- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਇਨਾਜ਼ ਇਤਿਹਾਸਕਾਰ ਤੇ ਪੰਥਕ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਨੇ ਪੰਜਾਬ ਦੀ ਵੰਡ ਤੇ ਜਨ ਤ੍ਰਾਸਦੀ ਦਾ ਦੁਖਾਂਤ ਤਨ ਤੇ ਮਨ ’ਤੇ ਖ਼ੁਦ ਹੰਢਾਇਆ ਸੀ। ਇਸ ਲਈ ਜਦੋਂ ਵੀ ਉਨ੍ਹਾਂ ਦੀ ਕਲਮ ਨੇ ਇਸ ਦੁਖਾਂਤਕ ਸੱਚ ਨੂੰ ਇਤਿਹਾਸਕ ਜਾਂ ਸਾਹਿਤਕ ਰੂਪ ’ਚ ਕਲਮਬੱਧ ਕਰਨ ਦਾ ਯਤਨ ਕੀਤਾ ਤਾਂ ਉਹ ਪਾਠਕਾਂ ਦੀ ਕਸੌਟੀ ’ਤੇ ਇਸ ਕਦਰ ਪ੍ਰਵਾਨ ਚੜਿ੍ਹਆ ਜਿਸ ਤਹਿਤ ਕੌਮਾਂਤਰੀ ਪੱਧਰ ’ਤੇ ਉਨ੍ਹਾਂ ਦੀ ਪਛਾਣ ਬਤੌਰ ਜ਼ਹੀਨ ਸਾਹਿਤਕਾਰ ਵਿਕਸਤ ਹੋਈ।

ਮਾਇਨਾਜ਼ ਇਤਿਹਾਸਕਾਰ ਤੇ ਪੰਥਕ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਨੇ ਪੰਜਾਬ ਦੀ ਵੰਡ ਤੇ ਜਨ ਤ੍ਰਾਸਦੀ ਦਾ ਦੁਖਾਂਤ ਤਨ ਤੇ ਮਨ ’ਤੇ ਖ਼ੁਦ ਹੰਢਾਇਆ ਸੀ। ਇਸ ਲਈ ਜਦੋਂ ਵੀ ਉਨ੍ਹਾਂ ਦੀ ਕਲਮ ਨੇ ਇਸ ਦੁਖਾਂਤਕ ਸੱਚ ਨੂੰ ਇਤਿਹਾਸਕ ਜਾਂ ਸਾਹਿਤਕ ਰੂਪ ’ਚ ਕਲਮਬੱਧ ਕਰਨ ਦਾ ਯਤਨ ਕੀਤਾ ਤਾਂ ਉਹ ਪਾਠਕਾਂ ਦੀ ਕਸੌਟੀ ’ਤੇ ਇਸ ਕਦਰ ਪ੍ਰਵਾਨ ਚੜਿ੍ਹਆ ਜਿਸ ਤਹਿਤ ਕੌਮਾਂਤਰੀ ਪੱਧਰ ’ਤੇ ਉਨ੍ਹਾਂ ਦੀ ਪਛਾਣ ਬਤੌਰ ਜ਼ਹੀਨ ਸਾਹਿਤਕਾਰ ਵਿਕਸਤ ਹੋਈ। ਹਾਲਾਂਕਿ ਉਨ੍ਹਾਂ ਦੇ ਸਮਕਾਲੀ ਕਈ ਹੋਰ ਲੇਖਕਾਂ ਨੇ ਆਪੋ-ਆਪਣੀਆਂ ਲਿਖਤਾਂ ਅਤੇ ਸਾਹਿਤਕ ਵਿਧੀ-ਵਿਧਾਨਾਂ ਅਨੁਸਾਰ ਇਸ ਦੁਖਾਂਤ ਨੂੰ ਪਾਠਕਾਂ ਤੱਕ ਪੁਜਾਉਣ ਦਾ ਯਤਨ ਕੀਤਾ ਹੈ ਪਰ ਉਕਤ ਵਿਸ਼ੇ ਦੀਆਂ ਲਿਖਤਾਂ ਪ੍ਰਤੀ ਜੋ ਮੁਹੱਬਤ ਗਿਆਨੀ ਸੀਤਲ ਦੀਆਂ ਲਿਖਤਾਂ ਨੂੰ ਪ੍ਰਾਪਤ ਹੋਈ ਹੈ, ਉਹ ਮਹਿਜ਼ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਤੋਂ ਬਿਨਾਂ ਕਿਸੇ ਦੇ ਹਿੱਸੇ ਨਹੀਂ ਆਈ। ਜਿਵੇਂ ਇਸਲਾਮ-ਪ੍ਰਸਤ ਕਵੀ ਯੋਗੀ ਅੱਲਾ ਯਾਰ ਖਾਂ ਦੇ ਲਹੂ ’ਚ ਵੱਡੇ, ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਵੇਦਨਾ ਗਹਿਰੀ ਅਸਰਦਾਰ ਹੋਈ ਸੀ, ਉਸੇ ਤਰਜ਼ ’ਤੇ ਬਟਵਾਰੇ ਦਾ ਦੁਖਾਂਤ ਸੋਹਣ ਸਿੰਘ ਸੀਤਲ ਦੀ ਕਲਮ ਨੂੰ ਤਮਾਮ ਉਮਰ ਰੁਦਨ ਕਰਨ ਲਈ ਮਜਬੂਰ ਕਰਦਾ ਰਿਹਾ। ਬਟਵਾਰੇ ਦੀਆਂ ਘਟਨਾਵਾਂ, ਲੱਖਾਂ ਨਿਰਦੋਸ਼ ਲੋਕਾਂ ਦੀ ਕਤਲੋਗਾਰਤ, ਲੁੱਟ-ਖਸੁੱਟ ਦੀਆਂ ਵਾਰਦਾਤਾਂ, ਪੱਤ ਲੁੱਟਣ ਦੇ ਕਾਰਨਾਮੇ ਜਾਂ ਲਹੂ ਦੇ ਨਾਤਿਆਂ ’ਚ ਘੁਲ਼ੀ ਫ਼ਿਰਕੂ ਨਫ਼ਰਤ ਦੀ ਸਵੈ-ਪੀੜ ਹੰਢਾਉਣ ਤੇ ਇਸ ਦੇ ਚਸ਼ਮਦੀਦ ਗਵਾਹ ਸੀਤਲ ਦੀ ਬਾਕਮਾਲ ਲਿਖਤ ‘ਪੰਜਾਬ ਦਾ ਉਜਾੜਾ’ ਫ਼ਿਰਕਾਦਾਰਾਨਾ ਵੰਡ ਦਾ ਇਕ ਅਜਿਹਾ ਦਸਤਾਵੇਜ਼ੀ ਪ੍ਰਮਾਣ ਹੈ ਜਿਸ ਨੇ ਤ੍ਰਾਸਦੀ ਦੀਆਂ ਤਹਿਆਂ ’ਚ ਛੁਪੀਆਂ ਕਈ ਅਣਗੋਲੀਆਂ ਪਰਤਾਂ ਤੇ ਦਿਲ-ਕੰਬਾਊ ਘਟਨਾਵਾਂ ਨੂੰ ਉਜਾਗਰ ਕੀਤਾ ਹੈ। ਪੂਰਬੀ ਪੰਜਾਬ ਦੀ ਮਾਝਾ ਬੈਲਟ ਦੀ ਜੂਹ ਨਾਲ ਲੱਗੀ ਕੰਡਿਆਲੀ ਤਾਰ ਤੋਂ ਪਾਰ ਲੱਗਦੇ ਲਹਿੰਦੇ ਪੰਜਾਬ ਦੇ ਪਿੰਡਾਂ ਬਰਕੀ, ਪੀਰੂਵਾਲ਼ਾ, ਵਰਨਾਂ, ਕਾਦੀਵਿੰਡ ਤੇ ਕਸਬਾ ਕਸੂਰ ਆਦਿ ’ਚ ਵਾਪਰੀਆਂ ਘਟਨਾਵਾਂ ਨੂੰ ਜਿੱਥੇ ਉਨ੍ਹਾਂ ਸ਼ਿੱਦਤ ਤੇ ਬਰੀਕੀ ਨਾਲ ਬਿਆਨਿਆ ਹੈ, ਉੱਥੇ ਹੀ ਵੰਡ ਤੋਂ ਪਹਿਲੇ ਸਰਵ-ਸਾਂਝੇ ਲੋਕ ਇਤਫ਼ਾਕ ਰੌਚਕ ਤਰੀਕੇ ਨਾਲ ਬਾਖੂਬੀ ਪੇਸ਼ ਕੀਤੇ। ਸਤਾਰਾਂ ਅਕਤੂਬਰ 1962 ਨੂੰ ਪ੍ਰਕਾਸ਼ਿਤ ਉਨ੍ਹਾਂ ਦਾ ਬਹੁ-ਚਰਚਿਤ ਤੇ ਸਦਾਬਹਾਰ ਨਾਵਲ ‘ਤੂਤਾਂ ਵਾਲ਼ਾ ਖੂਹ’ ਬੀਤੇ ਛੇ ਦਹਾਕਿਆਂ ਤੋਂ ਅੱਜ ਤੱਕ ਵੀ ਪਾਠਕਾਂ ਦੀ ਪਾਰਖੂ ਕਸਵੱਟੀ ’ਤੇ ਖ਼ਰਾ ਉਤਰਨ ਵਾਲ਼ਾ ਅਜਿਹਾ ਪਲੇਠਾ ਨਾਵਲ ਹੈ ਜਿਸ ਦੇ ਤੁਲ ਬਟਵਾਰੇ ਨਾਲ਼ ਸਬੰਧਤ ਹੋਰ ਕੋਈ ਰਚਨਾ ਨੇੜੇ-ਤੇੜੇ ਵੀ ਨਹੀਂ ਢੁੱਕ ਸਕਦੀ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੋ ਦਹਾਕਿਆਂ ਤੱਕ ਮੈਟਿ੍ਰਕੂਲੇਸ਼ਨ ਜਮਾਤਾਂ ਨੂੰ ਪੜ੍ਹਾਏ ਜਾਣ ਵਾਲ਼ੇ ਇਸ ਨਾਵਲ ਵਿਚਲੇ ਕਿਰਦਾਰ ਬਾਬਾ ਅਕਾਲੀ, ਸੱਜਣ ਸਿੰਘ, ਇਲਮਦੀਨ, ਗਹਿਣਾ ਲੁਹਾਰ ਅਤੇ ਧੰਨੇ ਸ਼ਾਹ ਅੱਜ ਵੀ ਪਾਠਕਾਂ ਦੀ ਜ਼ੁਬਾਨ ’ਤੇ ਚਰਚਿਤ ਹਨ। ਇਸੇ ਨਾਵਲ ’ਤੇ ਆਧਾਰਤ ਬਣਿਆ ਟੀਵੀ ਸੀਰੀਅਲ ਵੀ ਦੂਰਦਰਸ਼ਨ ਜਲੰਧਰ ’ਤੇ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ। ਇਸ ਤੋਂ ਇਲਾਵਾ ਸਾਹਿਤਕਾਰ ਅਕੈਡਮੀ ਭਾਰਤ ਵੱਲੋਂ ਸਰਵੋਤਮ ਪੁਰਸਕਾਰ ਪ੍ਰਾਪਤ ਕਰ ਚੁੱਕੇ 16 ਅਕਤੂਬਰ 1971 ਨੂੰ ਛਪੇ ਨਾਵਲ ‘ਯੁੱਗ ਬਦਲ ਗਿਆ’ ਦੀ ਵੀ ਬਟਵਾਰੇ ’ਤੇ ਆਧਾਰਤ ਕਹਾਣੀ ਨੂੰ ਡੀਡੀ ਪੰਜਾਬੀ ਵੱਲੋਂ ਸੀਰੀਅਲ ਦੇ ਰੂਪ ਟੈਲੀਕਾਸਟ ਕੀਤਾ ਜਾ ਚੁੱਕਾ ਹੈ। ‘ਤਕਸੀਮ-ਏ-ਪੰਜਾਬ’ ਤੋਂ ਬਾਅਦ ਬੇਘਰ ਹੋਏ ਪੰਜਾਬੀਆਂ ਨਾਲ਼ ਜੁੜੀ ਇਹ ਕਹਾਣੀ ਅੱਜ ਵੀ ਲੋਕ ਗੀਤ ਦੀ ਤਰ੍ਹਾਂ ਮਸ਼ਹੂਰ ਹੈ। ਵੰਡ ’ਤੇ ਆਧਾਰਤ 7 ਫਰਵਰੀ 1966 ਨੂੰ ਪ੍ਰਕਾਸ਼ਿਤ ਹੋਇਆ ਸੋਹਣ ਸਿੰਘ ਸੀਤਲ ਦਾ ਨਾਵਲ ‘ਈਚੋਗਿਲ ਨਹਿਰ ਤੱਕ’ ਇਕ ਲਾਜਵਾਬ ਰਚਨਾ ਹੈ। ਇਸ ਕਹਾਣੀ ਦਾ ਅੰਤ 1965 ਦੀ ਜੰਗ ਖ਼ਤਮ ਹੋਣ ਮੌਕੇ ਈਚੋਗਿਲ ਨਹਿਰ ਦੇ ਕਿਨਾਰੇ ਇਕ ਅਜਿਹੇ ਮੁਕਾਮ ’ਤੇ ਉਦੋਂ ਹੁੰਦਾ ਹੈ ਜਦੋਂ ਨਾਵਲ ਦਾ ਪਾਤਰ ਪਿਆਰਾ ਸਿੰਘ ਆਪਣੇ ਸਕੇ ਤੇ ਬੱਚਿਆਂ ਵਾਂਗੂ ਪਾਲ਼ੇ, ਹਜ਼ਾਰਾਂ ਮੰਨਤਾਂ ਮੰਗ ਕੇ ਪ੍ਰਾਪਤ ਕੀਤੇ ਆਪਣੇ ਛੋਟੇ ਭਰਾ ਤੇ ਪਾਕਿਸਤਾਨੀ ਫ਼ੌਜ ਦੇ ਫ਼ੌਜੀ ਪ੍ਰੀਤੂ ਦਾ ਭਾਰਤੀ ਫ਼ੌਜ ਦੇ ਹਵਾਲਦਾਰ ਦੇ ਫ਼ਰਜ਼ ਨਿਭਾਉਂਦਿਆਂ ਅਣਜਾਣੇ ’ਚ ਕਤਲ ਕਰ ਦਿੰਦਾ ਹੈ। ਪਿੰਡ ਕਾਦੀਵਿੰਡ ’ਚ ਵਾਪਰੀ ਇਕ ਸੱਚੀ ਘਟਨਾ ’ਤੇ ਆਧਾਰਤ 19 ਨਵੰਬਰ 1952 ਨੂੰ ਪ੍ਰਕਾਸ਼ਿਤ ਹੋਇਆ ਨਾਵਲ ‘ਦੀਵੇ ਦੀ ਲੋਅ’ ਅਜਿਹੀ ਜ਼ਹੀਨ ਰਚਨਾ ਹੈ ਜਿਸ ਦਾ ਪ੍ਰਭਾਵ ਅੱਜ ਵੀ ਪਾਠਕਾਂ ’ਤੇ ਹੈ। ਉਨ੍ਹਾਂ ਦੇ ਨਾਵਲ ‘ਪਤਵੰਤੇ ਕਾਤਲ’ ਦਾ ਅੰਤ ਵੀ ਦੇਸ਼ ਦੇ ਬਟਵਾਰੇ ਤੇ ਖ਼ਤਮ ਹੋ ਚੁੱਕੀਆਂ ਸਮਾਜਿਕ ਕਦਰਾਂ-ਕੀਮਤਾਂ ਨਾਲ਼ ਜੁੜਿਆ ਹੋਇਆ ਹੈ। ਸੀਤਲ ਦੇ ਜ਼ਿਹਨ ’ਚ ਸਮੋਈ ਦੇਸ਼ ਦੀ ਵੰਡ ਦੀ ਪੀੜਾ ਉਨ੍ਹਾਂ ਦੀ ਲਾਮਿਸਾਲ ਕਲਾ ਦਾ ਮੂਲ ਆਧਾਰ ਮੰਨੀ ਗਈ ਹੈ। ਤੇਈ ਸਤੰਬਰ 1998 ਨੂੰ ਉਹ ਸੰਸਾਰ ਤੋਂ ਰੁਖ਼ਸਤ ਹੋਣ ਤੱਕ ਇਸ ਦੀ ਪੁਸ਼ਟੀ ਖ਼ੁਦ ਕਰਦੇ ਰਹੇ ਤੇ ਇਸ ਦਾ ਖ਼ੁਲਾਸਾ ਉਨ੍ਹਾਂ ਆਪਣੀ ਸਵੈ-ਜੀਵਨੀ ‘ਵੇਖੀ ਮਾਣੀ ਦੁਨੀਆ’ ਵਿਚ ਵੀ ਕੀਤਾ ਹੈ।
-ਸ਼ਮਸ਼ੇਰ ਸਿੰਘ ਡੂਮੇਵਾਲ। ਮੋਬਾਈਲ : 98723-31999