- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਨ 1947 ’ਚ ਮੇਰੇ ਪਿਤਾ ਜੀ ਲਾਹੌਰ ਸਥਿਤ ਫ਼ੌਜ ਦੇ ਵੈਸਟਰਨ ਕਮਾਂਡ ਹੈੱਡਕੁਆਰਟਰ ਦੇ ਸੀਐੱਮਏ ਵਿਭਾਗ ’ਚ ਨੌਕਰੀ ਕਰਦੇ ਸਨ। ਉਸ ਵੇਲੇ ਮੈਂ ਕੋਈ ਸਾਢੇ ਚਾਰ ਸਾਲ ਦਾ ਹੋਵਾਂਗਾ। ਸਾਡੇ ਪਰਿਵਾਰ ਵਿਚ ਮੇਰੇ ਪਿਤਾ, ਮਾਤਾ ਜੀ, ਛੋਟੀ ਭੈਣ ਤੇ ਮੈਂ ਅਸੀਂ ਚਾਰ ਜਣੇ ਨਵੀਂ ਆਬਾਦੀ, ਕਿਲ੍ਹਾ ਗੁੱਜਰ ਸਿੰਘ ਮੁਹੱਲੇ ਦੇ ਇਕ ਘਰ ਦੀ ਉੱਪਰਲੀ ਮੰਜ਼ਿਲ ’ਤੇ ਰਹਿੰਦੇ ਸੀ।

ਸੰਨ 1947 ’ਚ ਮੇਰੇ ਪਿਤਾ ਜੀ ਲਾਹੌਰ ਸਥਿਤ ਫ਼ੌਜ ਦੇ ਵੈਸਟਰਨ ਕਮਾਂਡ ਹੈੱਡਕੁਆਰਟਰ ਦੇ ਸੀਐੱਮਏ ਵਿਭਾਗ ’ਚ ਨੌਕਰੀ ਕਰਦੇ ਸਨ। ਉਸ ਵੇਲੇ ਮੈਂ ਕੋਈ ਸਾਢੇ ਚਾਰ ਸਾਲ ਦਾ ਹੋਵਾਂਗਾ। ਸਾਡੇ ਪਰਿਵਾਰ ਵਿਚ ਮੇਰੇ ਪਿਤਾ, ਮਾਤਾ ਜੀ, ਛੋਟੀ ਭੈਣ ਤੇ ਮੈਂ ਅਸੀਂ ਚਾਰ ਜਣੇ ਨਵੀਂ ਆਬਾਦੀ, ਕਿਲ੍ਹਾ ਗੁੱਜਰ ਸਿੰਘ ਮੁਹੱਲੇ ਦੇ ਇਕ ਘਰ ਦੀ ਉੱਪਰਲੀ ਮੰਜ਼ਿਲ ’ਤੇ ਰਹਿੰਦੇ ਸੀ। ਬੜੇ ਅਮਨ-ਚੈਨ ਨਾਲ ਜ਼ਿੰਦਗੀ ਗੁਜ਼ਰ ਰਹੀ ਸੀ। ਸਾਡੇ ਘਰ ਦੇ ਖੱਬੇ ਪਾਸੇ ਸੜਕ ਸੀ, ਜਿਸ ਦੇ ਇਕ ਪਾਸੇ ਕਾਂਗਰਸ ਦਾ ਦਫ਼ਤਰ ਸੀ। ਉਸ ਦੇ ਨਾਲ ਹੀ ਮਹਿਲਾਵਾਂ ਦਾ ਕਲੱਬ ਵਰਗਾ ਸਥਾਨ ਸੀ। ਕਦੇ-ਕਦੇ ਉੱਥੇ ਮਹਿਲਾਵਾਂ ਆਉਂਦੀਆਂ ਤੇ ਮੁਹੱਲੇ ਦੇ ਬੱਚਿਆਂ ਨੂੰ ਇਕੱਠਾ ਕਰ ਕੇ ਗੋਲੀਆਂ ਤੇ ਟਾਫੀਆਂ ਵੰਡਦੀਆਂ ਸਨ। ਸਾਡੇ ਘਰ ਦੇ ਬਿਲਕੁਲ ਸਾਹਮਣੇ ਖੁੱਲ੍ਹਾ ਮੈਦਾਨ ਸੀ। ਇਲਾਕਾ ਬਹੁਤ ਵਧੀਆ ਸੀ ਤੇ ਮਾਹੌਲ ਵੀ ਸ਼ਾਂਤ ਸੀ।
ਲਾਹੌਰ ਦੇ ਪਾਕਿਸਤਾਨ ’ਚ ਜਾਣ ਬਾਰੇ ਨਾ ਕੋਈ ਚਰਚਾ ਸੀ ਤੇ ਨਾ ਹੀ ਕਿਸੇ ਨੂੰ ਇਸ ਦਾ ਅੰਦਾਜ਼ਾ ਸੀ। ਅਚਾਨਕ ਤਕਰੀਬਨ ਪਹਿਲੀ ਅਗਸਤ ਦੇ ਆਸ-ਪਾਸ ਖ਼ਬਰ ਫੈਲੀ ਕਿ ਲਾਹੌਰ ਪਾਕਿਸਤਾਨ ਨੂੰ ਦਿੱਤਾ ਜਾਵੇਗਾ ਕਿਉਂਕਿ ਪਾਕਿਸਤਾਨ ਕੋਲ ਕੋਈ ਵੱਡਾ ਸ਼ਹਿਰ ਨਹੀਂ ਹੋਵੇਗਾ। ਇਹ ਮਨਹੂਸ ਖ਼ਬਰ ਜੰਗਲ ਦੀ ਅੱਗ ਵਾਂਗ ਚਾਰੋਂ ਪਾਸੇ ਫੈਲ ਗਈ। ਇਸ ਸਾਰੀ ਚਰਚਾ ’ਚ ਇਕ ਹਕੀਕਤ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਕਿ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਰਿਹਾ ਸੀ।
ਪੰਜਾਬੀਅਤ ’ਚ ਸਿਰਜੀਆਂ ਆਪਣੀਆਂ ਜੜ੍ਹਾਂ ਲਾਹੌਰ ਵਿਚ ਹੋਣ ਦੇ ਬਾਵਜੂਦ ਸਰ ਰੈਡਕਲਿਫ਼ ਦੀ ਤਜਵੀਜ਼ ਨੂੰ ਜਿਵੇਂ ਗਾਂਧੀ ਤੇ ਨਹਿਰੂ ਨੇ ਪ੍ਰਵਾਨ ਕਰ ਲਿਆ, ਇਹ ਅੱਜ ਵੀ ਹੈਰਾਨੀ ਵਾਲੀ ਗੱਲ ਲੱਗਦੀ ਹੈ। ਭਾਰਤ ਦੇ ਆਗੂ ਗਾਂਧੀ ਤੇ ਨਹਿਰੂ ਇਸ ਲਈ ਕਿਵੇਂ ਅਤੇ ਕਿਉਂ ਰਾਜ਼ੀ ਹੋਏ, ਇਹ ਮੇਰੀ ਸਮਝ ਤੋਂ ਬਾਹਰ ਹੈ। ਉਸ ਦਿਨ ਤੋਂ ਇਕਦਮ ਪੂਰਾ ਮਾਹੌਲ ਹੀ ਬਦਲ ਗਿਆ। ਮੁਸਲਮਾਨ, ਜੋ ਕੱਲ੍ਹ ਤੱਕ ਹਿੰਦੂਆਂ ਤੇ ਸਿੱਖਾਂ ਦੇ ਗੁਆਂਢੀ ਤੇ ਆਪਣੇ ਸਨ, ਅਚਾਨਕ ਪਰਾਏ ਹੋ ਗਏ। ‘ਪਾਕਿਸਤਾਨ ਜ਼ਿੰਦਾਬਾਦ’ ਅਤੇ ‘ਅੱਲਾਹੁ ਅਕਬਰ’ ਦੇ ਨਾਅਰੇ ਗੂੰਜਣ ਲੱਗ ਪਏ। ਰਾਤ ਵੇਲੇ ਅਸਮਾਨ ’ਚ ਕਈ ਥਾਵਾਂ ’ਤੇ ਅੱਗ ਦੀ ਲਾਲੀ ਦਿਖਾਈ ਦੇਣ ਲੱਗੀ। ਇਹ ਬਹੁਤ ਹੀ ਖ਼ੌਫ਼ਨਾਕ ਦ੍ਰਿਸ਼ ਸਨ। ਹਰ ਪਾਸੇ ਡਰ ਤੇ ਅਸੁਰੱਖਿਆ ਦਾ ਮਾਹੌਲ ਬਣਦਾ ਜਾ ਰਿਹਾ ਸੀ। ਅਜਿਹਾ ਲੱਗਦਾ ਸੀ ਜਿਵੇਂ ਇਹ ਨਾਅਰੇ ਹਿੰਦੂਆਂ ਤੇ ਸਿੱਖਾਂ ਨੂੰ ਡਰਾ ਕੇ ਭਜਾਉਣ ਲਈ ਹੀ ਲਾਏ ਜਾ ਰਹੇ ਹੋਣ। ਅਸੀਂ ਵੀ ਲਾਹੌਰ ਛੱਡਣ ਦਾ ਮਨ ਬਣਾ ਲਿਆ। ਪਹਿਲਾਂ ਸੋਚਿਆ ਸੀ ਕਿ 14 ਅਗਸਤ ਨੂੰ ਪਾਕਿਸਤਾਨ ਬਣਨ ਤੋਂ ਪਹਿਲਾਂ ਆਰਾਮ ਨਾਲ ਨਿਕਲ ਜਾਵਾਂਗੇ ਪਰ ਦਿਨੋਂ-ਦਿਨ ਹਾਲਾਤ ਵਿਗੜਦੇ ਜਾ ਰਹੇ ਸਨ। ਇਸ ਲਈ ਫ਼ੈਸਲਾ ਕੀਤਾ ਕਿ ਕਿਸੇ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਹੀ 9 ਅਗਸਤ ਨੂੰ ਲਾਹੌਰ ਛੱਡ ਦਿੱਤਾ ਜਾਵੇ।
ਇਸੇ ਦੌਰਾਨ ਇਕ ਅਜਿਹੀ ਘਟਨਾ ਵਾਪਰੀ, ਜਿਸ ਨੇ ਸਾਨੂੰ ਅੰਦਰੋਂ ਹਿਲਾ ਦਿੱਤਾ। ਸਾਡੇ ਘਰ ਦੇ ਸਾਹਮਣੇ ਵਾਲੇ ਮੈਦਾਨ ’ਚ ਇਕ ਰੇਹੜੀ ਵਾਲਾ ਅੰਬ ਵੇਚ ਰਿਹਾ ਸੀ। ਮੈਂ ਤੇ ਮੇਰੀ ਮਾਤਾ ਜੀ ਅੰਬ ਖ਼ਰੀਦਣ ਲਈ ਉੱਥੇ ਖੜ੍ਹੇ ਸੀ। ਅਜੇ ਅਸੀਂ ਅੰਬ ਲੈ ਹੀ ਰਹੇ ਸੀ ਕਿ ਇੱਕ ਬੰਦਾ ਦੌੜਦਾ ਹੋਇਆ ਆਇਆ ਤੇ ਕੋਲ ਖੜ੍ਹੇ ਇਕ ਘੋੜੇ ਦੇ ਪੇਟ ’ਚ ਚਾਕੂ ਮਾਰ ਕੇ ਭੱਜ ਗਿਆ। ਘੋੜਾ ਉੱਥੇ ਹੀ ਖ਼ੂਨ ਨਾਲ ਲੱਥ-ਪੱਥ ਹੋ ਕੇ ਡਿੱਗ ਪਿਆ ਤੇ ਕੁਝ ਹੀ ਪਲਾਂ ਵਿਚ ਮਰ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਉਹ ਘੋੜਾ ਇਕ ਹਿੰਦੂ ਤਾਂਗੇ ਵਾਲੇ ਦਾ ਸੀ ਅਤੇ ਜਿਸ ਵਿਅਕਤੀ ਨੇ ਉਸ ਨੂੰ ਮਾਰਿਆ, ਉਹ ਮੁਸਲਮਾਨ ਸੀ। ਨਫ਼ਰਤ ਦਾ ਇਹ ਅਜਿਹਾ ਰੂਪ ਸੀ ਕਿ ਇਕ ਬੇਜ਼ੁਬਾਨ ਤੇ ਬੇਕਸੂਰ ਜਾਨਵਰ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਇਹ ਦ੍ਰਿਸ਼ ਦੇਖ ਕੇ ਅਸੀਂ ਡਰ ਦੇ ਮਾਰੇ ਭੱਜ ਕੇ ਘਰ ਆ ਗਏ। ਉਸ ਘਟਨਾ ਨੇ ਸਾਡਾ ਫ਼ੈਸਲਾ ਹੋਰ ਵੀ ਪੱਕਾ ਕਰ ਦਿੱਤਾ ਕਿ ਹੁਣ ਲਾਹੌਰ ’ਚ ਰਹਿਣਾ ਸੁਰੱਖਿਅਤ ਨਹੀਂ ਰਿਹਾ।]
ਅਸੀਂ 9 ਅਗਸਤ ਦੀ ਰਾਤ ਸਾਢੇ ਨੌਂ ਵਜੇ ਲੁਧਿਆਣੇ ਜਾਣ ਵਾਲੀ ਗੱਡੀ ਰਾਹੀਂ ਰਵਾਨਾ ਹੋਣਾ ਸੀ। ਮੇਰੇ ਪਿਤਾ ਜੀ, ਮਾਤਾ ਜੀ, ਛੋਟੀ ਭੈਣ ਤੇ ਮੈਂ ਅਸੀਂ ਚਾਰਾਂ ਨੇ ਆਪਣਾ ਵਸਿਆ-ਵਸਾਇਆ ਘਰ ਉਵੇਂ ਹੀ ਛੱਡ ਦਿੱਤਾ। ਸਿਰਫ਼ ਇਕ ਥੈਲੇ ’ਚ ਜ਼ਰੂਰੀ ਸਾਮਾਨ ਪਾਇਆ ਤੇ ਲਾਹੌਰ ਰੇਲਵੇ ਸਟੇਸ਼ਨ ਵੱਲ ਤੁਰ ਪਏ। ਮੁਸਲਮਾਨ ਤਾਂਗੇ ਵਾਲਿਆਂ ਨੇ ਸਾਨੂੰ ਸਟੇਸ਼ਨ ਲਿਜਾਣ ਤੋਂ ਇਨਕਾਰ ਕਰ ਦਿੱਤਾ। ਨਿਰਾਸ਼ ਹੋ ਕੇ ਅਸੀਂ ਕਰੀਬ ਦੋ ਮੀਲ ਪੈਦਲ ਚੱਲ ਕੇ ਲਾਹੌਰ ਰੇਲਵੇ ਸਟੇਸ਼ਨ ਪਹੁੰਚੇ। ਉੱਥੇ ਜਾ ਕੇ ਪਤਾ ਲੱਗਿਆ ਕਿ ਬੇਹੱਦ ਭੀੜ ਕਾਰਨ ਗੱਡੀ ਸਟੇਸ਼ਨ ਦੀ ਬਜਾਏ ਰੇਲਵੇ ਸ਼ੈੱਡ ਤੋਂ ਚੱਲੇਗੀ। ਮੁਸੀਬਤ ਉੱਤੇ ਮੁਸੀਬਤ ਆ ਰਹੀ ਸੀ। ਪਤਾ ਨਹੀਂ ਕਿਵੇਂ ਅਸੀਂ ਚਾਰੋਂ ਹਨੇਰੇ ’ਚ ਰੇਲ ਦੀਆਂ ਪੱਟੜੀਆਂ ਪੈਦਲ ਪਾਰ ਕਰਦੇ ਹੋਏ ਸ਼ੈੱਡ ਤੱਕ ਪਹੁੰਚੇ। ਉੱਥੇ ਗੱਡੀ ਦੇ ਚਾਰ-ਪੰਜ ਡੱਬੇ ਪਹਿਲਾਂ ਹੀ ਖਚਾਖਚ ਭਰੇ ਖੜ੍ਹੇ ਸਨ। ਤਿਲ ਧਰਨ ਦੀ ਵੀ ਥਾਂ ਨਹੀਂ ਸੀ। ਅਜੇ ਇੰਜਣ ਨਹੀਂ ਲੱਗਾ ਸੀ। ਪਤਾ ਲੱਗਾ ਕਿ ਇੰਜਣ ਥੋੜ੍ਹੀ ਦੇਰ ਵਿਚ ਆਵੇਗਾ। ਕਿਸੇ ਤਰ੍ਹਾਂ ਬੜੀ ਮੁਸ਼ਕਲ ਨਾਲ ਅਸੀਂ ਇਕ ਡੱਬੇ ’ਚ ਚੜ੍ਹ ਗਏ। ਇਹ ਵੀ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ।
ਡੱਬੇ ਵਿਚ ਨਾ ਕੋਈ ਪੱਖਾ ਸੀ ਤੇ ਨਾ ਕੋਈ ਰੌਸ਼ਨੀ। ਚਾਰੇ ਪਾਸੇ ਘੁੱਪ ਹਨੇਰਾ ਸੀ। ਉੱਪਰੋਂ ਅਗਸਤ ਦੀ ਗਰਮੀ। ਦਮ ਘੁੱਟਦਾ ਮਹਿਸੂਸ ਹੋ ਰਿਹਾ ਸੀ। ਕਰੀਬ ਦੋ ਘੰਟਿਆਂ ਬਾਅਦ ਇੰਜਣ ਆਇਆ ਤੇ ਰੱਬ-ਰੱਬ ਕਰ ਕੇ ਗੱਡੀ ਤੁਰੀ। ਉਹ ਵੀ ਇੰਨੀ ਹੌਲੀ ਕਿ ਜਿਵੇਂ ਰੇਂਗ ਰਹੀ ਹੋਵੇ। ਸਾਡੇ ਸਭ ਦਾ ਦਮ ਘੁੱਟ ਰਿਹਾ ਸੀ ਤੇ ਹਰ ਪਲ ਇਹੀ ਡਰ ਸਤਾਉਂਦਾ ਸੀ ਕਿ ਕਿਤੇ ਗੱਡੀ ’ਤੇ ਹਮਲਾ ਨਾ ਹੋ ਜਾਵੇ। ਗੱਡੀ ਲਾਹੌਰ ਸਟੇਸ਼ਨ ’ਤੇ ਵੀ ਕਾਫ਼ੀ ਦੇਰ ਬਿਨਾਂ ਕਿਸੇ ਕਾਰਨ ਖੜ੍ਹੀ ਰਹੀ। ਆਖ਼ਰਕਾਰ ਤਕਰੀਬਨ ਰਾਤ ਇਕ ਵਜੇ ਲਾਹੌਰ ਤੋਂ ਚੱਲੀ। ਸਫ਼ਰ ਬਹੁਤ ਹੀ ਹੌਲੀ ਰਫ਼ਤਾਰ ਨਾਲ ਹੋ ਰਿਹਾ ਸੀ। ਰਾਹ ਵਿਚ ਗੱਡੀ ਕਈ ਵਾਰ ਰੁਕੀ ਤੇ ਲੰਮਾ ਸਮਾਂ ਖੜ੍ਹੀ ਰਹੀ। ਕਿਸੇ ਨੂੰ ਨਹੀਂ ਪਤਾ ਸੀ ਕਿ ਕਿਉਂ। ਉਨ੍ਹੀਂ ਦਿਨੀਂ ਕਈ ਗੱਡੀਆਂ ’ਤੇ ਦੰਗਾਈ ਹਮਲੇ ਕਰ ਰਹੇ ਸਨ ਤੇ ਖ਼ਾਸ ਕਰਕੇ ਮਰਦ ਯਾਤਰੀਆਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ। ਇਸ ਲਈ ਹਰ ਰੁਕਾਵਟ ਨਾਲ ਸਾਡਾ ਡਰ ਹੋਰ ਵੱਧ ਜਾਂਦਾ ਸੀ।
ਰਾਤ ਲੰਘ ਗਈ। ਹੌਲੀ-ਹੌਲੀ ਦਿਨ ਚੜ੍ਹਨ ਲੱਗਿਆ। ਜਦੋਂ ਇਹ ਅਹਿਸਾਸ ਹੋਇਆ ਕਿ ਗੱਡੀ ਭਾਰਤ ਦੀ ਹੱਦ ਵਿਚ ਦਾਖ਼ਲ ਹੋ ਚੁੱਕੀ ਹੈ ਤਾਂ ਕੁਝ ਹੌਸਲਾ ਹੋਇਆ। ਸਵੇਰੇ ਤਕਰੀਬਨ ਅੱਠ ਵਜੇ ਗੱਡੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਪਹੁੰਚੀ। ਉਸ ਵੇਲੇ ਜਿਵੇਂ ਸਾਡੇ ਸਾਹ ਵਿਚ ਸਾਹ ਆਇਆ। ਸਾਰੀ ਰਾਤ ਪਿਆਸ ਨਾਲ ਮੂੰਹ ਸੁੱਕਦਾ ਰਿਹਾ ਸੀ। ਸਟੇਸ਼ਨ ’ਤੇ ਪਹੁੰਚ ਕੇ ਅਸੀਂ ਸਭ ਨੇ ਪਾਣੀ ਪੀਤਾ। ਇਉਂ ਲੱਗਿਆ ਜਿਵੇਂ ਮੁੱਦਤਾਂ ਬਾਅਦ ਪਾਣੀ ਨਸੀਬ ਹੋਇਆ ਹੋਵੇ। ਲਾਹੌਰ ਤੋਂ ਅੰਮ੍ਰਿਤਸਰ ਦਾ ਸਿਰਫ਼ 22 ਮੀਲ ਦਾ ਸਫ਼ਰ ਸਾਡੀ ਗੱਡੀ ਨੇ ਲਗਪਗ ਸੱਤ ਘੰਟਿਆਂ ਵਿਚ ਤੈਅ ਕੀਤਾ। ਕਿਉਂ ਤੇ ਕਿਵੇਂ, ਅੱਜ ਵੀ ਸਮਝ ਨਹੀਂ ਆਉਂਦਾ।
ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿਸ ਨੇ ਮੇਰੇ ਮਨ ’ਤੇ ਅਮਿੱਟ ਛਾਪ ਛੱਡ ਦਿੱਤੀ। ਸਾਡੇ ਸਾਹਮਣੇ ਵਾਲੇ ਪਲੇਟਫਾਰਮ ’ਤੇ ਇਕ ਹੋਰ ਗੱਡੀ ਖੜ੍ਹੀ ਸੀ। ਉਸ ਦੇ ਬਾਹਰ ਕਈ ਔਰਤਾਂ ਵਿਲਕ ਰਹੀਆਂ ਸਨ। ਪਤਾ ਲੱਗਿਆ ਕਿ ਉਸ ਗੱਡੀ ਵਿਚ ਸਵਾਰ ਮਰਦਾਂ ਨੂੰ ਰਸਤੇ ’ਚ ਹੀ ਕਤਲ ਕਰ ਦਿੱਤਾ ਗਿਆ ਸੀ। ਉਸ ਦ੍ਰਿਸ਼ ਨੂੰ ਮੈਂ ਤਕਰੀਬਨ ਅੱਠ ਦਹਾਕਿਆਂ ਬਾਅਦ ਵੀ ਨਹੀਂ ਭੁੱਲ ਸਕਿਆ। ਅੱਜ ਵੀ ਉਹ ਮੰਜ਼ਰ ਅੱਖਾਂ ਅੱਗੇ ਆ ਜਾਂਦਾ ਹੈ। ਹਿੰਦੁਸਤਾਨ ਦੀ ਆਜ਼ਾਦੀ ਦੀ ਪੰਜਾਬੀਆਂ ਨੇ ਬਹੁਤ ਵੱਡੀ ਕੀਮਤ ਚੁਕਾਈ। ਪੰਜਾਬੀਅਤ ਖੇਰੂੰ-ਖੇਰੂੰ ਹੋ ਗਈ। ਸਿੱਖੀ ਦੀਆਂ ਜੜ੍ਹਾਂ ਉੱਥੇ ਹੀ ਰਹਿ ਗਈਆਂ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸ਼ਾਨਦਾਰ ਨਿਸ਼ਾਨ ਵੀ ਵਿਛੜ ਗਏ। ਤਕਰੀਬਨ ਦਸ-ਗਿਆਰਾਂ ਵਜੇ ਸਾਡੀ ਗੱਡੀ ਲੁਧਿਆਣਾ ਪਹੁੰਚੀ। ਉੱਥੇ ਅਸੀਂ ਚਾਹ ਪੀਤੀ, ਕੁਝ ਨਾਸ਼ਤਾ ਕੀਤਾ ਤੇ ਫਿਰ ਅੱਗੇ ਦੇ ਸਫ਼ਰ ਦੀ ਤਿਆਰੀ ਕੀਤੀ।
ਇਹ ਮੇਰੇ ਅੱਖੀਂ ਵੇਖੀ ਵੰਡ ਦੀ ਕਹਾਣੀ ਹੈ। ਅੱਜ ਵੀ ਕਦੇ-ਕਦੇ ਮੈਂ ਸੋਚਦਾ ਹਾਂ ਕਿ ਜਦੋਂ 15 ਅਗਸਤ 1947 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਆਜ਼ਾਦ ਭਾਰਤ ਦਾ ਤਿਰੰਗਾ ਲਹਿਰਾ ਰਹੇ ਸਨ, ਕੀ ਉਸ ਵੇਲੇ ਉਨ੍ਹਾਂ ਦੇ ਮਨ ’ਚ ਪੰਜਾਬੀਆਂ ਦੀਆਂ ਕੁਰਬਾਨੀਆਂ, ਉਨ੍ਹਾਂ ਦੀ ਉਜੜੀ ਜ਼ਿੰਦਗੀ ਤੇ ਉਨ੍ਹਾਂ ਦੇ ਦਰਦ ਦਾ ਵੀ ਕੋਈ ਖ਼ਿਆਲ ਆਇਆ ਹੋਵੇਗਾ?
- ਅਵਿਨਾਸ਼ ਚੰਦਰ
98762-85555