- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਜੇਕਰ ਇਹ ਬਿਖਰੇ ਹੋਏ ਸਿਆਸੀ ਪੱਤੇ ਮੁੜ ਇਕੱਠੇ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਇਸ ਦੇ ਪ੍ਰਭਾਵਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਇਸ ਦੇ ਨਾਲ ਹੀ ਇਹ ਸਵਾਲ ਵੀ ਮਹੱਤਵਪੂਰਨ ਹੈ ਕਿ ਜੇ ਪੁਰਾਣੀ ਸਾਂਝ ਮੁੜ ਬਣਦੀ ਹੈ ਤਾਂ ਕੀ ਉਹ ਪਹਿਲਾਂ ਵਾਲਾ ਰੰਗ ਲਿਆ ਸਕੇਗੀ? ਕੀ ਪੁਰਾਣਾ ਭਰੋਸਾ, ਗਰਮਜੋਸ਼ੀ ਅਤੇ ਸਿਆਸੀ ਤਾਲਮੇਲ ਉਸੇ ਤਰ੍ਹਾਂ ਕਾਇਮ ਹੋ ਸਕੇਗਾ ਜਾਂ ਬਦਲ ਚੁੱਕੀ ਪੰਜਾਬ ਦੀ ਸਿਆਸੀ ਜ਼ਮੀਨ ਇਸ ਗੱਠਜੋੜ ਲਈ ਨਵੇਂ ਇਮਤਿਹਾਨ ਖੜ੍ਹੇ ਕਰੇਗੀ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਲੀਆ ਮੁਲਾਕਾਤ ਤੋਂ ਬਾਅਦ ਪੰਜਾਬ ਦੀ ਸਿਆਸਤ ’ਚ ਇਕ ਵਾਰ ਫਿਰ ਹਲਚਲ ਮਹਿਸੂਸ ਕੀਤੀ ਜਾ ਰਹੀ ਹੈ। ਇਸ ਮੁਲਾਕਾਤ ਨੇ ਸਿਆਸੀ ਗਲਿਆਰਿਆਂ ’ਚ ਉਨ੍ਹਾਂ ਅਟਕਲਾਂ ਨੂੰ ਹਵਾ ਦੇ ਦਿੱਤੀ ਹੈ ਕਿ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਕਦੇ ਰਹੀ ਸਿਆਸੀ ਨੇੜਤਾ ਮੁੜ ਕਿਸੇ ਨਵੇਂ ਰੂਪ ’ਚ ਸਾਹਮਣੇ ਆ ਸਕਦੀ ਹੈ। ਇਸ ਚਰਚਾ ਦਾ ਮਹੱਤਵਪੂਰਨ ਪੱਖ ਪ੍ਰਧਾਨ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਰਹੂਮ ਆਗੂ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਲੰਮੇ ਸਮੇਂ ਤੋਂ ਚਲੇ ਆ ਰਹੇ ਨਿੱਘੇ ਸਿਆਸੀ ਸਬੰਧ ਵੀ ਹਨ। ਇਸ ਮੁਲਾਕਾਤ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਕਦੇ ਰਹੀ ‘ਨਹੂੰ-ਮਾਸ’ ਵਾਲੀ ਸਾਂਝ ਮੁੜ ਆਪਣਾ ਰਾਹ ਲੱਭ ਰਹੀ ਹੈ? ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਸਾਂਝ ਪੰਜਾਬ ਦੀ ਸਿਆਸਤ ਨੂੰ ਕਿਹੜੀ ਨਵੀਂ ਦਿਸ਼ਾ ਦੇਵੇਗੀ, ਇਹ ਆਉਣ ਵਾਲੇ ਸਮੇਂ ਵਿੱਚ ਹੋਰ ਸਪਸ਼ਟ ਹੋਵੇਗਾ। ਪਿਛਲੇ ਦੌਰ ’ਤੇ ਨਜ਼ਰ ਮਾਰੀਏ ਤਾਂ ਅਕਾਲੀ ਦਲ ਅਤੇ ਭਾਜਪਾ ਦੀ ਸਾਂਝ ਨੂੰ ਪੰਜਾਬ ਦੀ ਸਿਆਸਤ ’ਚ ਇੱਕ ਮਜ਼ਬੂਤ ਜੋੜੀ ਵਜੋਂ ਦੇਖਿਆ ਜਾਂਦਾ ਰਿਹਾ ਹੈ। ਦੋਵੇਂ ਧਿਰਾਂ ਲੰਮੇ ਸਮੇਂ ਤੱਕ ਇਕੱਠਿਆਂ ਚੋਣਾਂ ਲੜਦੀਆਂ ਰਹੀਆਂ ਅਤੇ ਪੰਜਾਬ ਦੀ ਸੱਤਾ ’ਚ ਵੀ ਸਾਂਝੇਦਾਰ ਰਹੀਆਂ। ਹੁਣ ਜੇਕਰ ਇਹ ਬਿਖਰੇ ਹੋਏ ਸਿਆਸੀ ਪੱਤੇ ਮੁੜ ਇਕੱਠੇ ਕਰਨ ਦੀ ਕੋਸ਼ਿਸ਼ ਹੁੰਦੀ ਹੈ ਤਾਂ ਇਸ ਦੇ ਪ੍ਰਭਾਵਾਂ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਇਸ ਦੇ ਨਾਲ ਹੀ ਇਹ ਸਵਾਲ ਵੀ ਮਹੱਤਵਪੂਰਨ ਹੈ ਕਿ ਜੇ ਪੁਰਾਣੀ ਸਾਂਝ ਮੁੜ ਬਣਦੀ ਹੈ ਤਾਂ ਕੀ ਉਹ ਪਹਿਲਾਂ ਵਾਲਾ ਰੰਗ ਲਿਆ ਸਕੇਗੀ? ਕੀ ਪੁਰਾਣਾ ਭਰੋਸਾ, ਗਰਮਜੋਸ਼ੀ ਅਤੇ ਸਿਆਸੀ ਤਾਲਮੇਲ ਉਸੇ ਤਰ੍ਹਾਂ ਕਾਇਮ ਹੋ ਸਕੇਗਾ ਜਾਂ ਬਦਲ ਚੁੱਕੀ ਪੰਜਾਬ ਦੀ ਸਿਆਸੀ ਜ਼ਮੀਨ ਇਸ ਗੱਠਜੋੜ ਲਈ ਨਵੇਂ ਇਮਤਿਹਾਨ ਖੜ੍ਹੇ ਕਰੇਗੀ? ਦੂਜੇ ਪਾਸੇ ਪੰਜਾਬ ਦੀ ਸਿਆਸਤ ’ਚ ਕਾਂਗਰਸ ਵੀ ਆਪਣਾ ਰਵਾਇਤੀ ਆਧਾਰ ਲੈ ਕੇ ਮੈਦਾਨ ’ਚ ਮੌਜੂਦ ਹੈ। ਪਾਰਟੀ ਦੇ ਅੰਦਰੂਨੀ ਮਤਭੇਦ ਅਤੇ ਧੜੇਬੰਦੀ ਸਮੇਂ-ਸਮੇਂ ’ਤੇ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ। ਪਰ ਜੇਕਰ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਸਮੇਂ ਸਿਰ ਇਨ੍ਹਾਂ ਮਤਭੇਦਾਂ ਨੂੰ ਪਾਸੇ ਰੱਖ ਕੇ ਪੰਜਾਬ ਦੇ ਆਗੂਆਂ ਨੂੰ ਇਕ ਮੰਚ ’ਤੇ ਲਿਆਉਣ ’ਚ ਸਫ਼ਲ ਰਹਿੰਦੀ ਹੈ ਤਾਂ ਪਾਰਟੀ ਮੁੜ ਮਜ਼ਬੂਤੀ ਨਾਲ ਚੋਣ ਮੈਦਾਨ ’ਚ ਉਤਰ ਸਕਦੀ ਹੈ। ਇਸ ਤਰ੍ਹਾਂ ਇਸ ਵੇਲੇ ਪੰਜਾਬ ਦੀ ਸਿਆਸਤ ’ਚ ਤਿੰਨ ਵੱਡੀਆਂ ਤਸਵੀਰਾਂ ਸਪਸ਼ਟ ਤੌਰ ’ਤੇ ਉੱਭਰਦੀਆਂ ਨਜ਼ਰ ਆ ਰਹੀਆਂ ਹਨ। ਆਖ਼ਰਕਾਰ ਚੋਣ ਮੈਦਾਨ ’ਚ ਗੱਠਜੋੜਾਂ ਨਾਲੋਂ ਵੱਧ ਮਹੱਤਵਪੂਰਨ ਹੋਵੇਗਾ ਲੋਕਾਂ ਦਾ ਫ਼ੈਸਲਾ। ਫਿਲਹਾਲ ਤਾਂ ਪੰਜਾਬ ਦੇ ਰਾਜਨੀਤਕ ਸਿਆਸੀ ਪੱਤੇ ਮੁੜ ਫੈਂਟੇ ਜਾ ਰਹੇ ਹਨ। ਕਿਹੜਾ ਪੱਤਾ ਕਦੋਂ ਚੱਲੇਗਾ, ਕਿਹੜੀ ਸਾਂਝ ਕਿਹੜਾ ਰੰਗ ਲਿਆਏਗੀ ਤੇ ਊਠ ਆਖ਼ਰ ਕਿਸ ਕਰਵਟ ਬੈਠੇਗਾ, ਇਸ ਦਾ ਫ਼ੈਸਲਾ ਸਮਾਂ ਹੀ ਕਰੇਗਾ।
ਰਾਜਿੰਦਰ ਸਿੰਘ ਰਾਜਨ, ਪਠਾਨਕੋਟ।