- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਕੰਮ ਕਰਨ ਵਾਲੀ ਐੱਫਐੱਸਐੱਸਏਆਈ ਉੱਤੇ ਦੇਸ਼ ’ਚ ਖਾਧ ਸੁਰੱਖਿਆ ਅਤੇ ਗੁਣਵੱਤਾ ਦੇ ਮਿਆਰਾਂ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਹੈ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ, ਕਿਉਂਕਿ ਇਸ ਨੂੰ ਇਹ ਵੀ ਕਿਹਾ ਗਿਆ ਹੈ ਕਿ ਪੈਕਟਬੰਦ ਖਾਧ ਪਦਾਰਥਾਂ ’ਚ ਹਰੇਕ ਪੋਸ਼ਕ ਤੱਤ ਦੀ ਵੱਧ ਤੋਂ ਵੱਧ ਸੀਮਾ ਮੁੜ ਤੈਅ ਕੀਤੀ ਜਾਵੇ।

.jpg)
ਸੰਜੇ ਗੁਪਤਾ
ਭਾਰਤੀ ਖਾਧ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਨੇ ਕਈ ਸਾਲਾਂ ਤੱਕ ਇਸ ਗੱਲ ’ਤੇ ਵਿਚਾਰ ਕੀਤਾ ਕਿ ਪੈਕਟਬੰਦ ਖਾਣ-ਪੀਣ ਦੇ ਉਤਪਾਦਾਂ ’ਤੇ ਕਿਸ ਤਰ੍ਹਾਂ ਦੀਆਂ ਚੇਤਾਵਨੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਪਰ ਕਿਸੇ ਕਾਰਨ ਇਸ ਸਬੰਧੀ ਕੋਈ ਨਤੀਜਾ ਨਹੀਂ ਨਿਕਲ ਸਕਿਆ। ਇਸ ਦਾ ਨਤੀਜਾ ਇਹ ਹੋਇਆ ਕਿ ਐੱਫਐੱਮਸੀਜੀ ਕੰਪਨੀਆਂ ਪੈਕਟਬੰਦ ਖਾਧ ਅਤੇ ਪੀਣ ਵਾਲੇ ਪਦਾਰਥਾਂ ਦੀ ਗੁਣਵੱਤਾ ਦੇ ਮਿਆਰਾਂ ਦੀ ਅਣਦੇਖੀ ਕਰਦੀਆਂ ਰਹੀਆਂ। ਸਮੇਂ ਦੇ ਨਾਲ ਪੈਕਟਬੰਦ ਖਾਧ ਪਦਾਰਥਾਂ ਦੀ ਵਰਤੋਂ ਤਾਂ ਵਧਦੀ ਗਈ ਪਰ ਉਨ੍ਹਾਂ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਣੇ ਬੰਦ ਨਹੀਂ ਹੋਏ। ਇਨ੍ਹਾਂ ਸਵਾਲਾਂ ਦੇ ਘੇਰੇ ’ਚ ਵਿਦੇਸ਼ੀ ਕੰਪਨੀਆਂ ਵੀ ਆਉਂਦੀਆਂ ਰਹੀਆਂ। ਅੰਤ ’ਚ ਪੈਕਟਬੰਦ ਖਾਧ ਪਦਾਰਥਾਂ ਦੀ ਗੁਣਵੱਤਾ ਦੇ ਮਿਆਰ ਤੈਅ ਕਰਨ ਦੀ ਮੰਗ ਵਾਲੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਐੱਫਐੱਸਐੱਸਏਆਈ ਨੂੰ ਹੁਕਮ ਦਿੱਤਾ ਕਿ ਉਹ ਪੈਕਟਬੰਦ ਖਾਧ ਪਦਾਰਥ ਬਣਾਉਣ ਵਾਲੀਆਂ ਕੰਪਨੀਆਂ ਨੂੰ ਆਪਣੇ ਉਤਪਾਦਾਂ ਉੱਤੇ ਸਪਸ਼ਟ ਤੌਰ ’ਤੇ ਅਜਿਹੇ ਲੇਬਲ ਲਗਾਉਣ ਦੇ ਨਿਰਦੇਸ਼ ਦੇਵੇ, ਜਿਨ੍ਹਾਂ ’ਚ ਇਹ ਦੱਸਿਆ ਗਿਆ ਹੋਵੇ ਕਿ ਉਨ੍ਹਾਂ ’ਚ ਕਿੰਨੀ ਚਰਬੀ, ਨਮਕ ਅਤੇ ਖੰਡ ਹੈ। ਕੰਪਨੀਆਂ ਲਈ ਸਪਸ਼ਟ ਦਿਖਾਈ ਦੇਣ ਵਾਲੇ ਵੱਖ-ਵੱਖ ਚਿੱਤਰਾਂ ਵਾਲੇ ਲੇਬਲ ਲਗਾਉਣੇ ਲਾਜ਼ਮੀ ਹੋਣਗੇ, ਤਾਂ ਜੋ ਘੱਟ ਪੜ੍ਹੇ-ਲਿਖੇ ਲੋਕ ਵੀ ਜਾਣ ਸਕਣ ਕਿ ਕਿਸ ਪਦਾਰਥ ’ਚ ਵੱਧ ਮਾਸ, ਲੂਣ ਅਤੇ ਚੀਨੀ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਕੰਮ ਕਰਨ ਵਾਲੀ ਐੱਫਐੱਸਐੱਸਏਆਈ ਉੱਤੇ ਦੇਸ਼ ’ਚ ਖਾਧ ਸੁਰੱਖਿਆ ਅਤੇ ਗੁਣਵੱਤਾ ਦੇ ਮਿਆਰਾਂ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਹੈ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਇਸ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ, ਕਿਉਂਕਿ ਇਸ ਨੂੰ ਇਹ ਵੀ ਕਿਹਾ ਗਿਆ ਹੈ ਕਿ ਪੈਕਟਬੰਦ ਖਾਧ ਪਦਾਰਥਾਂ ’ਚ ਹਰੇਕ ਪੋਸ਼ਕ ਤੱਤ ਦੀ ਵੱਧ ਤੋਂ ਵੱਧ ਸੀਮਾ ਮੁੜ ਤੈਅ ਕੀਤੀ ਜਾਵੇ। ਅਜਿਹਾ ਹੋਣਾ ਵੀ ਚਾਹੀਦਾ ਹੈ, ਕਿਉਂਕਿ ਲੋਕਾਂ ਨੂੰ ਆਪਣੇ ਭੋਜਨ ਬਾਰੇ ਸੋਚ-ਸਮਝ ਕੇ ਫ਼ੈਸਲੇ ਲੈਣ ਦੇ ਯੋਗ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਢੁੱਕਵੇਂ ਖਾਧ ਪਦਾਰਥਾਂ ਦੀ ਵਰਤੋਂ ਉਦੋਂ ਹੀ ਸੰਭਵ ਹੈ, ਜਦੋਂ ਵਿਅਕਤੀ ਨੂੰ ਪਤਾ ਹੋਵੇ ਕਿ ਉਹ ਜੋ ਖਾ ਰਿਹਾ ਹੈ, ਉਸ ਦੀ ਗੁਣਵੱਤਾ ਕਿਹੋ ਜਿਹੀ ਹੈ ਅਤੇ ਉਸ ’ਚ ਕਿਹੜੇ ਪੋਸ਼ਕ ਤੱਤ ਮੌਜੂਦ ਹਨ। ਇਸ ਗੱਲ ਨੂੰ ਅਣਡਿੱਠਾ ਨਹੀਂ ਕੀਤਾ ਜਾਣਾ ਚਾਹੀਦਾ ਕਿ ਜਿੱਥੇ ਸੰਵਿਧਾਨ ’ਚ ਸੁਰੱਖਿਅਤ ਭੋਜਨ ਦੀ ਚੋਣ ਕਰਨ ਦਾ ਅਧਿਕਾਰ ਸ਼ਾਮਲ ਹੈ, ਉੱਥੇ ਖਪਤਕਾਰਾਂ ਨੂੰ ਉਤਪਾਦ ਬਾਰੇ ਸਪਸ਼ਟ ਅਤੇ ਸਹੀ ਜਾਣਕਾਰੀ ਪ੍ਰਾਪਤ ਕਰਨ ਦਾ ਅਧਿਕਾਰ ਵੀ ਹੈ। ਸੰਵਿਧਾਨ ਦੀ ਧਾਰਾ 47 ਕਹਿੰਦੀ ਹੈ ਕਿ ਪੋਸ਼ਣ ਦੇ ਪੱਧਰ ਤੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਤੇ ਜਨਤਕ ਸਿਹਤ ’ਚ ਸੁਧਾਰ ਕਰਨਾ ਸਰਕਾਰ ਦਾ ਮੁੱਢਲਾ ਫ਼ਰਜ਼ ਹੈ। ਇਨ੍ਹਾਂ ਸੰਵਿਧਾਨਕ ਜ਼ਿੰਮੇਵਾਰੀਆਂ ਦੇ ਅਨੁਕੂਲ ਵਿਵਸਥਾ ਬਣਾਉਣਾ ਸਮੇਂ ਦੀ ਸਖ਼ਤ ਲੋੜ ਸੀ, ਕਿਉਂਕਿ ਹੁਣ ਤੱਕ ਖਪਤਕਾਰਾਂ ਨੂੰ ਇਕ ਤਰ੍ਹਾਂ ਨਾਲ ਗੁੰਮਰਾਹਕੁੰਨ ਜਾਂ ਅਧੂਰੀ ਜਾਣਕਾਰੀ ਦੇ ਸਹਾਰੇ ਛੱਡ ਦਿੱਤਾ ਗਿਆ ਸੀ।
ਜਦੋਂ ਖਾਧ ਪਦਾਰਥਾਂ ਦੇ ਪੈਕਟਾਂ ’ਤੇ ਪੋਸ਼ਕ ਤੱਤਾਂ ਦੀ ਜਾਣਕਾਰੀ ਸਪੱਸ਼ਟ ਤੌਰ ’ਤੇ ਦਰਜ ਹੋਵੇਗੀ, ਉਦੋਂ ਹੀ ਲੋਕ ਆਪਣੇ ਤੇ ਪਰਿਵਾਰ ਦੀ ਸਿਹਤ ਪ੍ਰਤੀ ਸੁਚੇਤ ਹੋ ਕੇ ਸਹੀ ਫ਼ੈਸਲੇ ਲੈ ਸਕਣਗੇ। ਇਸ ਮਾਮਲੇ ’ਚ ਗੰਭੀਰਤਾ ਦਿਖਾਉਣੀ ਇਸ ਲਈ ਵੀ ਜ਼ਰੂਰੀ ਹੋ ਗਈ ਸੀ, ਕਿਉਂਕਿ ਸਿਹਤ ਲਈ ਹਾਨੀਕਾਰਕ ਖਾਧ ਪਦਾਰਥਾਂ ਦੀ ਵਿਕਰੀ ਦੇ ਮਾਮਲੇ ਵਧ ਰਹੇ ਹਨ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ। ਕਈ ਬਿਮਾਰੀਆਂ ਦੀ ਜੜ੍ਹ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਹੀ ਹੁੰਦੀਆਂ ਹਨ। ਸਾਲ 2021 ਦੇ ਇੱਕ ਅਧਿਐਨ ਅਨੁਸਾਰ ਦੇਸ਼ ਵਿੱਚ 10.1 ਕਰੋੜ ਲੋਕ ਸ਼ੂਗਰ, 13.6 ਕਰੋੜ ਲੋਕ ਪ੍ਰੀ-ਡਾਇਬਟੀਜ਼ ਅਤੇ 25.4 ਕਰੋੜ ਲੋਕ ਆਮ ਮੋਟਾਪੇ ਤੋਂ ਪੀੜਤ ਹਨ। ਐੱਨਐੱਫਐੱਚਐੱਸ-5 ਅਤੇ ਐੱਨਐੱਫਐੱਚਐੱਸ-6 ਸਰਵੇਖਣਾਂ ਵਿਚਕਾਰ ਇਹ ਸਾਹਮਣੇ ਆਇਆ ਕਿ ਔਰਤਾਂ ਵਿੱਚ ਮੋਟਾਪੇ ਦਾ ਪੱਧਰ 24 ਫ਼ੀਸਦੀ ਤੋਂ ਵਧ ਕੇ 30.7 ਫ਼ੀਸਦੀ ਅਤੇ ਮਰਦਾਂ ਵਿੱਚ 22.9 ਫ਼ੀਸਦੀ ਤੋਂ ਵਧ ਕੇ 27.3 ਫ਼ੀਸਦੀ ਹੋ ਗਿਆ। ਦੇਸ਼ ਵਿੱਚ ਲਗਭਗ 63 ਫ਼ੀਸਦੀ ਮੌਤਾਂ ਪਿੱਛੇ ਗੈਰ-ਸੰਚਾਰੀ ਬਿਮਾਰੀਆਂ ਹਨ, ਜਿਨ੍ਹਾਂ ਦੇ 2030 ਤੱਕ 75 ਫ਼ੀਸਦੀ ਹੋਣ ਦਾ ਅਨੁਮਾਨ ਹੈ। ਇਸ ਰੁਝਾਨ ਨੂੰ ਵਧੇਰੇ ਚਰਬੀ, ਖੰਡ ਅਤੇ ਨਮਕ ਵਾਲੇ ਅਤਿ-ਪ੍ਰੋਸੈੱਸਡ ਖਾਧ ਪਦਾਰਥ ਹੋਰ ਵਧਾ ਰਹੇ ਹਨ, ਕਿਉਂਕਿ ਇਨ੍ਹਾਂ ਦਾ ਜ਼ੋਰਦਾਰ ਪ੍ਰਚਾਰ ਹੋ ਰਿਹਾ ਹੈ ਅਤੇ ਇਨ੍ਹਾਂ ਦੀ ਖਪਤ ਵਧ ਰਹੀ ਹੈ। ਕਈ ਚੇਤਾਵਨੀਆਂ ਦੇ ਬਾਵਜੂਦ ਜੰਕ ਫੂਡ ਦਾ ਰੁਝਾਨ ਵਧਿਆ ਹੈ। ਸ਼ਾਇਦ ਇਸੇ ਕਾਰਨ ਸੁਪਰੀਮ ਕੋਰਟ ਨੇ ਕਿਹਾ ਕਿ ਜਿੱਥੇ ਵਪਾਰਕ ਹਿੱਤ ਜਨਤਕ ਸਿਹਤ ਦੇ ਵਿਰੁੱਧ ਜਾਂਦੇ ਹੋਣ, ਉੱਥੇ ਨਿਯਮਨ ਜ਼ਰੂਰੀ ਹੈ।
ਇਹ ਠੀਕ ਹੈ ਕਿ ਹੁਣ ਪੈਕਟਬੰਦ ਖਾਧ ਪਦਾਰਥਾਂ ਦੇ ਗੁਣਵੱਤਾ ਸਬੰਧੀ ਨਿਯਮਨ ਦੇ ਪ੍ਰਭਾਵਸ਼ਾਲੀ ਹੋਣ ਦੀ ਉਮੀਦ ਹੈ, ਪਰ ਅਜਿਹਾ ਉਦੋਂ ਹੀ ਸੰਭਵ ਹੋਵੇਗਾ, ਜਦੋਂ ਐੱਫਐੱਸਐੱਸਏਆਈ ਇਸ ਗੱਲ ਦੀ ਸਖ਼ਤੀ ਨਾਲ ਨਿਗਰਾਨੀ ਕਰੇਗੀ ਕਿ ਕੰਪਨੀਆਂ ਆਪਣੇ ਉਤਪਾਦਾਂ ਉੱਤੇ ਚੇਤਾਵਨੀ ਸੰਦੇਸ਼ ਸਹੀ ਢੰਗ ਨਾਲ ਲਗਾ ਰਹੀਆਂ ਹਨ ਜਾਂ ਨਹੀਂ। ਇਹ ਇੱਕ ਤੱਥ ਹੈ ਕਿ ਇਸ਼ਤਿਹਾਰਬਾਜ਼ੀ ਦੀਆਂ ਰਣਨੀਤੀਆਂ ਬੱਚਿਆਂ, ਔਰਤਾਂ ਅਤੇ ਘੱਟ ਆਮਦਨ ਵਾਲੇ ਵਰਗ ਦੀਆਂ ਸੰਵੇਦਨਸ਼ੀਲਤਾਵਾਂ ਦਾ ਲਾਭ ਉਠਾਉਂਦੀਆਂ ਹਨ, ਜਿਸ ਨਾਲ ਵਧੇਰੇ ਖੰਡ ਵਾਲੇ ਜੂਸ, ਚਾਕਲੇਟ, ਕੂਕੀਜ਼, ਚਿਪਸ, ਨੂਡਲਜ਼ ਆਦਿ ਦੀ ਖਪਤ ਵਧ ਰਹੀ ਹੈ। ਇਨ੍ਹਾਂ ਇਸ਼ਤਿਹਾਰਾਂ ਦੇ ਨਿਯਮਨ ਬਾਰੇ ਵੀ ਵਿਚਾਰ ਕਰਨਾ ਜ਼ਰੂਰੀ ਹੈ। ਪੈਕਟਬੰਦ ਖਾਧ ਸਮੱਗਰੀ ਦੇ ਨਿਯਮਨ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਸੜਕਾਂ ਕਿਨਾਰੇ ਰੇਹੜੀਆਂ, ਢਾਬਿਆਂ ਅਤੇ ਦੁਕਾਨਾਂ ਉੱਤੇ ਬਣਨ ਤੇ ਵਿਕਣ ਵਾਲੇ ਖਾਣ-ਪੀਣ ਦੇ ਪਦਾਰਥਾਂ ਦੀ ਗੁਣਵੱਤਾ ਵੀ ਸੁਧਰੇ। ਖੁੱਲ੍ਹੇ ’ਚ ਤਿਆਰ ਹੋਣ ਅਤੇ ਵਿਕਣ ਵਾਲੇ ਪਦਾਰਥਾਂ ਦੀ ਵਰਤੋਂ ਕਰੋੜਾਂ ਲੋਕ ਕਰਦੇ ਹਨ, ਕਿਉਂਕਿ ਇਹ ਆਸਾਨੀ ਨਾਲ ਉਪਲਬਧ ਹੋਣ ਦੇ ਨਾਲ-ਨਾਲ ਸਸਤੇ ਵੀ ਹੁੰਦੇ ਹਨ।
ਆਮ ਤੌਰ ’ਤੇ ਖੁੱਲ੍ਹੇ ’ਚ ਖਾਣ-ਪੀਣ ਦੀਆਂ ਚੀਜ਼ਾਂ ਬਣਾਉਣ ਤੇ ਵੇਚਣ ਵਾਲਿਆਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਨ੍ਹਾਂ ਨੂੰ ਸਿਹਤਮੰਦ ਢੰਗ ਨਾਲ ਕਿਵੇਂ ਤਿਆਰ ਕੀਤਾ ਜਾਵੇ। ਉਹ ਖ਼ਰਾਬ ਤੇਲ, ਮਸਾਲਿਆਂ ਆਦਿ ਦੀ ਵਰਤੋਂ ਤਾਂ ਕਰਦੇ ਹੀ ਹਨ, ਸਫ਼ਾਈ ਦਾ ਵੀ ਧਿਆਨ ਨਹੀਂ ਰੱਖਦੇ। ਨਿਆਂਪਾਲਿਕਾ ਤੇ ਸਰਕਾਰ ਇਸ ਗੱਲ ਤੋਂ ਅਣਜਾਣ ਨਹੀਂ ਹੋ ਸਕਦੀਆਂ ਕਿ ਖਾਣਾ ਪਕਾਉਣ ਵਾਲੇ ਤੇਲ ਦੀ ਵਾਰ-ਵਾਰ ਵਰਤੋਂ ਕਿਵੇਂ ਕੀਤੀ ਜਾਂਦੀ ਹੈ। ਇਸ ਨੂੰ ਰੋਕਣ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਪ੍ਰਭਾਵਸ਼ਾਲੀ ਨਹੀਂ ਹਨ, ਕਿਉਂਕਿ ਰੇਹੜੀਆਂ, ਢਾਬਿਆਂ ਆਦਿ ’ਚ ਖਾਣ-ਪੀਣ ਦੀਆਂ ਚੀਜ਼ਾਂ ਵੇਚਣ ਵਾਲਿਆਂ ਉੱਤੇ ਉਨ੍ਹਾਂ ਦੀਆਂ ਕੀਮਤਾਂ ਘੱਟ ਰੱਖਣ ਦਾ ਦਬਾਅ ਹੁੰਦਾ ਹੈ। ਇਸ ਦਬਾਅ ਕਾਰਨ ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਅਣਡਿੱਠਾ ਕੀਤਾ ਜਾਂਦਾ ਹੈ। ਇਸ ਦਾ ਨਤੀਜਾ ਆਮ ਲੋਕਾਂ ਦੀ ਸਿਹਤ ਨਾਲ ਸਮਝੌਤੇ ਦੇ ਰੂਪ ’ਚ ਸਾਹਮਣੇ ਆਉਂਦਾ ਹੈ। ਉਹ ਬਿਮਾਰ ਹੁੰਦੇ ਹਨ ਅਤੇ ਉਨ੍ਹਾਂ ਦਾ ਸਿਹਤ ਉੱਤੇ ਖਰਚ ਵਧਦਾ ਹੈ। ਇਸ ਨਾਲ ਉਹ ਆਰਥਿਕ ਤੌਰ ’ਤੇ ਕਮਜ਼ੋਰ ਹੋ ਜਾਂਦੇ ਹਨ, ਕਿਉਂਕਿ ਇਲਾਜ ਮਹਿੰਗਾ ਹੁੰਦਾ ਜਾ ਰਿਹਾ ਹੈ।
ਭਾਵੇਂ ਰੇਹੜੀਆਂ ਅਤੇ ਢਾਬਿਆਂ ਦੇ ਖਾਣ-ਪੀਣ ਵਾਲੇ ਪਦਾਰਥਾਂ ਦੀ ਨਿਯਮਤ ਜਾਂਚ ਕਰਨ ਦੇ ਨਿਯਮ ਹਨ, ਪਰ ਉਨ੍ਹਾਂ ਦੇ ਘੇਰੇ ’ਚ ਕੁਝ ਚੋਣਵੇਂ ਰੈਸਟੋਰੈਂਟ ਅਤੇ ਹੋਟਲ ਹੀ ਆਉਂਦੇ ਹਨ ਅਤੇ ਉੱਥੇ ਵੀ ਕਦੇ-ਕਦਾਈਂ ਹੀ ਜਾਂਚ ਹੁੰਦੀ ਹੈ, ਕਿਉਂਕਿ ਸਬੰਧਤ ਵਿਭਾਗਾਂ ਕੋਲ ਲੋੜੀਂਦੀ ਗਿਣਤੀ ਵਿੱਚ ਕਰਮਚਾਰੀ ਹੀ ਨਹੀਂ ਹਨ। ਇਸੇ ਕਾਰਨ ਮਿਲਾਵਟੀ ਅਤੇ ਘਟੀਆ ਗੁਣਵੱਤਾ ਵਾਲੀ ਖਾਧ ਸਮੱਗਰੀ ਧੜੱਲੇ ਨਾਲ ਤਿਆਰ ਹੁੰਦੀ ਅਤੇ ਵਿਕਦੀ ਹੈ। ਉਚਿਤ ਹੋਵੇਗਾ ਕਿ ਨਿਆਂਪਾਲਿਕਾ, ਕੇਂਦਰ ਅਤੇ ਰਾਜ ਸਰਕਾਰਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਏਜੰਸੀਆਂ ਹਰ ਤਰ੍ਹਾਂ ਦੇ ਖਾਣ-ਪੀਣ ਵਾਲੇ ਪਦਾਰਥਾਂ ਦੀ ਗੁਣਵੱਤਾ ਯਕੀਨੀ ਬਣਾਉਣ ਵੱਲ ਧਿਆਨ ਦੇਣ। ਇਸ ਨਾਲ ਹੀ ਜਨਤਕ ਸਿਹਤ ਦੀ ਸਹੀ ਢੰਗ ਨਾਲ ਰੱਖਿਆ ਹੋ ਸਕੇਗੀ।
response@jagran.com