- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਗਿਆਨਕ ਅਤੇ ਮਨੋਵਿਗਿਆਨਕ ਅਧਿਐਨ ਇਹ ਦਰਸਾਉਂਦੇ ਹਨ ਕਿ ਕੰਮ ਅਤੇ ਨਿੱਜੀ ਜੀਵਨ ਵਿਚਕਾਰ ਸੰਤੁਲਨ ਹੋਣ ਨਾਲ ਹੀ ਕਰਮਚਾਰੀ ਲੰਬਾ ਸਮਾਂ ਖੁਸ਼ ਅਤੇ ਉਤਪਾਦਕ ਬਣੇ ਰਹਿ ਸਕਦੇ ਹਨ। ਇਸ ਸਥਿਤੀ ਨੂੰ ਸੁਧਾਰਨ ਲਈ ਕੰਪਨੀਆਂ ਅਤੇ ਸੰਸਥਾਵਾਂ ਨੂੰ ਆਪਣੇ ਕਰਮਚਾਰੀਆਂ ਦੇ ਨਿੱਜੀ ਸਮੇਂ ਅਤੇ ਨਿੱਜਤਾ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ।

ਅੱਜ ਦੀ ਡਿਜੀਟਲ ਅਤੇ ਤੇਜ਼ ਰਫ਼ਤਾਰ ਦੁਨੀਆ ’ਚ, ਆਧੁਨਿਕ ਤਕਨਾਲੋਜੀ ਨੇ ਸਾਡੀ ਕੰਮ ਕਰਨ ਦੀ ਸ਼ੈਲੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹਾਲਾਂਕਿ ਇਸ ਨਾਲ ਕੰਮ ’ਚ ਤੇਜ਼ੀ ਆਈ ਹੈ ਤੇ ਉਤਪਾਦਕਤਾ ਤੇ ਸਿਰਜਣਾਤਮਕਤਾ ਵਧੀ ਹੈ ਪਰ ਇਸ ਦਾ ਇਕ ਨਕਾਰਾਤਮਕ ਪੱਖ ਇਹ ਹੈ ਕਿ ਅਸੀਂ ਅਸਲ ’ਚ ਕੰਮ ਤੋਂ ਕਦੇ ਮੁਕਤ ਨਹੀਂ ਹੁੰਦੇ। ਕੰਮ ਨਾਲ ਸੰਬੰਧਤ ਸੁਨੇਹੇ, ਈਮੇਲ ਅਤੇ ਫੋਨ ਕਾਲ ਦਫ਼ਤਰ ਦੇ ਸਮੇਂ ਤੋਂ ਬਾਅਦ ਵੀ ਨਿਰੰਤਰ ਆਉਂਦੀਆਂ ਰਹਿੰਦੀਆਂ ਹਨ, ਜਿਸ ਕਾਰਨ ਪੇਸ਼ੇਵਰ ਅਤੇ ਨਿੱਜੀ ਜੀਵਨ ਵਿਚਕਾਰਲੀ ਰੇਖਾ ਬਹੁਤ ਧੁੰਦਲੀ ਹੋ ਗਈ ਹੈ। ਇਕ ਸਿਹਤਮੰਦ ਜੀਵਨ ਲਈ ਵਿਅਕਤੀਗਤ ਸਮਾਂ ਬਹੁਤ ਜ਼ਰੂਰੀ ਹੈ। ਕੰਮ ਦੇ ਲੰਬੇ ਅਤੇ ਥਕਾਵਟ ਭਰੇ ਦਿਨ ਤੋਂ ਬਾਅਦ ਹਰ ਇਨਸਾਨ ਨੂੰ ਮਾਨਸਿਕ ਤੌਰ ’ਤੇ ਆਰਾਮ, ਪਰਿਵਾਰ ਤੇ ਪਿਆਰਿਆਂ ਨਾਲ ਸਮਾਂ ਬਿਤਾਉਣ ਅਤੇ ਆਪਣੇ ਸ਼ੌਕ ਪੂਰੇ ਕਰਨ ਲਈ ਕੁਝ ਨਿੱਜੀ ਪਲਾਂ ਦੀ ਲੋੜ ਹੁੰਦੀ ਹੈ। ਜਦੋਂ ਕਰਮਚਾਰੀ ਹਰ ਸਮੇਂ ‘ਆਨ ਕਾਲ’ ਜਾਂ ਕੰਮ ਲਈ ਉਪਲਬਧ ਰਹਿੰਦੇ ਹਨ, ਤਾਂ ਉਨ੍ਹਾਂ ਦੇ ਮਨ ’ਚ ਲਗਾਤਾਰ ਤਣਾਅ ਬਣਿਆ ਰਹਿੰਦਾ ਹੈ। ਨਤੀਜੇ ਵਜੋਂ ਉਹ ਚਿੰਤਾ, ਮਾਨਸਿਕ ਥਕਾਵਟ ਤੇ ਅਸੰਤੁਲਨ ਦਾ ਸ਼ਿਕਾਰ ਹੋ ਜਾਂਦੇ ਹਨ, ਜੋ ਸਿੱਧੇ ਤੌਰ ’ਤੇ ਉਨ੍ਹਾਂ ਦੀ ਸਮੁੱਚੀ ਸਿਹਤ ਅਤੇ ਮਾਨਸਿਕ ਸ਼ਾਂਤੀ ਨੂੰ ਪ੍ਰਭਾਵਿਤ ਕਰਦਾ ਹੈ। ਵਿਗਿਆਨਕ ਅਤੇ ਮਨੋਵਿਗਿਆਨਕ ਅਧਿਐਨ ਇਹ ਦਰਸਾਉਂਦੇ ਹਨ ਕਿ ਕੰਮ ਅਤੇ ਨਿੱਜੀ ਜੀਵਨ ਵਿਚਕਾਰ ਸੰਤੁਲਨ ਹੋਣ ਨਾਲ ਹੀ ਕਰਮਚਾਰੀ ਲੰਬਾ ਸਮਾਂ ਖੁਸ਼ ਅਤੇ ਉਤਪਾਦਕ ਬਣੇ ਰਹਿ ਸਕਦੇ ਹਨ। ਇਸ ਸਥਿਤੀ ਨੂੰ ਸੁਧਾਰਨ ਲਈ ਕੰਪਨੀਆਂ ਅਤੇ ਸੰਸਥਾਵਾਂ ਨੂੰ ਆਪਣੇ ਕਰਮਚਾਰੀਆਂ ਦੇ ਨਿੱਜੀ ਸਮੇਂ ਅਤੇ ਨਿੱਜਤਾ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ। ਦਫ਼ਤਰ ਦੇ ਸਮੇਂ ਤੋਂ ਬਾਅਦ ਬੇਲੋੜੇ ਸੰਪਰਕ ਨੂੰ ਰੋਕਣ ਲਈ ਸਪੱਸ਼ਟ ਤੇ ਵਾਜਬ ਸੀਮਾ ਤੈਅ ਕੀਤੀ ਜਾਣੀ ਚਾਹੀਦੀ ਹੈ, ਜਿਵੇਂ ਕਿ ਐਮਰਜੈਂਸੀ ਨੂੰ ਛੱਡ ਕੇ ਦਫ਼ਤਰੀ ਸਮੇਂ ਤੋਂ ਬਾਅਦ ਕੋਈ ਕਾਲ ਜਾਂ ਸੁਨੇਹਾ ਭੇਜਣ ਤੋਂ ਗ਼ੁਰੇਜ਼ ਕਰਨਾ। ਕੰਮ ਤੋਂ ਨਾਤਾ ਤੋੜਨ ਦਾ ਅਧਿਕਾਰ ਮਹਿਜ਼ ਇਕ ਸਹੂਲਤ ਨਹੀਂ, ਸਗੋਂ ਮਨੁੱਖੀ ਤੰਦਰੁਸਤੀ ਦੀ ਅਣਸਰਦੀ/ਮੁੱਢਲੀ ਲੋੜ ਵੀ ਹੈ। ਜਦੋਂ ਕੋਈ ਵਿਅਕਤੀ ਆਪਣੇ ਕਾਰਜ-ਖੇਤਰ ਦੀਆਂ ਉਲਝਣਾਂ ਤੋਂ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਆਜ਼ਾਦ ਹੁੰਦਾ ਹੈ, ਤਾਂ ਉਸ ਦਾ ਸਰੀਰ ਤੇ ਮਨ ਦੁਬਾਰਾ ਤਰੋ-ਤਾਜ਼ਾ ਹੋ ਜਾਂਦਾ ਹੈ। ਇਹੀ ਠਹਿਰਾਅ ਉਸ ਨੂੰ ਅਗਲੇ ਦਿਨ ਕੰਮ ’ਤੇ ਨਵੀਂ ਊਰਜਾ ਤੇ ਵਧੇਰੇ ਉਤਸ਼ਾਹ ਨਾਲ ਵਾਪਸ ਪਰਤਣ ਤੇ ਅਗਲੇ ਦਿਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਬਣਾਉਂਦਾ ਹੈ।
-ਰਤਿਕਾ ਓਬਰਾਏ, ਬਲਾਕ ਮੀਡੀਆ ਅਫ਼ਸਰ, ਧਨੌਲਾ।