- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚੰਗਾ ਨਜ਼ਰੀਆ ਮਨੁੱਖ ਦੀ ਸੋਚ ਨੂੰ ਨਵੀਂ ਦਿਸ਼ਾ ਦਿੰਦਾ ਹੈ। ਜਦੋਂ ਕੋਈ ਵਿਦਿਆਰਥੀ ਪ੍ਰੀਖਿਆ ’ਚ ਘੱਟ ਅੰਕ ਪ੍ਰਾਪਤ ਕਰਦਾ ਹੈ, ਤਾਂ ਨਕਾਰਾਤਮਕ ਸੋਚ ਉਸ ਨੂੰ ਨਿਰਾਸ਼ ਕਰ ਸਕਦੀ ਹੈ। ਇਸ ਦੇ ਉਲਟ, ਸਕਾਰਾਤਮਕ ਨਜ਼ਰੀਆ ਉਸ ਨੂੰ ਆਪਣੀਆਂ ਗ਼ਲਤੀਆਂ ਤੋਂ ਸਿੱਖਣ ਤੇ ਹੋਰ ਮਿਹਨਤ ਕਰ ਕੇ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ। ਇਸੇ ਤਰ੍ਹਾਂ, ਜੇ ਅਸੀਂ ਕਿਸੇ ਅਸਫਲਤਾ ਨੂੰ ਆਪਣੀ ਕਮਜ਼ੋਰੀ ਮੰਨਣ ਦੀ ਬਜਾਏ ਸਿੱਖਣ ਦਾ ਮੌਕਾ ਸਮਝੀਏ, ਤਾਂ ਅਸੀਂ ਜੀਵਨ ’ਚ ਅੱਗੇ ਵਧ ਸਕਦੇ ਹਾਂ।

ਮਨੁੱਖੀ ਜੀਵਨ ’ਚ ਨਜ਼ਰ ਤੇ ਨਜ਼ਰੀਏ ਦਾ ਬਹੁਤ ਮਹੱਤਵ ਹੈ। ਨਜ਼ਰ ਸਾਨੂੰ ਦੱਸਦੀ ਹੈ ਕਿ ਅਸੀਂ ਕੀ ਦੇਖ ਰਹੇ ਹਾਂ ਪਰ ਨਜ਼ਰੀਆ ਇਹ ਤੈਅ ਕਰਦਾ ਹੈ ਕਿ ਅਸੀਂ ਉਸ ਨੂੰ ਕਿਵੇਂ ਸਮਝਦੇ ਹਾਂ। ਨਜ਼ਰ ਸਾਨੂੰ ਦੁਨੀਆ ਦੀਆਂ ਚੀਜ਼ਾਂ ਦਿਖਾਉਂਦੀ ਹੈ, ਜਦਕਿ ਨਜ਼ਰੀਆ ਸਾਨੂੰ ਉਨ੍ਹਾਂ ਚੀਜ਼ਾਂ ਨੂੰ ਸਮਝਣ ਦਾ ਢੰਗ ਸਿਖਾਉਂਦਾ ਹੈ। ਹਰ ਮਨੁੱਖ ਦੀ ਨਜ਼ਰ ਤਾਂ ਲਗਭਗ ਇੱਕੋ ਜਿਹੀ ਹੋ ਸਕਦੀ ਹੈ ਪਰ ਹਰ ਮਨੁੱਖ ਦਾ ਨਜ਼ਰੀਆ ਵੱਖਰਾ ਹੁੰਦਾ ਹੈ। ਜਿਵੇਂ ਕਿ ਕਿਸੇ ਇਕ ਵਿਅਕਤੀ ਨੂੰ ਗਲਾਸ ਅੱਧਾ ਭਰਿਆ ਦਿਖਾਈ ਦਿੰਦਾ ਹੈ ਤੇ ਦੂਜੇ ਨੂੰ ਉਹੀ ਗਿਲਾਸ ਅੱਧਾ ਖਾਲੀ। ਇਸੇ ਕਰਕੇ ਇੱਕੋ ਸਥਿਤੀ ਨੂੰ ਕੋਈ ਸਮੱਸਿਆ ਸਮਝਦਾ ਹੈ ਤੇ ਕੋਈ ਉਸ ’ਚੋਂ ਨਵਾਂ ਮੌਕਾ ਲੱਭ ਲੈਂਦਾ ਹੈ। ਇਸ ਲਈ ਸਾਨੂੰ ਆਪਣਾ ਦ੍ਰਿਸ਼ਟੀਕੋਣ ਸਾਕਾਰਤਮਕ ਰੱਖਣਾ ਚਾਹੀਦਾ ਹੈ। ਅੱਜ ਦੇ ਸਮੇਂ ’ਚ ਲੋਕ ਦੂਜਿਆਂ ਨੂੰ ਉਨ੍ਹਾਂ ਦੇ ਕੱਪੜਿਆਂ, ਰੰਗ-ਰੂਪ, ਪੈਸੇ ਤੇ ਰੁਤਬੇ ਦੇ ਆਧਾਰ ’ਤੇ ਪਰਖਣ ਲੱਗ ਪਏ ਹਨ। ਅਸੀਂ ਕਿਸੇ ਵਿਅਕਤੀ ਨੂੰ ਮਿਲਣ ਤੋਂ ਪਹਿਲਾਂ ਹੀ ਉਸ ਬਾਰੇ ਆਪਣੀ ਰਾਏ ਬਣਾ ਲੈਂਦੇ ਹਾਂ ਪਰ ਅਸਲ ’ਚ ਕਿਸੇ ਦੀ ਪਛਾਣ ਉਸ ਦੇ ਬਾਹਰੀ ਰੂਪ ਨਾਲ ਨਹੀਂ, ਸਗੋਂ ਉਸ ਦੇ ਵਿਚਾਰਾਂ, ਸੁਭਾਅ ਤੇ ਚੰਗੇ ਗੁਣਾਂ ਨਾਲ ਹੁੰਦੀ ਹੈ। ਜੇ ਸਾਡੀ ਨਜ਼ਰ ਸਿਰਫ਼ ਬਾਹਰੀ ਚੀਜ਼ਾਂ ਤੱਕ ਸੀਮਤ ਰਹੇਗੀ, ਤਾਂ ਅਸੀਂ ਮਨੁੱਖ ਦੀ ਅੰਦਰੂਨੀ ਅਸਲ ਖੂਬਸੂਰਤੀ ਨੂੰ ਕਦੇ ਨਹੀਂ ਪਛਾਣ ਸਕਾਂਗੇ। ਚੰਗਾ ਨਜ਼ਰੀਆ ਮਨੁੱਖ ਦੀ ਸੋਚ ਨੂੰ ਨਵੀਂ ਦਿਸ਼ਾ ਦਿੰਦਾ ਹੈ। ਜਦੋਂ ਕੋਈ ਵਿਦਿਆਰਥੀ ਪ੍ਰੀਖਿਆ ’ਚ ਘੱਟ ਅੰਕ ਪ੍ਰਾਪਤ ਕਰਦਾ ਹੈ, ਤਾਂ ਨਕਾਰਾਤਮਕ ਸੋਚ ਉਸ ਨੂੰ ਨਿਰਾਸ਼ ਕਰ ਸਕਦੀ ਹੈ। ਇਸ ਦੇ ਉਲਟ, ਸਕਾਰਾਤਮਕ ਨਜ਼ਰੀਆ ਉਸ ਨੂੰ ਆਪਣੀਆਂ ਗ਼ਲਤੀਆਂ ਤੋਂ ਸਿੱਖਣ ਤੇ ਹੋਰ ਮਿਹਨਤ ਕਰ ਕੇ ਅੱਗੇ ਵਧਣ ਦੀ ਪ੍ਰੇਰਣਾ ਦਿੰਦਾ ਹੈ। ਇਸੇ ਤਰ੍ਹਾਂ, ਜੇ ਅਸੀਂ ਕਿਸੇ ਅਸਫਲਤਾ ਨੂੰ ਆਪਣੀ ਕਮਜ਼ੋਰੀ ਮੰਨਣ ਦੀ ਬਜਾਏ ਸਿੱਖਣ ਦਾ ਮੌਕਾ ਸਮਝੀਏ, ਤਾਂ ਅਸੀਂ ਜੀਵਨ ’ਚ ਅੱਗੇ ਵਧ ਸਕਦੇ ਹਾਂ। ਅਸਲ ਸਫਲਤਾ ਹਾਲਾਤਾਂ ਨਾਲੋਂ ਵੱਧ ਸਾਡੀ ਸੋਚ ’ਤੇ ਨਿਰਭਰ ਕਰਦੀ ਹੈ। ਕਈ ਲੋਕ ਤਬਦੀਲੀਆਂ ਤੋਂ ਡਰਦੇ ਹਨ, ਜਦਕਿ ਦੂਜੇ ਇਨ੍ਹਾਂ ਨੂੰ ਨਵੀਆਂ ਸੰਭਾਵਨਾਵਾਂ ਤੇ ਤਰੱਕੀ ਦਾ ਰਾਹ ਮੰਨਦੇ ਹਨ। ਹਰ ਵਿਅਕਤੀ ਦੇ ਹਾਲਾਤ, ਵਿਚਾਰ ’ਤੇ ਅਨੁਭਵ ਵੱਖਰੇ ਹੁੰਦੇ ਹਨ। ਇਸ ਲਈ ਕਿਸੇ ਦੀ ਗੱਲ ਸੁਣੇ ਬਿਨਾਂ ਉਸ ਬਾਰੇ ਗ਼ਲਤ ਧਾਰਨਾ ਬਣਾਉਣਾ ਠੀਕ ਨਹੀਂ। ਅਜਿਹਾ ਨਜ਼ਰੀਆ ਆਪਸੀ ਪਿਆਰ, ਸਤਿਕਾਰ, ਸਹਿਯੋਗ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਕਰਦਾ ਹੈ। ਕੁਦਰਤ ਵੀ ਸਾਨੂੰ ਨਜ਼ਰੀਏ ਦੀ ਮਹੱਤਤਾ ਸਮਝਾਉਂਦੀ ਹੈ। ਇੱਕੋ ਮੀਂਹ ਕਿਸਾਨ ਲਈ ਖੁਸ਼ਹਾਲੀ ਦਾ ਸੁਨੇਹਾ ਲਿਆਉਂਦਾ ਹੈ ਪਰ ਕਿਸੇ ਹੋਰ ਲਈ ਮੁਸ਼ਕਲ ਸਥਿਤੀਆਂ ਉਤਪੰਨ ਕਰ ਸਕਦਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸੇ ਵੀ ਸਥਿਤੀ ਨੂੰ ਸਮਝਣ ਲਈ ਉਸ ਦੇ ਵੱਖ-ਵੱਖ ਪੱਖਾਂ ਨੂੰ ਦੇਖਣਾ ਜ਼ਰੂਰੀ ਹੈ। ਸਿਰਫ਼ ਆਪਣੀ ਗੱਲ ਨੂੰ ਸਹੀ ਮੰਨਣ ਦੀ ਬਜਾਏ ਦੂਜਿਆਂ ਦੇ ਵਿਚਾਰਾਂ ਨੂੰ ਵੀ ਸਮਝਣਾ ਚਾਹੀਦਾ ਹੈ।
-ਨਵਨੀਤ ਕੌਰ, ਬਰਨਾਲਾ, ਸੰਪਰਕ 9888484026