- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਵੇਂ ਹਰ ਕੋਈ ਇਸ ਗੱਲ ਤੋਂ ਜਾਣੂ ਹੈ ਕਿ ਪਟਾਕੇ ਪ੍ਰਦੂਸ਼ਣ ਵਧਾਉਂਦੇ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਤਾਂ ਦੀਵਾਲੀ ਤੋਂ ਬਾਅਦ ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ ਦੇ ਹੋਰਨਾਂ ਇਲਾਕਿਆਂ ਦੀ ਹਵਾ ਇੰਨੀ ਜ਼ਹਿਰੀਲੀ ਹੋ ਜਾਂਦੀ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਬਹੁਤ ਘੱਟ ਲੋਕ ਅਜਿਹੇ ਹਨ, ਜੋ ਪਟਾਕਿਆਂ ਦੀ ਵਰਤੋਂ ’ਚ ਸੰਜਮ ਵਰਤਦੇ ਹਨ ਤੇ ਸਿਰਫ਼ ਹਰੇ ਪਟਾਕੇ ਹੀ ਚਲਾਉਂਦੇ ਹਨ।

ਸੁਪਰੀਮ ਕੋਰਟ ਵੱਲੋਂ ਦਿੱਲੀ-ਐੱਨ.ਸੀ.ਆਰ. ’ਚ ਗ੍ਰੀਨ ਪਟਾਕਿਆਂ ਦੀ ਵਿਕਰੀ ਤੇ ਉਨ੍ਹਾਂ ਨੂੰ ਚਲਾਉਣ ਦੀ ਸੀਮਤ ਛੋਟ ਦੇਣ ਤੋਂ 24 ਘੰਟਿਆਂ ਬਾਅਦ ਹੀ ਇਹ ਗੱਲ ਸਾਹਮਣੇ ਆਈ ਕਿ ਰਾਜਧਾਨੀ ’ਚ ਰਵਾਇਤੀ ਪਟਾਕਿਆਂ ਦੀ ਵੀ ਸ਼ਰੇਆਮ ਵਿਕਰੀ ਹੋ ਰਹੀ ਹੈ। ਇਸ ’ਤੇ ਸੁਪਰੀਮ ਕੋਰਟ ਨੇ ਨਾਰਾਜ਼ਗੀ ਪ੍ਰਗਟਾਉਂਦਿਆਂ ਸਰਕਾਰ ਨੂੰ ਆਪਣੇ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ। ਦੇਖਣਾ ਇਹ ਹੈ ਕਿ ਅਜਿਹਾ ਹੋਵੇਗਾ ਵੀ ਕਿ ਨਹੀਂ, ਕਿਉਂਕਿ ਪਿਛਲੇ ਸਾਲਾਂ ’ਚ ਵੀ ਸੁਪਰੀਮ ਕੋਰਟ ਦੇ ਅਜਿਹੇ ਹੁਕਮਾਂ ਦੇ ਬਾਵਜੂਦ ਪਟਾਕੇ ਵੇਚਣ ਵਾਲੇ ਕਿਸੇ ਨਾ ਕਿਸੇ ਢੰਗ ਨਾਲ ਇਨ੍ਹਾਂ ਦੀ ਵਿਕਰੀ ਕਰ ਹੀ ਲੈਂਦੇ ਹਨ। ਉਹ ਹਰੇ ਪਟਾਕਿਆਂ ਦੇ ਨਾਂ ’ਤੇ ਰਵਾਇਤੀ, ਭਾਵ ਕਿਤੇ ਵੱਧ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕੇ ਵੀ ਵੇਚਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਹ ਯਕੀਨੀ ਬਣਾਉਣ ਲਈ ਕੋਈ ਸਖ਼ਤ ਹੱਲ ਨਹੀਂ ਕੀਤੇ ਜਾ ਰਹੇ ਕਿ ਸਾਰੇ ਪਟਾਕੇ ਹਰੇ ਪਟਾਕੇ ਹੀ ਹੋਣ। ਆਮ ਤੌਰ ’ਤੇ ਲੋਕ ਦੀਵਾਲੀ ਮੌਕੇ ਤੈਅ ਸਮਾਂ ਹੱਦ ਦੀ ਅਣਦੇਖੀ ਕਰਦਿਆਂ ਦੇਰ ਰਾਤ ਤੱਕ ਪਟਾਕੇ ਚਲਾਉਂਦੇ ਰਹਿੰਦੇ ਹਨ। ਭਾਵੇਂ ਹਰ ਕੋਈ ਇਸ ਗੱਲ ਤੋਂ ਜਾਣੂ ਹੈ ਕਿ ਪਟਾਕੇ ਪ੍ਰਦੂਸ਼ਣ ਵਧਾਉਂਦੇ ਹਨ ਅਤੇ ਪਿਛਲੇ ਕੁਝ ਸਾਲਾਂ ਤੋਂ ਤਾਂ ਦੀਵਾਲੀ ਤੋਂ ਬਾਅਦ ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ ਦੇ ਹੋਰਨਾਂ ਇਲਾਕਿਆਂ ਦੀ ਹਵਾ ਇੰਨੀ ਜ਼ਹਿਰੀਲੀ ਹੋ ਜਾਂਦੀ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ। ਬਹੁਤ ਘੱਟ ਲੋਕ ਅਜਿਹੇ ਹਨ, ਜੋ ਪਟਾਕਿਆਂ ਦੀ ਵਰਤੋਂ ’ਚ ਸੰਜਮ ਵਰਤਦੇ ਹਨ ਤੇ ਸਿਰਫ਼ ਹਰੇ ਪਟਾਕੇ ਹੀ ਚਲਾਉਂਦੇ ਹਨ। ਇਹ ਸਹੀ ਹੈ ਕਿ ਦੀਵਾਲੀ ਮੌਕੇ ਪਟਾਕੇ ਚਲਾਉਣ ਦੀ ਰਵਾਇਤ ਪਤਾ ਨਹੀਂ ਕਦੋਂ ਤੋਂ ਚਲੀ ਆ ਰਹੀ ਹੈ ਅਤੇ ਇਹ ਇਸ ਤਿਉਹਾਰ ਦਾ ਇੱਕ ਹਿੱਸਾ ਬਣ ਚੁੱਕੇ ਹਨ, ਪਰ ਇਨ੍ਹਾਂ ਦੀ ਵਰਤੋਂ ਸੀਮਤ ਕਰਕੇ ਵੀ ਤਾਂ ਖੁਸ਼ੀਆਂ ਮਨਾਈਆਂ ਜਾ ਸਕਦੀਆਂ ਹਨ। ਇਸ ਲਈ ਲੋਕ ਆਪਣੀ ਗਲੀ ਜਾਂ ਮੁਹੱਲੇ ’ਚ ਸਾਂਝੇ ਤੌਰ ’ਤੇ ਕਿਸੇ ਖੁੱਲ੍ਹੀ ਥਾਂ ’ਤੇ ਪਟਾਕੇ ਚਲਾ ਸਕਦੇ ਹਨ ਅਤੇ ਇਹ ਵੀ ਯਕੀਨੀ ਬਣਾ ਸਕਦੇ ਹਨ ਕਿ ਸਿਰਫ਼ ਹਰੇ ਪਟਾਕੇ ਹੀ ਚਲਾਏ ਜਾਣ। ਇਸੇ ’ਚ ਸਭ ਦੀ ਭਲਾਈ ਹੈ। ਪਿਛਲੇ ਦੋ-ਤਿੰਨ ਦਹਾਕਿਆਂ ਦੌਰਾਨ ਹਾਲਾਤ ਬਦਲ ਚੁੱਕੇ ਹਨ। ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ ਦੇ ਇਕ ਵੱਡੇ ਖੇਤਰ ’ਚ ਸਰਦੀਆਂ ਦੀ ਆਮਦ ਦੇ ਨਾਲ ਹੀ ਸਿਰ ਚੁੱਕਣ ਵਾਲਾ ਹਵਾ ਪ੍ਰਦੂਸ਼ਣ ਦੀਵਾਲੀ ਤੋਂ ਬਾਅਦ ਅਚਾਨਕ ਬਹੁਤ ਵਧ ਜਾਂਦਾ ਹੈ। ਅਜਿਹੇ ’ਚ ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਸਮੱਸਿਆ ਇਹ ਹੈ ਕਿ ਆਮ ਲੋਕ ਜਿਸ ਤਰ੍ਹਾਂ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਪੁਰਾਣੇ ਵਾਹਨ ਚਲਾਉਣ, ਪਰਾਲੀ ਜਾਂ ਕੂੜਾ-ਕਰਕਟ ਸਾੜਨ ਤੇ ਧੂੜ ਉਡਾਉਣ ਵਾਲੇ ਉਸਾਰੀ ਕਾਰਜ ਕਰਵਾਉਣ ਨਾਲ ਪ੍ਰਦੂਸ਼ਣ ਵਧਦਾ ਹੈ, ਉਸੇ ਤਰ੍ਹਾਂ ਮਨਮਰਜ਼ੀ ਨਾਲ ਪਟਾਕੇ ਚਲਾਉਣ ਕਾਰਨ ਵੀ ਸਾਹਾਂ ਲਈ ਸੰਕਟ ਪੈਦਾ ਹੁੰਦਾ ਹੈ। ਇਸ ਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਸਰਕਾਰ ਦਾ ਪ੍ਰਦੂਸ਼ਣ ਰੋਕੂ ਤੰਤਰ ਵੀ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਉਣ ਦੀ ਬਜਾਏ ਸਿਰਫ਼ ਖਾਨਾਪੂਰਤੀ ਹੀ ਵਧੇਰੇ ਕਰਦਾ ਹੈ। ਉਹ ਉਦੋਂ ਜਾਗਦਾ ਹੈ, ਜਦੋਂ ਪ੍ਰਦੂਸ਼ਣ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ। ਇਹ ਸਮਝਣ ਦੀ ਲੋੜ ਹੈ ਕਿ ਸਿਹਤ ਲਈ ਘਾਤਕ ਸੰਕਟ ਪੈਦਾ ਕਰਨ ਵਾਲੇ ਪ੍ਰਦੂਸ਼ਣ ਨਾਲ ਉਦੋਂ ਹੀ ਨਜਿੱਠਿਆ ਜਾ ਸਕਦਾ ਹੈ, ਜਦੋਂ ਸਰਕਾਰੀ ਤੰਤਰ ਦੇ ਨਾਲ-ਨਾਲ ਆਮ ਲੋਕ ਵੀ ਇਸ ਦੀ ਰੋਕਥਾਮ ਦੇ ਉਪਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਪ੍ਰਤੀ ਸੁਚੇਤ ਰਹਿਣ। ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ ਦੀਆਂ ਸਰਕਾਰਾਂ, ਪ੍ਰਸ਼ਾਸਨ ਅਤੇ ਲੋਕਾਂ ਨੂੰ ਵੀ ਇਹ ਜਾਗਰੂਕਤਾ ਦਿਖਾਉਣੀ ਪਵੇਗੀ।