- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਔਰੋਰਾ ਦੀ ਘਟਨਾ ਕੋਈ ਪਹਿਲੀ ਵਾਰਦਾਤ ਨਹੀਂ ਹੈ। ਪਿਛਲੇ ਸਾਲ ਯੂਟਾ ਦੇ ਸਪੈਨਿਸ਼ ਫੋਰਕ ਸਥਿਤ ਇਸਕਾਨ ਮੰਦਰ ’ਚ ਗੋਲੀਬਾਰੀ ਹੋਈ ਸੀ। ਅਮਰੀਕਾ ’ਚ ਲੰਮੇ ਸਮੇਂ ਤੋਂ ਹਿੰਦੂਆਂ ਪ੍ਰਤੀ ਨਫ਼ਰਤ ਦੇ ਸੰਕੇਤ ਸਾਹਮਣੇ ਆ ਰਹੇ ਹਨ। ਨਿਊਯਾਰਕ ਦੇ ਮੇਲਵਿਲ ਸਥਿਤ ਸਵਾਮੀਨਾਰਾਇਣ ਮੰਦਰ ’ਚ ਭੰਨਤੋੜ ਹੋਵੇ ਜਾਂ ਕੈਲੀਫੋਰਨੀਆ ਦੇ ਫਰੀਮਾਂਟ ਤੇ ਹੇਵਰਡ ਦੇ ਮੰਦਰਾਂ ’ਤੇ ਹਿੰਦੂ-ਵਿਰੋਧੀ ਨਾਅਰੇ ਲਿਖਣ ਦੀਆਂ ਘਟਨਾਵਾਂ, ਅਮਰੀਕਾ ’ਚ ਹਿੰਦੂਆਂ ਨੂੰ ਡਰਾਉਣਾ-ਧਮਕਾਉਣਾ ਚਿੰਤਾਜਨਕ ਹੱਦ ਤੱਕ ਆਮ ਹੁੰਦਾ ਜਾ ਰਿਹਾ ਹੈ।

ਵਿਕਾਸ ਸਾਰਸਵਤ
ਹਾਲ ਹੀ ’ਚ ਭਾਰਤ ਦੇ ਦੌਰੇ ’ਤੇ ਆਏ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਅਮਰੀਕਾ ’ਚ ਭਾਰਤੀਆਂ ਵਿਰੁੱਧ ਨਸਲੀ ਨਫ਼ਰਤ ਨਾਲ ਜੁੜੇ ਸਵਾਲ ’ਤੇ ਇਹ ਕਹਿ ਕੇ ਪਾਸਾ ਵੱਟ ਲਿਆ ਕਿ ਹਰ ਦੇਸ਼ ’ਚ ਕੁਝ ਮੂਰਖ ਲੋਕ ਹੁੰਦੇ ਹਨ ਪਰ ਪਿਛਲੇ ਦਿਨ ਪਹਿਲਾਂ ਇਲੀਨੋਇਸ ਦੇ ਔਰੋਰਾ ’ਚ ਸ੍ਰੀ ਵੈਂਕਟੇਸ਼ਵਰ ਸਵਾਮੀ, ਬਾਲਾਜੀ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਪਰਦਾਫ਼ਾਸ਼ ਹੋਣ ਤੋਂ ਸਪੱਸ਼ਟ ਹੁੰਦਾ ਹੈ ਕਿ ਹਾਲਾਤ ਕੁਝ ਹੋਰ ਹੀ ਤਸਵੀਰ ਬਿਆਨ ਕਰਦੇ ਹਨ। ਇਸ ਸਾਜ਼ਿਸ਼ ਦੇ ਮੁਲਜ਼ਮ ਅਲੈਗਜ਼ੈਂਡਰੋਸ ਪਾਪੋਰਕਿਸ ਭਾਰਤੀ-ਅਮਰੀਕੀ ਭਾਈਚਾਰੇ ਦੇ ਇਕ ਵੱਡੇ ਧਾਰਮਿਕ ਸਮਾਗਮ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾ ਰਿਹਾ ਸੀ। ਉਹ ਰਾਈਫ਼ਲ ਨਾਲ ਲੈਸ ਹੋ ਕੇ ਮੰਦਰ ਪਹੁੰਚਿਆ ਪਰ ਉਸ ਦੀ ਰਾਈਫ਼ਲ ਜਾਮ ਹੋ ਗਈ। ਉਹ ਮੁੜ ਮੰਦਰ ਜਾ ਕੇ ਹਮਲੇ ਦੀ ਤਿਆਰੀ ਕਰ ਰਿਹਾ ਸੀ। ਉਸ ਦੇ ਘਰੋਂ ਗੋਰੇ ਸਰਬਉੱਚਤਾਵਾਦੀ ਵਿਚਾਰਧਾਰਾ ਦਾ ਇਕ ਐਲਾਨਨਾਮਾ ਤੇ ਨਾਜ਼ੀ ਸਮੱਗਰੀ ਬਰਾਮਦ ਹੋਈ। ਇਹ ਘਟਨਾ ਉਸ ਭਿਆਨਕ ਰੁਝਾਨ ਦੀ ਇਕ ਮਿਸਾਲ ਹੈ, ਜਿਸ ਬਾਰੇ ਭਾਰਤੀ-ਅਮਰੀਕੀ ਭਾਈਚਾਰਾ ਲੰਮੇ ਸਮੇਂ ਤੋਂ ਚਿਤਾਵਨੀ ਦਿੰਦਾ ਆ ਰਿਹਾ ਹੈ।
ਔਰੋਰਾ ਦੀ ਘਟਨਾ ਕੋਈ ਪਹਿਲੀ ਵਾਰਦਾਤ ਨਹੀਂ ਹੈ। ਪਿਛਲੇ ਸਾਲ ਯੂਟਾ ਦੇ ਸਪੈਨਿਸ਼ ਫੋਰਕ ਸਥਿਤ ਇਸਕਾਨ ਮੰਦਰ ’ਚ ਗੋਲੀਬਾਰੀ ਹੋਈ ਸੀ। ਅਮਰੀਕਾ ’ਚ ਲੰਮੇ ਸਮੇਂ ਤੋਂ ਹਿੰਦੂਆਂ ਪ੍ਰਤੀ ਨਫ਼ਰਤ ਦੇ ਸੰਕੇਤ ਸਾਹਮਣੇ ਆ ਰਹੇ ਹਨ। ਨਿਊਯਾਰਕ ਦੇ ਮੇਲਵਿਲ ਸਥਿਤ ਸਵਾਮੀਨਾਰਾਇਣ ਮੰਦਰ ’ਚ ਭੰਨਤੋੜ ਹੋਵੇ ਜਾਂ ਕੈਲੀਫੋਰਨੀਆ ਦੇ ਫਰੀਮਾਂਟ ਤੇ ਹੇਵਰਡ ਦੇ ਮੰਦਰਾਂ ’ਤੇ ਹਿੰਦੂ-ਵਿਰੋਧੀ ਨਾਅਰੇ ਲਿਖਣ ਦੀਆਂ ਘਟਨਾਵਾਂ, ਅਮਰੀਕਾ ’ਚ ਹਿੰਦੂਆਂ ਨੂੰ ਡਰਾਉਣਾ-ਧਮਕਾਉਣਾ ਚਿੰਤਾਜਨਕ ਹੱਦ ਤੱਕ ਆਮ ਹੁੰਦਾ ਜਾ ਰਿਹਾ ਹੈ। ਇਹ ਘਟਨਾਵਾਂ ਉੱਥੇ ਦੇ ਸਭ ਤੋਂ ਸ਼ਾਂਤੀ ਪਸੰਦ ਪਰਵਾਸੀ ਭਾਈਚਾਰਿਆਂ ’ਚੋਂ ਇਕ ਵਿਰੁੱਧ ਵਧਦੀ ਨਫ਼ਰਤ ਦਾ ਰੂਪ ਧਾਰਨ ਕਰ ਚੁੱਕੀਆਂ ਹਨ।
ਇਨ੍ਹਾਂ ਘਟਨਾਵਾਂ ਦੀ ਰਿਪੋਰਟਿੰਗ ਦਾ ਤਰੀਕਾ ਵੀ ਚਿੰਤਾ ਦਾ ਵਿਸ਼ਾ ਹੈ। ਜਿੱਥੇ ਅਮਰੀਕੀ ਆਗੂ ਤੇ ਮੀਡੀਆ ਹੋਰਨਾਂ ਭਾਈਚਾਰਿਆਂ ਪ੍ਰਤੀ ਧਾਰਮਿਕ ਅਤੇ ਨਸਲੀ ਨਫ਼ਰਤ ਦੀ ਨਿੰਦਾ ਕਰਨ ਲਈ ਤੁਰੰਤ ਅੱਗੇ ਆਉਂਦੇ ਹਨ, ਉੱਥੇ ਹਿੰਦੂ ਧਾਰਮਿਕ ਸੰਸਥਾਵਾਂ ’ਤੇ ਹੋਣ ਵਾਲੇ ਹਮਲਿਆਂ ਬਾਰੇ ਸ਼ਾਇਦ ਹੀ ਕਦੇ ਉਸੇ ਤਰ੍ਹਾਂ ਦਾ ਰੋਸ ਦੇਖਣ ਨੂੰ ਮਿਲਦਾ ਹੋਵੇ। ਇਸਲਾਮੀ ਕੱਟੜਵਾਦ, ਜੋ ਸਪੱਸ਼ਟ ਤੌਰ ’ਤੇ ਧਾਰਮਿਕ ਕਾਰਕਾਂ ਤੋਂ ਪ੍ਰੇਰਿਤ ਹੁੰਦਾ ਹੈ, ਬਾਰੇ ਚਰਚਾ ਨੂੰ ਵੀ ‘ਇਸਲਾਮੋਫੋਬੀਆ’ ਕਹਿ ਕੇ ਰੋਕ ਦਿੱਤਾ ਜਾਂਦਾ ਹੈ ਪਰ ਹਿੰਦੂਆਂ ਪ੍ਰਤੀ ਨਫ਼ਰਤ ਇਕ ਤਰੀਕੇ ਨਾਲ ਆਮ ਗੱਲ ਹੁੰਦੀ ਜਾ ਰਹੀ ਹੈ, ਜੋ ਕਿ ਬੇਹੱਦ ਪਰੇਸ਼ਾਨ ਕਰਨ ਵਾਲਾ ਹੈ•। ਹਿੰਦੂ ਮੰਦਰਾਂ ’ਤੇ ਹਮਲਿਆਂ ਬਾਰੇ ਅਧਿਕਾਰਤ ਬਿਆਨਾਂ ’ਚ ਅਕਸਰ ਇਨ੍ਹਾਂ ਨੂੰ ਨਿੱਕੀਆਂ-ਮੋਟੀਆਂ ਘਟਨਾਵਾਂ ਦੱਸ ਕੇ ਗੱਲ ਖ਼ਤਮ ਕਰ ਦਿੱਤੀ ਜਾਂਦੀ ਹੈ। ਅਮਰੀਕਾ ਦੀਆਂ ਨਾਗਰਿਕ ਅਧਿਕਾਰ ਸੰਸਥਾਵਾਂ ਦੀ ਸ਼ਬਦਾਵਲੀ ’ਚੋਂ ‘ਹਿੰਦੂਫੋਬੀਆ’ ਸ਼ਬਦ ਗਾਇਬ ਹੈ। ਇਸ ਦਾ ਇਕ ਵੱਡਾ ਕਾਰਨ ਇਹ ਭੁਲੇਖਾ ਹੈ ਕਿ ਸਮਾਜਿਕ ਤੇ ਆਰਥਿਕ ਸਫ਼ਲਤਾ ਕਿਸੇ ਘੱਟਗਿਣਤੀ ਭਾਈਚਾਰੇ ਨੂੰ ਪੱਖਪਾਤ ਤੋਂ ਬਚਾ ਲੈਂਦੀ ਹੈ।
