- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖ ਪੰਥ ਅੱਜ ਸ਼੍ਰੋਮਣੀ ਗੁਰਦੁਆਰਾ ਕਮੇਟੀ ਸ਼੍ਰੀ ਅੰਮ੍ਰਿਤਸਰ, ਹਰਿਆਣਾ, ਦਿੱਲੀ ਅਤੇ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਬੋਰਡਾਂ ’ਚ ਵੰਡਿਆ ਪਿਆ ਹੈ। ਸਿੱਖ ਰਾਜਨੀਤੀ ਸ਼੍ਰੋਮਣੀ ਅਕਾਲੀ ਦਲ ਬਾਦਲ, ਪੁਨਰ ਸੁਰਜੀਤ, ਵਾਰਸ ਪੰਜਾਬ ਦੇ, ਅਕਾਲੀ ਦਲ ਮਾਨ ਅਤੇ ਹੋਰ ਅਨੇਕ ਧੜਿਆਂ ’ਚ ਵੰਡੀ ਪਈ ਹੈ। ਭਾਵੇਂ ਭਾਜਪਾ ਦਾ ਪੰਜਾਬ ’ਚ ਦਲ ਬਦਲੂਆਂ ਦੇ ਕਬਜ਼ੇ ਕਰ ਕੇ ਰਾਜਨੀਤਿਕ ਆਧਾਰ ਮਲੀਆਮੇਟ ਹੋਇਆ ਪਿਆ ਹੈ ਪਰ ਇਹ ਕੇਂਦਰ ਸਰਕਾਰ ਅਤੇ ਕੇਂਦਰੀ ਨੇਤਾਵਾਂ ਦੇ ਮਾਧਿਅਮ ਰਾਹੀਂ ਅਕਾਲੀ ਧੜਿਆਂ ਨੂੰ ਵੱਖ-ਵੱਖ ਤੌਰ ’ਤੇ ਸੈਨਤਾਂ ਮਾਰ-ਮਾਰ ਕੇ ਪੱਕੇ ਪੈਰੀਂ ਇਕ ਦੂਜੇ ਦੇ ਵਿਰੋਧ ’ਚ ਖੜ੍ਹੇ ਕਰਨ ’ਚ ਕਾਮਯਾਬੀ ਹਾਸਲ ਕਰ ਰਹੀ ਹੈ।

ਦਰਬਾਰਾ ਸਿੰਘ ਕਾਹਲੋਂ
ਪੰਜਾਬ ਅੱਜ ਰਾਜਨੀਤਿਕ, ਆਰਥਿਕ, ਸਮਾਜਿਕ, ਧਾਰਮਿਕ, ਸੱਭਿਆਚਾਰਕ ਅਤੇ ਭਵਿੱਖ ਸੰਭਾਲ ਮਾਡਲਹੀਣ ਬਦਹਾਲੀ ਦੇ ਚੌਰਾਹੇ ’ਤੇ ਖੜ੍ਹਾ ਹੈ। ਫਰਵਰੀ-ਮਾਰਚ, 2027 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਿਰ ’ਤੇ ਮੰਡਰਾ ਰਹੀਆਂ ਹਨ। ਇਸ ਦੌਰਾਨ ਕਿਸੇ ਵੀ ਰਾਜਨੀਤਿਕ ਪਾਰਟੀ ਕੋਲ ਨਾ ਤਾਂ ਕੋਈ ਸੰਜੀਵਨੀ ਬੂਟੀ ਵਾਲਾ ਪ੍ਰੋਗਰਾਮ ਤੇ ਨਾ ਹੀ ਕੋਈ ਜਹੀਨ, ਜੁਝਾਰੂ, ਆਰਥਿਕ ਮਾਹਿਰ ਅਤੇ ਦੂਰਦ੍ਰਿਸ਼ਟੀ ਵਾਲਾ ਆਗੂ ਹੈ, ਜੋ ਆਰਥਿਕ, ਰਾਜਨੀਤਿਕ, ਧਾਰਮਿਕ, ਸਮਾਜਿਕ, ਸੱਭਿਆਚਾਰਕ ਅਤੇ ਵਿਕਾਸ ਪੱਖੋਂ ਡਿੱਗ ਚੁੱਕੇ ਪੰਜਾਬ ਨੂੰ ਬਾਹਰ ਕੱਢ ਕੇ ਮੁੜ ਸਥਾਪਿਤ ਕਰ ਸਕੇ।
ਦੇਸ਼ ਵਿਦੇਸ਼ ’ਚ ਬੈਠੇ ਪੰਜਾਬੀ ਅੱਜ ਬੁਰੀ ਤਰ੍ਹਾਂ ਆਵਾਜਾਰ ਹਨ ਕਿ ਸ਼ਾਨਾ ਮੱਤੇ ਵਿਰਸੇ ਵਾਲੇ ਪੰਜਾਬ ਨੂੰ ਜੋ ‘ਜਿਉਂਦਾ ਗੁਰਾਂ ਦੇ ਨਾਂਅ ਤੇ’ ਕਰ ਕੇ ਵੀ ਮਸ਼ਹੂਰ ਹੈ, ਨੂੰ ਬਹੁਤ ਹੀ ਬੇਗ਼ੈਰਤ ਅਤੇ ਹੈਰਾਨਕੁਨ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਘੁੰਮਣ ਘੇਰੀ ’ਚ ਫਸਾਇਆ ਜਾ ਰਿਹਾ ਹੈ। ਇਸ ਸ਼ਹੀਦਾਂ ਦੀ ਧਰਤੀ ਨੂੰ ‘ਲਾਸ਼ਾਂ ਅਤੇ ਮਰਗਾਂ ਦੀ ਸ਼ਰਮਨਾਕ ਰਾਜਨੀਤੀ’ ’ਚ ਪਲਚਾਇਆ ਜਾ ਰਿਹਾ ਹੈ। ਰਾਜਨੀਤਿਕ ਤੌਰ ’ਤੇ ਦੂਰਦ੍ਰਿਸ਼ਟੀਹੀਣ ‘ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ’ ਆਗੂ ਮਰਗਾਂ ਦੀ ਰਾਜਨੀਤੀ ’ਚ ਕਿਵੇਂ ਫ਼ਸਦੇ ਨਜ਼ਰ ਆਏ, ਇਸ ਦੀ ਮਿਸਾਲ ਪਿਛਲੇ ਤਿੰਨ ਸਾਲਾਂ ਤੋਂ ਡਿਬੜੂਗੜ੍ਹ ਜੇਲ੍ਹ, ਅਸਾਮ ’ਚ ਪਹਿਲਾਂ ਐੱਨਐੱਸਏ ਅਤੇ ਹੁਣ ਅਜਨਾਲਾ ਥਾਣੇ ਦੇ ਘਰਾਓ ਕੇਸ ’ਚ ਬੰਦ ਇਸ ਅਕਾਲੀ ਦਲ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਦੀ ਦਾਦੀ ਚਰਨ ਕੌਰ, ਜੋ 8 ਨਵੰਬਰ, 2026 ਨੂੰ ਸਵਰਗਵਾਸ ਹੋ ਗਈ ਸੀ, ਦੇ ਸਸਕਾਰ ’ਤੇ ਉਸ ਦੀ ਆਮਦ ਨੂੰ ਯਕੀਨੀ ਬਣਾਉਣ ਸਬੰਧੀ ਉਡੀਕ ਤੇ ਰਾਜਨੀਤੀ ਕਰਦੇ ਰਹੇ। ਉਹਨਾਂ ਦਾ ਸਸਕਾਰ ਸਮੇਂ ਸਿਰ ਪਰਿਵਾਰਿਕ ਸਨਮਾਨ ਨਾਲ ਕਰ ਦੇਣਾ ਚਾਹੀਦਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਲਾਹੇ ਲਈ ਇਸ ਨੂੰ ਇਕ ਮੁੱਦਾ ਬਣਾ ਕੇ ਪੇਸ਼ ਕਰਦੇ ਰਹੇ।
ਦਰਅਸਲ, ਲੋਕਤੰਤਰ ਵਿਵਸਥਾ ’ਚ ਜੇ ਕਿਸੇ ਜੇਲ੍ਹ ’ਚ ਬੰਦ ਕੈਦੀ, ਅਪਰਾਧੀ, ਸਿਆਸੀ ਜਾਂ ਸਮਾਜਿਕ ਸ਼ਖ਼ਸੀਅਤ ਨਾਲ ਸਬੰਧਤ ਕਿਸੇ ਨਜਦੀਕੀ ਰਿਸ਼ਤੇਦਾਰ ਦੀ ਮੌਤ ਹੋ ਜਾਂਦੀ ਹੈ ਜਾਂ ਕੁਦਰਤੀ ਆਫਤ ਨਾਲ ਨੁਕਸਾਨ ਹੋ ਜਾਂਦਾ ਹੈ ਤਾਂ ਇਨਸਾਫ਼ ਮੰਗ ਕਰਦਾ ਹੈ ਕਿ ਉਸ ਨੂੰ ਆਪਣੇ ਘਰ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪੈਰੋਲ ਮਿਲੇ ਪਰ ਭਾਰਤੀ ਸੰਵਿਧਾਨ ਤੇ ਕਾਨੂੰਨ ਦਾ ਬਾਬਾ ਆਲਮ ਵੱਖਰਾ ਹੀ ਹੈ। ਕਾਤਲ ਅਤੇ ਅਪਰਾਧੀ ਕਿਸਮ ਦੇ ਬਾਬੇ ਨੂੰ ਤਾਂ ਰਾਜਨੀਤਿਕ ਲਾਹੇ ਲਈ ਆਏ ਦਿਨ ਪੈਰੋਲ ਮਿਲ ਜਾਂਦੀ ਹੈ ਪਰ ਜ਼ਰੂਰਤਮੰਦ ਕੈਦੀਆਂ ਨੂੰ ਨਹੀਂ ਦਿੱਤੀ ਜਾਂਦੀ। ਖ਼ਾਸ ਕਰਕੇ ਘੱਟ ਗਿਣਤੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਬੰਦੀ ਸਿੰਘਾਂ ਅਤੇ ਅੰਮ੍ਰਿਤਪਾਲ ਵਰਗੇ ਕੈਦੀਆਂ ਨੂੰ ਇਜਾਜ਼ਤ ਨਹੀਂ ਮਿਲਦੀ। ਜੇਕਰ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਅਦਾਲਤ ਦਾ ਦਰਵਾਜ਼ਾ ਨਾ ਖੜਕਾਉਂਦੇ ਤਾਂ ਸ਼ਾਇਦ ਅੰਮ੍ਰਿਤਪਾਲ ਨੂੰ ਵੀ ਤਿੰਨ ਘੰਟੇ ਦੀ ਪੈਰੋਲ ਤੋਂ ਵਾਂਝਿਆ ਰੱਖਿਆ ਜਾਂਦਾ। ਇਸ ਸਬੰਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਦਲੇਰਾਨਾ ਢੰਗ ਨਾਲ ਮੁੱਦਾ ਉਠਾਇਆ ਹੈ ਕਿ ਅੰਮ੍ਰਿਤਪਾਲ ਸਿੰਘ, ਜੋ ਭਾਰਤੀ ਪਾਰਲੀਮੈਂਟ ਦਾ ਚੁਣਿਆ ਨੁਮਾਇੰਦਾ ਹੈ, ਨੇ ਕੀ ਐਸਾ ਗੁਨਾਹ ਕੀਤਾ ਹੈ ਕਿ ਉਸ ਨੂੰ ਜੇਲ੍ਹ ’ਚ ਰੱਖਿਆ ਜਾ ਰਿਹਾ ਹੈ, ਉਹ ਵੀ ਪੰਜਾਬ ਤੋਂ ਦੂਰ? ਇਵੇਂ ਹੀ ਬੰਦੀ ਸਿੰਘਾਂ ਨੂੰ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਬਹੁਤ ਪਹਿਲਾਂ ਪੂਰੀਆਂ ਕਰ ਲਈਆਂ ਹਨ, ਨੂੰ ਜੇਲ੍ਹਾਂ ’ਚ ਬੰਦ ਰੱਖਣ ਦੀ ਕੋਈ ਤੁੱਕ ਨਹੀਂ ਪਰ ਸਵਾਲ ਇਹ ਹੈ ਕਿ ਜਦੋਂ ਪਿਛਲੇ ਦਿਨੀਂ ਕੈਪਟਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਤਾਂ ਉਸ ਸਮੇਂ ਇਸ ਮੁੱਦੇ ’ਤੇ ਗੱਲ ਕਿਉਂ ਨਹੀਂ ਸੀ ਕੀਤੀ?
ਮਾਤਾ ਚਰਨ ਕੌਰ ਦੇ ਸਸਕਾਰ ’ਤੇ ਅੰਮ੍ਰਿਤਪਾਲ ਸਿੰਘ ਦੀ ਆਮਦ ਨੂੰ ਅਕਾਲੀ ਦਲ ਵਾਰਸ ਪੰਜਾਬ ਇਕ ਵੱਡਾ ਰਾਜਨੀਤਿਕ ਈਵੈਂਟ ਬਣਾ ਕੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਾਭ ਉਠਾਉਣਾ ਚਾਹੁੰਦਾ ਸੀ ਪਰ ਪੰਜਾਬ ਦੇ ਲੋਕਾਂ ਨੇ ਇਸ ਪ੍ਰਤੀ ਆਸ ਮੁਤਾਬਕ ਹੁੰਗਾਰਾ ਨਹੀਂ ਭਰਿਆ। ਪੰਜਾਬ ਦੇ ਸਿੱਖ ਨੌਜਵਾਨਾਂ ਦੇ ਘਾਣ ਸਬੰਧੀ 10-12 ਸਾਲਾ ਸਰਕਾਰੀ ਅਤੇ ਗ਼ੈਰ-ਸਰਕਾਰੀ ਅੱਤਵਾਦ ਵੇਲੇ ਅਤੇ ਅਜੋਕੇ ਗੈਂਗਸਟਰਵਾਦ ਸਬੰਧਿਤ ਕਾਰਨਾਮਿਆਂ ਤੋਂ ਚੰਗੀ ਤਰਾਂ ਜਾਣੂ ਹਨ। ਭਾਵੇਂ ਨਾਬਰੀਵਾਦ ਉਹਨਾਂ ਨੂੰ ਵਿਰਾਸਤ ’ਚੋਂ ਹਾਸਲ ਹੈ ਪਰ ਉਹ ਕਿਸੇ ਵੀ ਤਰ੍ਹਾਂ ਪੰਜਾਬ ਦੇ ਅਮਨ ਕਾਨੂੰਨ ਨੂੰ ਲਾਂਬੂ ਨਹੀਂ ਲਾਉਣਾ ਚਾਹੁੰਦੇ ਅਤੇ ਨਾ ਹੀ ਆਪਣੀ ਨੌਜਵਾਨ ਪੀੜੀ ਨੂੰ ਕੁਰਬਾਨ ਕਰਨਾ ਚਾਹੁੰਦੇ ਹਨ।
ਸਿੱਖ ਪੰਥ ਅੱਜ ਸ਼੍ਰੋਮਣੀ ਗੁਰਦੁਆਰਾ ਕਮੇਟੀ ਸ਼੍ਰੀ ਅੰਮ੍ਰਿਤਸਰ, ਹਰਿਆਣਾ, ਦਿੱਲੀ ਅਤੇ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਬੋਰਡਾਂ ’ਚ ਵੰਡਿਆ ਪਿਆ ਹੈ। ਸਿੱਖ ਰਾਜਨੀਤੀ ਸ਼੍ਰੋਮਣੀ ਅਕਾਲੀ ਦਲ ਬਾਦਲ, ਪੁਨਰ ਸੁਰਜੀਤ, ਵਾਰਸ ਪੰਜਾਬ ਦੇ, ਅਕਾਲੀ ਦਲ ਮਾਨ ਅਤੇ ਹੋਰ ਅਨੇਕ ਧੜਿਆਂ ’ਚ ਵੰਡੀ ਪਈ ਹੈ। ਭਾਵੇਂ ਭਾਜਪਾ ਦਾ ਪੰਜਾਬ ’ਚ ਦਲ ਬਦਲੂਆਂ ਦੇ ਕਬਜ਼ੇ ਕਰ ਕੇ ਰਾਜਨੀਤਿਕ ਆਧਾਰ ਮਲੀਆਮੇਟ ਹੋਇਆ ਪਿਆ ਹੈ ਪਰ ਇਹ ਕੇਂਦਰ ਸਰਕਾਰ ਅਤੇ ਕੇਂਦਰੀ ਨੇਤਾਵਾਂ ਦੇ ਮਾਧਿਅਮ ਰਾਹੀਂ ਅਕਾਲੀ ਧੜਿਆਂ ਨੂੰ ਵੱਖ-ਵੱਖ ਤੌਰ ’ਤੇ ਸੈਨਤਾਂ ਮਾਰ-ਮਾਰ ਕੇ ਪੱਕੇ ਪੈਰੀਂ ਇਕ ਦੂਜੇ ਦੇ ਵਿਰੋਧ ’ਚ ਖੜ੍ਹੇ ਕਰਨ ’ਚ ਕਾਮਯਾਬੀ ਹਾਸਲ ਕਰ ਰਹੀ ਹੈ। ਪੰਥ ਹਮੇਸ਼ਾ ਪੰਜਾਬ ਦੀ ਰਾਜਨੀਤੀ ਦਾ ਧੁਰਾ ਰਿਹਾ ਹੈ, ਧੁਰਾ ਹੈ ਅਤੇ ਧੁਰਾ ਰਹੇਗਾ ਇਸ ਦੀ ਸਮਝ ਅਜੋਕੇ ਅਕਾਲੀ ਆਗੂਆਂ ਨੂੰ ਨਹੀਂ ਪੈ ਰਹੀ। ਇਸ ਤੋਂ ਵੱਡੀ ਪੰਜਾਬ ਦੀ ਤਰਾਸਦੀ ਹੋਰ ਕੀ ਹੋ ਸਕਦੀ ਹੈ?
ਇੰਨ੍ਹੀਂ ਦਿਨੀ 18 ਨਵੰਬਰ 2026 ਨੂੰ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਕੁੰਵਰ ਸੰਧੂ ਨੇ ਸੀਆਈਆਈ ਦੇ ਚੰਡੀਗੜ੍ਹ ਹੈੱਡਕੁਆਰਟਰ ਤੇ ਤੀਸਰੇ ‘ਪੰਜਾਬ ਸੰਮੇਲਨ’ ਚੌਰਾਹੇ ’ਤੇ ਪੰਜਾਬ: ਲੀਡਰਸ਼ਿਪ, ਪਛਾਣ ਅਤੇ ਆਗਾਮੀ ਰਾਹ’ ਵਿਸ਼ੇ ’ਤੇ ਪ੍ਰੋਗਰਾਮ ਕੀਤਾ।• ਇਸ ’ਚ ਵੱਖ-ਵੱਖ ਰਾਜਨੀਤਿਕ ਪਾਰਟੀਆਂ, ਸਾਬਕਾ ਅਫਸਰਸ਼ਾਹਾਂ, ਆਰਥਿਕ ਮਾਹਿਰਾਂ ਅਤੇ ਕਾਨੂੰਨਦਾਨਾਂ ਨੇ ਹਿੱਸਾ ਲਿਆ। ਇਹ ਬਹੁਤ ਵੱਡਾ ਉਪਰਾਲਾ ਸੀ, ਜਿਸ ’ਚ ਪੰਜਾਬ ਦੀ ਅਜੋਕੀ ਬਦਹਾਲੀ ਅਤੇ ਭਵਿੱਖ ’ਚ ਇਸ ਨੂੰ ਰਸਤਾ ਦਿਖਾਉਣ ਦਾ ਯਤਨ ਕੀਤਾ ਗਿਆ।
ਸਪੱਸ਼ਟ ਦੱਸਿਆ ਗਿਆ ਕਿ ਕਦੇ ਪ੍ਰਤੀ ਵਿਅਕਤੀ ਆਮਦਨ ਪੱਖੋਂ ਦੇਸ਼ ਦਾ ਨੰਬਰ ਇਕ ਸੂਬਾ ਪੰਜਾਬ ਅੱਜ 18ਵੇਂ ਨੰਬਰ ’ਤੇ ਮੂਧੇ ਮੂੰਹ ਡਿੱਗਾ ਪਿਆ ਹੈ ਇਸ ਦੀ ਜੀਡੀਪੀ ਦਾ 45 ਫ਼ੀਸਦ ਕਰਜ ’ਚ ਡੁੱਬਾ ਹੈ। ਰਾਜ ਸਿਰ ਇਸ ਸਮੇਂ ਕਰੀਬ 5 ਲੱਖ ਕਰੋੜ ਕਰਜ਼ਾ ਹੈ। ਇਹ ਕੁੱਲ ਮਿਲਾ ਕੇ ਪਿਛਲੇ 25 ਸਾਲਾਂ ਦੀ ਦੇਣ ਹੈ। 1996 ’ਚ ਇਹ ਕਰਜ਼ਾ ਸਿਰਫ 15 ਹਜ਼ਾਰ ਕਰੋੜ ਸੀ। ਪੰਜਾਬ ਦੀ ਬਰਬਾਦੀ ਦਾ ਕਾਰਨ ਸਿਆਸੀ ਲੀਡਰਾਂ ਦੀ ਸੱਤਾ ਦੀ ਹਾਬੜ ਕਰ ਕੇ 27000 ਦੀਆਂ ਸਾਲਾਨਾ ਮੁਫ਼ਤਖੋਰੀਆਂ ਹਨ। ਨਾਨਕ ਦੇ ਸਿਧਾਂਤ ‘ਕਿਰਤ ਕਰੋ ਅਤੇ ਵੰਡ ਛਕੋ’ ਨੂੰ ਛੱਡ ਕੇ ਸਿਆਸੀ ਆਗੂਆਂ ਦੀਆਂ ਮੁਫ਼ਤਖੋਰੀਆਂ ਕਰ ਕੇ ਗਰਕ ਹੋਏ ਪੰਜਾਬੀਆਂ ਦੇ ਮੱਥੇ ’ਤੇ ਇਹ ਕਲੰਕ ਨਹੀਂ ਤਾਂ ਹੋਰ ਕੀ ਹੈ? ਪੰਜਾਬ ਦੇ 66 ਲੱਖ ਲੋਕ ਨਸ਼ਿਆਂ ਦੇ ਆਦੀ ਹਨ। ਸਾਬਕਾ ਮੁੱਖ ਮੰਤਰੀ ਅਮਰਿੰਦਰ ਵੱਲੋਂ ਘਰ-ਘਰ ਨੌਕਰੀ ਅਤੇ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਰੁਜ਼ਗਾਰ ਦੇ ਦਾਅਵੇ ਝੂਠੇ ਸਾਬਤ ਹੋ ਰਹੇ ਹਨ। ਪੰਜਾਬ ’ਚ ਦੇਸ਼ ’ਚ ਸਭ ਤੋਂ ਵੱਧ 22 ਫ਼ੀਸਦ 15 ਤੋਂ 29 ਸਾਲ ਦੇ ਨੌਜਵਾਨ ਬੇਰੁਜ਼ਗਾਰ ਹਨ। ਅੱਤਵਾਦ ਵੇਲੇ 17-18 ਹਜ਼ਾਰ ਸਨਅਤੀ ਅਦਾਰੇ ਜਾਂ ਤਾਂ ਚਲੇ ਗਏ ਜਾਂ ਬੰਦ ਹੋ ਗਏ। ਕਿੱਧਰੇ ਕੋਈ ਨਵਾਂ ਨਿਵੇਸ਼ ਜਾਂ ਸਨਅਤ ਪੰਜਾਬ ਨਹੀਂ ਪਰਤਿਆ। ਕਿਸਾਨੀ ਨੂੰ ਦਬਾਉਣ ਅਤੇ ਐੱਮਐੱਸਪੀ ਤੋਂ ਮਹਰੂਮ ਰੱਖਿਆ ਗਿਆ। ਜਿਸ ਪੰਜਾਬੀ ਨੇ ਆਵਾਜ਼ ਚੁੱਕੀ ਉਸ ਨੂੰ ਕੁੱਟਿਆ, ਝੂਠੇ ਕੇਸਾਂ ’ਚ ਫਸਾਇਆ ਅਤੇ ਜੇਲ੍ਹ ਬੰਦ ਕੀਤਾ ਗਿਆ। ਸਭ ਸਰਕਾਰਾਂ ਨੇ ਪਾਕਿਸਤਾਨ ਅੰਦਰ ਫ਼ੌਜੀ ਰਾਜ ਵਾਂਗ ਪੰਜਾਬ ’ਚ ਪੁਲਿਸ ਰਾਜ ਮਜਬੂਤ ਕੀਤਾ।
ਪੰਜਾਬ ਨੂੰ ਆਰਥਿਕ, ਦਿਸ਼ਾਹੀਨਤਾ ਅਤੇ ਧਾਰਮਿਕ ਖਿੱਚੋਤਾਣ ’ਚੋਂ ਬਾਹਰ ਕੱਢਣ ਲਈ ਕਿਸੇ ਦੂਰਦਰਸ਼ੀ ਸੋਚ ਵਾਲੇ ਆਗੂ ਦੀ ਲੋੜ ਹੈ, ਜੋ ਹਰ ਵਰਗ, ਜਾਤ, ਧਰਮ, ਖਿੱਤੇ ਦੇ ਪੰਜਾਬੀਆਂ ਨੂੰ ਨਾਲ ਲੈ ਕੇ ਅਤੇ ਕੇਂਦਰੀ ਸਰਕਾਰਾਂ ਨਾਲ ਸੁਹਿਰਦ ਤਾਲ ਮੇਲ ਰਾਹੀਂ ਪੰਜਾਬ ਦੀਆਂ ਸਮੱਸਿਆਵਾਂ ਨੂੰ ਨਜਿੱਠਦਿਆਂ ਇਸ ਨੂੰ ਮੁੜ ਵਿਕਾਸ ਦੀਆਂ ਲੀਹਾਂ ’ਤੇ ਖੜ੍ਹਾ ਕਰ ਸਕੇ।
(ਲੇਖਕ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ ਹਨ। ਸੰਪਰਕ : +12898292929)।