, ਜਦੋਂ ਉਹ ਕਿਸੇ ਬੱਚੇ ਦੀਆਂ ਅੱਖਾਂ ’ਚ ਛੁਪੇ ਹੰਝੂ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ।

ਨਵਦੀਪ ਸਿੰਘ ਝੁਨੀਰ
ਚਿਹਰੇ ਪੜ੍ਹਨੇ ਸੌਖੇ ਨਹੀਂ ਹੁੰਦੇ ਹਨ, ਉੱਤੋਂ ਮਨ ਪੜ੍ਹਨੇ ਉਸ ਤੋਂ ਵੀ ਔਖਾ ਕੰਮ ਹੈ। ਇਹ ਗੱਲ ਮੈਂ ਪਹਿਲਾਂ ਵੀ ਜਾਣਦਾ ਸੀ ਪਰ ਇਸ ਦੀ ਅਸਲ ਚੋਭ ਉਦੋਂ ਮਹਿਸੂਸ ਹੋਈ, ਜਦੋਂ ਸਤੰਬਰ 2025 ’ਚ ਬਦਲੀ ਮਗਰੋਂ ਮੈਨੂੰ ਛੇਵੀਂ ਜਮਾਤ ਦੇ ਇਕੱਤੀ ਬੱਚਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ। ਰਜਿਸਟਰ ’ਚ ਇਕੱਤੀ ਨਾਂ ਸਨ ਪਰ ਮੇਰੇ ਲਈ ਉਹ ਇਕੱਤੀ ਓਪਰੀ ਦੁਨੀਆ ਵਾਂਗ ਸਨ। ਸਮਾਂ ਬੀਤਿਆ ਅਤੇ ਅਪ੍ਰੈਲ 2026 ’ਚ ਇਹ ਬੱਚੇ ਜਮਾਤ ਸੱਤਵੀਂ ’ਚ ਹੋਏ ਤਾਂ ਸਾਡੀ ਨੇੜਤਾ ਹੋਰ ਵੀ ਗੂੜ੍ਹੀ ਹੋ ਗਈ। ਮੈਂ ਉਨ੍ਹਾਂ ਦੇ ਮਨਾਂ ’ਚ ਉੱਤਰਨਾ ਤਾਂ ਸ਼ੁਰੂ ਕਰ ਦਿੱਤਾ ਸੀ, ਉਨ੍ਹਾਂ ਦੀਆਂ ਖੁਸ਼ੀਆਂ, ਸ਼ਰਾਰਤਾਂ ਤੇ ਚੁੱਪਾਂ ਨੂੰ ਵੀ ਪਛਾਣਨ ਲੱਗ ਪਿਆ ਸੀ ਪਰ ਇਨ੍ਹਾਂ ਚਿਹਰਿਆਂ ਦੇ ਪਿੱਛੇ ਕਿਹੜਾ ਘਰ-ਵਿਹੜਾ ਹੈ, ਕਿਹੜੇ ਰਿਸ਼ਤਿਆਂ ਦੀ ਛਾਂ ਹੈ ਤੇ ਕਿਹੜੀ ਅਣਕਹੀ ਕਹਾਣੀ ਇਨ੍ਹਾਂ ਅੰਦਰ ਸਾਹ ਲੈ ਰਹੀ ਹੈ, ਇਸ ਸਭ ਤੋਂ ਮੈਂ ਹਾਲੇ ਵੀ ਅਣਜਾਣ ਸੀ। ਅਗਸਤ 2026 ਦਾ ਇਕ ਆਮ ਦਿਨਾਂ ਵਰਗਾ ਹੀ ਦਿਨ ਸੀ।
ਅੱਠਵਾਂ ਪੀਰੀਅਡ ਚੱਲ ਰਿਹਾ ਸੀ। ਦੁਪਹਿਰ ਢਲਣ ਨੂੰ ਸੀ ਅਤੇ ਸਕੂਲ ਦੀ ਰੌਣਕ ’ਚ ਹੌਲੀ-ਹੌਲੀ ਥਕਾਵਟ ਘੁਲਣ ਲੱਗੀ ਸੀ। ਇਸੇ ਵੇਲੇ ਇਕ ਨਿੱਕੀ ਜਿਹੀ ਵਿਦਿਆਰਥਣ ਘਬਰਾਈ ਹੋਈ ਮੇਰੇ ਕੋਲ ਆਈ।
‘ਸਰ, ਅਮਰਦੀਪ ਬਾਹਲਾ ਰੋ ਰਹੀ ਹੈ।’ ਮੈਂ ਸਹਿਜ ਸੁਭਾਅ ਪੁੱਛਿਆ, ‘ਕਿਉਂ?’ ‘ਪਤਾ ਨਹੀਂ ਸਰ...ਤੁਸੀਂ ਜਲਦੀ ਕਲਾਸ ’ਚ ਆ ਜਾਓ।’ ਮੈਂ ਉਸੇ ਪਲ ਉਸ ਦੇ ਨਾਲ ਕਲਾਸ ਵੱਲ ਤੁਰ ਪਿਆ। ਦਰਵਾਜ਼ੇ ਤੋਂ ਅੰਦਰ ਵੜਦਿਆਂ ਹੀ ਮੇਰੀ ਨਜ਼ਰ ਸਭ ਤੋਂ ਪਿਛਲੇ ਬੈਂਚ ’ਤੇ ਪਈ। ਅਮਰਦੀਪ ਭੁੱਬਾਂ ਮਾਰ ਕੇ ਰੋ ਰਹੀ ਸੀ। ਉਸ ਦੀ ਨਿੱਕੀ ਜਿਹੀ ਦੇਹ ਹੰਝੂਆਂ ਨਾਲ ਭਿੱਜੀ ਕੰਬ ਰਹੀ ਸੀ, ਜਿਵੇਂ ਅੰਦਰ ਕੋਈ ਬੰਨ੍ਹ ਟੁੱਟ ਗਿਆ ਹੋਵੇ। ਮੈਂ ਉਸ ਦੇ ਕੋਲ ਬੈਠੀ ਇਕ ਬੱਚੀ ਤੋਂ ਪੁੱਛਿਆ, ‘ਇਹ ਕਿਉਂ ਰੋ ਰਹੀ ਹੈ?’ ਉਨ੍ਹਾਂ ’ਚੋਂ ਇਕ ਨੇ ਮਾਸੂਮੀਅਤ ਨਾਲ ਕਿਹਾ, ‘ਸਰ, ਸਾਨੂੰ ਨਹੀਂ ਪਤਾ ਪਰ ਇਹ ਕਹਿ ਰਹੀ ਸੀ ਕਿ ਤੁਸੀਂ ਸਾਰੀਆਂ ਆਪਣੀਆਂ ਚੁੰਨੀਆਂ ਜੋੜ ਲਵੋ, ਮੇਰੇ ਆਲੇ-ਦੁਆਲੇ ਪਰਦਾ ਕਰ ਲਵੋ...ਮੈਂ ਮਰਨਾ ਹੈ।’ ਇਹ ਵਾਕ ਸੁਣ ਕੇ ਮੇਰੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਖਿਸਕ ਗਈ।
ਮੁਸ਼ਕਿਲ ਨਾਲ ਬਾਰ੍ਹਾਂ ਕੁ ਵਰ੍ਹਿਆਂ ਦੀ ਉਹ ਬੱਚੀ ਇਸ ਕਦਰ ਗੰਭੀਰ ਲਹਿਜੇ ’ਚ ਮੌਤ ਦੀ ਗੱਲ ਕਰ ਰਹੀ ਸੀ। ਜਿਸ ਉਮਰ ’ਚ ਬੱਚਿਆਂ ਦੀਆਂ ਗੱਲਾਂ ’ਚ ਸਕੂਲ, ਸਹੇਲੀਆਂ, ਖੇਡਾਂ ਤੇ ਆਉਣ ਵਾਲੇ ਦਿਨਾਂ ਦੇ ਸੁਪਨੇ ਹੋਣੇ ਚਾਹੀਦੇ ਹਨ, ਉਸ ਉਮਰ ’ਚ ਉਸ ਦੇ ਮਨ ’ਚ ਮੌਤ ਦੀ ਗੱਲ ਕਿਉਂ ਆ ਵਸੀ ਸੀ?
ਮੈਂ ਉਸ ਨੂੰ ਕਲਾਸ ’ਚੋਂ ਬਾਹਰ ਲੈ ਆਇਆ। ਵਿਹੜੇ ’ਚ ਧੁੱਪ ਹਾਲੇ ਮੌਜੂਦ ਸੀ। ਮੈਂ ਉਸ ਦੇ ਸਿਰ ’ਤੇ ਪਿਆਰ ਨਾਲ ਹੱਥ ਰੱਖਿਆ, ਉਸ ਨੂੰ ਆਪਣੇ ਕਲਾਵੇ ’ਚ ਲਿਆ ਅਤੇ ਬਹੁਤ ਹੌਲੀ ਆਵਾਜ਼ ’ਚ ਪੁੱਛਿਆ, ‘ਪੁੱਤਰ, ਮੈਨੂੰ ਦੱਸ...ਕੀ ਹੋਇਆ?’ ਉਹ ਕੁਝ ਨਾ ਬੋਲੀ। ਹੁਬਕੀਆਂ ਲੈਂਦੀ ਰਹੀ। ਮੈਂ ਫਿਰ ਪੁੱਛਿਆ, ‘ਤੂੰ ਕਿਉਂ ਰੋ ਰਹੀ ਏਂ?’ ਕੁਝ ਪਲਾਂ ਬਾਅਦ ਉਸ ਦੇ ਅੰਦਰਲਾ ਦਰਦ ਸ਼ਬਦ ਬਣ ਕੇ ਬਾਹਰ ਆਇਆ, ‘ਮੇਰਾ ਜੀ ਨਹੀਂ ਲੱਗਦਾ...’ ‘ਪੁੱਤਰ! ਕਿਉਂ ਨਹੀਂ ਜੀ ਲੱਗਦਾ?’ ਉਸ ਨੇ ਹੰਝੂਆਂ ’ਚ ਡੁੱਬੀ ਆਵਾਜ਼ ’ਚ ਕਿਹਾ, ‘ਮੇਰਾ ਡੈਡੀ ਬਿਨਾਂ ਜੀ ਨਹੀਂ ਲੱਗਦਾ।’ ਇਸ ਇੱਕ ਵਾਕ ਨੇ ਮੇਰਾ ਅੰਦਰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। ਹੁਣ ਉਸ ਦੇ ਰੋਣ ਦੀ ਵਜ੍ਹਾ ਹੌਲੀ-ਹੌਲੀ ਮੇਰੇ ਸਾਹਮਣੇ ਖੁੱਲ੍ਹ ਰਹੀ ਸੀ। ਮੈਂ ਹਿੰਮਤ ਜਿਹੀ ਕਰਕੇ ਅੱਗੇ ਪੁੱਛਿਆ, ‘ਪੁੱਤਰ! ਤੇਰੇ ਪਿਤਾ ਜੀ ਨੂੰ ਗਿਆਂ ਕਿੰਨਾ ਚਿਰ ਹੋਇਆ?’ ‘ਮੈਂ ਉਦੋਂ ਪੰਜ ਸਾਲਾਂ ਦੀ ਸੀ।’
ਉਸ ਦੇ ਪਿਤਾ ਨੂੰ ਗੁਜ਼ਰਿਆਂ ਸੱਤ ਵਰ੍ਹੇ ਬੀਤ ਚੁੱਕੇ ਹਨ। ਇਹ ਉਹ ਸਮਾਂ ਸੀ ਜਦੋਂ ਉਸ ਦੀ ਜ਼ਿੰਦਗੀ ਦੀ ਸਵੇਰ ਨੇ ਅਜੇ ਪੂਰੀ ਤਰ੍ਹਾਂ ਚਾਨਣ ਵੀ ਨਹੀਂ ਸੀ ਫੈਲਾਇਆ, ਕਿ ਪਿਤਾ ਰੂਪੀ ਪਰਛਾਵਾਂ ਅਚਾਨਕ ਹੀ ਢਲ਼ ਗਿਆ। ਭਾਵੇਂ ਸਮੇਂ ਨੇ ਉਸ ਵਿਛੋੜੇ ਨੂੰ ਸੱਤ ਸਾਲ ਪੁਰਾਣਾ ਕਰ ਦਿੱਤਾ ਸੀ, ਪਰ ਉਸ ਦਰਦ ਦੀ ਕਸਕ ਅਜੇ ਵੀ ਉਸ ਦੇ ਮਨ ’ਚ ਓਨੀ ਹੀ ਤਾਜ਼ਾ ਸੀ। ਅੱਜ ਸ਼ਾਇਦ ਉਸ ਨੂੰ ਆਪਣੇ ਪਿਤਾ ਦਾ ਚਿਹਰਾ ਵੀ ਪੂਰੀ ਤਰ੍ਹਾਂ ਯਾਦ ਨਾ ਹੋਵੇ ਪਰ ਪਿਤਾ ਨਾਲ ਜੁੜੀ ਬਚਪਨ ਦੀ ਕੋਈ ਧੁੰਦਲੀ ਯਾਦ, ਕੋਈ ਅਣਜਾਣੀ ਨਿੱਘ, ਕੋਈ ਅਜਿਹਾ ਅਹਿਸਾਸ ਕਿਤੇ ਨਾ ਕਿਤੇ ਉਸ ਦੇ ਅੰਦਰ ਅਜੇ ਵੀ ਸਾਹ ਲੈ ਰਿਹਾ ਸੀ। ਉਹ ਫਿਰ ਰੋਣ ਲੱਗੀ। ‘ਮੇਰਾ ਡੈਡੀ ਬਿਨਾਂ ਦਿਲ ਨਹੀਂ ਲੱਗਦਾ...ਮੇਰਾ ਮਰ ਜਾਣ ਨੂੰ ਦਿਲ ਕਰਦਾ ਹੈ।’ ਉਸ ਵਕਤ ਨਾ ਤਾਂ ਮੈਨੂੰ ਬਾਲ ਮਨੋਵਿਗਿਆਨ ਦੀ ਕੋਈ ਥਿਊਰੀ ਸੁੱਝ ਰਹੀ ਸੀ ਤੇ ਨਾ ਹੀ ਕੋਈ ਤਿਆਰ ਫ਼ਾਰਮੂਲਾ। ਮੇਰੇ ਕੋਲ ਸਿਰਫ਼ ਇਕ ਅਧਿਆਪਕ ਦਾ ਦਿਲ ਸੀ ਅਤੇ ਉਸ ਬੱਚੀ ਲਈ ਉੱਠ ਰਹੀ ਡੂੰਘੀ ਚਿੰਤਾ। ਮੈਂ ਉਸ ਨੂੰ ਪਿਆਰ ਨਾਲ ਸਮਝਾਉਣ ਲੱਗਾ, ‘ਪੁੱਤਰ, ਤੇਰੇ ਘਰ ਤੇਰੀ ਮੰਮੀ ਹੈ। ਉਹ ਤੇਰੀ ਮੰਮੀ ਵੀ ਹੈ ਤੇ ਤੇਰਾ ਪਿਤਾ ਵੀ। ਤੇਰੇ ਪਿਤਾ ਦੇ ਜਾਣ ਤੋਂ ਬਾਅਦ ਉਸ ਨੇ ਕਿੰਨੇ ਦੁੱਖ ਸਹੇ ਹੋਣਗੇ। ਕਿੰਨੀਆਂ ਮੁਸ਼ਕਲਾਂ ਤੇਰੇ ਸਾਹਮਣੇ ਹੱਸ ਕੇ ਲੁਕਾਈਆਂ ਹੋਣਗੀਆਂ। ਤੂੰ ਵੱਡੀ ਹੋ ਕੇ ਆਪਣੀ ਮੰਮੀ ਦਾ ਸਹਾਰਾ ਬਣਨਾ ਹੈ। ਉਸ ਦੀ ਜ਼ਿੰਦਗੀ ’ਚ ਸੁੱਖ ਲਿਆਉਣਾ ਹੈ। ਜੇ ਤੂੰ ਹੀ ਹਾਰ ਗਈ ਤਾਂ ਤੇਰੀ ਮੰਮੀ ਦਾ ਕੀ ਬਣੇਗਾ?’