ਲਗਭਗ ਹਰ ਪੈਮਾਨੇ ’ਤੇ ਹਿੰਦੂ-ਅਮਰੀਕੀ ਅਮਰੀਕਾ ਦੇ ਸਭ ਤੋਂ ਸਫ਼ਲ ਭਾਈਚਾਰਿਆਂ ’ਚੋਂ ਇੱਕ ਹਨ। ਅੰਕੜੇ ਤੇ ਅਧਿਐਨ ਦਰਸਾਉਂਦੇ ਹਨ ਕਿ ਭਾਰਤੀ-ਅਮਰੀਕੀਆਂ ਦੀ ਔਸਤ ਆਮਦਨ, ਵਿੱਦਿਅਕ ਯੋਗਤਾ ਅਤੇ ਡਾਕਟਰੀ, ਇੰਜਨੀਅਰਿੰਗ ਆਦਿ ਖੇਤਰਾਂ ’ਚ ਪੇਸ਼ੇਵਰ ਨੁਮਾਇੰਦਗੀ ਦੇਸ਼ ’ਚ ਮੋਹਰੀ ਹੈ। ਅਪਰਾਧਾਂ ’ਚ ਉਨ੍ਹਾਂ ਦੀ ਸ਼ਮੂਲੀਅਤ ਦਾ ਪੱਧਰ ਵੀ ਬਹੁਤ ਘੱਟ ਹੈ।
ਆਰਥਿਕ ਬੇਭਰੋਸਗੀ ਤੇ ਸਿਆਸੀ ਲੋਕ-ਲੁਭਾਊਵਾਦ ਦੇ ਦੌਰ ’ਚ ਅਸਾਧਾਰਨ ਸਫ਼ਲਤਾ ਦੱਬੀਆਂ ਹੋਈਆਂ ਸਮਾਜਿਕ ਕੁੜਨ ਅਤੇ ਈਰਖਾ ਨੂੰ ਜਨਮ ਦੇ ਸਕਦੀ ਹੈ। ਦੱਖਣਪੰਥੀ ‘ਮੇਕ ਅਮਰੀਕਾ ਗ੍ਰੇਟ ਅਗੇਨ’ (ਮਾਗਾ) ਸਮਰਥਕਾਂ ਦੀ ਬਿਆਨਬਾਜ਼ੀ ’ਚ ਉੱਚ ਹੁਨਰ ਵਾਲੇ ਪਰਵਾਸੀਆਂ ਦੀ ਸਫ਼ਲਤਾ ਨੂੰ ਆਰਥਿਕ ਖ਼ਤਰੇ ਤੇ ਸੱਭਿਆਚਾਰਕ ਉਜਾੜੇ ਦੇ ਨਜ਼ਰੀਏ ਨਾਲ ਦੇਖਿਆ ਜਾਣ ਲੱਗਾ ਹੈ। ਇਸ ਨਾਲ ਖ਼ਾਸ ਤੌਰ ’ਤੇ ਅਮਰੀਕੀ ਹਿੰਦੂਆਂ ਵਿਰੁੱਧ ਸਥਾਨਕ ਲੋਕਾਂ ਦੀ ਨਾਰਾਜ਼ਗੀ ਭੜਕਦੀ ਹੈ। ਹਿੰਦੂਆਂ ਦੀ ਸਫ਼ਲਤਾ ਉਨ੍ਹਾਂ ਲਈ ਸੁਰੱਖਿਆ ਕਵਚ ਬਣਨ ਦੀ ਬਜਾਏ ਦੁਸ਼ਮਣੀ ਦਾ ਕਾਰਨ ਬਣ ਰਹੀ ਹੈ।
ਆਰਥਿਕ ਕਾਰਨਾਂ ਕਰ ਕੇ ਪੈਦਾ ਹੋਣ ਵਾਲੀ ਈਰਖਾ ਦੇ ਨਾਲ-ਨਾਲ ਇਕ ਪੁਰਾਣਾ ਅਤੇ ਡੂੰਘਾ ਸੱਭਿਆਚਾਰਕ ਪੱਖਪਾਤ ਵੀ ਨਫ਼ਰਤ ਦਾ ਕਾਰਨ ਹੈ। ਆਧੁਨਿਕ ਤੇ ਸੂਝਵਾਨ ਜੀਵਨ-ਸ਼ੈਲੀ ਦੇ ਪਰਦੇ ਪਿੱਛੇ ਅਮਰੀਕੀ ਸਮਾਜ ਦੇ ਇਕ ਵਰਗ ’ਚ ਬਹੁਦੇਵਵਾਦ ਤੇ ਮੂਰਤੀ ਪੂਜਾ ਪ੍ਰਤੀ ਦੁਸ਼ਮਣੀ ਸਪੱਸ਼ਟ ਦਿਖਾਈ ਦਿੰਦੀ ਹੈ। ਇਹ ਪੱਖਪਾਤ ਮੰਦਰਾਂ ਦੀ ਉਸਾਰੀ ਵਿਰੁੱਧ ਹੋਣ ਵਾਲੇ ਵਿਰੋਧ ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ‘ਡਰਾਉਣਾ’ ਦੱਸਣ ਵਰਗੀਆਂ ਗੱਲਾਂ ’ਚ ਖੁੱਲ੍ਹ ਕੇ ਸਾਹਮਣੇ ਆਉਂਦਾ ਹੈ। ਟੈਕਸਸ ਦੇ ਸ਼ੂਗਰਲੈਂਡ ’ਚ ਭਗਵਾਨ ਹਨੂਮਾਨ ਦੀ 90 ਫੁੱਟ ਉੱਚੀ ਮੂਰਤੀ ਦਾ ਵਿਰੋਧ ਤਾਂ ਸਿਖ਼ਰ ’ਤੇ ਪਹੁੰਚ ਗਿਆ ਸੀ।
ਬਹੁ-ਈਸ਼ਵਰਵਾਦ ਪ੍ਰਤੀ ਨਫ਼ਰਤ ਹੀ ਉਸ ਦੋਹਰੇ ਰਵੱਈਏ ਨੂੰ ਜਨਮ ਦਿੰਦੀ ਹੈ, ਜਿਸ ਕਾਰਨ ਅਮਰੀਕੀ ਸਮਾਜ ਇਸਲਾਮੀ ਕੱਟੜਪੰਥੀ ਮਾਨਤਾਵਾਂ ਪ੍ਰਤੀ ਤਾਂ ਕੁਝ ਨਰਮੀ ਵਰਤਦਾ ਹੈ ਪਰ ਹਿੰਦੂਆਂ ਪ੍ਰਤੀ ਕਿਸੇ ਤਰ੍ਹਾਂ ਦੀ ਹਮਦਰਦੀ ਦਿਖਾਉਣ ਤੋਂ ਵੀ ਕਤਰਾਉਂਦਾ ਹੈ। ਭਾਰਤੀ ਮੂਲ ਦੇ ਰੂੜ੍ਹੀਵਾਦੀ ਈਸਾਈ ਟਿੱਪਣੀਕਾਰਾਂ ਨੇ ਪੱਛਮੀ ਪਾਦਰੀਆਂ ਦੇ ਪੱਖਪਾਤ ਨੂੰ ਹਵਾ ਦੇ ਕੇ ਇਸ ਮਾਹੌਲ ਨੂੰ ਹੋਰ ਵੀ ਜ਼ਹਿਰੀਲਾ ਬਣਾਇਆ ਹੈ।
ਅਮਰੀਕਾ ਦੀ ਮੁੱਖਧਾਰਾ ਦੀ ਸਿਆਸਤ ਵੀ ਇਸ ਧਾਰਮਿਕ ਤੰਗਦਿਲੀ ਤੋਂ ਅਛੂਤੀ ਨਹੀਂ ਹੈ। ਚੋਣਾਂ ਦੇ ਦੌਰਾਨ ਕਈ ਰਿਪਬਲਿਕਨ ਸਮਰਥਕਾਂ ਨੇ ਵਿਵੇਕ ਰਾਮਾਸਵਾਮੀ ਤੋਂ ਉਨ੍ਹਾਂ ਦੇ ਹਿੰਦੂ ਹੋਣ ਬਾਰੇ ਸਵਾਲ ਪੁੱਛੇ। ਅਜਿਹੀ ਅਭੱਦਰਤਾ ਤਾਂ ਭਾਰਤੀ ਸਿਆਸਤ ’ਚ ਵੀ ਦੇਖਣ ਨੂੰ ਨਹੀਂ ਮਿਲਦੀ। ਇਸੇ ਤਰ੍ਹਾਂ ਜੇਡੀ ਵੈਂਸ ਦੀ ਪਤਨੀ ਊਸ਼ਾ ਵੈਂਸ ਨੂੰ ਵੀ ਈਸਾਈ ਧਰਮ ਨਾ ਅਪਣਾਉਣ ਕਾਰਨ ਸਵਾਲਾਂ ਦੇ ਘੇਰੇ ’ਚ ਖੜ੍ਹਾ ਕੀਤਾ ਗਿਆ।
