- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਦੇਖਣ ’ਚ ਆਇਆ ਹੈ ਕਿ ਸਰਕਾਰਾਂ ਨੇ ਪਾਣੀ ਸੰਭਾਲਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਪਾਣੀ ਦਾ ਪੱਧਰ ਉੱਚਾ ਕਰਨ ਲਈ ਥਾਵਾਂ ਦੀ ਸ਼ਨਾਖ਼ਤ ਕਰ ਕੇ ਮੀਂਹ ਦੇ ਪਾਣੀ ਨੂੰ ਜ਼ਮੀਨ ’ਚ ਜਜ਼ਬ ਕਰਨ ਲਈ ਸਾਕ ਪਿੱਟ, ਟਰੈਂਚਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ। ਪੁਰਾਣੀਆਂ ਛੱਪੜੀਆਂ ਅਤੇ ਟੋਭਿਆਂ ਨੂੰ ਪੁਨਰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਦੁਆਲ਼ੇ ਵਿਰਾਸਤੀ ਰੁੱਖਾਂ ਦੇ ਝੁੰਡ ਮੁੜ ਠੰਢੀਆਂ ਛਾਵਾਂ ਦੇਣਗੇ, ਪੰਛੀ ਚਹਿਚਹਾਣਗੇ। ਬੱ

.jpg)
ਅਮਰੀਕ ਸਿੰਘ ਦਿਆਲ
ਸਾਉਣ ਮਹੀਨੇ ਦਾ ਆਖ਼ਰੀ ਦਿਨ ਸੀ। ਗਰਮੀ ਪੂਰਾ ਰੰਗ ਦਿਖਾ ਰਹੀ ਸੀ। ਕੁਝ ਸਮਾਂ ਛਰਾਟਾ ਪੈ ਕੇ ਫਿਰ ਗਰਮੀ ਦਾ ਤੜਕਾ ਜਿਹਾ ਲਗ ਜਾਂਦਾ। ਕਈ ਵਾਰ ਕਾਲ਼ੀਆਂ ਘਟਾਵਾਂ ਚੜ੍ਹ ਕੇ ਮੀਂਹ ਧਰਤੀ ਨਾਲ਼ ਲਗ ਕੇ ਪਰਤ ਜਾਂਦਾ। ਕਈ ਵਾਰ ਤਾਂ ਠੰਢੀ ਹਵਾ ਹੀ ਅਹਿਸਾਸ ਕਰਵਾਉਂਦੀ ਕਿ ਆਲ਼ੇ-ਦੁਆਲ਼ੇ ਕਿਤੇ ਬੱਦਲ਼ ਵਰਸ ਰਿਹਾ ਹੈ। ਸਾਉਣ ਮਹੀਨੇ ਟੋਭੇ ਕੰਢੇ ਦਲ਼ੀਆ ਚੜ੍ਹਾਉਣ ਦੀ ਰਸਮ ਸਾਡੀ ਸੁਰਤ ਸੰਭਾਲਣ ਤੋਂ ਪਹਿਲਾਂ ਦੀ ਚੱਲਦੀ ਆ ਰਹੀ ਹੈ। ਪਿੰਡ ਦੇ ਟੋਭੇ ਕੰਢੇ ਲੋਕ ਖ਼ੁਆਜੇ ਦਾ ਮੱਥਾ ਟੇਕਦੇ ਹਨ ਤੇ ਦਲ਼ੀਏ ਦਾ ਪ੍ਰਸ਼ਾਦ ਵੰਡਦੇ ਹਨ। ਨੀਮ-ਪਹਾੜੀ ਖੇਤਰਾਂ ’ਚ ਪਾਣੀ ਦੀ ਕਿੱਲਤ ਕਰ ਕੇ ਟੋਭਿਆਂ ਦੀ ਬੜੀ ਮਹੱਤਤਾ ਰਹੀ ਹੈ।
ਸਾਉਣ ਮਹੀਨੇ ਦੇ ਸ਼ਨਿਚਰਵਾਰ ਤੇ ਐਤਵਾਰ ਸ਼ਾਮ ਵੇਲੇ ਲੋਕ ਇਹ ਧਾਰਮਿਕ ਰਸਮ ਅਦਾ ਕਰਦੇ ਹਨ। ਇਸ ਵਾਰ ਵਰਖਾ ਦੀ ਲੁਕਣ-ਮੀਟੀ ਕਰ ਕੇ ਲੱਗਦਾ ਹੀ ਨਹੀਂ ਸੀ ਕਿ ਸਾਉਣ ਮਹੀਨੇ ’ਚੋਂ ਗੁਜ਼ਰ ਰਹੇ ਹਾਂ। ਆਖ਼ਰੀ ਦਿਨ ਖਿਆਲ ਆਇਆ ਕਿ ਐਤਕੀਂ ਤਾਂ ਦਲ਼ੀਆ ਚੜ੍ਹਾਇਆ ਹੀ ਨਹੀਂ। ਚੜ੍ਹਾਈਏ ਕਿੱਥੇ? ਪੂਰਾ ਸਾਉਣ ਮਹੀਨਾ ਤਾਂ ਬੱਚੇ ਟੋਭੇ ਵਾਲ਼ੀ ਥਾਂ ਕ੍ਰਿਕਟ ਖੇਡਦੇ ਰਹੇ ਹਨ। ਇਸ ’ਚ ਇਕ ਬੂੰਦ ਪਾਣੀ ਨੀ ਰੁਕੀ। ਅੱਗੋਂ ਜਵਾਬ ਮਿਲਿਆ ਸੀ। ਪਿਛਲਾ ਸਮਾਂ ਚੇਤੇ ਆਇਆ ਕਿ ਜਿੱਥੇ ਐਤਕੀਂ ਪੂਰਾ ਸਾਉਣ ਮਹੀਨਾ ਬੱਚੇ ਜਿਸ ਟੋਭੇ ਵਾਲ਼ੀ ਥਾਂ ਨੂੰ ਖੇਡ ਮੈਦਾਨ ਦੇ ਤੌਰ ਵਰਤ ਰਹੇ ਹਨ, ਉਹ ਟੋਭਾ ਕਿਸੇ ਵੇਲੇ ਨੱਕੋ-ਨੱਕ ਭਰਿਆ ਹੁੰਦਾ ਸੀ। ਇਸ ਦੁਆਲ਼ੇ ਲੋਕਾਂ ਦੀ ਚਹਿਲ-ਪਹਿਲ ਹੁੰਦੀ ਸੀ। ਇਸ ’ਚ ਕੋਈ ਅਤਿਕਥਨੀ ਨਹੀਂ ਕਿ ਟੋਭਾ ਹਰ ਘਰ ਦੀ ਲੋੜ ਹੁੰਦੀ ਸੀ। ਪਿੰਡਾਂ ਵਿਚਲੇ ਇਹ ਸਵਿਮਿੰਗ ਪੂਲ ਹਰ ਪਿੰਡ ਦੀ ਸ਼ਾਨ ਹੁੰਦੇ ਸਨ।
ਇਹਨਾਂ ਦੁਆਲ਼ੇ ਵੱਡੇ ਦਰਖ਼ਤਾਂ ਦਾ ਗੋਲ਼ ਘੇਰਾ ਟੋਭੇ ਦੀ ਸ਼ੋਭਾ ’ਚ ਹੋਰ ਵੀ ਵਾਧਾ ਕਰਦਾ ਸੀ। ਇਨ੍ਹਾਂ ਦਰਖ਼ਤਾਂ ਹੇਠ ਸੱਥਾਂ ਜੁੜਦੀਆਂ, ਸਣ ਤੇ ਸਨੋਕੜੇ ਦੀਆਂ ਰੱਸੀਆਂ ਵੱਟਦੇ, ਤਪਦੀਆਂ ਰੋਹੀਆਂ ਦੀਆਂ ਤਿੱਖੜ ਦੁਪਹਿਰਾਂ ’ਚ ਲੋਕ ਦੁਪਹਿਰੇ ਇੱਥੇ ਚੈਨ ਨਾਲ਼ ਕੱਟਦੇ। ਤਾਸ਼ ਅਤੇ ਛਿਕੜੀ ਦੀਆਂ ਬਾਜੀਆਂ ਲਗਦੀਆਂ। ਹੱਠੀਆਂ-ਭੱਠੀਆਂ ਵਾਂਗ ਇਹ ਟੋਭੇ ਵੀ ਪਿੰਡ ਦਾ ਸੂਚਨਾ ਕੇਂਦਰ ਹੋਇਆ ਕਰਦੇ ਸਨ। ਮੱਝਾਂ ਨੱਕੋ-ਨੱਕ ਭਰੇ ਟੋਭੇ ’ਚ ਤਾਰੀਆਂ ਲਾਉਂਦੀਆਂ ਸਨ। ਸਾਰੇ ਪਿੰਡ ਦੀ ਸਾਂਝੀ ਲੋੜ ਤੇ ਪਾਣੀ ਦੇ ਮੁੱਖ ਸਰੋਤ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਸਭ ਆਪਣੀ ਸਮਝਦੇ ਸਨ। ਬਰਸਾਤ ਮੌਕੇ ਕੰਢੇ ’ਤੇ ਖੜ੍ਹੇ ਬੋਹੜ ਅਤੇ ਪਿੱਪਲ਼ ਦੇ ਨਿਵਾਣ ਵੱਲ੍ਹ ਨੂੰ ਝੁਕੇ ਟਾਹਣ ਪਾਣੀ ਨੂੰ ਛੂਹ ਜਾਂਦੇ, ਜਿਵੇਂ ਇਹਨਾਂ ਦੀ ਇਹ ਸਲਾਨਾ ਮਿਲਣੀ ਹੋਵੇ। ਇਹਨਾਂ ’ਤੇ ਚੜ੍ਹ ਕੇ ਨਿਆਣੇ ਛਾਲ਼ਾਂ ਮਾਰਦੇ, ਅਠਖੇਲੀਆਂ ਕਰਦੇ।
ਸਕੂਲ ਤੋਂ ਛੁੱਟੀ ਵੇਲੇ ਝੋਲ਼ੇ ਕੰਢੇ ’ਤੇ ਰੱਖ ਕੇ ਬੱਚੇ ਖ਼ੂਬ ਨਹਾਉਂਦੇ, ਜਿਸ ਬਦਲੇ ਕਈ ਵਾਰ ਪਿੰਡ ਦੇ ਬਜ਼ੁਰਗਾਂ ਜਾਂ ਘਰ ਵਾਲਿਆਂ ਵਲੋਂ ਕੀਤੀ ਸੇਵਾ ਦਾ ਸੁਆਦ ਵੀ ਚੱਖਣਾ ਪੈਂਦਾ। ਇਸ ਮਹੀਨੇ ਸ਼ਨਿਚਰਵਾਰ ਤੇ ਐਤਵਾਰ ਦਾ ਦਿਨ ਸਾਡੇ ਲਈ ਬੜਾ ਅਹਿਮ ਹੁੰਦਾ ਸੀ। ਪਿੰਡ ਦਾ ਹਰ ਘਰ ਇਹਨਾਂ ਦਿਨਾਂ ’ਚ ਦਲ਼ੀਆ ਲੈ ਕੇ ਟੋਭੇ ’ਤੇ ਜ਼ਰੂਰ ਪਹੁੰਚਦਾ। ਨਿਆਣੇ ਪਹਿਲਾਂ ਹੀ ਉਹਨਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ। ਭਾਂਤ-ਭਾਂਤ ਦਾ ਦਲ਼ੀਆ ਖਾਣ ਲਈ ਮਿਲਦਾ। ਗੁੜ-ਸ਼ੱਕਰ ਵਾਲ਼ੇ ਦਲ਼ੀਏ ਦਾ ਰੰਗ ਗੂੜ੍ਹਾ ਹੁੰਦਾ ਅਤੇ ਖੰਡ ਵਾਲ਼ਾ ਦਲ਼ੀਆ ਸਫ਼ੇਦ। ਹਰ ਘਰ ਦੇ ਦਲ਼ੀਏ ਦਾ ਸਵਾਦ ਵੱਖਰਾ ਹੁੰਦਾ। ਕਈ ਸਾਦਾ ਬਣਾਉਂਦੇ, ਕਈਆਂ ’ਚ ਸੁੱਕੇ ਮੇਵੇ ਪਾ ਕੇ ਚੰਗਾ ਜਾਇਕਾ ਬਣਾਇਆ ਹੁੰਦਾ। ਟੋਭੇ ਨੇੜਲੇ ਘਰਾਂ ਦੇ ਨਿਆਣੇ ਕੌਲੀਆਂ ਲੈ ਆਉਂਦੇ ਅਤੇ ਦੂਰ ਵਾਲ਼ੇ ਬੋਹੜ ਦੇ ਪੱਤਿਆਂ ਦੀ ਤਾਜ਼ੀ ਪੱਤਲ਼ ਬਣਾ ਲੈਂਦੇ। ਨਰਮ ਦਲ਼ੀਆ ਪੱਤਿਆਂ ’ਤੇ ਫੈਲ ਜਾਂਦਾ। ਜਦੋਂ ਤੱਕ ਪਹਿਲਾ ਮੁੱਕਦਾ, ਦੂਜੇ ਘਰ ਵਾਲੇ ਆ ਜਾਂਦੇ। ਔਰਤਾਂ ਮੁਹੱਲਿਆਂ ’ਚੋਂ ਟੋਲੀ ਦੇ ਰੂਪ ’ਚ ਆਉਂਦੀਆਂ। ਜਦੋਂ ਸਾਉਣ ਮਹੀਨਾ ਆਉਂਦਾ ਤਾਂ ਸਕੂਲੀ ਪਾਠਕ੍ਰਮ ’ਚ ਪੜ੍ਹਾਈਆਂ ਜਾਂਦੀਆਂ ਕਵਿਤਾਵਾਂ ਜਿਵੇਂ ਮੌਸਮ ਦੇ ਨਾਲ਼-ਨਾਲ਼ ਤੁਰਦੀਆਂ ਪ੍ਰਤੀਤ ਹੁੰਦੀਆਂ: ਮੱਕੀਆਂ, ਬਾਜਰੇ, ਗੁਆਰੇ ਵੇ, ਫੁੱਲ ਪੈ ਗਏ ਕਪਾਹੀਂ ਸਾਰੇ ਵੇ। ਖੇਤਾਂ ’ਚ ਫ਼ਸਲਾਂ ਹਰੀਆਂ ਵੇ, ਹੁਣ ਲੱਕ-ਲੱਕ ਹੋਈਆਂ ਚਰ੍ਹੀਆਂ ਵੇ। ਬਾਗਾਂ ’ਚ ਕੋਇਲਾਂ ਕੂਕਦੀਆਂ, ਕਿਤੇ ਵਗਣ ਹਵਾਵਾਂ ਛੂਕਦੀਆਂ। ਵਿਧਾਤਾ ਸਿੰਘ ਤੀਰ ਦੀ ਕਵਿਤਾ ‘ਵਾਹਣਾਂ ’ਚ ਭਰਵਾਂ ਨੀਰ ਪਿਆ, ਜੱਟ ਖੁਸ਼ ਹੋ ਵੰਡਦਾ ਖੀਰ ਪਿਆ’ ਕਿਰਸਾਨੀ ਜੀਵਨ ਦੀ ਤਰਜ਼ਮਾਨੀ ਕਰਦੀ ਪ੍ਰਤੀਤ ਹੁੰਦੀ। ਇਹ ਗੱਲਾਂ ਹੁਣ ਵਿਹਾਅ ਚੁੱਕੀਆਂ ਹਨ। ਫਿਰ ਦੇਖਦਿਆਂ-ਦੇਖਦਿਆਂ ਟੋਭੇ ਲੋਪ ਹੋਣ ਲੱਗੇ। ਸਾਉਣ ਮਹੀਨੇ ਟੋਭੇ ਵਾਲ਼ੀ ਥਾਂ ਛੋਟਾ ਜਿਹਾ ਡੁੰਮ੍ਹ ਬਣ ਜਾਂਦਾ। ਲੋਕ ਇਸ ਡੁੰਮ੍ਹ ਦੁਆਲ਼ੇ ਦਲੀਆ ਚੜ੍ਹਾ ਕੇ ਖੁਆਜ਼ੇ ਦਾ ਮੱਥਾ ਟੇਕਦੇ ਅਤੇ ਰਸਮ ਪੂਰੀ ਕਰ ਲੈਂਦੇ। ਇਸ ਵਾਰ ਡੁੰਮ੍ਹ ਵੀ ਗਾਇਬ ਹੈ। ਕਿਸੇ ਵੇਲੇ ਇਨ੍ਹਾਂ ਦੁਆਲ਼ੇ ਮੰਡਰਾਉਂਦੇ ਬਾਲ ਹੁਣ ਮੋਬਾਇਲਾਂ ਨੇ ਕੈਦ ਕਰ ਲਏ ਹਨ। ਸ਼ਾਮ ਵੇਲੇ ਟੂਟੀ ਮੂਹਰੇ ਦਲ਼ੀਆ ਚੜ੍ਹਾ ਕੇ ਟੱਬਰ ਨੇ ਆਪ ਹੀ ਖਾ ਲਿਆ। ਮਾਵਾਂ-ਧੀਆਂ ਮੇਲਣਾ, ਪਿਓ-ਪੁੱਤ ਬਰਾਤੀ ਵਾਲੀ ਗੱਲ ਹੋਈ। ਆਪਣੇ ਵੰਡਣ ਵਾਲ਼ੇ, ਆਪੇ ਖਾਣ ਵਾਲ਼ੇ। ਸਾਡੇ ਪੁਰਖਿਆਂ ਵਲੋਂ ਇਹਨਾਂ ਪਵਿੱਤਰ ਸਰੋਤਾਂ ਦੀ ਮਹੱਤਤਾ ਦੇ ਮੱਦੇਨਜ਼ਰ ਇਹਨਾਂ ਨੂੰ ਸਾਂਭਣ ਲਈ ਬਣਾਈ ਰੀਤ ਮਹਿਜ਼ ਇਕ ਰਸਮ ਮਾਤਰ ਹੀ ਰਹਿ ਗਈ ਹੈ। ਕਈ ਖੇਤਰਾਂ ’ਚ ਇਹ ਰਸਮ ਟਿਊਬਵੈੱਲ ’ਤੇ ਅਦਾ ਕਰ ਲਈ ਜਾਂਦੀ ਹੈ। ਨਦੀਆਂ ਅਤੇ ਦਰਿਆਵਾਂ ਕੰਢੇ ਵਸੇ ਲੋਕ ਇਨ੍ਹਾਂ ਦੇ ਕਿਨਾਰਿਆਂ ਨੇੜੇ ਮੱਥਾ ਟੇਕਦੇ ਹਨ। ਨੀਮ-ਪਹਾੜੀ ਖੇਤਰਾਂ ’ਚ ਇਕ-ਮਾਤਰ ਸਾਧਨ ਟੋਭੇ ਹੀ ਹੁੰਦੇ ਸਨ। ਹੁਣ ਘਰ-ਘਰ ਪਾਣੀ ਦੇ ਸਰੋਤ ਉਪਲਬਧ ਹੋਣ ਕਾਰਨ ਘਰਾਂ ’ਚੋਂ ਨਿਕਲਦੀਆਂ ਨਾਲ਼ੀਆਂ ਦੇ ਪਾਣੀ ਦਾ ਰੁਖ਼ ਇਹਨਾਂ ਟੋਭਿਆਂ ਵੱਲ੍ਹ ਨੂੰ ਕਰ ਦਿੱਤਾ ਗਿਆ ਹੈ। ਦੂਜੀ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜੇ ਟੋਭਿਆਂ ਦੀ ਹੋਂਦ ਹੀ ਖ਼ਤਮ ਹੋ ਗਈ ਹੈ ਤਾਂ ਦਲ਼ੀਆ ਕਿੱਥੇ ਚੜ੍ਹਾਇਆ ਜਾਵੇ? ਹੁਣ ਭਾਵੇਂ ਪਾਣੀ ਦੀ ਪਹੁੰਚ ਹਰ ਘਰ ਦੀ ਰਸੋਈ, ਕਮਰਿਆਂ ਅਤੇ ਪਸ਼ੂਆਂ ਦੇ ਖੁੰਡਿਆਂ ਤੱਕ ਹੋ ਗਈ ਹੈ ਪਰ ਸਾਡੇ ਪੁਰਖਿਆਂ ਦੇ ਸੰਭਾਲ਼ੇ ਇਨ੍ਹਾਂ ਸਰੋਤਾਂ ਤੋਂ ਵਿਰਵੇ ਹੋ ਕੇ ਅਸੀਂ ਕੀ ਖੱਟਿਆ, ਇਸ ਸਵਾਲ ਦਾ ਜਵਾਬ ਦੇਣ ਲਈ ਅਸੀਂ ਸਭ ਜ਼ਿੰਮੇਵਾਰ ਹਾਂ। ਜਿੱਥੇ ਇਹ ਸਰੋਤ ਪਾਣੀ ਦੀ ਲੋੜ ਦੀ ਪੂਰਤੀ ਕਰਦੇ ਸਨ, ਉੱਥੇ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਸੰਤੁਲਨ ਬਣਾਈ ਰੱਖਣ ’ਚ ਅਹਿਮ ਭੂਮਿਕਾ ਅਦਾ ਕਰਦੇ ਸਨ। ਹੁਣ ਦੇਖਣ ’ਚ ਆਇਆ ਹੈ ਕਿ ਸਰਕਾਰਾਂ ਨੇ ਪਾਣੀ ਸੰਭਾਲਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਪਾਣੀ ਦਾ ਪੱਧਰ ਉੱਚਾ ਕਰਨ ਲਈ ਥਾਵਾਂ ਦੀ ਸ਼ਨਾਖ਼ਤ ਕਰ ਕੇ ਮੀਂਹ ਦੇ ਪਾਣੀ ਨੂੰ ਜ਼ਮੀਨ ’ਚ ਜਜ਼ਬ ਕਰਨ ਲਈ ਸਾਕ ਪਿੱਟ, ਟਰੈਂਚਾਂ ਤਿਆਰ ਕਰਵਾਈਆਂ ਜਾ ਰਹੀਆਂ ਹਨ। ਪੁਰਾਣੀਆਂ ਛੱਪੜੀਆਂ ਅਤੇ ਟੋਭਿਆਂ ਨੂੰ ਪੁਨਰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਦੁਆਲ਼ੇ ਵਿਰਾਸਤੀ ਰੁੱਖਾਂ ਦੇ ਝੁੰਡ ਮੁੜ ਠੰਢੀਆਂ ਛਾਵਾਂ ਦੇਣਗੇ, ਪੰਛੀ ਚਹਿਚਹਾਣਗੇ। ਬੱਚਿਆਂ ਦੀ ਮਲੂਕੜੀ ਜਿਹੀ ਛੋਹ ਫਿਰ ਇਹਨਾਂ ਦਰਖ਼ਤਾਂ ਦੀਆਂ ਸੁੰਨੀਆਂ ਟਾਹਣੀਆਂ ਲਈ ਖੁਸ਼ੀ ਦਾ ਸਬੱਬ ਬਣੇਗੀ। ਸਦੀਆਂ ਦੇ ਗਵਾਹ ਟੋਭੇ ਕੰਢੇ ਖੜ੍ਹੇ ਬੁੱਢੇ ਪਿੱਪਲ਼ ਤੋਂ ਨਵੀਂ ਪੀੜ੍ਹੀ ਦੇ ਜੁਆਕ ਆਪਣੇ ਪੁਰਖਿਆਂ ਦਾ ਇਤਿਹਾਸ ਜਾਣਨਗੇ। ਇਨ੍ਹਾਂ ਦੁਆਲ਼ੇ ਜ਼ਿੰਦਗੀ ਫਿਰ ਧੜਕਣ ਲੱਗੇਗੀ। ਆਲ਼ਾ-ਦੁਆਲ਼ਾ ਸਾਉਣ ਦੇ ਗੀਤਾਂ ਦੇ ਹਾਣ ਦਾ ਬਣ ਜਾਵੇਗਾ। ਇਹ ਸ਼ੁੱਭ ਸ਼ਗਨ ਭਰੀ ਆਸ ਤੇ ਅਰਦਾਸ ਹੈ।
(ਸੰਪਰਕ : 94638-51568)।