- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੋਲੀਆਂ ਚੱਲਣ ਕਾਰਨ ਦੋ ਵਿੱਦਿਆਰੀਆਂ ਦੀ ਮੌਤ ਦੇ ਨਾਲ ਨਾਲ ਬਹੁਤ ਸਾਰੇ ਜੁਝਾਰੂ ਅਤੇ ਕਈ ਸ਼ਹਿਰੀ ਜ਼ਖਮੀ ਹੋ ਗਏ। ਗੰਭੀਰ ਜ਼ਖਮੀਆਂ ਨੂੰ ਪੱਲੇਦਾਰਾਂ ਦੀਆਂ ਰੇਹੜੀਆਂ ਤੇ ਲੱਦ-ਲੱਦ ਕੇ ਸਰਕਾਰੀ ਹਸਪਤਾਲ ਪਹੁੰਚਾਇਆ, ਹਸਪਤਾਲ ਜ਼ਖ਼ਮੀਆਂ ਨਾਲ ਭਰ ਗਿਆ। ਵਿੱਦਿਆਰਥੀਆਂ ਨੇ ਮੋਰਚਾ ਲਗਾ ਦਿੱਤਾ। ਸਾੜ ਫੂਕ ਦੀਆਂ ਕਾਰਵਾਈਆਂ ਆਰੰਭ ਹੋ ਗਈਆਂ। ਮੋਗਾ ਗੋਲੀ ਕਾਂਡ ਦੀ ਸੂਚਨਾ ਪੰਜਾਬ ਦੇ ਮੁੱਖ ਮੰਤਰੀ ਗਿਆਨੀ

ਗਿਆਨ ਸਿੰਘ
ਦੁਨੀਆਂ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਜਿਹੜੀ ਮੂਵਮੈਂਟ, ਅੰਦੋਲਨ, ਲਹਿਰ ਵਿੱਦਿਆਰਥੀਆਂ ਦੇ ਹੱਥਾਂ ’ਚ ਆਈ ਹੈ, ਉਸ ਦਾ ਕਦੇ ਅੰਤ ਨਹੀ ਹੁੰਦਾ। ਪਿਛਲੇ ਦਿਨੀਂ ਦਿੱਲੀ ’ਚ ਵਿੱਦਿਆਰਥੀਆਂ ਦੇ ਸੰਘਰਸ਼ ਨੂੰ ਵੀ ਮੋਗਾ ਰੀਗਲ ਸਿਨੇਮਾ ਗੋਲ਼ੀ ਕਾਂਡ ਨਾਲ ਜੋੜ ਕੇ ਵੇਖਿਆ ਗਿਆ। ਵਿੱਦਿਅਕ ਸੰਸਥਾਵਾਂ ’ਚ ਵਿੱਦਿਆਰਥੀ ਆਉਂਦੇ ਰਹਿੰਦੇ ਹਨ ਤੇ ਆਪਣੀਆਂ ਕਲਾਸਾਂ ਪੂਰੀਆਂ ਕਰ ਕੇ ਸੰਸਥਾਵਾਂ ਛੱਡ ਕੇ ਚਲੇ ਜਾਂਦੇ। ਪੰਜਾਬ ’ਚ 1972 ’ਚ ਨਕਸਲਵਾੜੀ ਲਹਿਰ ਦਾ ਅਰੰਭ ਹੋ ਰਿਹਾ ਸੀ। ਉਸ ਸਮੇਂ ਮੋਗਾ ’ਚ ਵਿੱਦਿਆਰਥੀਆਂ ਦੀ ਰੀਗਲ ਸਿਨੇਮਾ ਮਾਲਕਾਂ ਖ਼ਿਲਾਫ਼ ਟਿਕਟਾਂ ਦੀ ਬਲੈਕ ਮਾਰਕੀਟਿੰਗ ਰੋਕਣ ਲਈ ਲੜ੍ਹਾਈ ਆਰੰਭ ਸੀ। ਪੰਜਾਬ ’ਚ ਕਾਂਗਰਸ ਦੀ ਸਰਕਾਰ ਸੀ, ਜਿਸ ਦੀ ਅਗਵਾਈ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਕਰ ਰਹੇ ਸਨ।