ਉਹ ਸੁਣਦੀ ਰਹੀ। ਮੈਂ ਬੋਲਦਾ ਰਿਹਾ ਪਰ ਉਸ ਦੀਆਂ ਅੱਖਾਂ ’ਚੋਂ ਹੰਝੂ ਪੂਰੀ ਤਰ੍ਹਾਂ ਨਹੀਂ ਰੁਕੇ। ਛੁੱਟੀ ਦੀ ਘੰਟੀ ਵੱਜਣ ਤੱਕ ਵੀ ਉਸ ਦਾ ਮਨ ਸ਼ਾਂਤ ਨਹੀਂ ਸੀ ਹੋਇਆ। ਉਸ ਦਿਨ ਤੋਂ ਬਾਅਦ ਵੀ ਦੋ ਦਿਨ ਤੱਕ ਉਸ ਨੂੰ ਬੁਖ਼ਾਰ ਚੜ੍ਹਦਾ ਰਿਹਾ। ਮੈਂ ਕਈ ਵਾਰ ਸੋਚਦਾ ਰਿਹਾ ਕਿ ਉਹ ਬੁਖ਼ਾਰ ਸਿਰਫ਼ ਸਰੀਰ ਦਾ ਸੀ ਜਾਂ ਮਨ ਦੀ ਤਪਸ਼ ਵੀ ਉਸ ’ਚ ਰਲ ਗਈ ਸੀ? ਉਸ ਘਟਨਾ ਤੋਂ ਪਹਿਲਾਂ ਮੇਰੇ ਮਨ ’ਚ ਵੀ ਪੀੜ੍ਹੀ ਬਾਰੇ ਇਕ ਧਾਰਨਾ ਸੀ ਕਿ ਅੱਜ ਦੇ ਬੱਚੇ ਸੰਵੇਦਨਹੀਣ ਹੋ ਗਏ ਹਨ। ਉਨ੍ਹਾਂ ਨੂੰ ਮਾਂ-ਬਾਪ ਦੀ ਕਦਰ ਨਹੀਂ, ਵੱਡਿਆਂ ਦਾ ਸਤਿਕਾਰ ਨਹੀਂ, ਰਿਸ਼ਤਿਆਂ ਦੀ ਗਹਿਰਾਈ ਦਾ ਅਹਿਸਾਸ ਨਹੀਂ। ਮੋਬਾਈਲਾਂ ਤੇ ਆਪਣੀ ਨਿੱਜੀ ਦੁਨੀਆ ’ਚ ਗੁਆਚੀ ਇਸ ਪੀੜ੍ਹੀ ਬਾਰੇ ਅਸੀਂ ਕਿੰਨੇ ਸੌਖੇ ਢੰਗ ਨਾਲ ਫ਼ੈਸਲੇ ਸੁਣਾ ਦਿੰਦੇ ਹਾਂ ਪਰ ਅਮਰਦੀਪ ਦੇ ਉਸ ਇਕ ਵਾਕ ਨੇ ਮੇਰੀ ਇਹ ਧਾਰਨਾ ਬਦਲ ਦਿੱਤੀ- ‘ਮੇਰਾ ਮੇਰੇ ਡੈਡੀ ਤੋਂ ਬਗ਼ੈਰ ਦਿਲ ਨਹੀਂ ਲੱਗਦਾ।’ ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਬੱਚੇ ਸੰਵੇਦਨਹੀਣ ਨਹੀਂ ਹੁੰਦੇ। ਬਹੁਤ ਸਾਰੇ ਬੱਚੇ ਆਪਣੇ ਅੰਦਰ ਇਕ ਅਣਕਹੀ ਕਹਾਣੀ ਲੈ ਕੇ ਫਿਰ ਰਹੇ ਹੁੰਦੇ ਹਨ। ਕਿਸੇ ਦੀ ਕਹਾਣੀ ਹਾਸੇ ਦੇ ਪਿੱਛੇ ਲੁਕੀ ਹੁੰਦੀ ਹੈ, ਕਿਸੇ ਦੀ ਸ਼ਰਾਰਤ ਦੇ ਪਿੱਛੇ ਤੇ ਕਿਸੇ ਦੀ ਚੁੱਪ ਦੇ ਅੰਦਰ। ਕਲਾਸ ’ਚ ਜੋ ਬੱਚਾ ਸਾਨੂੰ ਬੇਪਰਵਾਹ ਦਿਖਾਈ ਦਿੰਦਾ ਹੈ, ਹੋ ਸਕਦਾ ਹੈ ਉਹ ਅੰਦਰੋਂ ਕਿਸੇ ਵਿਛੋੜੇ ਨਾਲ ਲੜ ਰਿਹਾ ਹੋਵੇ। ਜੋ ਬੱਚਾ ਸਾਨੂੰ ਜ਼ਿੱਦੀ ਲੱਗਦਾ ਹੈ, ਹੋ ਸਕਦਾ ਹੈ ਉਹ ਕਿਸੇ ਅਣਸੁਣੇ ਦਰਦ ਦੀ ਆਵਾਜ਼ ਹੋਵੇ। ਸ਼ਾਇਦ ਅਸੀਂ ਹੀ ਉਨ੍ਹਾਂ ਦੇ ਅੰਦਰਲੇ ਮਨ ਨੂੰ ਪੜ੍ਹਨਾ ਛੱਡ ਦਿੱਤਾ ਹੈ। ਇਸ ਲਈ ਅਧਿਆਪਕ ਹੋਣਾ ਸਿਰਫ਼ ਕਿਤਾਬਾਂ ਦੇ ਪਾਠ ਪੜ੍ਹਾਉਣਾ ਨਹੀਂ। ਕਈ ਵਾਰ ਅਧਿਆਪਕ ਦਾ ਅਸਲ ਪਾਠ ਕਿਤਾਬ ਤੋਂ ਬਾਹਰ ਉਸ ਵੇਲੇ ਸ਼ੁਰੂ ਹੁੰਦਾ ਹੈ, ਉਸ ਵੇਲੇ, ਜਦੋਂ ਉਹ ਕਿਸੇ ਬੱਚੇ ਦੀਆਂ ਅੱਖਾਂ ’ਚ ਛੁਪੇ ਹੰਝੂ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਉਸ ਦਿਨ ਬਾਰ੍ਹਾਂ ਸਾਲ ਦੀ ਇਕ ਬੱਚੀ ਨੇ ਮੈਨੂੰ ਉਹ ਸੱਚ ਸਿਖਾ ਦਿੱਤਾ, ਜਿਸ ਨੂੰ ਸਮਝਣ ’ਚ ਵੱਡਿਆਂ ਨੂੰ ਪੂਰੀ ਉਮਰ ਲੱਗ ਜਾਂਦੀ ਹੈ। ਸੰਵੇਦਨਾ ਉਮਰ ਦੀ ਮੁਹਤਾਜ ਨਹੀਂ ਹੁੰਦੀ।
-ਸੰਪਰਕ : 9876968193