ਇਸ ਸਥਿਤੀ ਨੂੰ ਗੰਭੀਰ ਬਣਾਉਣ ’ਚ ਵਿੱਦਿਅਕ ਅਤੇ ਮੀਡੀਆ ਖੇਤਰਾਂ ਦੀ ਵੀ ਕਾਫ਼ੀ ਭੂਮਿਕਾ ਹੈ। ਯੂਨੀਵਰਸਿਟੀਆਂ ਦੇ ਕੈਂਪਸਾਂ ਅਤੇ ਸਿਆਸੀ ਸੈਮੀਨਾਰਾਂ ’ਚ ਭਾਰਤੀ ਸ਼ਾਸਨ ਦੀ ਆਲੋਚਨਾ ਅਕਸਰ ਹਿੰਦੂ-ਵਿਰੋਧ ’ਚ ਬਦਲ ਜਾਂਦੀ ਹੈ। ‘ਡਿਸਮੈਂਟਲਿੰਗ ਗਲੋਬਲ ਹਿੰਦੂਤਵ’ ਵਰਗੇ ਸਮਾਗਮਾਂ ਰਾਹੀਂ ਕੁਝ ਸਿੱਖਿਆ-ਸ਼ਾਸਤਰੀਆਂ ਨੇ ਯੂਨੀਵਰਸਿਟੀਆਂ ਨੂੰ ਹਿੰਦੂ-ਵਿਰੋਧੀ ਸਰਗਰਮੀਆਂ ਦਾ ਮੰਚ ਬਣਾ ਦਿੱਤਾ ਹੈ। ਜਦੋਂ ਹਿੰਦੂ ਵਿਦਿਆਰਥੀ ਜਾਂ ਪੇਸ਼ੇਵਰ ਲੋਕ ਆਪਣੀ ਵਿਰਾਸਤ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ’ਤੇ ਕੱਟੜਵਾਦੀ ਹੋਣ ਦਾ ਠੱਪਾ ਲਾ ਦਿੱਤਾ ਜਾਂਦਾ ਹੈ। ‘ਨਿਊਯਾਰਕ ਟਾਈਮਜ਼’ ਅਤੇ ‘ਵਾਸ਼ਿੰਗਟਨ ਪੋਸਟ’ ਵਰਗੇ ਅਖ਼ਬਾਰ ਵੀ ਭਾਰਤ ਦੀਆਂ ਨੀਤੀਆਂ ਦਾ ਵਿਰੋਧ ਕਰਨ ਲਈ ਹਿੰਦੂ-ਵਿਰੋਧੀ ਕਾਰਟੂਨਾਂ ਅਤੇ ਪ੍ਰਤੀਕਾਤਮਕ ਚਿੱਤਰਾਂ ਦੀ ਵਰਤੋਂ ਕਰਦੇ ਰਹੇ ਹਨ।
ਅਮਰੀਕਾ ’ਚ ਪਾਕਿਸਤਾਨੀ, ਬੰਗਲਾਦੇਸ਼ੀ ਅਤੇ ਖ਼ਾਲਿਸਤਾਨ-ਸਮਰਥਕ ਤੱਤਾਂ ਨੇ ਵੀ ਆਨਲਾਈਨ ਸਰਗਰਮੀਆਂ ਰਾਹੀਂ ਹਿੰਦੂਆਂ ਪ੍ਰਤੀ ਦੁਸ਼ਮਣੀ ਭੜਕਾਉਣ ’ਚ ਕੋਈ ਕਸਰ ਨਹੀਂ ਛੱਡੀ। ਡਿਜੀਟਲ ਮੀਡੀਆ ਦੇ ਐਲਗੋਰਿਦਮ ਨੇ ਇਸ ਅੱਗ ਨੂੰ ਹੋਰ ਭੜਕਾਇਆ ਹੈ। ਹਿੰਦੂ ਧਰਮ ਬਾਰੇ ਸੀਮਤ ਜਾਣਕਾਰੀ ਹੋਣ ਕਾਰਨ ਅਮਰੀਕੀ ਲੋਕ ਅਜਿਹੀਆਂ ਤਾਲਮੇਲ ਵਾਲੀਆਂ ਡਿਜੀਟਲ ਮੁਹਿੰਮਾਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ। ਇਸੇ ਕਾਰਨ ਭਾਰਤੀ ਹਿੰਦੂ ਭਾਈਚਾਰੇ ਨੂੰ ਕਈ ਮੋਰਚਿਆਂ ’ਤੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਉਂਕਿ ਹਿੰਦੂ ਭਾਈਚਾਰਾ ਪੱਛਮ ’ਚ ਘੱਟਗਿਣਤੀਆਂ ਬਾਰੇ ਬਣੇ ਰਵਾਇਤੀ ਕਮਜ਼ੋਰ ਭਾਈਚਾਰੇ ਦੇ ਖ਼ਾਕੇ ’ਚ ਫਿੱਟ ਨਹੀਂ ਬੈਠਦਾ, ਇਸ ਲਈ ਉਸ ਦੀਆਂ ਚਿੰਤਾਵਾਂ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਹੈ। ਇਲੀਨੋਇਸ ਦੀ ਘਟਨਾ ਇਹ ਦਰਸਾਉਂਦੀ ਹੈ ਕਿ ਹਿੰਦੂਆਂ ਪ੍ਰਤੀ ਨਫ਼ਰਤ ਜਾਂ ਹਿੰਦੂਫੋਬੀਆ ਬਾਰੇ ਉਦਾਸੀਨਤਾ ਛੱਡ ਕੇ ਇਸ ਰੁਝਾਨ ਨੂੰ ਯਹੂਦੀ-ਵਿਰੋਧ, ਭਾਵ ਐਂਟੀ-ਸੈਮਿਟਿਜ਼ਮ, ਵਾਂਗ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਨਹੀਂ ਤਾਂ ਯਹੂਦੀ-ਵਿਰੋਧ ਦੀ ਤਰ੍ਹਾਂ ਕੋਈ ਵੱਡੀ ਤ੍ਰਾਸਦੀ ਇਕ ਭਿਆਨਕ ਇਤਿਹਾਸ ਲਿਖ ਸਕਦੀ ਹੈ, ਜਿਸ ਦਾ ਕਲੰਕ ਉਸ ਅਮਰੀਕਾ ਨੂੰ ਝੱਲਣਾ ਪਵੇਗਾ, ਜੋ ਦੁਨੀਆ ਭਰ ਨੂੰ ਮਨੁੱਖੀ ਅਧਿਕਾਰਾਂ ਦੀ ਦੁਹਾਈ ਦਿੰਦਾ ਹੈ। (ਲੇਖਕ ਗੰਗਾ ਖੋਜ ਕੇਂਦਰ ਦੇ ਨਿਰਦੇਸ਼ਕ ਹਨ)।