
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜੇ ਮੁਲਾਜ਼ਮ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੋਵੇਗਾ ਤਾਂ ਉਸ ਦੇ ਹਿੱਸੇ ਦੇ ਫ਼ੈਸਲੇ ਕੋਈ ਹੋਰ ਕਰੇਗਾ। ਜੇ ਉਹ ਆਪਣੀ ਆਵਾਜ਼ ਨਹੀਂ ਉਠਾਏਗਾ ਤਾਂ ਉਸ ਦੀਆਂ ਸਮੱਸਿਆਵਾਂ ਫਾਈਲਾਂ ’ਚ ਦੱਬੀਆਂ ਰਹਿ ਸਕਦੀਆਂ ਹਨ। ਇਸ ਲਈ ਹੱਕ ਮੰਗਣ ਤੋਂ ਪਹਿਲਾਂ ਹੱਕਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਅਤੇ ਜਾਣਕਾਰੀ ਤੋਂ ਬਾਅਦ ਜੱਥੇਬੰਦ ਹੋਣਾ ਜ਼ਰੂਰੀ ਹੈ ਪਰ ਸੰਘਰਸ਼ ਦਾ ਅਰਥ ਸਿਰਫ਼ ਧਰਨੇ ਜਾਂ ਰੈਲੀਆਂ ਨਹੀਂ।

ਮੁਲਾਜ਼ਮ ਜਦੋਂ ਆਪਣੀ ਡਿਊਟੀ ’ਤੇ ਜਾਂਦਾ ਹੈ ਤਾਂ ਉਹ ਸਿਰਫ਼ ਆਪਣੀ ਨੌਕਰੀ ਨਹੀਂ ਕਰਦਾ, ਉਹ ਆਪਣੇ ਪਰਿਵਾਰ ਦੀਆਂ ਉਮੀਦਾਂ, ਬੱਚਿਆਂ ਦੇ ਭਵਿੱਖ ਤੇ ਆਪਣੇ ਬੁਢਾਪੇ ਦੀ ਸੁਰੱਖਿਆ ਦਾ ਭਾਰ ਵੀ ਮੋਢਿਆਂ ’ਤੇ ਚੁੱਕ ਕੇ ਜਾਂਦਾ ਹੈ ਪਰ ਅਕਸਰ ਇਹੀ ਮੁਲਾਜ਼ਮ ਆਪਣੇ ਹੱਕਾਂ ਦੀ ਗੱਲ ਕਰਦਿਆਂ ਇਕੱਲਾ ਪੈ ਜਾਂਦਾ ਹੈ। ਉਸ ਨੂੰ ਲੱਗਦਾ ਹੈ ਕਿ ਮੇਰੀ ਆਵਾਜ਼ ਕੌਣ ਸੁਣੇਗਾ? ਮੇਰੇ ਇਕੱਲੇ ਬੋਲਣ ਨਾਲ ਕੀ ਬਦਲੇਗਾ? ਇੱਥੋਂ ਹੀ ਜੱਥੇਬੰਦੀ ਦੀ ਲੋੜ ਪੈਦਾ ਹੁੰਦੀ ਹੈ। ਇਤਿਹਾਸ ਗਵਾਹ ਹੈ ਕਿ ਮੁਲਾਜ਼ਮਾਂ ਨੇ ਜੋ ਵੀ ਹੱਕ ਹਾਸਲ ਕੀਤੇ ਹਨ, ਉਹ ਕਿਸੇ ਦੀ ਮਿਹਰਬਾਨੀ ਨਾਲ ਨਹੀਂ ਮਿਲੇ। ਤਨਖ਼ਾਹਾਂ ’ਚ ਸੁਧਾਰ, ਸੇਵਾ ਨਿਯਮਾਂ ਦੀ ਰੱਖਿਆ, ਛੁੱਟੀਆਂ, ਪੈਨਸ਼ਨ, ਸਮਾਜਿਕ ਸੁਰੱਖਿਆ ਅਤੇ ਹੋਰ ਕਈ ਹੱਕ-ਇਨ੍ਹਾਂ ਪਿੱਛੇ ਲੰਬੇ ਸਮੇਂ ਦੀ ਜੱਥੇਬੰਦਕ ਮਿਹਨਤ ਅਤੇ ਸੰਘਰਸ਼ ਦੀ ਕਹਾਣੀ ਹੈ। ਇਕੱਲਾ ਮੁਲਾਜ਼ਮ ਸ਼ਿਕਾਇਤ ਕਰ ਸਕਦਾ ਹੈ ਪਰ ਜੱਥੇਬੰਦ ਮੁਲਾਜ਼ਮ ਆਪਣੀ ਗੱਲ ਮਨਵਾਉਣ ਦੀ ਤਾਕਤ ਪੈਦਾ ਕਰ ਸਕਦੇ ਹਨ। ਜੱਥੇਬੰਦੀ ਦਾ ਮਤਲਬ ਕਿਸੇ ਦੇ ਵਿਰੁੱਧ ਖੜ੍ਹਨਾ ਨਹੀਂ। ਜੱਥੇਬੰਦੀ ਦਾ ਅਰਥ ਹੈ-ਆਪਣੇ ਹੱਕਾਂ, ਆਪਣੇ ਸਨਮਾਨ ਤੇ ਆਪਣੇ ਭਵਿੱਖ ਲਈ ਇਕੱਠੇ ਹੋਣਾ। ਜਿੱਥੇ ਮਸਲਾ ਸਾਂਝਾ ਹੋਵੇ, ਉੱਥੇ ਆਵਾਜ਼ ਵੀ ਸਾਂਝੀ ਹੋਣੀ ਚਾਹੀਦੀ ਹੈ। ਅੱਜ ਦਾ ਸਮਾਂ ਸਾਨੂੰ ਇੱਕ ਹੋਰ ਸਬਕ ਦਿੰਦਾ ਹੈ। ਜੇ ਮੁਲਾਜ਼ਮ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹੋਵੇਗਾ ਤਾਂ ਉਸ ਦੇ ਹਿੱਸੇ ਦੇ ਫ਼ੈਸਲੇ ਕੋਈ ਹੋਰ ਕਰੇਗਾ। ਜੇ ਉਹ ਆਪਣੀ ਆਵਾਜ਼ ਨਹੀਂ ਉਠਾਏਗਾ ਤਾਂ ਉਸ ਦੀਆਂ ਸਮੱਸਿਆਵਾਂ ਫਾਈਲਾਂ ’ਚ ਦੱਬੀਆਂ ਰਹਿ ਸਕਦੀਆਂ ਹਨ। ਇਸ ਲਈ ਹੱਕ ਮੰਗਣ ਤੋਂ ਪਹਿਲਾਂ ਹੱਕਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ ਅਤੇ ਜਾਣਕਾਰੀ ਤੋਂ ਬਾਅਦ ਜੱਥੇਬੰਦ ਹੋਣਾ ਜ਼ਰੂਰੀ ਹੈ ਪਰ ਸੰਘਰਸ਼ ਦਾ ਅਰਥ ਸਿਰਫ਼ ਧਰਨੇ ਜਾਂ ਰੈਲੀਆਂ ਨਹੀਂ। ਸੰਘਰਸ਼ ਦਾ ਪਹਿਲਾ ਕਦਮ ਹੈ-ਆਪਣੇ ਹੱਕਾਂ ਨੂੰ ਸਮਝਣਾ। ਦੂਜਾ ਕਦਮ ਹੈ-ਸਾਥੀਆਂ ਨਾਲ ਵਿਚਾਰ ਕਰਨਾ। ਤੀਜਾ ਕਦਮ ਹੈ-ਜੱਥੇਬੰਦੀ ਨੂੰ ਮਜ਼ਬੂਤ ਕਰਨਾ ਅਤੇ ਜਦੋਂ ਲੋੜ ਪਵੇ ਤਾਂ ਲੋਕਤੰਤਰੀ ਤੇ ਸ਼ਾਂਤਮਈ ਢੰਗ ਨਾਲ ਆਪਣੀ ਆਵਾਜ਼ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣਾ। ਸਾਨੂੰ ਇਹ ਵੀ ਸਮਝਣਾ ਪਵੇਗਾ ਕਿ ਜੱਥੇਬੰਦੀ ਸਿਰਫ਼ ਆਗੂਆਂ ਦੀ ਨਹੀਂ, ਹਰ ਮੈਂਬਰ ਦੀ ਜ਼ਿੰਮੇਵਾਰੀ ਹੈ। ਜੇ ਅਸੀਂ ਹੱਕਾਂ ਦੀ ਲੜਾਈ ਸਿਰਫ਼ ਕੁਝ ਆਗੂਆਂ ਦੇ ਸਿਰ ਛੱਡ ਕੇ ਖ਼ੁਦ ਚੁੱਪ ਬੈਠ ਜਾਵਾਂਗੇ ਤਾਂ ਜੱਥੇਬੰਦੀ ਕਮਜ਼ੋਰ ਹੋਵੇਗੀ। ਜਦੋਂ ਹਰ ਮੁਲਾਜ਼ਮ ਆਪਣੇ ਸਾਥੀ ਦੇ ਹੱਕ ਨੂੰ ਆਪਣਾ ਹੱਕ ਸਮਝੇਗਾ, ਉਦੋਂ ਹੀ ਅਸਲ ਏਕਤਾ ਪੈਦਾ ਹੋਵੇਗੀ। ਕਈ ਵਾਰ ਅਸੀਂ ਕਹਿੰਦੇ ਹਾਂ-‘ਮੇਰੇ ਇਕੱਲੇ ਨਾਲ ਕੀ ਹੋਣਾ ਹੈ?’ ਪਰ ਇਹੀ ਸੋਚ ਸਭ ਤੋਂ ਵੱਡੀ ਕਮਜ਼ੋਰੀ ਬਣ ਜਾਂਦੀ ਹੈ। ਇਕ-ਇਕ ਕਰਕੇ ਜੁੜੀਆਂ ਆਵਾਜ਼ਾਂ ਹੀ ਇਕ ਤਾਕਤਵਰ ਆਵਾਜ਼ ਬਣਦੀਆਂ ਹਨ। ਇਕ ਮੁਲਾਜ਼ਮ ਦੀ ਚਿੰਤਾ ਜਦੋਂ ਹਜ਼ਾਰਾਂ ਮੁਲਾਜ਼ਮਾਂ ਦੀ ਸਾਂਝੀ ਚਿੰਤਾ ਬਣ ਜਾਂਦੀ ਹੈ ਤਾਂ ਉਸ ਨੂੰ ਨਜ਼ਰਅੰਦਾਜ਼ ਕਰਨਾ ਸੌਖਾ ਨਹੀਂ ਰਹਿੰਦਾ। ਅੱਜ ਲੋੜ ਹੈ ਕਿ ਮੁਲਾਜ਼ਮ ਸੋਸ਼ਲ ਮੀਡੀਆ ਦੀਆਂ ਬਹਿਸਾਂ ਤੱਕ ਸੀਮਤ ਨਾ ਰਹਿਣ। ਸਿਰਫ਼ ਪੋਸਟਾਂ ਸਾਂਝੀਆਂ ਕਰਨ ਨਾਲ ਹੱਕ ਨਹੀਂ ਮਿਲਦੇ। ਜਾਗਰੂਕਤਾ ਨੂੰ ਜੱਥੇਬੰਦੀ ਨਾਲ ਅਤੇ ਜੱਥੇਬੰਦੀ ਨੂੰ ਸੰਘਰਸ਼ ਨਾਲ ਜੋੜਨਾ ਪਵੇਗਾ। ਸਾਨੂੰ ਆਪਣੇ ਨਿੱਜੀ ਮਤਭੇਦਾਂ ਤੋਂ ਉੱਪਰ ਉੱਠ ਕੇ ਸਾਂਝੇ ਮਸਲਿਆਂ ’ਤੇ ਇਕੱਠੇ ਹੋਣਾ ਪਵੇਗਾ। ਕਿਸੇ ਦੀ ਜੱਥੇਬੰਦੀ, ਕਿਸੇ ਦਾ ਆਗੂ ਜਾਂ ਕਿਸੇ ਦੀ ਵਿਚਾਰਧਾਰਾ ਪਸੰਦ ਨਾ ਹੋਵੇ ਤਾਂ ਵੀ ਸਾਂਝੇ ਮੁਲਾਜ਼ਮ ਹੱਕਾਂ ਦੇ ਮਸਲੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮਤਭੇਦ ਰਹਿ ਸਕਦੇ ਹਨ ਪਰ ਹੱਕਾਂ ਲਈ ਏਕਤਾ ਕਮਜ਼ੋਰ ਨਹੀਂ ਹੋਣੀ ਚਾਹੀਦੀ। ਮੁਲਾਜ਼ਮ ਨੂੰ ਇਹ ਸਮਝਣਾ ਪਵੇਗਾ ਕਿ ਉਸ ਦੀ ਚੁੱਪ ਸਿਰਫ਼ ਅੱਜ ਨੂੰ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਅੱਜ ਜਿਹੜਾ ਹੱਕ ਸਾਨੂੰ ਮਿਲਿਆ ਹੋਇਆ ਹੈ, ਉਹ ਕਿਸੇ ਪਿਛਲੀ ਪੀੜ੍ਹੀ ਦੇ ਸੰਘਰਸ਼ ਦਾ ਨਤੀਜਾ ਹੋ ਸਕਦਾ ਹੈ। ਇਸੇ ਤਰ੍ਹਾਂ ਅੱਜ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਲਈ ਇਕ ਸੁਰੱਖਿਅਤ ਅਤੇ ਸਨਮਾਨਜਨਕ ਸੇਵਾ ਪ੍ਰਣਾਲੀ ਛੱਡ ਕੇ ਜਾਈਏ। ਇਸ ਲਈ ਹੁਣ ਸਮਾਂ ਹੈ ਆਪਣੇ ਆਪ ਨੂੰ ਪੁੱਛਣ ਦਾ-ਕੀ ਅਸੀਂ ਸਿਰਫ਼ ਆਪਣੀ ਤਨਖ਼ਾਹ ਲੈਣ ਵਾਲੇ ਮੁਲਾਜ਼ਮ ਹਾਂ ਜਾਂ ਆਪਣੇ ਹੱਕਾਂ ਦੀ ਰੱਖਿਆ ਕਰਨ ਵਾਲੇ ਜਾਗਰੂਕ ਨਾਗਰਿਕ ਵੀ ਹਾਂ? ਜੇ ਜਵਾਬ ਦੂਜਾ ਹੈ ਤਾਂ ਫਿਰ ਇਕੱਲੇ ਰਹਿਣ ਦਾ ਕੋਈ ਤਰਕ ਨਹੀਂ। ਜੱਥੇਬੰਦੀ ਬਿਨਾਂ ਗੁਜ਼ਾਰਾ ਨੀ, ਸੰਘਰਸ਼ ਬਿਨਾਂ ਕੋਈ ਚਾਰਾ ਨੀ। ਹੱਕ ਕਿਸੇ ਦੀ ਭੀਖ ਨਹੀਂ ਹੁੰਦੇ। ਹੱਕਾਂ ਦੀ ਰੱਖਿਆ ਜਾਗਰੂਕਤਾ, ਏਕਤਾ ਤੇ ਸੰਘਰਸ਼ ਨਾਲ ਹੁੰਦੀ ਹੈ। ਇਸ ਲਈ ਹਰ ਮੁਲਾਜ਼ਮ ਜਾਗੇ, ਆਪਣੇ ਹੱਕ ਜਾਣੇ, ਆਪਣੇ ਸਾਥੀਆਂ ਨਾਲ ਖੜ੍ਹੇ ਹੋਵੇ ਅਤੇ ਜੱਥੇਬੰਦੀ ਨੂੰ ਮਜ਼ਬੂਤ ਕਰੇ। ਕਿਉਂਕਿ ਜਦੋਂ ਮੁਲਾਜ਼ਮ ਇਕੱਲਾ ਹੁੰਦਾ ਹੈ ਤਾਂ ਉਹ ਸਿਰਫ਼ ਇੱਕ ਗਿਣਤੀ ਹੁੰਦਾ ਹੈ, ਪਰ ਜਦੋਂ ਉਹ ਜੱਥੇਬੰਦ ਹੁੰਦਾ ਹੈ ਤਾਂ ਇੱਕ ਤਾਕਤ ਬਣ ਜਾਂਦਾ ਹੈ। ਆਪਣੇ ਹੱਕਾਂ ਲਈ ਜਾਗੋ, ਇਕੱਠੇ ਹੋਵੋ-ਜੱਥੇਬੰਦ ਹੋਵੋ।
-ਨਵਨੀਤ ਸਿੰਘ, 9814509900