- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ਼ਲਤ ਲਏ ਫ਼ੈਸਲੇ ਤਾਂ ਹੁਣ ਸੁਧਾਰੇ ਨਹੀਂ ਸੀ ਜਾ ਸਕਦੇ। ਉਸ ਤੋਂ ਹੋਏ ਨੁਕਸਾਨ ਦੀ ਪੂਰਤੀ ਵੀ ਸੰਭਵ ਨਹੀਂ ਸੀ ਪਰ ਮੈਂ ਆਪਣੇ ਬਚੇ ਹੋਏ ਵਕਤ, ਊਰਜਾ, ਕੌਸ਼ਲ, ਪ੍ਰਤਿਭਾ, ਬਚੀ ਹੋਈ ਬੁੱਧੀ ਅਤੇ ਸਮਰੱਥਾ ਦੀ ਸਹੀ ਵਰਤੋਂ ਕਰ ਕੇ ਪਿਛਲੇ ਹੋਏ ਘਾਟੇ ਦੀ ਪੂਰਤੀ ਕਰਨੀ ਚਾਹੁੰਦਾ ਸੀ। ਇਸ ਡਿਪਰੈਸਡ ਮਾਨਸਿਕਤਾ’ਚੋਂ ਬਾਹਰ ਨਿਕਲਣ ਲਈ ਮੈਂ ਕਿਸੇ ਸਾਈਕੈਟ੍ਰਿਕ ਦਾ ਮਸ਼ਵਰਾ ਲੈਣ ਦੀ ਸੋਚ ਰਿਹਾ ਸੀ। ਮੈਂ ਆਪਣੇ ਸਟਡੀ ਰੂਮ ’ਚ ਬੈਠਦਾ। ਰੈਕ ’ਚੋਂ ਪੁਸਤਕਾਂ ਕੱਢਦਾ।

ਧਰਮਪਾਲ ਸਾਹਿਲ
ਉਨ੍ਹੀਂ ਦਿਨੀਂ ਮੈਂ ਮਾਨਸਿਕ ਤੌਰ ’ਤੇ ਬੇਹੱਦ ਪਰੇਸ਼ਾਨ ਸੀ। ਦਰਅਸਲ, ਮੈਂ ਜ਼ਿੰਦਗੀ ’ਚ ਕੁਝ ਫ਼ੈਸਲੇ ਗ਼ਲਤ ਲੈ ਲਏ ਸਨ। ਮੈਨੂੰ ਆਪਣੀ ਸੂਝ-ਬੂਝ ਤੇ ਲਿਆਕਤ ’ਤੇ ਲੋੜ ਤੋਂ ਵੱਧ ਯਕੀਨ ਹੋ ਗਿਆ ਸੀ। ਕਦਮ-ਕਦਮ ’ਤੇ ਨਮੋਸ਼ੀ ਤੇ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੇਰਾ ਆਪਣੇ ਆਪ ’ਤੇ ਅਤੀ ਵਿਸ਼ਵਾਸ਼ ਹੀ ਮੈਨੂੰ ਲੈ ਡੁੱਬਿਆ ਸੀ। ਇਸ ਤਣਾਅ ਕਾਰਨ ਪਹਿਲਾਂ ਬੇਚੈਨੀ, ਫਿਰ ਉਨੀਂਦਰਾ, ਫਿਰ ਸਿਰ ਦਰਦ, ਫਿਰ ਚਿੜਚਿੜਾਪਣ, ਫਿਰ ਗੁੱਸਾ, ਫਿਰ ਘਬਰਾਹਟ ਤੇ ਫਿਰ ਘਰ-ਪਰਿਵਾਰ ਤੇ ਜ਼ਿੰਦਗੀ ਤੋਂ ਹੀ ਮਨ ਉੱਖੜ ਗਿਆ ਸੀ। ਬਲੱਡ ਪ੍ਰੈਸ਼ਰ ਵਧਣ ਨਾਲ ਚੱਕਰ ਵੀ ਆਉਣ ਲੱਗ ਪਏ ਸਨ। ਕੰਮ ’ਚ ਬਿਲਕੁਲ ਮਨ ਨਹੀਂ ਸੀ ਲੱਗ ਰਿਹਾ। ਮੈਂ ਵਾਰ-ਵਾਰ ਆਪਣੇ ਆਪ ਤੋਂ ਬਹੁਤ ਦੂਰ ਹੁੰਦਾ ਜਾ ਰਿਹਾ ਸੀ। ਜਦੋਂਕਿ ਮੈਂ ਜਿਉਣਾ ਚਾਹੁੰਦਾ ਸੀ। ਜ਼ਿੰਦਗੀ ਦੀ ਮੁੱਖ ਧਾਰਾ ’ਚ ਵਾਪਸ ਪਰਤਣਾ ਚਾਹੁੰਦਾ ਸੀ। ਮੈਂ ਬਹੁਤ ਕੁਝ ਕਰਨਾ ਲੋਚਦਾ ਸੀ।
ਗ਼ਲਤ ਲਏ ਫ਼ੈਸਲੇ ਤਾਂ ਹੁਣ ਸੁਧਾਰੇ ਨਹੀਂ ਸੀ ਜਾ ਸਕਦੇ। ਉਸ ਤੋਂ ਹੋਏ ਨੁਕਸਾਨ ਦੀ ਪੂਰਤੀ ਵੀ ਸੰਭਵ ਨਹੀਂ ਸੀ ਪਰ ਮੈਂ ਆਪਣੇ ਬਚੇ ਹੋਏ ਵਕਤ, ਊਰਜਾ, ਕੌਸ਼ਲ, ਪ੍ਰਤਿਭਾ, ਬਚੀ ਹੋਈ ਬੁੱਧੀ ਅਤੇ ਸਮਰੱਥਾ ਦੀ ਸਹੀ ਵਰਤੋਂ ਕਰ ਕੇ ਪਿਛਲੇ ਹੋਏ ਘਾਟੇ ਦੀ ਪੂਰਤੀ ਕਰਨੀ ਚਾਹੁੰਦਾ ਸੀ। ਇਸ ਡਿਪਰੈਸਡ ਮਾਨਸਿਕਤਾ’ਚੋਂ ਬਾਹਰ ਨਿਕਲਣ ਲਈ ਮੈਂ ਕਿਸੇ ਸਾਈਕੈਟ੍ਰਿਕ ਦਾ ਮਸ਼ਵਰਾ ਲੈਣ ਦੀ ਸੋਚ ਰਿਹਾ ਸੀ। ਮੈਂ ਆਪਣੇ ਸਟਡੀ ਰੂਮ ’ਚ ਬੈਠਦਾ। ਰੈਕ ’ਚੋਂ ਪੁਸਤਕਾਂ ਕੱਢਦਾ। ਪੰਨੇ ਪਲਟਦਾ। ਕੁਝ ਵੀ ਪੜ੍ਹਣ ਨੂੰ ਮਨ ਨਾ ਕਰਦਾ। ਕਿਤਾਬ ਮੁੜ ਉਸੇ ਥਾਂ ’ਤੇ ਟਿਕਾ ਦਿੰਦਾ। ਅਜਿਹੇ ਮੁਸ਼ਕਲ ਵਕਤ ’ਚ ਅਚਾਨਕ ਇਕ ਮਿੱਤਰ ਵਲੋਂ ਮੇਰੇ ਜਨਮ ਦਿਨ ’ਤੇ ਭੇਜੀ ਪੁਸਤਕ ‘ਤੁਮਾਰੀ ਔਕਾਤ ਕਿਆ ਹੈ-ਪੀਯੂਸ਼ ਮਿਸ਼ਰਾ’ ਹੱਥ ’ਚ ਆ ਗਈ। ਇਹ ਪੁਸਤਕ ਪਤਾ ਨਹੀਂ ਕਿਵੇਂ ਹੋਰ ਪੁਸਤਕਾਂ ਹੇਠ ਦੱਬੀ ਗਈ ਤੇ ਪੜ੍ਹਨ ਤੋਂ ਰਹਿ ਗਈ ਸੀ। ਮੈਂ ਇਸ ਕਿਤਾਬ ਨੂੰ ਆਦਤ ਅਨੁਸਾਰ ਕਿਸੇ ਪਵਿੱਤਰ ਗ੍ਰੰਥ ’ਚੋਂ ਵਾਕ ਲੈਣ ਵਾਂਗ ਵਿਚਕਾਰੋਂ ਖੋਲ੍ਹਿਆ। ਜਿਹੜਾ ਪੇਜ ਸਾਹਮਣੇ ਆਇਆ, ਉਸਦੀ ਇਬਾਰਤ ਪੜ੍ਹਣ ਲੱਗਾ। ਇਕ ਅਧਿਆਤਮਕ ਗੁਰੂ ਆਪਣੀ ਸ਼ਰਣ ’ਚ ਆਏ ਕਿਸੇ ਦੁਖੀ ਵਿਅਕਤੀ ਨੂੰ ਕਹਿ ਰਿਹਾ ਸੀ, ‘ਸਾਨੂੰ ਜ਼ਿੰਦਗੀ ’ਚ ਹਰ ਚੀਜ਼ ਦੀ ਅਤੀ ਲੈ ਡੁੱਬਦੀ ਹੈ। ਚਾਹੇ ਅੱਤ ਦਾ ਪ੍ਰੇਮ ਹੋਵੇ, ਅੱਤ ਦੀ ਨਫ਼ਰਤ ਜਾਂ ਆਪਣੇ ਤੇ ਅੱਤ ਦਾ ਆਤਮਵਿਸ਼ਵਾਸ਼। ਸਧਾਰਣ ਜ਼ਿੰਦਗੀ ਜਿਉਣ ਲਈ ਇਸ ਅੱਤ ਤੋਂ ਤੁਰੰਤ ਮੁਕਤੀ ਬਹੁਤ ਜ਼ਰੂਰੀ ਹੈ। ਜੇ ਸਚੁਮੱਚ ਅਜਿਹੇ ਤਣਾਅ ਜਾਂ ਡਿਪਰੈਸ਼ਨ ਤੋਂ ਮੁਕਤੀ ਪ੍ਰਾਪਤ ਕਰਨੀ ਹੈ ਤਾਂ ਤੁਰੰਤ ਕਾਗ਼ਜ਼ ਪੈਨ ਸੰਭਾਲੋ। ਜ਼ਿੰਦਗੀ ’ਚ ਜਿੰਨੇ ਵੀ ਪਾਪ ਕੀਤੇ ਨੇ ਲਿਖ ਮਾਰੋ। ਉਹ ਸਾਰੇ ਪਾਪ, ਉਹ ਸਾਰੀਆਂ ਦੱਬੀਆਂ-ਲੁਕਾਈਆਂ ਗੱਲਾਂ ਜਿਹੜੀਆ ਤੁਸੀਂ ਆਪਣੇ-ਆਪ ਤੋਂ ਵੀ ਲੁਕਾਉਣਾ ਚਾਹੁੰਦੇ ਹੋ। ਜਿਹੜੀਆਂ ਤੁਹਾਡੇ ਸਿਵਾ ਕਿਸੇ ਹੋਰ ਨੂੰ ਵੀ ਨਹੀਂ ਪਤਾ। ਕੋਈ ਲਿਹਾਜ ਨਹੀਂ ਕਰਨਾ ਆਪਣੇ ਆਪ ਨਾਲ ਵੀ। ਹਰੇਕ ਬੁਰੇ ਤੋਂ ਬੁਰਾ ਕੰਮ ਕੀਤਾ ਹੈ। ਕਿਸੇ ਨੂੰ ਸਤਾਇਆ ਹੈ। ਕਿਸੇ ਪ੍ਰਤੀ ਕ੍ਰੋਧ ਹੈ, ਨਫ਼ਰਤ ਹੈ ਉਸ ਦਾ ਜ਼ਿਕਰ ਕਰੋ। ਆਪਣੀਆਂ ਗ਼ਲਤੀਆਂ ਨੂੰ ਹੋਰਾਂ ਦੇ ਸਿਰ ਮੜ੍ਹਿਆ ਹੈ। ਹਰੇਕ ਝੂਠ, ਫ਼ਰੇਬ, ਧੋਖਾ, ਹਰ ਉਹ ਕੰਮ ਜਿਹੜਾ ਦੁਨੀਆ ਦੀ ਨਜ਼ਰ ’ਚ ਗ਼ਲਤ ਹੈ ਪਰ ਤੁਸੀਂ ਕੀਤਾ ਹੈ। ਜਾਣਬੁੱਝ ਕੇ ਕੀਤਾ ਹੈ। ਆਪਣਾ ਜ਼ਮੀਰ ਮਾਰ ਕੇ ਦੋਸ਼ ਦੂਸਰਿਆਂ ’ਤੇ ਲਾਇਆ ਹੈ। ਸਭ ਕੁਝ ਉਲੀਕ ਦਿਉ ਕਾਗ਼ਜ਼ ’ਤੇ ਇਮਾਨਦਾਰੀ ਨਾਲ। ਬੇਝਿਜਕ, ਨਿਡਰ ਤੇ ਬੇਸ਼ਰਮ ਹੋ ਕੇ। ਆਪਣੇ ਆਪ ਨੂੰ ਪੂਰੀ ਤਰ੍ਹਾਂ ਨੰਗਾ ਕਰ ਦਿਉ, ਬਾਹਰੋਂ-ਅੰਦਰੋਂ। ਬਿਲਕੁਲ ਖ਼ਾਲੀ ਕਰ ਦਿਉ ਆਪਣੇ ਅੰਤਰਮਨ ਨੂੰ। ਕੋਈ ਵੀ ਚੀਜ਼ ਅੰਦਰ ਨਹੀਂ ਰਹਿਣੀ ਚਾਹੀਦੀ।
ਜੇ ਇਹ ਜ਼ਰਾ ਜਿੰਨੀ ਵੀ ਇਨਫੈਕਸ਼ਨ ਅੰਦਰ ਰਹਿ ਗਈ ਤਾਂ ਉੁਹ ਕੈਂਸਰ ਦੇ ਸੈਲਾਂ ਵਾਂਗ ਕਈ ਗੁਣਾ ਤੇਜ਼ੀ ਨਾਲ ਵੱਧ ਕੇ ਸਾਰੇ ਸਰੀਰ ਅੰਦਰ ਫ਼ੈਲ ਜਾਵੇਗੀ। ਸਭ ਕੁਝ ਲਿਖ ਕੇ ਆਪਣੇ ਇਸ਼ਟ/ਪਰਮਾਤਮਾ, ਜਿਸ ਨੂੰ ਵੀ ਮੰਨਦੇ ਹੋ, ਉਸ ਤੋਂ ਖ਼ਿਮਾ ਮੰਗੋ। ਸੰਕਲਪ ਲਵੋ। ਤੌਬਾ ਕਰੋ ਇਨ੍ਹਾਂ ਸਾਰੀਆਂ ਗੱਲਾਂ ਤੋਂ ਹਮੇਸ਼ਾ ਲਈ। ਫਿਰ ਤੁਸੀਂ ਆਪਣੇ ਆਪ ਨੂੰ ਸ਼ੀਸ਼ਾ ਦਿਖਾਉਣ ਦੇ ਕਾਬਿਲ ਹੋ ਜਾਵੋਗੇ। ਤੁਸੀਂ ਆਪਣੇ ਆਪ ਨਾਲ ਮੁਲਾਕਾਤ ਕਰ ਸਕੋਗੇ। ਬੜਾ ਮੁਸ਼ਕਿਲ ਹੈ ਇਹ ਕੰਮ। ਆਪ ਆਪਣਾ ਜੱਜ ਬਣ ਕੇ ਆਪਣੇ ਸਾਰੇ ਗੁਨਾਹ ਕਬੂਲਣੇ। ਜਿਹੜੇ ਰਾਜ਼ ਤੁਹਾਡੀ ਜ਼ਿੰਦਗੀ ਨਾਲ ਹੀ ਦਫ਼ਨ ਹੋ ਜਾਣੇ ਸਨ। ਉਨ੍ਹਾਂ ਨੂੰ ਜਿਉਂਦਿਆਂ ਹੀ ਲਿਖ ਕੇ ਕਿਸੇ ਆਪਣੇ ਸਭ ਤੋਂ ਨੇੜਲੇ ਸਾਥੀ ਨੂੰ ਪੜ੍ਹ ਕੇ ਸੁਣਾ ਦਿਉ। ਜੇ ਕੋਈ ਨਹੀਂ ਮਿਲਦਾ ਤਾਂ ਆਪ ਸ਼ੀਸ਼ੇ ਮੂਹਰੇ ਖੜ੍ਹੇ ਹੋ ਕੇ ਪੜ੍ਹ ਕੇ ਆਪਣੇ ਆਪ ਨੂੰ ਹੀ ਸੁਣਾ ਦਿਉ। ਜਿਉਂਦੇ ਜੀ ਸਲੀਬ ’ਤੇ ਲਟਕ ਜਾਉ। ਜੇ ਸਧਾਰਣ ਜ਼ਿੰਦਗੀ ਜਿਉਣ ਦੀ ਲੋਚਾ ਹੈ ਤਾਂ ਇਹ ਜ਼ਹਿਰ ਦਾ ਘੁੱਟ ਪੀ ਜਾਉ। ਇਹ ਜ਼ਹਿਰ ਤੁਹਾਡੇ ਅੰਦਰ ਭਰੇ ਹੋਏ ਜ਼ਹਿਰ ਨੂੰ ਮਾਰ ਦੇਵੇਗਾ। ਤੁਸੀਂ ਪਛਤਾਵੇ ਦੀ ਭੱਠੀ ’ਚ ਤਪ ਕੇ ਕੁੰਦਨ ਹੋ ਜਾਵੋਗੇ।’ ਇਹ ਪੈਰਾ ਪੜ੍ਹ ਕੇ ਮੈਂ ਠਠੰਬਰ ਗਿਆ ਪਰ ਮੈਨੂੰ ਲੱਗਿਆ ਕਿ ਮੈਨੂੰ ਮੇਰੀ ਸਮੱਸਿਆ ਦਾ ਹੱਲ ਲੱਭ ਗਿਆ ਹੈ। ਮੈਂ ਕਾਗ਼ਜ਼ ਪੈਨ ਲੈ ਕੇ ਲਿਖਣ ਲੱਗਾ। ਮੈਨੂੰ ਲੱਗਿਆ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਸ਼ਮਣ ਤਾਂ ਮੈਂ ਆਪ ਹੀ ਹਾਂ। ਸਭ ਤੋਂ ਵੱਧ ਧੋਖੇ ਮੈਂ ਆਪਣੇ ਆਪ ਨੂੰ ਹੀ ਦਿੱਤੇ ਹਨ। ਸਭ ਤੋਂ ਜ਼ਿਆਦਾ ਧੋਖਾ ਮੈਂ ਹੀ ਆਪਣੇ ਆਪ ਨਾਲ ਕੀਤਾ ਹੈ। ਸਭ ਤੋਂ ਵੱਧ ਝੂਠ ਮੈਂ ਆਪਣੇ ਆਪ ਨਾਲ ਹੀ ਬੋਲਿਆ ਹੈ। ਸਭ ਤੋਂ ਵੱਧ ਮੈਂ ਆਪਣੇ ਆਪ ਨੂੰ ਹੀ ਦਬਾਇਆ ਤੇ ਸਤਾਇਆ ਹੈ ਤੇ ਖ਼ੁਦ ਹੀ ਆਪਣੇ ਆਪ ਨੂੰ ਗੁਮਰਾਹ ਕੀਤਾ ਹੈ। ਕੁਫ਼ਰ ਵੀ ਆਪਣੇ ’ਤੇ ਹੀ ਤੋਲਿਆ ਹੈ। ਮੈਂ ਹੀ ਤਮਾਮ ਉਮਰ ਆਪਣਾ ਸਭ ਤੋਂ ਵੱਡਾ ਦੁਸ਼ਮਣ ਬਣਿਆ ਰਿਹਾ ਹਾਂ। ਮੈਂ ਹੀ ਆਪਣਾ ਗੁਨਾਹਗਾਰ ਹਾਂ। ਮੈਥੋਂ ਵੱਡਾ ਜ਼ਾਹਿਲ, ਕਰੂਰ ਤੇ ਜ਼ਾਲਿਮ ਹੋਰ ਕੋਈ ਨਹੀਂ। ਮੈਂ ਆਪੇ ਆਪਣਾ ਦੁਸ਼ਮਣ ਬਣ ਕੇ ਦੋਸ਼ ਦੂਸਰਿਆਂ ਦੇ ਸਿਰ ਮੜ੍ਹਦਾ ਰਿਹਾ। ਸਭ ਤੋਂ ਵੱਧ ਦਗ਼ਾਬਾਜ਼ੀ, ਧੋਖੇਬਾਜ਼ੀ, ਜਾਲਸਾਜ਼ੀ ਮੈਂ ਆਪਣੇ ਨਾਲ ਹੀ ਕੀਤੀ ਹੈ।
ਮੈਂ ਅੱਜ ਤੱਕ ਸ਼ਰਾਫ਼ਤ, ਸਦਾਕਤ, ਇਮਾਨਦਾਰੀ ਤੇ ਦੁਨੀਆਦਾਰੀ ਦਾ ਨਕਾਬ ਪਾ ਕੇ ਘੁੰਮਦਾ ਰਿਹਾ ਤੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾ ਕੇ ਸ਼ਰੀਫ ਇਨਸਾਨ ਬਣਨ ਦਾ ਨਾਟਕ ਕਰਦਾ ਰਿਹਾ। ਦੁਨੀਆ ਵੱਲ ਉੰਗਲ ਕਰਨ ਵਾਲੇ ਦੀਆਂ ਪੰਜੇ ਉੰਗਲਾਂ ਆਪਣੇ ਵੱਲ ਉੱਠੀਆਂ ਹੋਈਆਂ ਸਨ। ਮੈਂ ਹੀ ਆਪਣੀਆਂ ਅੱਖਾਂ ਤੇ ਅਕਲ ’ਤੇ ਪੱਟੀ ਬੰਨ੍ਹੀ ਹੋਈ ਸੀ। ਮੈਂ ਕਦੇ ਸਵੈ-ਪੜਚੋਲ ਦੀ ਲੋੜ ਮਹਿਸੂਸ ਨਹੀਂ ਸੀ ਕੀਤੀ। ਆਪਣੇ ਨਾਲ ਮੁਲਾਕਾਤ ਤਾਂ ਕੀ ਕਰਨੀ ਸੀ, ਕਦੇ ਆਪਣੇ ਬਾਰੇ ਇਮਾਨਦਾਰੀ ਨਾਲ ਸੋਚਿਆ ਵੀ ਨਹੀਂ ਸੀ। ਮੈਂ ਇਮਾਨਦਾਰੀ ਨਾਲ ਬਚਪਨ, ਜਵਾਨੀ ਤੇ ਪ੍ਰੋੜ੍ਹ ਹੋਣ ਤੱਕ ਦੀਆਂ ਸਾਰੀਆਂ ਗੁਸਤਾਖ਼ੀਆਂ ਚੇਤੇ ਕਰ ਕੇ ਤਰਤੀਬਵਾਰ ਕਾਗ਼ਜ਼ ’ਤੇ ਉਤਾਰ ਲਈਆਂ। ਬਹੁਤ ਔਖਾ ਸੀ ਆਪ ਨਸ਼ਤਰ ਫੜ ਕੇ ਆਪਣਾ ਪੋਸਟਮਾਰਟਮ ਕਰਨਾ। ਆਪਣਾ ਅੰਦਰਲਾ ਇਸ ਕਚਰੇ ਤੋਂ ਰਹਿਤ ਕਰਨਾ। ਜਿਵੇਂ-ਜਿਵੇਂ ਮੈਂ ਆਪਣੇ ਅੰਦਰਲੇ ਤਹਿਖਾਨਿਆਂ ’ਚ ਲੁਕੋ ਕੇ ਰੱਖੇ ਨੂੰ ਬਾਹਰ ਕੱਢਦਾ ਗਿਆ, ਮੈਂ ਆਪਣੇ ਅੰਦਰ ਉਤਰਦਾ ਗਿਆ, ਮੇਰੀ ਆਪਣੇ ਨਾਲ ਮੁਲਾਕਾਤ ਹੁੰਦੀ ਗਈ। ਬਾਬਾ ਫ਼ਰੀਦ ਦਾ ਇਹ ਸ਼ਲੋਕ ਸਾਖਸ਼ਾਤ ਰੂਪ ’ਚ ਪ੍ਰਗਟ ਹੁੰਦਾ ਗਿਆ।‘ਕਾਲੇ ਮੈਂਡੇ ਕਪੜੇ, ਕਾਲਾ ਮੈਂਡਾ ਵੇਸ਼/ਗੁਨਹਿ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼।’ ਨਾਲ-ਨਾਲ ਮੈਂ ਆਪਣੇ ਆਪ ਨੂੰ ਤਣਾਅ ਰਹਿਤ ਮਹਿਸੂਸਦਾ ਗਿਆ। ਮੈਂ ਆਪਣੇ ਅੰਦਰ ਆਈ ਇਸ ਸੁਖ ਭਰੀ ਤਬਦੀਲੀ ਤੋਂ ਬੜਾ ਹੈਰਾਨ ਸੀ। ਇਹ ਕਿਤਾਬ ਮੇਰੇ ਲਈ ਸੰਜੀਵਨੀ ਬਣ ਗਈ ਸੀ।
-ਸੰਪਰਕ : 98761-56964