- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਾਂ ’ਚ ਇਹ ਸਵਾਲ ਉੱਠਣਾ ਵੀ ਲਾਜ਼ਮੀ ਹੈ ਕਿ ਪੰਜਾਬ ਨੂੰ ਕਿਉਂ ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਕਾਰਨਾਂ ਕਾਰਨ ਬੰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਲੋਕਾਂ ਦੇ ਕਾਰੋਬਾਰ, ਬੱਚਿਆਂ ਦੇ ਸਕੂਲ, ਦਫ਼ਤਰੀ ਕਾਮਿਆਂ ਦੀਆਂ ਨੌਕਰੀਆਂ, ਨਿੱਜੀ ਤੇ ਸਰਕਾਰੀ ਆਵਾਜਾਈ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੁੰਦੀ ਹੈ। ਕਾਰੋਬਾਰ ਦੇ ਮਾਮਲੇ ’ਚ ਸਾਰੇ ਦੁਕਾਨਦਾਰ ਇੰਨੇ ਸਮਰੱਥ ਨਹੀਂ ਹੁੰਦੇ ਕਿ ਉਹ ਰੋਜ਼ਾਨਾਂ ਦੇ ਖ਼ਰਚਿਆਂ ਦੀ ਤਾਬ ਝੱਲ ਸਕਣ।

ਮਾਨਸਾ ’ਚ ਨਸ਼ੇ ਦੀ ਖ਼ਿਲਾਫ਼ਤ ਕਰਦਿਆਂ ਗੋਲੀ ਦਾ ਸ਼ਿਕਾਰ ਹੋਏ ਪਰਵਿੰਦਰ ਸਿੰਘ ਝੋਟਾ ਦੀ ਮੌਤ ਤੋਂ ਬਾਅਦ ਪੰਜਾਬ ਬੁਰੀ ਤਰ੍ਹਾਂ ਉਬਲ ਰਿਹਾ ਹੈ। ਦੋ ਮਾਸੂਮ ਬੱਚਿਆਂ ਦੇ ਪਿਓ ਦਾ ਇਸ ਤਰੀਕੇ ਕਤਲ ਨਹੀਂ ਹੋਣ ਚਾਹੀਦਾ ਸੀ। ਇਸ ਕਤਲ ਦੇ ਵਿਰੋਧ ’ਚ ਦਿੱਤੇ ਗਏ ਬੰਦ ਦੇ ਸੱਦੇ ਨੂੰ ਵੀ ਲੋਕਾਂ ਦਾ ਰਲਵਾਂ-ਮਿਲਵਾਂ ਸਮਰਥਨ ਮਿਲਿਆ ਹੈ। ਸਰਕਾਰ ਵੀ ਲੋਕਾਂ ਦੇ ਸਿੱਧੇ ਸਵਾਲਾਂ ਦਾ ਸਾਹਮਣਾ ਕਰ ਰਹੀ ਹੈ। ਇੱਥੋਂ ਤੱਕ ਕਿ ਪੁਲਿਸ ਪ੍ਰਸ਼ਾਸਨ ਦੀ ਵੀ ਇਸ ਮਾਮਲੇ ’ਚ ਜਵਾਬਦੇਹੀ ਤੈਅ ਕਰਨ ਦੀ ਮੰਗ ਉੱਠ ਰਹੀ ਹੈ। ਬੰਦ ਦੀ ਕਾਲ ਦੌਰਾਨ ਇਨਸਾਫ਼ ਲਈ ਰਾਹ ਰੋਕ ਕੇ ਬੈਠੇ ਲੋਕਾਂ ਨੂੰ ਧਰਨਿਆਂ ਵਾਲੀਆਂ ਥਾਵਾਂ ਤੋਂ ਲੰਘਣ ਵਾਲੀ ਆਮ ਜਨਤਾ ਦੇ ਗੁੱਸੇ ਦਾ ਸ਼ਿਕਾਰ ਵੀ ਹੋਣਾ ਪਿਆ ਹੈ। ਹਾਲਾਂਕਿ ਬਹੁਤੇ ਲੋਕ ਇਸ ਕਾਲ ਦੇ ਸਮਰਥਨ ’ਚ ਸਨ। ਇਸ ਕਤਲ ਨਾਲ ਇਕ ਗੱਲ ਜ਼ਰੂਰ ਸਪੱਸ਼ਟ ਹੈ ਕਿ ਸਰਕਾਰਾਂ ਹੋਣ ਚਾਹੇ ਆਮ ਜਨਤਾ ਨਸ਼ੇ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਸਮਾਜਿਕ ਚਿੰਤਕਾਂ ਲਈ ਰਾਹ ਏਨਾਂ ਸੁਖਾਲਾ ਨਹੀਂ ਹੈ।• ਨਸ਼ਾ ਜਿਸ ਤਰੀਕੇ ਨਾਲ ਪੰਜਾਬ ਦੀਆਂ ਜੜ੍ਹਾਂ ’ਚ ਰਚਦਾ ਜਾ ਰਿਹਾ ਹੈ, ਅਜਿਹੀ ਤਾਸੀਰ ਇਸ ਪੰਜਾਬ ਦੀ ਕਦੇ ਵੀ ਨਹੀਂ ਸੀ। ਦੂਜੇ ਬੰਨੇ, ਇਹ ਕੋਈ ਪਹਿਲਾਂ ਧਰਨਾ ਨਹੀਂ ਜਦੋਂ ਲੋਕਾਂ ਨੇ ਮਜ਼ਬੂਰ ਹੋ ਕੇ ਇਸ ਤਰੀਕੇ ਇਨਸਾਫ਼ ਦੀ ਮੰਗ ਕਰਦਿਆਂ ਸੜਕਾਂ ਮੱਲੀਆਂ ਹੋਣ। ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਕਿਸੇ ਮੁੱਦੇ ਨੂੰ ਲੈ ਕੇ ਲੋਕਾਂ ਦੀ ਇਕ ਰਾਏ ਬਣ ਸਕੇ। ਹਾਲਾਂਕਿ ਕਤਲ ਹੋਏ ਪਰਵਿੰਦਰ ਝੋਟਾ ਦੀ ਇਹ ਕੋਈ ਨਿੱਜੀ ਲੜਾਈ ਨਹੀਂ ਸੀ। ਇਸ ਕਤਲ ਦੀ ਮੁਕੰਮਲ ਜਾਂਚ ਹਾਲੇ ਬਾਕੀ ਹੈ ਪਰ ਸਵਾਲ ਉੱਠਦਾ ਹੈ ਕਿ ਆਖ਼ਰ ਕਦੋਂ ਤੱਕ ਪੰਜਾਬ ਦੇ ਲੋਕ ਧਰਨਿਆਂ-ਪ੍ਰਦਰਸ਼ਨਾਂ ਰਾਹੀਂ ਆਪਣੇ ਲਈ ਇਨਸਾਫ਼ ਦੀ ਮੰਗ ਕਰਦੇ ਰਹਿਣਗੇ? ਪੰਜਾਬ ਨੇ ਅਜਿਹਾ ਸਮਾਂ ਵੀ ਦੇਖਿਆ ਹੈ, ਜਦੋਂ ਹਰ ਤੀਜੇ ਦਿਨ ਆਮ ਲੋਕਾਂ ਨੂੰ ਸੜਕਾਂ ’ਤੇ ਧਰਨਿਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਖ਼ਾਸਕਰ ਕਿਸਾਨੀ ਨਾਲ ਜੁੜੇ ਅਜਿਹੇ ਕਈ ਮੁੱਦੇ ਹਨ, ਜਿਨ੍ਹਾਂ ਕਾਰਨ ਸੜਕਾਂ ਤੇ ਰੇਲਾਂ ਦੇ ਰਾਹ ਡੱਕਣੇ ਮਜ਼ਬੂਰੀ ਬਣ ਜਾਂਦੀ ਹੈ। ਇਸ ਪਿੱਛੇ ਇੱਕੋ ਮਨਸ਼ਾ ਹੈ ਕਿ ਬਿਨਾਂ ਦੇਰੀ ਇਨਸਾਫ਼ ਮਿਲੇ। ਅਜਿਹਾ ਵੀ ਨਹੀਂ ਹੈ ਕਿ ਪੰਜਾਬ ਦੀ ਜਨਤਾ ਇਨਸਾਫ਼ ਦੀ ਮੰਗ ਲਈ ਧਰਨਾ ਲਾ ਕੇ ਬੈਠੇ ਲੋਕਾਂ ਦੀ ਇੱਛਾ ਨਾ ਸਮਝੇ ਪਰ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਮਾਹੌਲ ਤਲਖ਼ ਹੋ ਜਾਂਦਾ ਹੈ। ਲੋਕਾਂ ’ਚ ਇਹ ਸਵਾਲ ਉੱਠਣਾ ਵੀ ਲਾਜ਼ਮੀ ਹੈ ਕਿ ਪੰਜਾਬ ਨੂੰ ਕਿਉਂ ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਕਾਰਨਾਂ ਕਾਰਨ ਬੰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਲੋਕਾਂ ਦੇ ਕਾਰੋਬਾਰ, ਬੱਚਿਆਂ ਦੇ ਸਕੂਲ, ਦਫ਼ਤਰੀ ਕਾਮਿਆਂ ਦੀਆਂ ਨੌਕਰੀਆਂ, ਨਿੱਜੀ ਤੇ ਸਰਕਾਰੀ ਆਵਾਜਾਈ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੁੰਦੀ ਹੈ। ਕਾਰੋਬਾਰ ਦੇ ਮਾਮਲੇ ’ਚ ਸਾਰੇ ਦੁਕਾਨਦਾਰ ਇੰਨੇ ਸਮਰੱਥ ਨਹੀਂ ਹੁੰਦੇ ਕਿ ਉਹ ਰੋਜ਼ਾਨਾਂ ਦੇ ਖ਼ਰਚਿਆਂ ਦੀ ਤਾਬ ਝੱਲ ਸਕਣ। ਦੂਜੇ ਬੰਨੇ ਲੋਕਾਂ ਦਾ ਆਪਣਾ ਰੁਟੀਨ ਹੈ, ਜਿਸ ’ਚ ਨਿੱਕੀ ਜਿੰਨੀ ਵੀ ਹਿੱਲਜੁਲ ਕਈ ਵਾਰ ਵੱਡੀਆਂ ਪਰੇਸ਼ਾਨੀਆਂ ਖੜ੍ਹੀਆਂ ਕਰ ਦਿੰਦੀ ਹੈ। ਜਦੋਂ ਇਹ ਸਾਰਾ ਕੁਝ ਇਕ ਥਾਂ ਇਕੱਠਾ ਹੁੰਦਾ ਹੈ ਤਾਂ ਧਰਨਾਕਾਰੀਆਂ ਤੇ ਲੋਕਾਂ ਵਿਚਾਲੇ ਤਲਖ਼ਦੀਆਂ ਦਾ ਮਾਹੌਲ ਬਣ ਜਾਂਦਾ ਹੈ। ਹਾਲਾਂਕਿ ਅਜਿਹੇ ਮਾਹੌਲ ਤਲਖ਼ੀਆਂ ਨਾਲ ਨਹੀਂ ਥੋੜ੍ਹੀ ਜਿਹੀ ਸਮਝ, ਸੰਵੇਦਨਸ਼ੀਲਤਾ ਤੇ ਠਰ੍ਹੰਮੇ ਨਾਲ ਨਜਿੱਠੇ ਜਾ ਸਕਦੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਮੁੱਦਿਆਂ ਕਾਰਨ ਪੰਜਾਬ ਦਾ ਮਾਹੌਲ ਨਿੱਤ ਵਿਗੜਦਾ ਹੈ, ਉਸ ਬਾਰੇ ਹੁਣ ਸਰਕਾਰਾਂ ਨੂੰ ਵੀ ਸਿਰ-ਜੋੜ ਕੇ ਫੌਰੀ ਹੱਲ ਕੱਢਣ ਦੀ ਲੋੜ ਹੈ। ਕਿਉਂਕਿ ਪੰਜਾਬ ਇਨਸਾਫ਼ ਪਸੰਦ ਅਤਿ-ਸੰਵੇਦਨਸ਼ੀਲ ਖਿੱਤਾ ਹੈ ਤੇ ਇਸ ’ਚ ਥੋੜ੍ਹੀ ਜਿੰਨੀ ਵੀ ਅਸ਼ਾਂਤੀ ਇਸ ਨੂੰ ਵੱਡੇ ਨੁਕਸਾਨ ਵੱਲ ਧੱਕ ਸਕਦੀ ਹੈ।