- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਾਤੀਆਂ ਦੀ ਲੱਡੂਆਂ ਤੇ ਜਲੇਬੀਆਂ ਨਾਲ ਸੇਵਾ ਕੀਤੀ ਜਾਂਦੀ ਸੀ। ਧੀ ਨੂੰ ਵਿਆਹ ਸਮੇਂ ਗੱਡਾ ਭਰ ਕੇ ਦਾਜ ਦਿੱਤਾ ਜਾਂਦਾ ਸੀ। ਇਸ ’ਚ ਸੰਦੂਕ, ਦਰੀਆਂ, ਖੇਸ, ਪੱਖੀਆਂ, ਝੋਲੇ ਅਤੇ ਪਿੱਤਲ ਦੇ ਭਾਂਡੇ ਸ਼ਾਮਲ ਹੁੰਦੇ ਸਨ। ਪਿੱਤਲ ਦੇ ਭਾਂਡਿਆਂ ਵਿੱਚ ਟੋਕਣੀ, ਪਰਾਂਤ, ਬਾਲਟੀ, ਬਾਟੀਆਂ, ਗਲਾਸ, ਥਾਲ, ਦੋਹਣੇ ਅਤੇ ਜੱਗ ਆਦਿ ਦਿੱਤੇ ਜਾਂਦੇ ਸਨ। ਪੁਰਾਣੇ ਸਮੇਂ ’ਚ ਰਿਸ਼ਤਿਆਂ ਦੀ ਬਹੁਤ ਅਹਿਮੀਅਤ ਹੁੰਦੀ ਸੀ।

ਪੰਜਾਬੀ ਸੱਭਿਆਚਾਰ ਤੋਂ ਭਾਵ ਸਾਡੇ ਪੁਰਾਣੇ ਵਿਰਸੇ ਤੇ ਵੱਡੇ-ਵਡੇਰਿਆਂ ਦੁਆਰਾ ਸਿਰਜੀ ਗਈ ਜੀਵਨ-ਜਾਚ ਤੋਂ ਹੈ। ਇਸ ’ਚ ਉਨ੍ਹਾਂ ਦਾ ਰਹਿਣ-ਸਹਿਣ, ਜਨਮ ਤੋਂ ਲੈ ਕੇ ਮਰਨ ਤੱਕ ਦੇ ਰਸਮ-ਰਿਵਾਜ, ਪਹਿਰਾਵਾ, ਰਿਸ਼ਤੇ-ਨਾਤੇ, ਵਿਸ਼ਵਾਸ, ਕਦਰਾਂ-ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਤੇ ਲੋਕ-ਸਾਹਿਤ ਆਦਿ ਸ਼ਾਮਲ ਸਨ। ਸਾਡਾ ਪੁਰਾਣਾ ਸੱਭਿਆਚਾਰ ਬਹੁਤ ਅਮੀਰ, ਸਾਦਗੀ ਭਰਪੂਰ ਤੇ ਸਮਾਜਿਕ ਕਦਰਾਂ-ਕੀਮਤਾਂ ਨਾਲ ਲਬਰੇਜ਼ ਸੀ। ਉਸ ਸਮੇਂ ਸਾਂਝੇ ਪਰਿਵਾਰਾਂ ਦਾ ਰਿਵਾਜ ਸੀ ਤੇ ਲੋਕ ਆਪਸੀ ਮਿਲਵਰਤਣ, ਪਿਆਰ ਤੇ ਭਾਈਚਾਰਕ ਸਾਂਝ ਵਾਲੀ ਜ਼ਿੰਦਗੀ ਜਿਉਂਦੇ ਸਨ। ਖੇਤਾਂ ’ਚ ਬਲਦਾਂ ਨਾਲ ਹਲ ਵਾਹ ਕੇ ਖੇਤੀ ਕੀਤੀ ਜਾਂਦੀ ਸੀ ਤੇ ਸਿੰਚਾਈ ਲਈ ਹਲਟਾਂ ਦੀ ਵਰਤੋਂ ਹੁੰਦੀ ਸੀ। ਲੋਕ ਮਿਹਨਤਕਸ਼ ਤੇ ਸਬਰ-ਸੰਤੋਖ ਵਾਲੇ ਸਨ। ਇਕ-ਦੂਜੇ ਦੀ ਮਦਦ ਕਰਨਾ ਤੇ ਦੁੱਖ-ਸੁੱਖ ’ਚ ਸਾਥ ਨਿਭਾਉਣਾ ਉਨ੍ਹਾਂ ਦੇ ਜੀਵਨ ਦਾ ਅਹਿਮ ਹਿੱਸਾ ਸੀ। ਉਸ ਸਮੇਂ ਛੋਲੇ, ਗੰਨੇ, ਮੱਕੀ, ਮੂੰਗੀ, ਗੁਆਰਾ, ਮੂੰਗਫ਼ਲੀ ਅਤੇ ਕਪਾਹ ਆਦਿ ਦੀ ਖੇਤੀ ਕੀਤੀ ਜਾਂਦੀ ਸੀ। ਲੋਕ ਆਪਣੀਆਂ ਬਹੁਤ ਸਾਰੀਆਂ ਲੋੜਾਂ ਖੇਤਾਂ ’ਚ ਉਗਾਈਆਂ ਫ਼ਸਲਾਂ ਅਤੇ ਘਰਾਂ ’ਚ ਤਿਆਰ ਕੀਤੀਆਂ ਵਸਤਾਂ ਨਾਲ ਹੀ ਪੂਰੀਆਂ ਕਰ ਲੈਂਦੇ ਸਨ। ਔਰਤਾਂ ਘਰਾਂ ’ਚ ਚੁੱਲ੍ਹੇ ਅਤੇ ਤੰਦੂਰ ’ਤੇ ਖਾਣਾ ਬਣਾਉਂਦੀਆਂ ਤੇ ਖੇਤਾਂ ’ਚ ਕੰਮ ਕਰਦੇ ਪਰਿਵਾਰਕ ਮੈਂਬਰਾਂ ਲਈ ਰੋਟੀ ਲੈ ਕੇ ਜਾਂਦੀਆਂ ਸਨ। ਉਸ ਸਮੇਂ ਮੱਕੀ, ਬਾਜਰੇ ਤੇ ਛੋਲਿਆਂ ਦੀ ਰੋਟੀ, ਸਰ੍ਹੋਂ ਦਾ ਸਾਗ ਤੇ ਮਾਂਹ-ਮੂੰਗੀ ਦੀ ਦਾਲ ਆਮ ਖੁਰਾਕ ਦਾ ਹਿੱਸਾ ਹੁੰਦੇ ਸਨ। ਖੇਤਾਂ ’ਚ ਗਾਜਰਾਂ, ਮੇਥੇ, ਚਿੱਬੜਾਂ ਦੀ ਚਟਣੀ ਤੇ ਹਰੇ ਪਿਆਜ਼ ਦੀ ਚਟਣੀ ਦੇ ਨਾਲ ਚਾਟੀ ਦੀ ਲੱਸੀ ਤੇ ਘਰ ਦਾ ਬਣਿਆ ਮੱਖਣ ਬੜੇ ਚਾਅ ਨਾਲ ਖਾਧਾ ਜਾਂਦਾ ਸੀ। ਇਨ੍ਹਾਂ ਸਾਦੇ ਪਰ ਪੌਸ਼ਟਿਕ ਪਕਵਾਨਾਂ ਦਾ ਸੁਆਦ ਅੱਜ ਵੀ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਕਰਵਾ ਦਿੰਦਾ ਹੈ। ਉਸ ਸਮੇਂ ਲੜਕੀਆਂ ਘਰੇਲੂ ਕੰਮਾਂ ਦੇ ਨਾਲ-ਨਾਲ ਕਢਾਈ, ਬੁਣਾਈ, ਖੇਸ, ਚਾਦਰਾਂ ਅਤੇ ਦਰੀਆਂ ਬੁਣਨ ਤੇ ਪੱਖੀਆਂ ਬਣਾਉਣ ਵਰਗੇ ਕਲਾਤਮਕ ਕੰਮ ਬੜੇ ਚਾਅ ਨਾਲ ਕਰਦੀਆਂ ਸਨ। ਪੁਰਸ਼ ਕੁੜਤਾ-ਚਾਦਰਾ ਪਾਉਂਦੇ ਤੇ ਸਿਰ ’ਤੇ ਟੌਰੇ ਵਾਲੀ ਪੱਗ ਬੰਨ੍ਹਦੇ ਸਨ। ਵਿਆਹ-ਸ਼ਾਦੀਆਂ ਸਮੇਂ ਵੀ ਪੁਰਾਣੇ ਪੰਜਾਬ ਦੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਸਨ। ਬਰਾਤੀਆਂ ਦੀ ਲੱਡੂਆਂ ਤੇ ਜਲੇਬੀਆਂ ਨਾਲ ਸੇਵਾ ਕੀਤੀ ਜਾਂਦੀ ਸੀ। ਧੀ ਨੂੰ ਵਿਆਹ ਸਮੇਂ ਗੱਡਾ ਭਰ ਕੇ ਦਾਜ ਦਿੱਤਾ ਜਾਂਦਾ ਸੀ। ਇਸ ’ਚ ਸੰਦੂਕ, ਦਰੀਆਂ, ਖੇਸ, ਪੱਖੀਆਂ, ਝੋਲੇ ਅਤੇ ਪਿੱਤਲ ਦੇ ਭਾਂਡੇ ਸ਼ਾਮਲ ਹੁੰਦੇ ਸਨ। ਪਿੱਤਲ ਦੇ ਭਾਂਡਿਆਂ ਵਿੱਚ ਟੋਕਣੀ, ਪਰਾਂਤ, ਬਾਲਟੀ, ਬਾਟੀਆਂ, ਗਲਾਸ, ਥਾਲ, ਦੋਹਣੇ ਅਤੇ ਜੱਗ ਆਦਿ ਦਿੱਤੇ ਜਾਂਦੇ ਸਨ। ਪੁਰਾਣੇ ਸਮੇਂ ’ਚ ਰਿਸ਼ਤਿਆਂ ਦੀ ਬਹੁਤ ਅਹਿਮੀਅਤ ਹੁੰਦੀ ਸੀ। ਉਸ ਸਮੇਂ ਬੱਚੇ ਗੁੱਲੀ-ਡੰਡਾ, ਖਿੱਦੋ-ਖੂੰਡੀ, ਪੀਚੋ, ਕੋਟਲਾ ਛਪਾਕੀ ਤੇ ਲੁਕਣ-ਮੀਟੀ ਵਰਗੀਆਂ ਖੇਡਾਂ ਖੇਡਦੇ ਸਨ, ਜਦਕਿ ਨੌਜਵਾਨ ਕਬੱਡੀ ਅਤੇ ਕੁਸ਼ਤੀ ਦੇ ਸ਼ੌਕੀਨ ਹੁੰਦੇ ਸਨ। ਭਾਵੇਂ ਪੁਰਾਤਨ ਪੰਜਾਬੀ ਸੱਭਿਆਚਾਰ ’ਚ ਸਾਦਗੀ, ਮਿਹਨਤ, ਸਹਿਯੋਗ ਅਤੇ ਆਪਸੀ ਸਤਿਕਾਰ ਵਰਗੀਆਂ ਅਨੇਕਾਂ ਚੰਗਿਆਈਆਂ ਸਨ ਪਰ ਉਸ ਸਮੇਂ ਬਾਲ-ਵਿਆਹ, ਔਰਤਾਂ ਦਾ ਚਾਰਦੀਵਾਰੀ ਤੱਕ ਸੀਮਤ, ਸਿੱਖਿਆ ਦੇ ਘੱਟ ਮੌਕੇ ਅਤੇ ਅੰਧ-ਵਿਸ਼ਵਾਸ ਵਰਗੀਆਂ ਸਮਾਜਿਕ ਬੁਰਾਈਆਂ ਵੀ ਮੌਜੂਦ ਸਨ। ਸਮੇਂ ਦੇ ਬਦਲਾਅ ਨਾਲ ਸਾਡੀ ਜੀਵਨ-ਜਾਚ ’ਚ ਬਹੁਤ ਤਬਦੀਲੀ ਆ ਗਈ ਹੈ ਪਰ ਆਪਣੇ ਵਿਰਸੇ ਦੀਆਂ ਚੰਗੀਆਂ ਕਦਰਾਂ-ਕੀਮਤਾਂ ਨੂੰ ਸੰਭਾਲ ਕੇ ਰੱਖਣਾ ਸਾਡਾ ਫ਼ਰਜ਼ ਹੈ।
-ਪਰਮਿੰਦਰ ਕੌਰ ਕਲੇਰ, ਲੁਧਿਆਣਾ। ਸੰਪਰਕ : 98883-63765