- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਵੇਂ ਇਤਿਹਾਸ ਦੀਆਂ ਘਟਨਾਵਾਂ ਬਾਰੇ ਵੱਖ-ਵੱਖ ਰਾਏ ਹਨ ਪਰ ਇਹ ਸਪੱਸ਼ਟ ਹੈ ਕਿ ਅਜਿਹੀਆਂ ਰਚਨਾਵਾਂ ਸਮਾਜ ’ਚ ਵਿਚਾਰ-ਵਟਾਂਦਰੇ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਆਪਣੇ ਅੰਦਰੂਨੀ ਮਤਭੇਦਾਂ ਨਾਲ ਜੂਝ ਰਹੀ ਹੈ। ਜੇ ਕੋਈ ਪਾਰਟੀ ਆਪਣੀ ਵੱਡੀ ਊਰਜਾ ਅੰਦਰੂਨੀ ਟਕਰਾਅ 'ਤੇ ਹੀ ਖ਼ਰਚ ਕਰੇ, ਤਾਂ ਜਨਤਾ ਤੱਕ ਆਪਣਾ ਸੰਦੇਸ਼ ਪਹੁੰਚਾਉਣਾ ਔਖਾ ਹੋ ਜਾਂਦਾ ਹੈ।

ਪੰਜਾਬ ਦੀ ਰਾਜਨੀਤੀ ਕਦੇ ਵੀ ਇੱਕੋ ਥਾਂ ਖੜ੍ਹੀ ਨਹੀਂ ਰਹੀ। ਇਸ ਧਰਤੀ ਨੇ ਅਜਿਹੇ ਕਈ ਦੌਰ ਵੇਖੇ ਹਨ, ਜਿੱਥੇ ਲੋਕਾਂ ਨੇ ਰਵਾਇਤੀ ਸਿਆਸਤ ਨੂੰ ਨਕਾਰ ਕੇ ਨਵੇਂ ਬਦਲਾਂ ਨੂੰ ਮੌਕਾ ਦਿੱਤਾ। ਸਾਲ 1967 ’ਚ ਗ਼ੈਰ-ਕਾਂਗਰਸੀ ਸਰਕਾਰਾਂ ਦਾ ਦੌਰ, 1997 ’ਚ ਅਕਾਲੀ ਦਲ-ਭਾਜਪਾ ਗਠਜੋੜ ਦੀ ਵੱਡੀ ਜਿੱਤ, 2017 ’ਚ ਆਮ ਆਦਮੀ ਪਾਰਟੀ ਦਾ ਮੁੱਖ ਵਿਰੋਧੀ ਧਿਰ ਵਜੋਂ ਉਭਾਰ ਅਤੇ 2022 ’ਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ-ਇਹ ਸਭ ਦਰਸਾਉਂਦੇ ਹਨ ਕਿ ਪੰਜਾਬ ਦਾ ਵੋਟਰ ਜਦੋਂ ਤਬਦੀਲੀ ਦਾ ਮਨ ਬਣਾ ਲੈਂਦਾ ਹੈ ਤਾਂ ਉਹ ਰਵਾਇਤੀ ਸਮੀਕਰਨ ਵੀ ਬਦਲ ਦਿੰਦਾ ਹੈ। ਅੱਜ ਫਿਰ ਇਕ ਵਾਰ ਪੰਜਾਬ ਨਵੇਂ ਸਿਆਸੀ ਮੋੜ ’ਤੇ ਖੜ੍ਹਾ ਦਿਖਾਈ ਦਿੰਦਾ ਹੈ। ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫਿਲਮ ਨੇ ਫਿਰ 1980 ਅਤੇ 1995 ਦੇ ਦਹਾਕੇ ਦੀਆਂ ਘਟਨਾਵਾਂ ਨੂੰ ਲੋਕ ਚਰਚਾ ਦਾ ਹਿੱਸਾ ਬਣਾਇਆ ਹੈ। ਖਾਲੜਾ ਦਾ ਨਾਂ ਮਨੁੱਖੀ ਅਧਿਕਾਰਾਂ ਨਾਲ ਜੁੜੇ ਕੰਮਾਂ ਕਰਕੇ ਇਤਿਹਾਸ ’ਚ ਦਰਜ ਹੈ। ਫਿਲਮ ਨੇ ਕਈ ਨੌਜਵਾਨਾਂ ਨੂੰ ਉਸ ਦੌਰ ਬਾਰੇ ਜਾਣਨ ਅਤੇ ਸਵਾਲ ਪੁੱਛਣ ਲਈ ਪ੍ਰੇਰਿਤ ਕੀਤਾ ਹੈ। ਭਾਵੇਂ ਇਤਿਹਾਸ ਦੀਆਂ ਘਟਨਾਵਾਂ ਬਾਰੇ ਵੱਖ-ਵੱਖ ਰਾਏ ਹਨ ਪਰ ਇਹ ਸਪੱਸ਼ਟ ਹੈ ਕਿ ਅਜਿਹੀਆਂ ਰਚਨਾਵਾਂ ਸਮਾਜ ’ਚ ਵਿਚਾਰ-ਵਟਾਂਦਰੇ ਨੂੰ ਨਵੀਂ ਦਿਸ਼ਾ ਦਿੰਦੀਆਂ ਹਨ। ਇਸ ਦੇ ਨਾਲ ਹੀ ਕਾਂਗਰਸ ਆਪਣੇ ਅੰਦਰੂਨੀ ਮਤਭੇਦਾਂ ਨਾਲ ਜੂਝ ਰਹੀ ਹੈ। ਜੇ ਕੋਈ ਪਾਰਟੀ ਆਪਣੀ ਵੱਡੀ ਊਰਜਾ ਅੰਦਰੂਨੀ ਟਕਰਾਅ 'ਤੇ ਹੀ ਖ਼ਰਚ ਕਰੇ, ਤਾਂ ਜਨਤਾ ਤੱਕ ਆਪਣਾ ਸੰਦੇਸ਼ ਪਹੁੰਚਾਉਣਾ ਔਖਾ ਹੋ ਜਾਂਦਾ ਹੈ। ਇਹ ਚੁਣੌਤੀ ਕਾਂਗਰਸ ਲਈ 2027 ਤੋਂ ਪਹਿਲਾਂ ਸਭ ਤੋਂ ਵੱਡੀ ਹੋ ਸਕਦੀ ਹੈ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ, ਜਿਸ ਨੇ ਲੰਬੇ ਸਮੇਂ ਤੱਕ ਪੰਜਾਬ ਦੀ ਸਿਆਸਤ ’ਚ ਅਹਿਮ ਭੂਮਿਕਾ ਨਿਭਾਈ, ਅੱਜ ਆਪਣੀ ਹੋਂਦ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਹੁਤ ਸਾਰੇ ਰਾਜਨੀਤਿਕ ਵਿਸ਼ਲੇਸ਼ਕ ਮੰਨਦੇ ਹਨ ਕਿ ਪਾਰਟੀ ਨੂੰ ਆਪਣੇ ਪੁਰਾਣੇ ਸਮਰਥਕਾਂ ਦਾ ਭਰੋਸਾ ਮੁੜ ਜਿੱਤਣ ਲਈ ਨਵੇਂ ਸੰਗਠਨਾਤਮਕ ਅਤੇ ਰਾਜਨੀਤਿਕ ਯਤਨ ਕਰਨੇ ਪੈਣਗੇ। ਇਸੇ ਮਾਹੌਲ ’ਚ ‘ਵਾਰਸ ਪੰਜਾਬ ਦੇ’ ਨਾਲ ਜੁੜੀ ਰਾਜਨੀਤਿਕ ਸਰਗਰਮੀ ਨੇ ਵੀ ਧਿਆਨ ਖਿੱਚਿਆ ਹੈ। ਜੇ ਇਹ ਧਿਰ ਆਪਣਾ ਸੰਗਠਨ ਮਜ਼ਬੂਤ ਕਰਦੀ ਹੈ, ਪ੍ਰਭਾਵਸ਼ਾਲੀ ਚਿਹਰਿਆਂ ਨੂੰ ਆਪਣੇ ਨਾਲ ਜੋੜਦੀ ਹੈ ਅਤੇ ਪਿੰਡ ਤੋਂ ਸ਼ਹਿਰ ਤੱਕ ਲੋਕਾਂ ਦਾ ਸਮਰਥਨ ਹਾਸਲ ਕਰਦੀ ਹੈ, ਤਾਂ ਇਹ ਪੰਜਾਬ ਦੀ ਰਾਜਨੀਤੀ ’ਚ ਇਕ ਨਵਾਂ ਬਦਲ ਬਣ ਸਕਦੀ ਹੈ ਪਰ ਲੋਕਤੰਤਰ ’ਚ ਅੰਤਿਮ ਫ਼ੈਸਲਾ ਹਮੇਸ਼ਾ ਵੋਟਰਾਂ ਦਾ ਹੁੰਦਾ ਹੈ ਅਤੇ ਇਸ ਬਾਰੇ ਪਹਿਲਾਂ ਤੋਂ ਕੋਈ ਪੱਕੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ। ਆਮ ਆਦਮੀ ਪਾਰਟੀ 2027 ’ਚ ਆਪਣੀ ਸਰਕਾਰ ਦੇ ਕੰਮਾਂ ਦੇ ਆਧਾਰ ’ਤੇ ਲੋਕਾਂ ਕੋਲ ਜਾਵੇਗੀ। ਜੇ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰ ਨੇ ਸਿੱਖਿਆ, ਸਿਹਤ, ਬਿਜਲੀ, ਭਲਾਈ ਯੋਜਨਾਵਾਂ ਅਤੇ ਪ੍ਰਸ਼ਾਸਨ ’ਚ ਉਮੀਦਾਂ ਅਨੁਸਾਰ ਕੰਮ ਕੀਤਾ ਹੈ ਤਾਂ ਇਸ ਦਾ ਲਾਭ ਪਾਰਟੀ ਨੂੰ ਮਿਲ ਸਕਦਾ ਹੈ। ਜੇ ਲੋਕਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ, ਤਾਂ ਉਹ ਕੋਈ ਹੋਰ ਬਦਲ ਵੀ ਚੁਣ ਸਕਦੇ ਹਨ। ਭਾਰਤੀ ਜਨਤਾ ਪਾਰਟੀ ਵੀ ਇਸ ਵਾਰ ਪੰਜਾਬ ’ਚ ਆਪਣੀ ਮੌਜੂਦਗੀ ਵਧਾਉਣ ਲਈ ਪੂਰੀ ਤਾਕਤ ਲਗਾਏਗੀ। ਪਾਰਟੀ ਸ਼ਹਿਰੀ ਵੋਟਰਾਂ, ਵਪਾਰਕ ਵਰਗ, ਨਵੇਂ ਸੰਗਠਨ ਅਤੇ ਹੋਰ ਪਾਰਟੀਆਂ ਦੇ ਪ੍ਰਭਾਵਸ਼ਾਲੀ ਆਗੂਆਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਵਿਰੋਧੀ ਵੋਟਾਂ ਵੱਖ-ਵੱਖ ਧਿਰਾਂ ਵਿੱਚ ਵੰਡਦੀਆਂ ਹਨ, ਤਾਂ ਭਾਜਪਾ ਇਸ ਦਾ ਲਾਭ ਲੈਣ ਦੀ ਕੋਸ਼ਿਸ਼ ਕਰੇਗੀ ਪਰ ਪੰਜਾਬ ਦੀ ਵਿਲੱਖਣ ਸਮਾਜਿਕ ਅਤੇ ਰਾਜਨੀਤਿਕ ਬਣਤਰ ਕਾਰਨ ਉਸਦੇ ਸਾਹਮਣੇ ਵੱਡੀਆਂ ਚੁਣੌਤੀਆਂ ਵੀ ਹਨ। ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਪੰਜਾਬ ਦਾ ਵੋਟਰ ਹੁਣ ਪਹਿਲਾਂ ਨਾਲੋਂ ਕਾਫ਼ੀ ਜਾਗਰੂਕ ਹੈ। ਉਹ ਹੁਣ ਸਿਰਫ਼ ਭਾਵਨਾਵਾਂ ਨਹੀਂ, ਸਗੋਂ ਰੋਜ਼ਗਾਰ, ਨਸ਼ਿਆਂ ਤੋਂ ਮੁਕਤੀ, ਖੇਤੀਬਾੜੀ, ਸਿਹਤ, ਸਿੱਖਿਆ, ਕਾਨੂੰਨ-ਵਿਵਸਥਾ ਅਤੇ ਵਿਕਾਸ ਦੇ ਆਧਾਰ ’ਤੇ ਵੀ ਆਪਣਾ ਫ਼ੈਸਲਾ ਕਰਦਾ ਹੈ। ਇਸ ਲਈ ਕੋਈ ਵੀ ਪਾਰਟੀ ਸਿਰਫ਼ ਨਾਰਿਆਂ ਦੇ ਸਹਾਰੇ ਚੋਣ ਨਹੀਂ ਜਿੱਤ ਸਕਦੀ। 2027 ਦੀ ਚੋਣ ’ਚ ਸ਼ਾਇਦ ਪਹਿਲੀ ਵਾਰ ਚਾਰ ਜਾਂ ਪੰਜ ਵੱਡੀਆਂ ਸਿਆਸੀ ਧਿਰਾਂ ਇੱਕੋ ਮੈਦਾਨ ’ਚ ਆਪਣੀ ਪੂਰੀ ਤਾਕਤ ਨਾਲ ਹੋਣ। ਇਹੀ ਕਾਰਨ ਹੈ ਕਿ ਆਉਣ ਵਾਲੀਆਂ ਚੋਣਾਂ ਨੂੰ ਪੰਜਾਬ ਦੇ ਸਭ ਤੋਂ ਦਿਲਚਸਪ ਅਤੇ ਅਣਅੰਦਾਜ਼ੇ ਵਾਲੇ ਸਿਆਸੀ ਮੁਕਾਬਲਿਆਂ ’ਚੋਂ ਇਕ ਮੰਨਿਆ ਜਾ ਰਿਹਾ ਹੈ। ਇਤਿਹਾਸ ਸਾਨੂੰ ਇਹ ਸਿਖਾਉਂਦਾ ਹੈ ਕਿ ਪੰਜਾਬ ਦਾ ਵੋਟਰ ਜਦੋਂ ਬਦਲਾਅ ਦਾ ਮਨ ਬਣਾ ਲੈਂਦਾ ਹੈ ਤਾਂ ਵੱਡੇ-ਵੱਡੇ ਰਾਜਨੀਤਿਕ ਕਿਲ੍ਹੇ ਵੀ ਢਹਿ ਜਾਂਦੇ ਹਨ ਪਰ ਇਹ ਵੀ ਉਨ੍ਹਾਂ ਹੀ ਸੱਚ ਹੈ ਕਿ ਹਰ ਬਦਲਾਅ ਦਾ ਅੰਤਿਮ ਫ਼ੈਸਲਾ ਬੈਲਟ ਬਾਕਸ ’ਚ ਹੁੰਦਾ ਹੈ, ਨਾ ਕਿ ਸੋਸ਼ਲ ਮੀਡੀਆ, ਭਾਸ਼ਣਾਂ ਜਾਂ ਸਿਆਸੀ ਦਾਅਵਿਆਂ ’ਚ। ਇਸ ਲਈ 2027 ਦੀ ਚੋਣ ਸਿਰਫ਼ ਸਰਕਾਰ ਬਣਾਉਣ ਦੀ ਚੋਣ ਨਹੀਂ ਹੋਵੇਗੀ, ਸਗੋਂ ਇਹ ਫ਼ੈਸਲਾ ਕਰੇਗੀ ਕਿ ਆਉਣ ਵਾਲੇ ਦਹਾਕੇ ’ਚ ਪੰਜਾਬ ਦੀ ਰਾਜਨੀਤੀ ਕਿਸ ਦਿਸ਼ਾ ਵੱਲ ਵਧੇਗੀ।
-ਬਲਵਿੰਦਰ ਸਿੰਘ ਧਾਲੀਵਾਲ, ਜਲੰਧਰ (9914188618)।