- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਾ. ਸੁਖਦੇਵ ਸਿੰਘ ਨੂੰ ਸੈਨੇਟ ਦੀ ਚੋਣ ਦੇ ਸੰਦਰਭ ’ਚ ਵੇਖਣਾ, ਅਧਿਆਪਕ-ਚੇਤਨਾ ਨੂੰ ਪਛਾਣਨਾ ਹੈ। ਉਨ੍ਹਾਂ ਦੀ ਉਮੀਦਵਾਰੀ ਨੂੰ ਨਿੱਜੀ ਪ੍ਰਾਪਤੀ ਦੀ ਲਾਲਸਾ ਤੱਕ ਸੀਮਤ ਕਰਨਾ, ਉਸ ਅਰਥ ਨੂੰ ਛੋਟਾ ਕਰਨਾ ਹੈ, ਜਿਸ ਨਾਲ ਸੈਨੇਟ ਵਰਗੀ ਸੰਸਥਾ ਜੁੜੀ ਹੋਈ ਹੈ। ਇੱਥੇ ਚੋਣ ਵਿਅਕਤੀ ਨੂੰ ਨਹੀਂ, ਇਕ ਵਿਚਾਰ ਨੂੰ ਅੱਗੇ ਲਿਆਉਣ ਦੀ ਪ੍ਰਕਿਰਿਆ ਹੈ।

ਕਿਸੇ ਯੂਨੀਵਰਸਿਟੀ ਦੀ ਸੈਨੇਟ ਦੀ ਚੋਣ ਕੁਝ ਅਹੁਦਿਆਂ ਦੀ ਚੋਣ ਨਹੀਂ, ਇਹ ਉਸ ਸੰਸਥਾ ਦੀ ਰੂਹ ਨੂੰ ਚੁਣਨ ਦਾ ਮੌਕੇ ਹੈ, ਜਿਸ ਨੇ ਤੈਅ ਕਰਨਾ ਗਿਆਨ ਦੇ ਵਿਹੜੇ ’ਚ ਕਿਹੜੀ ਆਵਾਜ਼ ਗੂੰਜੇ-ਸੱਤਾ ਦੀ, ਸਵਾਰਥ ਦੀ, ਜਾਂ ਉਸ ਅਧਿਆਪਕ ਦੀ, ਜਿਸ ਨੇ ਸਾਰੀ ਉਮਰ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਅੱਖਰਾਂ ਦੀ ਰੌਸ਼ਨੀ ਦੇਣ ’ਚ ਬਿਤਾ ਦਿੱਤੇ। ਸੈਨੇਟ ਦੀ ਚੋਣ ਦੇ ਇਸੇ ਪ੍ਰਸੰਗ ’ਚ ਡਾ. ਸੁਖਦੇਵ ਸਿੰਘ ਦਾ ਨਾਂ ਅਜਿਹੀ ਆਸਥਾ ਵਾਂਗ ਉੱਭਰਦਾ ਹੈ, ਜਿਸ ’ਚ ਅਕਾਦਮਿਕ ਆਜ਼ਾਦੀ, ਸੰਸਥਾਗਤ ਮਰਿਆਦਾ ਅਤੇ ਲੋਕਤੰਤਰੀ ਚੇਤਨਾ ਦੇ ਬੀਜ ਇਕੱਠੇ ਮੋਜੂਦ ਨੇ। ਡਾ. ਸੁਖਦੇਵ ਸਿੰਘ ਦੀ ਚੋਣ ਨੂੰ ਲੈ ਕੇ ਲਿਖਦਿਆ ਮੈਨੂੰ ਲੱਗਦਾ, ਜਿਵੇਂ ਪੰਜਾਬ ਯੂਨੀਵਰਸਿਟੀ ਆਤਮਾ ਨਾਲ ਸੰਵਾਦ ਰਚਾ ਰਹੀ ਹੋਵੇ। ਇਹ ਸੰਵਾਦ ਕਿਸੇ ਇਕ ਵਿਅਕਤੀ ਦੀ ਜਿੱਤ ਜਾਂ ਹਾਰ ਦਾ ਨਹੀਂ, ਇਹ ਸਵਾਲ ਇਸ ਗੱਲ ਨਾਲ ਜੁੜਿਆ ਹੋਇਆ ਹੈ ਕਿ ਯੂਨੀਵਰਸਿਟੀ ਆਖ਼ਰ ਕਿਸ ਲਈ ਹੁੰਦੀ ਹੈ? ਇਮਾਰਤਾਂ ਲਈ, ਅਹੁਦਿਆਂ ਲਈ, ਸਰਕਾਰੀ ਕਾਗਜ਼ਾਂ ਲਈ, ਜਾਂ ਉਨ੍ਹਾਂ ਨੌਜਵਾਨ ਮਨਾਂ ਲਈ, ਜਿਨ੍ਹਾਂ ਦੇ ਅੰਦਰ ਭਵਿੱਖ ਅਣਲਿਖੇ ਸਫ਼ੇ ਵਾਂਗ ਪਿਆ ਹੁੰਦਾ? ਚੰਗੇ ਅਧਿਆਪਕ ਦੀ ਹਾਜ਼ਰੀ ਵਿਦਿਆਰਥੀ ਮਨਾਂ ’ਚ ਲੰਮੇ ਸਮੇਂ ਤੱਕ ਸਾਹ ਲੈਂਦੀ ਹੈ। ਉਹ ਕਲਾਸਰੂਮ ਤੋਂ ਬਾਹਰ ਵੀ ਵਿਦਿਆਰਥੀਆਂ ਦੇ ਮਨਾਂ ‘ਚ ਮੌਜੂਦ ਰਹਿੰਦਾ ਹੈ। ਡਾ. ਸੁਖਦੇਵ ਸਿੰਘ ਨੂੰ ਸੈਨੇਟ ਦੀ ਚੋਣ ਦੇ ਸੰਦਰਭ ’ਚ ਵੇਖਣਾ, ਅਧਿਆਪਕ-ਚੇਤਨਾ ਨੂੰ ਪਛਾਣਨਾ ਹੈ। ਉਨ੍ਹਾਂ ਦੀ ਉਮੀਦਵਾਰੀ ਨੂੰ ਨਿੱਜੀ ਪ੍ਰਾਪਤੀ ਦੀ ਲਾਲਸਾ ਤੱਕ ਸੀਮਤ ਕਰਨਾ, ਉਸ ਅਰਥ ਨੂੰ ਛੋਟਾ ਕਰਨਾ ਹੈ, ਜਿਸ ਨਾਲ ਸੈਨੇਟ ਵਰਗੀ ਸੰਸਥਾ ਜੁੜੀ ਹੋਈ ਹੈ। ਇੱਥੇ ਚੋਣ ਵਿਅਕਤੀ ਨੂੰ ਨਹੀਂ, ਇਕ ਵਿਚਾਰ ਨੂੰ ਅੱਗੇ ਲਿਆਉਣ ਦੀ ਪ੍ਰਕਿਰਿਆ ਹੈ। ਉਹ ਵਿਚਾਰ, ਜਿਸ ’ਚ ਅਧਿਆਪਕ ਪੜ੍ਹਾਉਣ ਵਾਲਾ ਨਹੀਂ, ਸੰਸਥਾ ਦੀ ਨੈਤਿਕ ਚੇਤਨਾ ਦਾ ਪਹਿਰੇਦਾਰ ਹੋਵੇ। ਯੂਨੀਵਰਸਿਟੀ ਦਾ ਸੰਕਟ ਉਦੋਂ ਸ਼ੁਰੂ ਹੁੰਦਾ ਹੈ, ਜਦੋਂ ਗਿਆਨ ਦੀ ਥਾਂ ਪ੍ਰਬੰਧਕੀ ਸੱਤਾ ਉਸ ਦੀ ਕੇਂਦਰੀ ਭਾਸ਼ਾ ਬਣ ਜਾਵੇ, ਜਦੋਂ ਸਵਾਲ ਪੁੱਛਣ ਦੀ ਥਾਂ, ਸਿਰ ਝੁਕਾਉਣ ਨੂੰ ਤਰੱਕੀ ਦਾ ਰਾਹ ਸਮਝਿਆ ਜਾਵੇ, ਜਦੋਂ ਅਧਿਆਪਕ ਆਪਣੀ ਗੱਲ ਕਹਿਣ ਤੋਂ ਪਹਿਲਾਂ ਇਹ ਸੋਚੇ, ਉਸ ਦੀ ਕਹੀ ਗੱਲ ਤੋਂ ਹਾਕਮ ਧਿਰ ਨਾਰਾਜ਼ ਨਾ ਹੋ ਜਾਵੇ ਕਿਤੇ। ਜਦੋਂ ਵਿਦਿਆਰਥੀ ਦੀ ਯੋਗਤਾ ਨਾਲੋਂ ਉਸ ਦੀ ਪਹੁੰਚ ਮਹੱਤਵਪੂਰਨ ਹੋ ਜਾਵੇ। ਅਜਿਹੇ ਸਮੇਂ ’ਚ ਸੈਨੇਟ ਦੀ ਚੋਣ, ਚੋਣ ਨਹੀਂ ਰਹਿੰਦੀ। ਇਹ ਸੰਸਥਾ ਦੀ ਆਤਮ-ਪੜਤਾਲ ਬਣ ਜਾਂਦੀ ਹੈ। ਲੋਕਤੰਤਰ ਦੀ ਮਹੱਤਤਾ ਇਸ ਗੱਲ ’ਚ ਨਹੀਂ ਕਿ ਹਰ ਕੋਈ ਬੋਲ ਸਕਦਾ ਹੈ, ਸਗੋਂ ਇਸ ਗੱਲ ’ਚ ਹੈ ਕਿ ਬੋਲਣ ਵਾਲਾ ਵਿਅਕਤੀ ਕਿੱਥੋਂ ਕੀ ਬੋਲ ਰਿਹਾ ਹੈ, ਕਿਸ ਲਾਉ ਬੋਲ ਰਿਹਾ, ਉਸ ਦੇ ਬੋਲਣ ’ਚ ਕਿਸ ਗੱਲਾਂ ਦਾ ਮਹੱਤਵ ਲੁਕਿਆ ਹੋਇਆ ਹੈ। ਸੈਨੇਟ ਦੀ ਚੋਣ ’ਚ ਪ੍ਰਤੀਨਿਧਤਾ ਦਾ ਅਰਥ ਵੋਟਾਂ ਦੀ ਗਿਣਤੀ ਨਹੀਂ, ਇਹ ਉਸ ਭਰੋਸੇ ਦੀ ਗਿਣਤੀ ਹੈ, ਜੋ ਅਧਿਆਪਕ ਆਪਣੇ ਸਾਥੀ ਅਧਿਆਪਕਾਂ ਨਾਲ ਮਿਲ ਕੇ ਸੰਸਥਾ ਦੇ ਭਵਿੱਖ ਦੀ ਸਾਂਝੀਵਾਲਤਾ ਦਾ ਪ੍ਰਤੀਕ ਬਣਦੇ ਹਨ। ਇਕ ਚੰਗਾ ਸੈਨੇਟਰ ਆਪਣੀ ਰਾਏ ਨਹੀਂ ਰੱਖਦਾ, ਉਹ ਵੱਖ-ਵੱਖ ਰਾਵਾਂ ਦੇ ਵਿਚਕਾਰ ਸੰਵਾਦ ਦਾ ਪੁਲ ਬਣਾਉਂਦਾ ਹੈ। ਸੈਨੇਟ ਨੂੰ ਜੇ ਯੂਨੀਵਰਸਿਟੀ ਦੀ ਅੰਤਰ-ਆਤਮਾ ਕਿਹਾ ਜਾਵੇ, ਤਾਂ ਇਸ ਦੀ ਚੋਣ ਉਸ ਅੰਤਰ-ਆਤਮਾ ਦੀ ਆਵਾਜ਼ ਚੁਣਨ ਵਰਗੀ ਹੈ। ਇਹ ਆਵਾਜ਼ ਸਿਰਫ਼ ਨਿਯਮਾਂ ਅਤੇ ਮਤਿਆਂ ਵਿੱਚ ਨਹੀਂ ਇਹ ਉਨ੍ਹਾਂ ਅਦਿੱਖ ਮੁੱਲਾਂ ’ਚ ਹੈ, ਜਿਨ੍ਹਾਂ ਉੱਤੇ ਇੱਕ ਸੰਸਥਾ ਖੜ੍ਹੀ ਨੀਂਹ ਖੜ੍ਹੀ ਹੈ। ਡਾ. ਸੁਖਦੇਵ ਸਿੰਘ ਦਾ ਨਾਮ ਇਸੇ ਸੰਦਰਭ ’ਚ ਪ੍ਰਤੀਕ ਵਾਂਗ ਸਾਹਮਣੇ ਆਉਂਦਾ ਹੈ। ਡਾ. ਸੁਖਦੇਵ ਸਿੰਘ ਦੀ ਸੈਨੇਟ ਚੋਣ ਨੂੰ ਲੈ ਕੇ ਉੱਠਦੀ ਆਵਾਜ਼ ਨੂੰ ਇਸੇ ਸੁਪਨੇ ਨਾਲ ਜੋੜਿਆ ਜਾ ਸਕਦਾ ਹੈ-ਇਕ ਅਜਿਹੀ ਯੂਨੀਵਰਸਿਟੀ ਦਾ ਸੁਪਨਾ, ਜਿੱਥੇ ਅਧਿਆਪਕ ਦੀ ਮਰਿਆਦਾ ਭਾਸ਼ਣਾਂ ’ਚ ਨਹੀਂ, ਫ਼ੈਸਲਿਆਂ ’ਚ ਦਿਸੇ, ਜਿੱਥੇ ਵਿਦਿਆਰਥੀ ਦੀ ਆਜ਼ਾਦੀ ਕਿਤਾਬਾਂ ਦੇ ਸਫ਼ਿਆਂ ਵਿੱਚ ਨਹੀਂ, ਕੈਂਪਸ ਦੇ ਜੀਵਨ ਵਿੱਚ ਸਾਹ ਲਵੇ, ਜਿੱਥੇ ਗਿਆਨ ਕਿਸੇ ਸੱਤਾ ਦਾ ਸੰਦ ਨਹੀਂ, ਮਨੁੱਖ ਨੂੰ ਮਨੁੱਖ ਬਣਾਉਣ ਦੀ ਪ੍ਰਕਿਰਿਆ ਹੋਵੇ। ਇਹ ਸੁਪਨਾ ਕਿਸੇ ਇਕ ਵਿਅਕਤੀ ਦਾ ਨਹੀਂ ਪਰ ਹਰ ਯੁੱਗ ਨੂੰ ਕੁਝ ਅਜਿਹੇ ਵਿਅਕਤੀਆਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਰਾਹੀਂ ਇਹ ਸੁਪਨਾ ਆਪਣੀ ਆਵਾਜ਼ ਲੱਭ ਸਕੇ। ਡਾ. ਸੁਖਦੇਵ ਸਿੰਘ ਦੀ ਸੈਨੇਟ ਚੋਣ ਇਸੇ ਆਵਾਜ਼ ਦੀ ਸੰਭਾਵਨਾ ਹੈ-ਯੂਨੀਵਰਸਿਟੀ ਦੇ ਭਵਿੱਖ ਲਈ ਉਮੀਦ ਵੀ ਹੈ।
-ਮੱਖਣ ਮਾਨ, ਸੰਪਰਕ : 94172-07627