- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਦੋਵਾਂ ਪਾਰਟੀਆਂ ਨੇ ਆਪਣੇ ਇਤਿਹਾਸ ਤੇ ਲੋਕਾਂ ਦੇ ਫ਼ਤਵਿਆਂ ਤੋਂ ਕੁਝ ਨਹੀਂ ਸਿੱਖਿਆ। ਕਾਂਗਰਸ ਨੇ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤਰ੍ਹਾਂ ਘੇਰਿਆ ਕਿ ਪਾਰਟੀ ਹੀ ਟੁੱਟ ਗਈ। ਅੱਜ ਉਹੀ ਕਾਂਗਰਸ ਆਪਣੇ ਸੰਗਠਨ ਅੰਦਰ ਉੱਠ ਰਹੀਆਂ ਆਵਾਜ਼ਾਂ ਨੂੰ ਸੁਣਨ ਲਈ ਤਿਆਰ ਨਹੀਂ।

ਪੰਜਾਬ ਦੀ ਰਾਜਨੀਤੀ ’ਚ ਇਕ ਪੁਰਾਣੀ ਕਹਾਵਤ ਹੈ, ‘ਜਿਸ ਦੀ ਲਾਠੀ, ਉਸ ਦੀ ਮੱਝ’ ਪਰ ਅੱਜ ਦੀ ਸਿਆਸਤ ’ਚ ਇਹ ਕਹਾਵਤ ਬਦਲ ਕੇ ਕੁਝ ਇੰਝ ਹੋ ਗਈ ਹੈ, ‘ਜਿਸ ਦੀ ਕੁਰਸੀ, ਉਸ ਦੀ ਪਾਰਟੀ।’ ਸ਼ਾਇਦ ਇਸੇ ਕਰਕੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਅੱਜ ਫ਼ਰਕ ਲੱਭਣਾ ਔਖਾ ਹੋ ਗਿਆ ਹੈ। ਦੋਵਾਂ ਪਾਰਟੀਆਂ ਦੇ ਝੰਡੇ ਵੱਖ ਹਨ, ਨਾਅਰੇ ਵੱਖ ਹਨ, ਇਤਿਹਾਸ ਵੱਖਰਾ ਹੈ ਪਰ ਕੁਰਸੀ ਪ੍ਰਤੀ ਮੋਹ ਇੱਕੋ ਜਿਹਾ ਹੈ। ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਆਪਣੇ ਹੀ ਜ਼ਿਲ੍ਹੇ ’ਚ ਉਨ੍ਹਾਂ ਦੇ ਆਪਣੇ ਵਰਕਰ ਸੜਕਾਂ ’ਤੇ ਉਤਰ ਕੇ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਸਵਾਲ ਇਹ ਨਹੀਂ ਕਿ ਵਰਕਰ ਸਹੀ ਹਨ ਜਾਂ ਗ਼ਲਤ। ਸਵਾਲ ਇਹ ਹੈ ਕਿ ਜੇ ਘਰ ਦੀ ਰਸੋਈ ’ਚ ਹੀ ਧੂੰਆਂ ਨਿਕਲ ਰਿਹਾ ਹੋਵੇ ਤਾਂ ਇਹ ਵਹਿਮ ਪਾਲ ਕੇ ਕਿੰਨਾ ਕੁ ਚਿਰ ਗੁਜ਼ਾਰਾ ਹੋਵੇਗਾ ਕਿ ਬਾਹਰ ਧੁੰਦ ਹੈ? ਸੰਗਠਨ ਦੀ ਨਬਜ਼ ਵਰਕਰ ਹੁੰਦੇ ਹਨ। ਜਦੋਂ ਉਹੀ ਬੇਚੈਨ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਮਸ਼ੀਨ ’ਚ ਕਿਤੇ ਨਾ ਕਿਤੇ ਕੋਈ ਪੁਰਜ਼ਾ ਜਾਮ ਹੋ ਗਿਆ ਹੈ ਪਰ ਕਾਂਗਰਸ ’ਚ ਲੱਗਦਾ ਹੈ ਕਿ ‘ਢੋਲ ਦੇ ਅੰਦਰ ਪੋਲ’ ਵਾਲੀ ਹਾਲਤ ਨੂੰ ਵੀ ਸਫ਼ਲਤਾ ਦਾ ਸਬੂਤ ਬਣਾਇਆ ਜਾ ਰਿਹਾ ਹੈ। ਉੱਧਰ, ਅਕਾਲੀ ਦਲ ਦੀ ਕਹਾਣੀ ਹੋਰ ਵੀ ਦਿਲਚਸਪ ਹੈ। ਹਰ ਦੂਜਾ ਆਗੂ ਪੰਥਕ ਏਕਤਾ ਦੀ ਗੱਲ ਕਰਦਾ ਹੈ ਪਰ ਉਸੇ ਸਾਹ ’ਚ ਇਹ ਵੀ ਜੋੜ ਦਿੰਦਾ ਹੈ ਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡਣ। ਦੂਜੇ ਪਾਸੇ ਸੁਖਬੀਰ ਬਾਦਲ ਇਹ ਸੰਦੇਸ਼ ਦੇ ਰਹੇ ਹਨ ਕਿ ਜਿਵੇਂ ਪਾਰਟੀ ਅਤੇ ਪ੍ਰਧਾਨਗੀ ਇੱਕੋ ਸ਼ਬਦ ਦੇ ਦੋ ਉਚਾਰਨ ਹੋਣ। ਨਤੀਜਾ ਇਹ ਕਿ ਏਕਤਾ ਦੀ ਗੱਡੀ ਦਾ ਇੰਜਣ ਸਟਾਰਟ ਹੀ ਨਹੀਂ ਹੁੰਦਾ। ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਦੋਵਾਂ ਪਾਰਟੀਆਂ ਨੇ ਆਪਣੇ ਇਤਿਹਾਸ ਤੇ ਲੋਕਾਂ ਦੇ ਫ਼ਤਵਿਆਂ ਤੋਂ ਕੁਝ ਨਹੀਂ ਸਿੱਖਿਆ। ਕਾਂਗਰਸ ਨੇ ਕਦੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤਰ੍ਹਾਂ ਘੇਰਿਆ ਕਿ ਪਾਰਟੀ ਹੀ ਟੁੱਟ ਗਈ। ਅੱਜ ਉਹੀ ਕਾਂਗਰਸ ਆਪਣੇ ਸੰਗਠਨ ਅੰਦਰ ਉੱਠ ਰਹੀਆਂ ਆਵਾਜ਼ਾਂ ਨੂੰ ਸੁਣਨ ਲਈ ਤਿਆਰ ਨਹੀਂ। ਅਕਾਲੀ ਦਲ ਨੇ 2017 ਅਤੇ 2022 ਦੀਆਂ ਕਰਾਰੀਆਂ ਹਾਰਾਂ ਤੋਂ ਬਾਅਦ ਵੀ ਆਤਮ-ਚਿੰਤਨ ਨਾਲੋਂ ਆਤਮ-ਰੱਖਿਆ ਨੂੰ ਵੱਧ ਤਰਜੀਹ ਦਿੱਤੀ। ਜਿਵੇਂ ਡਾਕਟਰ ਮਰੀਜ਼ ਦਾ ਬੁਖ਼ਾਰ ਮਾਪਣ ਦੀ ਥਾਂ ਥਰਮਾਮੀਟਰ ਹੀ ਤੋੜ ਦੇਵੇ। ਇਹ ਸਿਰਫ਼ ਦੋ ਆਗੂਆਂ ਦਾ ਸੰਕਟ ਨਹੀਂ। ਇਹ ਉਸ ਸਿਆਸੀ ਸੱਭਿਆਚਾਰ ਦਾ ਸੰਕਟ ਹੈ, ਜਿੱਥੇ ਪ੍ਰਧਾਨ ਦੀ ਕੁਰਸੀ ਲੋਕਤੰਤਰ ਨਾਲ ਨਹੀਂ, ਲੰਬੀ ਉਮਰ ਨਾਲ ਮਾਪੀ ਜਾਂਦੀ ਹੈ। ਦੁਨੀਆ ਦੀਆਂ ਵੱਡੀਆਂ ਲੋਕਤੰਤਰੀ ਪਾਰਟੀਆਂ ਚੋਣ ਹਾਰਦੀਆਂ ਹਨ ਤਾਂ ਨੇਤਾ ਜ਼ਿੰਮੇਵਾਰੀ ਲੈਂਦੇ ਹਨ। ਬ੍ਰਿਟੇਨ ਤੋਂ ਲੈ ਕੇ ਜਪਾਨ ਤੱਕ ਅਜਿਹੀਆਂ ਅਣਗਿਣਤ ਮਿਸਾਲਾਂ ਹਨ, ਜਿੱਥੇ ਹਾਰ ਤੋਂ ਬਾਅਦ ਅਹੁਦੇ ਛੱਡਣਾ ਸਿਆਸੀ ਨੈਤਿਕਤਾ ਮੰਨੀ ਜਾਂਦੀ ਹੈ ਪਰ ਪੰਜਾਬ ’ਚ ਲੱਗਦਾ ਹੈ ਕਿ ਅਹੁਦਾ ਛੱਡਣਾ ਨਹੀਂ, ਅਹੁਦੇ ਨਾਲ ਚਿੰਬੜੇ ਰਹਿਣਾ ਹੀ ਯੋਗਤਾ ਦਾ ਪ੍ਰਮਾਣ ਬਣ ਗਿਆ ਹੈ। ਪੰਜਾਬ ਦਾ ਵੋਟਰ ਹੁਣ ਪਹਿਲਾਂ ਵਾਲਾ ਨਹੀਂ ਰਿਹਾ। ਉਹ ‘ਹੱਥਾਂ ਦੀਆਂ ਲਕੀਰਾਂ ਨਹੀਂ, ਹੱਥਾਂ ਦੇ ਕੰਮ’ ਵੀ ਵੇਖਦਾ ਹੈ। ਉਸ ਨੂੰ ਇਹ ਵੀ ਦਿਖਾਈ ਦੇ ਰਿਹਾ ਹੈ ਕਿ ਕਾਂਗਰਸ ’ਚ ਲੜਾਈ ਪ੍ਰਧਾਨ ਬਚਾਉਣ ਦੀ ਹੈ ਅਤੇ ਅਕਾਲੀ ਦਲ ’ਚ ਪ੍ਰਧਾਨ ਬਦਲਾਉਣ ਦੀ ਪਰ ਦੋਵਾਂ ਥਾਵਾਂ ’ਤੇ ਪਾਰਟੀ ਦੂਜੇ ਨੰਬਰ ’ਤੇ ਹੈ। ਜਦੋਂ ਪਾਰਟੀ ਨਾਲੋਂ ਕੁਰਸੀ ਵੱਡੀ ਹੋ ਜਾਵੇ ਤਾਂ ਸਮਝ ਲਓ ਕਿ ਸਿਆਸਤ ਸੇਵਾ ਤੋਂ ਸਵਾਰਥ ਵੱਲ ਮੁੜ ਗਈ ਹੈ। ਸੱਚ ਤਾਂ ਇਹ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਅੱਜ ਵਿਰੋਧੀ ਨਹੀਂ, ਇੱਕ-ਦੂਜੇ ਦਾ ਸ਼ੀਸ਼ਾ ਬਣ ਗਏ ਹਨ। ਇੱਕ ਸ਼ੀਸ਼ੇ ’ਚ ਰਾਜਾ ਵੜਿੰਗ ਨਜ਼ਰ ਆਉਂਦੇ ਹਨ, ਦੂਜੇ ’ਚ ਸੁਖਬੀਰ ਬਾਦਲ ਪਰ ਦੋਵਾਂ ਤਸਵੀਰਾਂ ਦੇ ਪਿੱਛੇ ਇੱਕੋ ਜਿਹਾ ਵਾਕ ਲਿਖਿਆ ਹੈ, ‘ਕੁਰਸੀ ਪਹਿਲਾਂ, ਪਾਰਟੀ ਬਾਅਦ ’ਚ।’