7 ਅਗਸਤ 1972 ਨੂੰ ਪੰਜਾਬ ਦਾ 12ਵਾਂ ਜ਼ਿਲ੍ਹਾ ਫਰੀਦਕੋਟ ਬਣਾਇਆ ਗਿਆ ਸੀ, ਜਿਸ ’ਚ ਜ਼ਿਲ੍ਹਾ ਬਠਿੰਡਾ ਦੀ ਤਹਿਸੀਲ ਫਰੀਦਕੋਦ, ਜ਼ਿਲ੍ਹਾ ਫਿਰੋਜ਼ਪੁਰ ਦੀਆਂ ਮੁਕਤਸਰ ਤੇ ਮੋਗਾ ਤਹਿਸੀਲਾਂ ਸ਼ਾਮਲ ਕੀਤੀਆਂ ਗਈਆਂ ਸਨ। ਅਜੇ ਨਵੇਂ ਜ਼ਿਲ੍ਹੇ ਫਰੀਦਕੋਟ ਬਣੇ ਨੂੰ ਦੋ ਮਹੀਨੇ ਹੋਏ ਸਨ, ਮੋਗਾ ਵਿਖੇ 5 ਅਕਤੂਬਰ 1972 ਨੂੰ ਰੀਗਲ ਸਿਨੇਮਾ ਦੇ ਮਾਲਕਾਂ ਤੇ ਵਿੱਦਿਆਰਥੀਆਂ ਵਿਚਕਾਰ ਟਿਕਟਾਂ ਦੀ ਬਲੈਕ ਦੇ ਮੁੱਦੇ ਕਾਰਨ ਲੜ੍ਹਾਈ ਝਗੜਾ ਸ਼ੁਰੂ ਹੋਇਆ। ਵਿੱਦਿਆਰਥੀਆਂ ਦੀ ਮੰਗ ਸੀ ਕਿ ਫਿਲਮਾਂ ਵੇਖਣ ਲਈ ਟਿਕਟਾਂ ’ਚ ਰਿਆਇਤ ਹੋਵੇ। ਵਿੱਦਿਆਰਥੀਆਂ ਲਈ ਟਿਕਟਾਂ ਲੈਣ ਲਈ ਵੱਖਰੀ ਖਿੜਕੀ ਹੋਵੇ ਅਤੇ ਸਿਨੇਮੇ ਦੀਆਂ ਟਿਕਟਾਂ ਦੀ ਬਲੈਕ ਰੋਕੀ ਜਾਵੇ। ਪ੍ਰਸ਼ਾਸਨਿਕ ਅਧਕਿਾਰੀ ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਫਰੀਦਕੋਟ ਮੌਕੇ ’ਤੇ ਪਹੁੰਚ ਗਏ। ਅਚਾਨਕ ਇਕ ਘਟਨਾ ਘਟੀ ਹਰਜੀਤ ਸਿੰਘ ਤੇ ਸਵਰਨ ਸਿੰਘ ਵਾਲਾ ਕਾਫਲਾ ਕਿਵੇਂ ਨਾ ਕਿਵੇਂ ਡੀਸੀ ਤੇ ਐੱਸ ਐੱਸ ਪੀ ਕੋਲ ਪਹੁੰਚ ਗਿਆ। ਉਸ ਸਮੇਂ ਡਿਪਟੀ ਕਮਿਸ਼ਨਰ ਸੀਡੀ ਚੀਮੇ ਨੇ ਹਰਜੀਤ ਤੇ ਹੋਰ ਅੰਦੋਲਨਕਾਰੀਆਂ ਪ੍ਰਤੀ ਅੱਪਸ਼ਬਦ ਕਹੇ ਜੋ ਅਣਖੀਲੇ ਵਿੱਦਿਆਰਥੀਆਂ ਤੋਂ ਬਰਦਾਸ਼ਿਤ ਨਹੀ ਹੋਏ। ਹਰਜੀਤ ਨੇ ਪੂਰੇ ਜ਼ੋਰ ਨਾਲ ਡੀਸੀ ’ਤੇ ਹਮਲਾ ਕਰ ਦਿੱਤਾ ਤੇ ਡੀਸੀ ਨੇ ਲੜਖੜਾ ਕੇ ਡਿਗਦਿਆਂ-ਡਿਗਦਿਆਂ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ। ਡਿਪਟੀ ਕਮਿਸ਼ਨਰ ਅਤੇ ਐੱਸਐੱਸਪੀ ਦੀ ਸੁਰੱਖਿਆ ਪੰਗਤੀ ’ਚੋਂ ਇੱਕ ਨੇ ਸਿੱਧੀ ਗੋਲੀ ਹਰਜੀਤ ਦੇ ਮਾਰੀ ਤੇ ਦੂਜੇ ਨੇ ਸਵਰਨ ਦੇ, ਪਲਾਂ-ਛਿਣਾਂ ’ਚ ਦੋਵੇ ਸੰਗਰਾਮੀ ਸਾਥੀ ਜਾਨ ਕੁਰਬਾਨ ਕਰ ਗਏ। ਗੋਲੀਆਂ ਇੰਜ ਚੱਲਣ ਲਗੀਆਂ ਜਿਵੇਂ ਮੀਂਹ ਵਰ੍ਹਦਾ ਹੋਵੇ।
ਗੋਲੀਆਂ ਚੱਲਣ ਕਾਰਨ ਦੋ ਵਿੱਦਿਆਰੀਆਂ ਦੀ ਮੌਤ ਦੇ ਨਾਲ ਨਾਲ ਬਹੁਤ ਸਾਰੇ ਜੁਝਾਰੂ ਅਤੇ ਕਈ ਸ਼ਹਿਰੀ ਜ਼ਖਮੀ ਹੋ ਗਏ। ਗੰਭੀਰ ਜ਼ਖਮੀਆਂ ਨੂੰ ਪੱਲੇਦਾਰਾਂ ਦੀਆਂ ਰੇਹੜੀਆਂ ਤੇ ਲੱਦ-ਲੱਦ ਕੇ ਸਰਕਾਰੀ ਹਸਪਤਾਲ ਪਹੁੰਚਾਇਆ, ਹਸਪਤਾਲ ਜ਼ਖ਼ਮੀਆਂ ਨਾਲ ਭਰ ਗਿਆ। ਵਿੱਦਿਆਰਥੀਆਂ ਨੇ ਮੋਰਚਾ ਲਗਾ ਦਿੱਤਾ। ਸਾੜ ਫੂਕ ਦੀਆਂ ਕਾਰਵਾਈਆਂ ਆਰੰਭ ਹੋ ਗਈਆਂ।
ਮੋਗਾ ਗੋਲੀ ਕਾਂਡ ਦੀ ਸੂਚਨਾ ਪੰਜਾਬ ਦੇ ਮੁੱਖ ਮੰਤਰੀ ਗਿਆਨੀ
ਜ਼ੈਲ ਸਿੰਘ ਤੱਕ ਪੁੱਜ ਗਈ। ਕਿਹਾ ਜਾਂਦਾ ਹੈ ਕਿ ਉਸੇ ਦਿਨ ਦੇਰ ਸ਼ਾਮ ਮੁੱਖ ਮੰਤਰੀ ਬਿਨ੍ਹਾਂ ਕਿਸੇ ਲਾਮ ਲਸ਼ਕਰ ਡਰਾਈਵਰ ਤੇ ਬਾਡੀਗਾਰਡ ਨੂੰ ਨਾਲ ਲੈ ਕੇ ਮੋਗਾ ਵਿਖੇ ਮੌਕੇ ’ਤੇ ਜ਼ਾਇਜ਼ਾ ਲੈਣ ਲਈ ਖੁਦ ਪਹੁੰਚ ਗਏ। ਮੋਗਾ ਵਿਖੇ ਰੇਲਵੇ ਰੋਡ ’ਤੇ ਸਥਿਤ ਰੀਗਲ ਸਿਨੇਮਾ ਕੋਲ ਲੋਕਾਂ ਨਾਲ ਗੱਲਬਾਤ ਕਰਕੇ ਵਾਪਸ ਚਲੇ ਗਏ। ਲੋਕਾਂ ਤੋਂ ਮਿਲੀ ਰਿਪੋਰਟ ਮੁਤਾਬਿਕ ਗੋਲੀ ਚਲਣ ਦਾ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਸੀ। ਪੰਜਾਬ ਸਰਕਾਰ ਨੇ ਹਾਲਾਤਾਂ ’ਤੇ ਕਾਬੂ ਪਾਉਣ ਲਈ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਅਤੇ ਐੱਸਐਸਪੀ ਦਾ ਤਬਾਦਲਾ ਰਾਤੋ-ਰਾਤ ਕਰ ਦਿੱਤਾ, ਨਵੇਂ ਅਧਿਕਾਰੀ ਤਾਇਨਾਤ ਕਰ ਦਿੱਤੇ। ਮੋਗਾ ’ਚ ਦਫਾ 144 ਲਗਾ ਦਿੱਤੀ ਗਈ। ਰੀਗਲ ਸਿਨੇਮਾ ਅਣਮਿੱਥੇ ਸਮੇ ਤੱਕ ਬੰਦ ਕਰ ਦਿੱਤਾ ਗਿਆ। ਫਰੀਦਕੋਟ ਵਿਖੇ ਪ੍ਰਸ਼ਾਸਨ ਨਾਲ ਵਿੱਦਿਆਰਥੀਆਂ ਦੇ ਆਗੂਆਂ ਦੀ ਗੱਲਬਾਤ ਚਲਦੀ ਰਹੀ ਪਰ ਵਿੱਦਿਆਰਥੀ ਆਗੂ ਸਿਨੇਮਾ ਮੁੜ ਚਾਲੂ ਕਰਨ ਲਈ ਸਹਿਮਤ ਨਹੀਂ ਹੋਏ। ਰੀਗਲ ਸਿਨੇਮਾ ਕਾਂਡ ਦੀ ਅੱਗ ਪੂਰੇ ਪੰਜਾਬ ’ਚ ਫੈਲ ਗਈ। ਉਧਰ ਨਕਸਲਵਾੜੀ ਲਹਿਰ ਜ਼ੋਰ ਫੜਦੀ ਜਾ ਰਹੀ ਸੀ। ਪੰਜਾਬ ਸਟੂਡੈਂਟ ਯੂਨੀਅਨ ਦੀ ਕਮਾਂਡ ਲਾਲ ਝੰਡੇ ਵਾਲਿਆਂ ਦੇ ਹੱਥਾਂ ’ਚ ਸੀ ਜੋ ਬੇਇਨਸਾਫੀ ਵਿਰੁਧ ਸੰਘਰਸ਼ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਸਿਨੇਮਾ ਮਾਲਕਾਂ ਨੇ ਕਾਨੂੰਨ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀ ਹੋਏ। ਰੀਗਲ ਸਿਨੇਮਾ ਮਾਲਕਾਂ ਦੀ ਭਾਰਤ ’ਚ ਬਹੁਤ ਵੱਡੀ ਰੀਗਲ ਸਿਨੇਮਿਆਂ ਦੀ ਲਾਈਨ ਸੀ।
5 ਅਕਤੂਬਰ ਤੋਂ 7 ਅਕਤੂਬਰ 1972 ਨੂੰ ਵਾਪਰੇ ਮੋਗਾ ਰੀਗਲ ਸਿਨੇਮਾਂ ਕਾਂਡ ਨੂੰ 54 ਸਾਲ ਬੀਤ ਗਏ ਹਨ। ਰੀਗਲ ਸਿਨੇਮਾ ਬੰਦ ਹੋ ਗਿਆ, ਦੁਬਾਰਾ ਨਹੀਂ ਚੱਲਿਆ। ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਤੋਂ ਪਿਛੋਂ 30 ਅਪ੍ਰੈਲ 1977 ਤੋਂ 20 ਜੂਨ 1977 ਤੱਕ ਰਸ਼ਟਰਪਤੀ ਰਾਜ, 20 ਜੂਨ 1977 ਤੋਂ 17 ਫਰਵਰੀ 1980 ਤੱਕ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, 17 ਫਰਵਰੀ 1980 ਤੋਂ 6 ਜੂਨ 1980 ਤੱਕ ਰਾਸ਼ਟਰਪਤੀ ਰਾਜ, 6 ਜੂਨ 1980 ਤੋਂ 6 ਅਕਤੂਬਰ 1983 ਤੱਕ ਦਰਬਾਰਾ ਸਿੰਘ ਮੁੱਖ ਮੰਤਰੀ, 6 ਅਕਤੂਬਰ 1980 ਤੋਂ 29 ਸਤੰਬਰ 1985 ਤੱਕ ਰਾਸ਼ਟਰਪਤੀ ਰਾਜ ਅਤੇ 29 ਸਤੰਬਰ 1985 ਤੋਂ 11 ਜੂਨ 1987 ਤੱਕ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਰਹੇ।
ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂਆਂ ਵਲੋਂ ਆਪਣਾ ਸੰਘਰਸ਼ ਜਾਰੀ ਰਿਹਾ। ਅਖੀਰ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੌਰਾਨ ਰੀਗਲ ਸਿਨੇਮਾ ਖਰੀਦਣ ਲਈ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ। ਮੋਗਾ ਵਿਖੇ 21 ਮਾਰਚ 1986 ਨੂੰ ਲੋਕ ਸੰਪਰਕ ਵਿਭਾਗ ਪੰਜਾਬ ਦੀ ਤਰਫੋਂ ਉਸ ਵੇਲੇ ਦੇ ਐਡੀਸ਼ਨਲ ਡਾਇਰੈਕਟਰ ਪਿਆਰਾ ਸਿੰਘ ਭੁਪਾਲ ਨੇ ਦਸਤਖ਼ਤ ਕਰ ਕੇ ਰੀਗਲ ਸਿਨੇਮਾ ਦੀ ਤਕਰੀਬਨ 50 ਮਰਲੇ ਜਾਇਦਾਦ ਪੰਜਾਬ ਸਰਕਾਰ ਸਰਕਾਰ ਦੇ ਨਾਮ ਤਬਦੀਲ ਕਰਵਾ ਕੇ ਸਰਕਾਰੀ ਅਧਿਕਾਰ ਹੇਠ ਲੈ ਆਂਦੀ ਅਤੇ ਮਾਲਕਾਂ ਨੂੰ 11 ਲੱਖ 70 ਹਜ਼ਾਰ ਰੁਪਏ ਦੀ ਅਦਾਇਗੀ ਕੀਤੀ ਗਈ। ਇਸ ’ਤੇ ਕਬਜ਼ਾ ਕਰ ਕੇ ਸਹਾਇਕ ਲੋਕ ਸੰਪਰਕ ਅਫਸਰ ਦਾ ਦਫਤਰ ਖੋਲ੍ਹ ਦਿੱਤਾ। ਇਸ ’ਚ ਸੂਚਨਾ ਕੇਂਦਰ ਚਾਲੂ ਕਰ ਦਿੱਤਾ, ਜਿੱਥੇ ਲੋਕਾਂ ਨੂੰ ਅਖਬਾਰਾਂ ਪੜ੍ਹਨ ਲਈ ਮਿਲਣੀਆਂ ਸ਼ੁਰੂ ਹੋ ਗਈਆਂ ਸਨ। ਰੀਗਲ ਸਿਨੇਮੇ ਦਾ ਨਾਮ ‘ਯਾਦਗਾਰੀ ਲਾਇਬਰੇਰੀ’ ਰੱਖ ਦਿੱਤਾ ਗਿਆ। ਸਿਨੇਮੇ ਦੇ ਹਾਲ ਨੂੰ ਪ੍ਰਾਈਵੇਟ ਸਮਾਗਮਾਂ, ਸਰਕਾਰੀ ਸਮਾਗਮਾਂ, ਸੱਭਿਆਚਾਰਕ ਪ੍ਰੋਗਰਾਮਾਂ, ਡਰਾਮਿਆਂ ਆਦਿ ਲਈ ਵਰਤਣਾ ਅਰੰਭ ਕਰ ਦਿੱਤਾ। ਇਸ ਇਮਾਰਤ ਦੀ ਸਾਂਭ ਸੰਭਾਲ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਵਲੋਂ ਐੱਸ ਡੀ ਐੱਮ ਮੋਗਾ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਸੀ, ਜਿਸ ਵਿੱਦਿਆਰਥੀਆਂ ਦੇ ਨੁਮਾਇੰਦੇ ਮੌਜਦਾ ਸਰਕਾਰ ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਲਏ ਗਏ। ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਤੋਂ ਪਿੱਛੋਂ 11 ਜੂਨ 1987 ਤੋਂ 25 ਫਰਵਰੀ 1992 ਤੱਕ ਰਾਸ਼ਟਰਪਤੀ ਰਾਜ, 25 ਫਰਵਰੀ 1992 ਤੋਂ 31 ਅਗਸਤ 1995 ਤੱਕ ਬੇਅੰਤ ਸਿੰਘ ਮੁੱਖ ਮੰਤਰੀ, 31 ਅਗਸਤ 1995 ਤੋਂ 21 ਨਵੰਬਰ 1996 ਤੱਕ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਰਹੇ। ਹਰਚਰਨ ਸਿੰਘ ਬਰਾੜ ਨੇ ਆਪਣੇ ਥੋੜ੍ਹੇ ਜਿਹੇ ਕਾਰਜਕਾਲ ਦੌਰਾਨ ਦੋ ਨਵੇਂ ਜ਼ਿਲ੍ਹੇ ਮੁਕਤਸਰ ਤੇ ਮੋਗਾ ਬਣਾ ਦਿੱਤੇ। 24 ਨਵੰਬਰ 1995 ਨੂੰ ਮੋਗਾ ਨਵਾਂ ਜ਼ਿਲ੍ਹਾ ਬਣਨ ਨਾਲ ਜ਼ਿਲ੍ਹਾ ਲੋਕ ਸੰਪਰਕ ਅਫਸਰ ਦਾ ਦਫ਼ਤਰ ਇਸ ਇਮਾਰਤ ’ਚ ਖੋਲ੍ਹਿਆ ਗਿਆ। ਹਰਚਰਨ ਸਿੰਘ ਬਰਾੜ ਤੋਂ ਪਿੱਛੋਂ 21 ਨਵੰਬਰ 1996 ਤੋਂ 11 ਫਰਵਰੀ 1997 ਤੱਕ ਬੀਬੀ ਰਾਜਿੰਦਰ ਕੌਰ ਭੱਠਲ, 12 ਫਰਵਰੀ 1997 ਤੋਂ 26 ਫਰਵਰੀ 2002 ਪ੍ਰਕਾਸ਼ ਸਿੰਘ ਬਾਦਲ, 26 ਫਰਵਰੀ 2002 ਤੋਂ 1 ਮਾਰਚ 2007 ਤੱਕ ਕੈਪਟਨ ਅਮਰਿੰਦਰ ਸਿੰਘ, 1 ਮਾਰਚ 2007 ਤੋਂ 16 ਮਾਰਚ 2017 ਤੱਕ ਪ੍ਰਕਾਸ਼ ਸਿੰਘ ਬਾਦਲ, 16 ਮਾਰਚ 2017 ਤੋਂ 18 ਸਤੰਬਰ 2021 ਤੱਕ ਕੈਪਟਨ ਅਮਰਿੰਦਰ ਸਿੰਘ, 18 ਸਤੰਬਰ 2021 ਤੋਂ 16 ਮਾਰਚ 2022 ਤੱਕ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ ਹਨ। ਹੁਣ 16 ਮਾਰਚ 2022 ਤੋਂ ਪੰਜਾਬ ਦੀ ਵਾਗਡੋਰ ਭਗਵੰਤ ਸਿੰਘ ਮਾਨ ਦੇ ਹੱਥਾਂ ’ਚ ਹੈ।
ਮੋਗਾ ਵਿਖੇ ਨਵਾਂ ਸਕੱਤਰੇਤ ਬਣਨ ਨਾਲ ਜ਼ਿਲ੍ਹਾ ਲੋਕ ਸੰਪਰਕ ਅਫਸਰ ਦਾ ਦਫ਼ਤਰ ਇੱਥੋ ਤਬਦੀਲ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਵਲੋਂ ਹੁਣ ਤੱਕ ਰੀਗਲ ਸਿਨੇਮੇ ਦੀ ਇਮਾਰਤ ਦੀ ਸਾਂਭ-ਸੰਭਾਲ ਲਈ ਫੰਡ ਅਲਾਟ ਨਹੀਂ ਹੋਏ। ਇਹ ਇਮਾਰਤ ਖਸਤਾ ਹਾਲਤ ’ਚ ਹੈ ਤੇ ਜੰਗਲ ਬਣ ਚੁੱਕੀ ਹੈ। ਹੁਣ ਇਸ ਇਮਾਰਤ ਦੀ ਵਰਤੋਂ ਵੀ ਨਹੀਂ ਹੋ ਰਹੀ। ਪੰਜਾਬ ਸਰਕਾਰ ਦੇ ਅਧੀਨ ਆਈ ਇਸ ਇਮਾਰਤ ਨੂੰ 40 ਸਾਲ ਹੋ ਗਏ ਹਨ ਪਰ ਇਸ ਵਲ ਕਿਸੇ ਨੇ ਧਿਆਨ ਨਹੀਂ ਦਿੱਤਾ।
ਸ਼ਹਿਰ ਵਿਚ ਰੇਲਵੇ ਰੋਡ ’ਤੇ ਬਹੁਤ ਹੀ ਢੁਕਵੀ ਕਰੋੜਾਂ ਰੁਪਏ ਦੀ ਜਗ੍ਹਾ ਹੋਣ ਕਰ ਕੇ ਸਿਆਸੀ ਵਿਅਕਤੀਆਂ ਦੀ ਸ਼ਹਿ ’ਤੇ ਭੂਮੀ ਮਾਫੀਆ ਅਨਸਰ, ਕਈ ਸੰਸਥਾਵਾਂ ਕਬਜ਼ਾ ਕਰਨ ਦੀ ਤਾਕ ’ਚ ਹਨ। ਰੀਗਲ ਸਿਨੇਮੇ ਦੀ ਇਮਾਰਤ ਖੰਡਰ/ਜੰਗਲ ਬਣ ਚੁੱਕੀ ਹੈ, ਕਿਸੇ ਸਮੇਂ ਵੱਡਾ ਹਾਦਸਾ ਵਾਪਰ ਸਕਦਾ। ਪੰਜਾਬ ਸਰਕਾਰ ਇਸ ਜੰਗਲ ਬਣ ਚੁੱਕੀ ਸਰਕਾਰੀ ਇਮਾਰਤ ਦੀ ਸੰਭਾਲ ਕਰੇ। ਇਸ ਇਮਾਰਤ ਨੂੰ ਬਹੁਮੰਤਵੀ ਪ੍ਰੋਜੈਕਟ ਬਣਾ ਕੇ ਸਾਂਭ ਸਭਾਲ ਕੀਤੀ ਜਾਣੀ ਚਾਹੀਦੀ ਹੈ।
ਦੋ ਮਹੀਨੇ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੋਗਾ ਹਲਕੇ ਦੀ ਲੋਕ ਮਿਲਣੀ ਪਿੰਡ ਚੜਿੱਕ ਵਿਖੇ ਕੀਤੀ ਸੀ, ਇਸੇ ਪਿੰਡ ਨਾਲ ਰੀਗਲ ਸਿਨੇਮਾ ਗੋਲੀ ਕਾਂਡ ਵਿਚ ਸ਼ਹੀਦ ਹੋਏ ਹਰਜੀਤ ਸਿੰਘ ਤੇ ਸਵਰਨ ਸਿੰਘ ਸਬੰਧਿਤ ਸਨ। ਕਿਸੇ ਵਿਅਕਤੀ ਨੇ ਮੁੱਖ ਮੰਤਰੀ ਦੇ ਧਿਆਨ ’ਚ ਨਹੀਂ ਲਿਆਂਦਾ ਤੇ ਨਾਂ ਹੀ ਉਹਨਾਂ ਨੂੰ ਯਾਦ ਬਣਾਉਣ ਦੀ ਮੰਗ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਦਿਨ ਰੀਗਲ ਸਿਨੇਮੇ ਨੂੰ ਯਾਦਗਰ ਬਣਾਉਣ ਦਾ ਐਲਾਨ ਕਰਕੇ ਵਿੱਦਿਆਰਥੀ ਵਰਗ ਦੀ ਵਾਹਵਾਹ ਖੱਟ ਸਕਦੇ ਸਨ।
(ਲੇਖਕ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਹਨ, ਸੰਪਰਕ : +919815784100)