- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫ਼ਰਕ ਸਿਰਫ਼ ਏਨਾ ਹੈ ਕਿ ਪਹਿਲੀ ਕੈਟਾਗਰੀ ਦੇ ਚੋਰਾਂ ਡਾਕੂਆਂ ਨੂੰ ਕੋਈ ਕਾਨੂੰਨੀ ਤੇ ਸਮਾਜਿਕ ਮਾਨਤਾ ਨਹੀਂ। ਵਿਚਾਰੇ ਆਮ ਜਿਹੇ ਚੋਰ ਤਾਂ ਆਪਣੇ ਰਿਸਕ ’ਤੇ ਹੀ ਚੋਰੀ ਕਰਦੇ ਹਨ। ਇਨ੍ਹਾਂ ਚੋਰੀ ਕਰਨ ਵਾਲਿਆਂ ਨੂੰ ਤਾਂ ਅਸੀਂ ਮੁਫ਼ਤ ’ਚ ਹੀ ਬਦਨਾਮ ਕਰ ਰੱਖਿਐ! ਕਦੇ ਸਰਕਾਰੀ ਚੋਰੀਆਂ ਦੀ ਸਾਰ ਲਈ ਹੈ। ਕੁਲ ਮਿਲਾ ਕੇ ਕੋਈ ਜਣਾ ਕਿਸੇ ਨੂੰ ਲੁੱਟੇ ਤੇ ਲੁੱਟ ਨੂੰ ਆਪਣਾ ਹੱਕ ਸਮਝੇ, ਉਸ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।

ਚੋਰ ਤੇ ਚੋਰੀਆਂ ਪਹਿਲੇ ਜ਼ਮਾਨਿਆਂ ’ਚ ਵੀ ਹੁੰਦੀਆਂ ਸਨ। ਉਦੋਂ ਚੋਰ ਆਮ ਕਰ ਕੇ ਡੰਗਰ ਪਸ਼ੂ ਖੋਲ੍ਹ ਕੇ ਲੈ ਜਾਂਦੇ ਸਨ। ਜਾਂ ਘਰਾਂ ’ਚ ਪਾੜ ਪਾ ਕੇ ਨਿੱਕ ਸੁੱਕ ਲੈ ਜਾਂਦੇ ਸੀ। ਕੁਝ ਚੋਰ ਤਾਂ ਨੰਗੇ ਪਿੰਡੇ ’ਤੇ ਤੇਲ ਲਾ ਕੇ ਆਉਂਦੇ ਸਨ ਤਾਂ ਕਿ ਉਹ ਫੜੇ ਨਾ ਜਾਣ, ਛੁੜਾ ਕੇ ਉਹ ਜਾਣ ਤੇ ਔਹ ਜਾਣ। ਹੁਣ ਵਕਤ ਬਦਲ ਗਿਆ ਹੈ ਤੇ ਚੋਰੀ ਦੇ ਰੰਗ ਢੰਗ ਵੀ ਬਦਲ ਗਏ ਹਨ। ਨਿੱਕੇ ਮੋਟੇ ਨਸ਼ੇ ਕਰਨ ਵਾਲਿਆਂ ਦੀ ਮਾਰ ਤਾਂ ਟੂਟੀਆਂ ਤੇ ਘਰ ਦੇ ਭਾਂਡਿਆਂ ਤੱਕ ਹੀ ਹੁੰਦੀ ਹੈ। ਜਾਂ ਕਿਤੇ ਸੜਕ ਦੀਆਂ ਗਰਿੱਲਾਂ ਨੂੰ ਵਾਢਾ ਲਾ ਲਿਆ। ਤੇ ਜਾਂ ਹੱਦ ਕਿਸੇ ਦੀ ਜੇਬ ਨੂੰ ਹੱਥ ਪਾ ਕੇ ਸਫ਼ਾਈ ਕਰ ਕੇ ਚਲੇ ਗਏ। ਦਰਅਸਲ ਉਨ੍ਹਾਂ ਤਾਂ ਆਪਣੀ ਨਸ਼ੇ ਦੀ ਤਲਬ ਹੀ ਮਿਟਾਉਣੀ ਹੁੰਦੀ ਹੈ ਪਰ ਰਤਾ ਵੱਡੇ ਚੋਰ ਵੱਡੇ ਘਰਾਂ ਨੂੰ ਹੱਥ ਪਾਉਂਦੇ ਹਨ। ਉਹ ਇਸ ਤਾਕ ’ਚ ਰਹਿੰਦੇ ਹਨ ਕਿ ਘਰਵਾਲੇ ਕਦੋਂ ਘਰੋਂ ਬਾਹਰ ਜਾਣ ਤੇ ਉਹ ਨਕਦੀ ਸੋਨਾ ਤੇ ਕੀਮਤੀ ਸਾਮਾਨ ਲੈ ਕੇ ਤਿੱਤਰ ਹੋ ਜਾਣ। ਅਜੋਕੇ ਦੌਰ ’ਚ ਤਾਂ ਲਗਭਗ ਹਰ ਕਿਸੇ ਦੇ ਜਵਾਕ ਵਿਦੇਸ਼ਾਂ ’ਚ ਹਨ। ਵੱਡਿਆਂ-ਬਜ਼ੁਰਗਾਂ ਨੂੰ ਉਹ ਕੀ ਜਾਣਦੇ ਹਨ। ਰੋਲਾਂ ਪਾਉਣ ’ਤੇ ਸੱਟ-ਫੇਟ ਮਾਰਨ ਤੋਂ ਲੈ ਕੇ ਕਤਲ ਤੱਕ ਵੀ ਕਰਨ ਤੋਂ ਸੰਕੋਚ ਨਹੀਂ ਕਰਦੇ। ਪਿਛਲੇ ਕੁਝ ਸਮੇਂ ਤੋਂ ਲੁੱਟਾਂ ਖੋਹਾਂ ਤੇ ਚੋਰੀਆਂ ’ਚ ਢੇਰ ਵਾਧਾ ਹੋਇਆ ਹੈ। ਪੁਲਿਸ ਨੂੰ ਕੀ ਨਹੀਂ ਪਤਾ ਪਰ ਉਹ ਅੱਖਾਂ ਮੀਟ ਲੈਂਦੀ ਹੈ। ਸਰਕਾਰਾਂ ਕਿਹੜਾ ਕੰਨ ਧਰਦੀਆਂ ਹਨ? ਇਨ੍ਹਾਂ ਸਭ ਦੀ ਹਿੱਸਾ-ਪੱਤੀ ਜਾਂ ਭਾਈਵਾਲੀ ਤੋਂ ਵੀ ਮੁਨਕਰ ਹੋਣਾ ਸੰਭਵ ਨਹੀਂ। ਅੱਜ-ਕੱਲ੍ਹ ਚੋਰੀਆਂ ਤਾਂ ਛੱਡੋ ਡਾਕੇ ਵੀ ਆਮ ਹੀ ਗੱਲ ਹੋ ਗਈ ਹੈ। ਰਾਤਾਂ ਨੂੰ ਹੀ ਨਹੀਂ ਦਿਨ-ਦਿਹਾੜੇ ਡਾਕੇ ਪੈਂਦੇ ਹਨ। ਚੋਰਨੁਮਾ ਡਾਕੂਆਂ ਨੇ ਤਾਂ ਡਾਕੇ ਮਾਰਨੇ ਹੀ ਹੋਏ, ਕਿਉਂਕਿ ਉਹ ਤਾਂ ਸੱਚਮੁੱਚ ਦੇ ਚੋਰ-ਡਾਕੂ ਜੁ ਹੁੰਦੇ ਹਨ ਪਰ ਸਰਕਾਰੀ ਕੁਰਸੀਆਂ ’ਤੇ ਬੈਠੇ ਕਿਹੜਾ ਮਾਣ ਹਨ, ਉਹ ਵੀ ਪਬਲਿਕ ਦੀਆਂ ਜੇਬਾਂ ’ਤੇ ਕੀ ਡਾਕੇ ਨਹੀਂ ਮਾਰ ਦੇ। ਫ਼ਰਕ ਸਿਰਫ਼ ਏਨਾ ਹੈ ਕਿ ਪਹਿਲੀ ਕੈਟਾਗਰੀ ਦੇ ਚੋਰਾਂ ਡਾਕੂਆਂ ਨੂੰ ਕੋਈ ਕਾਨੂੰਨੀ ਤੇ ਸਮਾਜਿਕ ਮਾਨਤਾ ਨਹੀਂ। ਵਿਚਾਰੇ ਆਮ ਜਿਹੇ ਚੋਰ ਤਾਂ ਆਪਣੇ ਰਿਸਕ ’ਤੇ ਹੀ ਚੋਰੀ ਕਰਦੇ ਹਨ। ਇਨ੍ਹਾਂ ਚੋਰੀ ਕਰਨ ਵਾਲਿਆਂ ਨੂੰ ਤਾਂ ਅਸੀਂ ਮੁਫ਼ਤ ’ਚ ਹੀ ਬਦਨਾਮ ਕਰ ਰੱਖਿਐ! ਕਦੇ ਸਰਕਾਰੀ ਚੋਰੀਆਂ ਦੀ ਸਾਰ ਲਈ ਹੈ। ਕੁਲ ਮਿਲਾ ਕੇ ਕੋਈ ਜਣਾ ਕਿਸੇ ਨੂੰ ਲੁੱਟੇ ਤੇ ਲੁੱਟ ਨੂੰ ਆਪਣਾ ਹੱਕ ਸਮਝੇ, ਉਸ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜਿੱਥੇ ਇਸ ਦਿਸ਼ਾ ’ਚ ਸਿਆਸੀ ਪਾਰਟੀਆਂ ਤੇ ਸਰਕਾਰਾਂ ਨੂੰ ਸ਼ਿੱਦਤ ਨਾਲ ਸੋਚਣਾ ਵਿਚਾਰਣਾ ਬਣਦੈ ਉੱਥੇ ਸਾਨੂੰ ਵੀ ਆਪਣੇ ਅੰਦਰ ਝਾਤ ਮਾਰ ਲੈਣੀ ਚਾਹੀਦੀ ਹੈ। ਸਭ ਤਰ੍ਹਾਂ ਦੀ ਪ੍ਰਾਈਵੇਟ ਤੇ ਸਰਕਾਰੀ ਚੋਰੀ ’ਤੇ ਸਖ਼ਤੀ ਨਾਲ ਰੋਕ ਲੱਗਣੀ ਜ਼ਰੂਰੀ ਹੈ। ਚੋਰਾਂ ਲੁਟੇਰਿਆਂ ਨੂੰ ਜੇਕਰ ਅਜੇ ਵੀ ਨੱਥ ਨਾ ਪਈ ਗਈ ਤਾਂ ਆਪਣੀ ਮਹਾਂ ਪੁਰਖਾਂ ਤੇ ਗੁਰੂਆਂ ਪੀਰਾਂ ਦੀ ਧਰਤੀ ’ਤੇ ਹਰ ਪਾਸੇ ਚੋਰ ਹੀ ਚੋਰ ਨਜ਼ਰ ਆਉਣਗੇ। ਕੀ ਅਸੀਂ ਆਪਣੀ ਇਸ ਧਰਤੀ ਨੂੰ ਚੋਰਾਂ ਦਾ ਦੇਸ਼ ਕਹਿਣਾ ਪਸੰਦ ਕਰਾਂਗੇ?
-ਸੁਖਮਿੰਦਰ ਸੇਖੋਂ, 98145-07693।