
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਚਪਨ ਤੋਂ ਹੀ ਸੇਵਾ ਤੇ ਸਿਮਰਨ ਵਿੱਚ ਰੁਚੀ ਰੱਖਣ ਵਾਲੇ ਬਾਬਾ ਜੀ ਨੇ ਸੰਤ ਬਾਬਾ ਤਾਰਾ ਸਿੰਘ ਬਲਾਚੌਰ, ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਅਤੇ ਸੰਤ ਬਾਬਾ ਕਿਸ਼ਨ ਸਿੰਘ ਰਾੜਾ ਸਾਹਿਬ ਵਾਲਿਆਂ ਵਰਗੇ ਮਹਾਨ ਤਪੱਸਵੀਆਂ ਦੀ ਛਤਰ-ਛਾਇਆ ਹੇਠ ਰਹਿ ਕੇ ਅਧਿਆਤਮਿਕ ਜੀਵਨ ਦੀਆਂ ਉੱਚੀਆਂ ਅਵਸਥਾਵਾਂ ਦਾ ਅਨੁਭਵ ਹਾਸਲ ਕੀਤਾ। ਬੜੂ ਸਾਹਿਬ ਦੀਆਂ ਪਹਾੜੀਆਂ ਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਸਿਮਰਨ-ਸਾਧਨਾ ’ਚ ਸਮਾਂ ਬਤੀਤ ਕਰਨ ਉਪਰੰਤ ਉਨ੍ਹਾਂ ਨੇ ਲੁਧਿਆਣਾ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੀ ਸਥਾਪਨਾ ਕੀਤੀ।

ਗੁਰਮਤਿ ਸੰਗੀਤ ਨੂੰ ਮੁੜ ਸੁਰਜੀਤ ਕਰ ਕੇ ਵਿਸ਼ਵ ਪੱਧਰ ’ਤੇ ਪਹੁੰਚਾਉਣ ਵਾਲੀਆਂ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ’ਚੋਂ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਤੇ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਬਾਨੀ ਮਹਾਂਪੁਰਸ਼ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਜੀ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰਮਤਿ ਦੇ ਪ੍ਰਚਾਰ-ਪ੍ਰਸਾਰ, ਸੇਵਾ-ਸਿਮਰਨ ਤੇ ਗੁਰਮਤਿ ਸੰਗੀਤ ਦੀ ਪ੍ਰਾਚੀਨ ਪਰੰਪਰਾ ਨੂੰ ਸਾਂਭਣ ਲਈ ਸਮਰਪਿਤ ਕੀਤਾ। ਸੰਤ ਬਾਬਾ ਸੁੱਚਾ ਸਿੰਘ ਜੀ ਦਾ ਜਨਮ 1 ਅਕਤੂਬਰ 1948 ਨੂੰ ਪਿਤਾ ਨਗੀਨਾ ਸਿੰਘ ਜੀ ਅਤੇ ਮਾਤਾ ਧੰਨ ਕੌਰ ਜੀ ਦੇ ਘਰ ਪਿੰਡ ਜਮੀਅਤਗੜ੍ਹ ਭੱਲੇ, ਹੁਸ਼ਿਆਰਪੁਰ ਵਿਖੇ ਹੋਇਆ। ਪਿਤਾ ਜੀ ਦੇ ਬੱਬਰ ਅਕਾਲੀ ਦਲ ਨਾਲ ਸਬੰਧ ਹੋਣ ਕਾਰਨ ਉਨ੍ਹਾਂ ਨੂੰ ਘਰ ਤੋਂ ਹੀ ਗੁਰਸਿੱਖੀ ਜੀਵਨ ਦੀ ਗੁੜ੍ਹਤੀ ਪ੍ਰਾਪਤ ਹੋਈ। ਬਚਪਨ ਤੋਂ ਹੀ ਸੇਵਾ ਤੇ ਸਿਮਰਨ ਵਿੱਚ ਰੁਚੀ ਰੱਖਣ ਵਾਲੇ ਬਾਬਾ ਜੀ ਨੇ ਸੰਤ ਬਾਬਾ ਤਾਰਾ ਸਿੰਘ ਬਲਾਚੌਰ, ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਅਤੇ ਸੰਤ ਬਾਬਾ ਕਿਸ਼ਨ ਸਿੰਘ ਰਾੜਾ ਸਾਹਿਬ ਵਾਲਿਆਂ ਵਰਗੇ ਮਹਾਨ ਤਪੱਸਵੀਆਂ ਦੀ ਛਤਰ-ਛਾਇਆ ਹੇਠ ਰਹਿ ਕੇ ਅਧਿਆਤਮਿਕ ਜੀਵਨ ਦੀਆਂ ਉੱਚੀਆਂ ਅਵਸਥਾਵਾਂ ਦਾ ਅਨੁਭਵ ਹਾਸਲ ਕੀਤਾ। ਬੜੂ ਸਾਹਿਬ ਦੀਆਂ ਪਹਾੜੀਆਂ ਤੇ ਸ੍ਰੀ ਹਜ਼ੂਰ ਸਾਹਿਬ ਵਿਖੇ ਸਿਮਰਨ-ਸਾਧਨਾ ’ਚ ਸਮਾਂ ਬਤੀਤ ਕਰਨ ਉਪਰੰਤ ਉਨ੍ਹਾਂ ਨੇ ਲੁਧਿਆਣਾ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੀ ਸਥਾਪਨਾ ਕੀਤੀ। ਇੱਥੇ ਉਨ੍ਹਾਂ ਨੇ ਗੁਰਮਤਿ ਸੰਗੀਤ ਦੀ ਲੁਪਤ ਹੋ ਰਹੀ ਪਰੰਪਰਾ ਨੂੰ ਮੁੜ ਜੀਵੰਤ ਕਰਨ ਲਈ ਵੱਡੇ ਉਪਰਾਲੇ ਕੀਤੇ। ਸੰਤ ਬਾਬਾ ਸੁੱਚਾ ਸਿੰਘ ਜੀ ਨੇ ਗੁਰਮਤਿ ਸੰਗੀਤ ਦੇ ਪ੍ਰਚਾਰ ਨੂੰ ਕੇਵਲ ਪੰਜਾਬ ਤੱਕ ਸੀਮਤ ਨਹੀਂ ਰੱਖਿਆ, ਸਗੋਂ ਅੰਤਰਰਾਸ਼ਟਰੀ ਪੱਧਰ ’ਤੇ ਸੈਮੀਨਾਰ, ਸ਼ਬਦ ਯਾਤਰਾਵਾਂ, ਨਾਮ ਅਭਿਆਸ ਕੈਂਪ ਅਤੇ ਗੁਰ ਸ਼ਬਦ ਸੰਗੀਤ ਅਕੈਡਮੀ ਵਰਗੇ ਕਾਰਜ ਆਰੰਭ ਕਰਕੇ ਸਿੱਖ ਪੰਥ ਦੀ ਮਹਾਨ ਸੇਵਾ ਕੀਤੀ। ਉਨ੍ਹਾਂ ਦੇ ਉਪਰਾਲਿਆਂ ਸਦਕਾ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਗੁਰਮਤਿ ਸੰਗੀਤ ਅਤੇ ਸਿੱਖ ਵਿਰਸੇ ਨਾਲ ਜੋੜਨ ਦਾ ਵਿਸ਼ੇਸ਼ ਮੌਕਾ ਮਿਲਿਆ। ਸਰੀਰਕ ਚਲਾਣੇ ਤੋਂ ਬਾਅਦ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਵੱਲੋਂ ‘ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ’ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ‘ਸ੍ਰੋਮਣੀ ਸੇਵਾ ਰਤਨ’ ਦੀ ਉਪਾਧੀ ਬਖਸ਼ਿਸ਼ ਕੀਤੀ ਗਈ। ਧਾਰਮਿਕ ਕਾਰਜ ਕਰਦਿਆਂ ਸੰਤ ਬਾਬਾ ਸੁੱਚਾ ਸਿੰਘ ਜੀ 27 ਅਗਸਤ 2002 ਨੂੰ ਸਰੀਰਕ ਚੋਲਾ ਤਿਆਗ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੇ ਜਾਨਸ਼ੀਨ ਸੰਤ ਬਾਬਾ ਅਮੀਰ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਚਲਾਈ ਗਈ ਇਸ ਮਹਾਨ ਪਰੰਪਰਾ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਦੀ ਮਹਾਨ ਸੇਵਾ ਅਤੇ ਕਮਾਈ ਦਾ ਪ੍ਰਤਾਪ ਹੀ ਹੈ ਕਿ ਜਵੱਦੀ ਟਕਸਾਲ ਦੀ ਇਹ ਪਰੰਪਰਾ ਅੱਜ ਵੀ ਨਿਰੰਤਰ ਜਾਰੀ ਹੈ।
-ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ।