- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਨਤਮ ਤਕਨੀਕ ਅਧਾਰਤ ਪ੍ਰਾਜੈਕਟਾਂ ਦੀ ਸਥਾਪਨਾ ਦੀ ਝੜੀ ਲਗਾਉਂਦੇ ਸਮੇਂ ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਨੇ 4700 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਹ ਪੱਥਰ ‘ਵਿਕਸਿਤ ਭਾਰਤ ਅਭਿਆਨ’ ਤਹਿਤ ਰੱਖਿਆ ਜੋ ਸਿਹਤ, ਸਿੱਖਿਆ ਅਤੇ ਸੜਕੀ ਬੁਨਿਆਤੀ ਢਾਂਚੇ ਨਾਲ ਸੰਬੰਧਿਤ ਸਨ। ਇਸ ਸਮੇਂ ਪੀਜੀਆਈ ਚੰਡੀਗੜ੍ਹ ਵਿਖੇ ਉਹਨਾਂ ਨੇ ਇੱਕ ਐਮਬੀਬੀਐਸ ਕਾਲਜ ਦੀ ਮਨਜ਼ੂਰੀ ਦਿੱਤੀ।

-ਦਰਬਾਰਾ ਸਿੰਘ ਕਾਹਲੋਂ
ਸ਼ੁੱਕਰਵਾਰ 17 ਜੁਲਾਈ, 2026 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਤੂਫ਼ਾਨੀ ਦੌਰੇ ’ਤੇ ਹਰਿਆਣਾ, ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਅਤੇ ਪੰਜਾਬ ਵਿਖੇ ਦੇਸ਼ ਨੂੰ ਨਵੀਨਤਮ ਮੁਢਲੇ ਢਾਂਚੇ, ਰੇਲਵੇ, ਸਿਹਤ ਅਤੇ ਵਿਰਾਸਤ ਨਾਲ ਜੋੜਨ ਲਈ ਕਰੀਬ 25 ਹਜ਼ਾਰ ਕਰੋੜ ਦੇ ਪ੍ਰਾਜੈਕਟਾਂ ਦੇ ਵੱਖ-ਵੱਖ ਥਾਵਾਂ ’ਤੇ ਉਦਘਾਟਨਾਂ ਲਈ ਪਹੁੰਚੇ ਪਰ ਇਸ ਦੌਰੇ ਦੌਰਾਨ ਪੰਜਾਬ ਅੰਦਰ ਉਹਨਾਂ ਦਾ ਜਲੰਧਰ ਅੰਦਰ ਪੜਾਅ ਮਹੱਤਵਪੂਰਨ ਸੀ। ਪੰਜਾਬ ਅੰਦਰ ਪੰਜ ਮਹੀਨਿਆਂ ਦੇ ਵਕਫੇ਼ ਬਾਅਦ ਜਲੰਧਰ ਦੇ ਦੂਸਰੇ ਦੌਰੇ ’ਤੇ ਜਿਵੇਂ ਅਰਜਨ ਦੀ ਨਜ਼ਰ ਦਰੋਪਦੀ ਸਵੰਬਰ ਵੇਲੇ ਮੱਛੀ ਦੀ ਅੱਖ ’ਤੇ ਟਿਕੀ ਹੋਈ ਸੀ, ਸਿਆਸੀ ਮਾਹਰਾਂ ਅਤੇ ਰਾਜਨੀਤਿਕ ਟਿੱਪਣੀਕਾਰਾਂ ਦੀ ਨਜ਼ਰ ਟਿਕੀ ਹੋਈ ਸੀ। ਪ੍ਰਧਾਨ ਮੰਤਰੀ ਦੇ ਜਲੰਧਰ ਵਿਖੇ ਚਾਰ ਪ੍ਰੋਗਰਾਮ ਸਨ। ਉਹਨਾਂ ਉੱਥੇ 5470 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਮਕਸਦ ਸੰਪਰਕ ਮਜ਼ਬੂਤ ਕਰਨਾ ਯਾਤਰੀ ਸਹੂਲਤਾਂ ’ਚ ਸੁਧਾਰ ਅਤੇ ਆਰਥਿਕ ਵਿਕਾਸ ’ਚ ਤੇਜ਼ੀ ਲਿਆਉਣਾ ਸੀ। ਆਪਣੇ ਦੌਰੇ ਦੌਰਾਨ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਹਰਿਆਣਾ ਪਹੁੰਚੇ ਜਿੱਥੇ, ਉਹਨਾਂ ਨੇ 14 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਇਹਨਾਂ ’ਚ ਪ੍ਰਮੁੱਖ ਜੀਂਦ ਵਿਖੇ ਜੀਂਦ ਤੋਂ ਸੋਨੀਪਤ ਤੱਕ 89 ਕਿਲੋਮੀਟਰ ਚੱਲਣ ਵਾਲੀ ਦੇਸ਼ ਵਿੱਚ ਪਹਿਲੀ ਹਾਈਡਰੋਜਨ ਟਰੇਨ ਦਾ ਉਦਘਾਟਨ ਸੀ। ਇਸ ਪ੍ਰਾਜੈਕਟ ਨਾਲ ਗਰੀਨ ਊਰਜਾ ਦੇ ਖੇਤਰ ’ਚ ਭਾਰਤ ਵਿਸ਼ਵ ਦੇ ਪੰਜ ਰਾਸ਼ਟਰਾਂ ਜਰਮਨੀ, ਜਪਾਨ,ਚੀਨ ਆਦਿ ਵਿੱਚ ਜੁੜ ਗਿਆ ਹੈ। ਮੋਦੀ ਦੀ ਅਗਵਾਈ ’ਚ ਭਾਰਤ ਵੱਲੋਂ ਇਹ ਇਕ ਇਤਿਹਾਸਿਕ ਪੁਲਾਂਘ ਸਮਝੀ ਜਾਂਦੀ ਹੈ। ਹਰਿਆਣਾ ਅੰਦਰ ਦੂਸਰਾ ਮਹੱਤਵਪੂਰਨ ਪ੍ਰੋਜੈਕਟ ਅੰਦਰ 160 ਕਰੋੜ ਦੀ ਲਾਗਤ ਨਾਲ ਸਥਾਪਤ ਕੀਤਾ ਜਾਣ ਵਾਲਾ ਸਿੱਖ ਮਿਊਜ਼ੀਅਮ ਹੈ, ਜੋ ਨਾ ਸਿਰਫ਼ ਇਸ ਰਾਜ ’ਚ ਬਲਕਿ ਪੂਰੇ ਦੇਸ਼ ਅੰਦਰ ਸਿੱਖ ਗੁਰੂਆਂ ਦੀ ਪਰੰਪਰਾ ,ਗੁਰ ਗਿਆਨ ,ਬਲਿਦਾਨ ਅਤੇ ਗੁਰਬਾਣੀ ਨੂੰ ਸਦੀਵੀ ਚਾਨਣ ਮੁਨਾਰੇ ਦੀ ਤਰ੍ਹਾਂ ਕਾਇਮ ਰੱਖੇਗਾ।
ਨਵੀਨਤਮ ਤਕਨੀਕ ਅਧਾਰਤ ਪ੍ਰਾਜੈਕਟਾਂ ਦੀ ਸਥਾਪਨਾ ਦੀ ਝੜੀ ਲਗਾਉਂਦੇ ਸਮੇਂ ਚੰਡੀਗੜ੍ਹ ਵਿਖੇ ਪ੍ਰਧਾਨ ਮੰਤਰੀ ਨੇ 4700 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਨੀਹ ਪੱਥਰ ‘ਵਿਕਸਿਤ ਭਾਰਤ ਅਭਿਆਨ’ ਤਹਿਤ ਰੱਖਿਆ ਜੋ ਸਿਹਤ, ਸਿੱਖਿਆ ਅਤੇ ਸੜਕੀ ਬੁਨਿਆਤੀ ਢਾਂਚੇ ਨਾਲ ਸੰਬੰਧਿਤ ਸਨ। ਇਸ ਸਮੇਂ ਪੀਜੀਆਈ ਚੰਡੀਗੜ੍ਹ ਵਿਖੇ ਉਹਨਾਂ ਨੇ ਇੱਕ ਐਮਬੀਬੀਐਸ ਕਾਲਜ ਦੀ ਮਨਜ਼ੂਰੀ ਦਿੱਤੀ।
ਪ੍ਰਧਾਨ ਮੰਤਰੀ ਦੇ ਅਜੋਕੇ ਦੌਰੇ ਦਾ ਮਹੱਤਵਪੂਰਨ ਹਿੱਸਾ ਆਖਰ ’ਚ ਜਲੰਧਰ ਵਿਖੇ ਦੁਆਬਾ ਖੇਤਰ ’ਚ ਪੰਜਾਬ ਪੜਾਅ ਰਿਹਾ। ਇਹ ਪੜਾਅ ਭਵਿੱਖੀ ਪੰਜਾਬ ਵਿਧਾਨ ਸਭਾ ਚੋਣਾਂ ਹੋਣ ਕਾਰਨ ਮਹੱਤਵਪੂਰਨ ਰਿਹਾ। ਇਸ ਖੇਤਰ ’ਚ ਵਿਧਾਨ ਸਭਾ ਦੀਆਂ 23 ਸੀਟਾਂ ਮੌਜੂਦ ਹਨ। ਇਹ ਖੇਤਰ ਪੰਜਾਬੀ ਐੱਨਆਰ ਆਈ ਅਤੇ ਦਲਿਤ ਵਰਗਾਂ ਨਾਲ ਸੰਬੰਧਿਤ ਭਾਈਚਾਰੇ ਦਾ ਪ੍ਰਮੁੱਖ ਕੇਂਦਰ ਹੈ। ਇੱਥੇ ਭਗਤ ਰਵਿਦਾਸ ਜੀ ਨਾਲ ਸੰਬੰਧਿਤ ਗੁਰੂ ਰਵਿਦਾਸ ਸੱਚਖੰਡ ਡੇਰਾ ਬੱਲਾਂ ਮੌਜੂਦ ਹੈ। ਇਸ ਡੇਰੇ ਦੇ ਮੁਖ ਸੰਤ ਨਿਰੰਜਨ ਦਾਸ ਨੂੰ 1 ਫਰਵਰੀ 2026 ਨੂੰ ਪ੍ਰਧਾਨ ਮੰਤਰੀ ਜੀ ਆਦਮਪੁਰ ਹਵਾਈ ਅੱਡੇ ਤੇ ਉਦਘਾਟਨ ਮਿਲਣ ਲਈ ਪੁੱਜੇ ਸਨ।
ਹਵਾਈ ਅੱਡੇ ਦਾ ਨਾਮ ਗੁਰੂ ਰਵਿਦਾਸ ਹਵਾਈ ਅੱਡਾ ਰੱਖਿਆ। ਇਸ ਤੋਂ ਪਹਿਲਾਂ ਸੰਤ ਨਿਰੰਜਨ ਦਾਸ ਜੀ ਨੂੰ ਪ੍ਰਧਾਨ ਮੰਤਰੀ ਨਿਵਾਸ ਸਥਾਨ ਤੇ ਬੁਲਾਇਆ ਗਿਆ ਸੀ। ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮਸ੍ਰੀ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਜੋ ਕਿ ਭਗਤ ਰਵਿਦਾਸ ਜੀ ਦੇ ਪੈਰੋਕਾਰਾਂ ਲਈ ਬੜੇ ਮਾਣ ਦੀ ਗੱਲ ਸੀ । ਹੁਣ ਸ੍ਰੀ ਅੰਮ੍ਰਿਤਸਰ ਤੋਂ ਕਾਸ਼ੀ (ਬਨਾਰਸ) ਗੁਰੂ ਰਵਿਦਾਸ ਟ੍ਰੇਨ ਦੇ ਉਦਘਾਟਨ ਸਮੇਂ ਉਹਨਾਂ ਸੰਤ ਨਿਰੰਜਨ ਦਾਸ ਜੀ ਨਾਲ ਮੁਲਾਕਾਤ ਕੀਤੀ। ਮਕਸਦ ਪੰਜਾਬ ’ਚ 32 ਪ੍ਰਤੀਸ਼ਤ ਦਲਿਤ ਭਾਈਚਾਰੇ ਨੂੰ ਹਰਿਆਣਾ ਵਾਂਗ ਸੋਸ਼ਲ ਇੰਜੀਨੀਅਰਿਗ ਰਾਹੀਂ ਭਾਜਪਾ ਨਾਲ ਜੋੜਨਾ ਹੈ। ਭਾਜਪਾ ਨੇ 2024 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ 18 ਫ਼ੀਸਦ ਵੋਟ ਹਾਸਲ ਕੀਤੀ ਸੀ। ਅਕਸਰ ਮੰਨਿਆ ਜਾਂਦਾ ਹੈ ਕਿ ਭਾਜਪਾ ਵੋਟ ਦਾ ਕੇਂਦਰ ਸ਼ਹਿਰੀ ਖੇਤਰ ਹੈ ਅਤੇ ਹੁਣ ਉਹ 32 ਫ਼ੀਸਦ ਦਲਿਤ ਭਾਈਚਾਰੇ ਨਾਲ ਗਲਵਕੜੀ ਪਾ ਕੇ ਰਾਜ ਵਿੱਚ ਆਪਣਾ ਵੋਟ ਬੈਂਕ ਵਧਾਉਣਾ ਚਾਹੁੰਦੀ ਹੈ। ਹਕੀਕਤ ’ਚ ਦਲਿਤ ਭਾਈਚਾਰਾ ਪੰਜਾਬ ’ਚ ਹਮੇਸ਼ਾ ਕਾਂਗਰਸ ਪ੍ਰਤੀ ਝੁਕਾਅ ਰੱਖਦਾ ਆਇਆ ਹੈ ਪਰ ਇਹ ਵੀ ਵੇਖਣ ’ਚ ਆਇਆ ਹੈ ਕਿ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਧ ਜਿੱਤ ਰਿਜ਼ਰਵ ਸੀਟਾਂ ਕੇ ਲੈ ਜਾਂਦਾ ਰਿਹਾ ਹੈ। ਇਕ ਹਕੀਕਤ ਇਹ ਵੀ ਹੈ ਕਿ ਇਕ ਤਾਂ ਰਾਜ ’ਚ ਦਲਿਤ ਭਾਈਚਾਰਾ ਵੱਖ ਵੱਖ ਰਾਜਨੀਤਿਕ ਪਾਰਟੀਆਂ ’ਚ ਵੰਡਿਆ ਹੋਇਆ ਹੈ।
ਵੈਸੇ ਤਾਂ ਰਾਸ਼ਟਰੀ ਪੱਧਰ ਤੇ ਭਾਜਪਾ ਨੇ ਅਤੇ ਰਾਜ ਪੱਧਰ ਤੇ ਆਮ ਆਦਮੀ ਪਾਰਟੀ (ਆਪ) ਨੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ’ਤੇ ਆਪਣੀ ਪੱਕੀ ਨਕੇਲ ਕੱਸੀ ਹੋਈ ਹੈ। ਕਿਸੇ ਦੀ ਹਿੰਮਤ ਨਹੀਂ ਕਿ ਉਹਨਾਂ ਖ਼ਿਲਾਫ਼ ਲਿਖ ਜਾਂ ਬੋਲ ਸਕੇ। ਸੋਸ਼ਲ ਮੀਡੀਆ ਵੀ ਝੂਠੇ ਪਰਚਿਆਂ ਅਤੇ ਡਰਾਵਿਆਂ ਨਾਲ ਕੰਬਾਇਆ ਹੋਇਆ ਹੈ ਪਰ ਇਸ ਮਾਹੌਲ ’ਚ ਇਹ ਦੋਵੇਂ ਰਾਜਨੀਤਕ ਪਾਰਟੀਆਂ ਇਕ ਦੂਸਰੇ ਤੇ ਰਾਜਨੀਤਿਕ ਹਮਲੇ ਕਰਨ ਤੋਂ ਜਰਾ ਵੀ ਗੁਰੇਜ਼ ਨਹੀਂ ਕਰਦੀਆਂ। ਸੋ ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਪੰਜਾਬੀ ਭਾਸ਼ਾ ’ਚ ਸ਼ੁਰੂ ਕਰਕੇ ਪੰਜਾਬ ਨਾਲ ਅਪਣੱਤ ਜਿਤਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਆਪ ਵਿਧਾਇਕਾਂ ’ਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ। ਇਹ ਵੀ ਦੋਸ਼ ਲਾਇਆ ਕਿ ਸਾਨੂੰ 2014 ਤੋਂ ਬਾਅਦ ਉਹਨਾਂ ਦੀ ਸਰਕਾਰ ਨੇ ਲੱਖਾਂ ਕਰੋੜ ਰੁਪਏ ਪੰਜਾਬ ਦੇ ਵਿਕਾਸ ਲਈ ਭੇਜੇ ਜੋ ਇਥੋਂ ਦੀਆਂ ਸਰਕਾਰਾਂ ਨੇ ਆਪਣੇ ਰਾਜਨੀਤਕ ਲਾਹਿਆ ਲਈ ਵਰਤ ਲਏ। ਉਹਨਾਂ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਰਾਜ ’ਚ ਡਬਲ ਇੰਜਨ ਸਰਕਾਰ ਅਤੇ ਪੰਜਾਬ ’ਚ ਮਹਾਰਾਜਾ ਰਣਜੀਤ ਸਿੰਘ ਵਰਗੇ ਪ੍ਰਤਾਪੀ ਰਾਜ ਲਈ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਚੁਣਨ ਤਾਂ ਕਿ ਪੰਜਾਬ ਦਾ ਵਿਕਾਸ ਹਰਿਆਣਾ ਅਤੇ ਦਿੱਲੀ ਦੀਆਂ ਡਬਲ ਇੰਜਨ ਸਰਕਾਰਾਂ ਵਾਂਗ ਹੋ ਸਕੇ। ਚੰਡੀਗੜ੍ਹ ਫੇਰੀ ਅਤੇ ਪ੍ਰੋਜੈਕਟਾਂ ਰਾਹੀਂ ਪ੍ਰਧਾਨ ਮੰਤਰੀ ਨੇ ਪੰਜਾਬੀਆਂ ਨੂੰ ਇਹ ਸੁਨੇਹਾ ਦੇਣ ਦਾ ਯਤਨ ਕੀਤਾ ਕਿ ਭਵਿੱਖ ਵਿੱਚ ਭਾਜਪਾ ਇਸ ਨੂੰ ਪੰਜਾਬ ਦੀ ਰਾਜਧਾਨੀ ਵਿੱਚ ਬਦਲਣ ਦੀ ਥਾਂ ਪੂਰੇ ਰਾਜ ਦਾ ਰੁਤਬਾ ਦੇਣ ਦੀ ਇੱਛਾ ਰੱਖਦੀ ਹੈ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ’ਤੇ ਦੋਸ਼ ਲਗਾਇਆ ਕਿ ਉਸ ਨੇ 12 ਸਾਲ ਦੇ ਕਾਰਜਕਾਲ ’ਚ ਪੰਜਾਬ ਲਈ ਕੁਝ ਨਹੀਂ ਕੀਤਾ ਸਗੋਂ ਉਲਟਾ ਪੰਜਾਬ ਦੇ ਵਾਜਬ ਹੱਕ ਖੋਹੇ। ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤੰਜ ਕਰਦਿਆਂ ਕਿਹਾ ਕਿ ਰਾਮ ਮੰਦਿਰ ਦਾ ਚੰਦਾ ਚੋਰੀ ਕਰਨ ਵਾਲਿਆਂ ਦਾ ਵੱਡਾ ਆਗੂ ਇਮਾਨਦਾਰੀ ਦਾ ਭਾਸ਼ਣ ਦੇ ਰਿਹਾ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਜਪਾ ਅਤੇ ਆਪ ਵਿਚਾਲੇ ਸੱਤਾ ਲਈ ਗਹਿ-ਗੱਚ ਰਾਜਨੀਤਿਕ ਟਕਰਾਅ ਵੇਖਣ ਨੂੰ ਮਿਲੇਗਾ ਪਰ ਦੋਵਾਂ ਧਿਰਾਂ ਨੂੰ ਪੰਜਾਬ ਦੇ ਅਮਨ ਕਾਨੂੰਨ ਨਾਲ ਖਿਲਵਾੜ ਕਰਨ ਤੋਂ ਗੁਰੇਜ਼ ਕਰਨੀ ਚਾਹੀਦੀ ਹੈ।