- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀ ਮੌਸਮ ’ਤੇ ਨਿਰਭਰ ਹੁੰਦੀ ਸੀ, ਮੀਂਹ ਪਾਉਣ ਦੇ ਲਈ, ਇੰਦਰ ਦੇਵਤੇ ਨੂੰ ਖੁਸ਼ ਕਰਨਾ, ਕਿਸਾਨਾਂ ਦੀ ਵੱਡੀ ਸ਼ਰਧਾ ਹੁੰਦੀ, ਪਿੰਡਾਂ ’ਚ ਜੱਗ ਕੀਤੇ ਜਾਂਦੇ, ਖੀਰ ਪੂੜਿਆਂ ਦੇ ਲੰਗਰ ਲੱਗਦੇ, ਮਿੱਠੇ ਚੌਲ ਬਣਾਏ ਜਾਂਦੇ, ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਸਰਧਾ ਨਾਲ ਲੰਗਰ ਛਕਦੇ ਸਨ।

ਸਾਉਣ ਮਹੀਨਾ ਚੜ੍ਹਦਿਆਂ ਹੀ, ਬਾਰਿਸ਼ਾ ਸ਼ੁਰੂ ਹੋ ਜਾਂਦੀਆਂ ਸਨ। ਬੱਚੇ ਗਲੀਆਂ ’ਚ ਗਾਉਂਦੇ ਸੁਣਦੇ... ‘ਕਾਲੀਆਂ ਇੱਟਾਂ ਕਾਲੇ ਰੋੜ, ਰੱਬਾ ਮੀਂਹ ਬਰਸਾ ਦੇ ਜੋਰੋ ਜੋਰ। ਦੂਜੀ ਤੁੱਕ ਹੁੰਦੀ, ਜਿਸ ਨੂੰ ਬੱਚੇ ਪਿਆਰ ਨਾਲ ਬੋਲਦੇ, ਬਹੁਤ ਚੰਗੇ ਲੱਗਦੇ, ਕਿਉਂਕਿ ਸਾਡੀ ਆਰਥਿਕਤਾ ਦੇ ਨਾਲ ਜੁੜੀ ਹੋਈ ਸੀ...‘ਰੱਬਾ ਰੱਬਾ ਮੀਂਹ ਬਰਸਾ, ਸਾਡੀ ਕੋਠੀ ਦਾਣੇ ਪਾ।’ ਉਸ ਸਮੇਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਖੇਤੀ ਦੇ ਨਾਲ ਸਿੱਧੇ ਜਾਂ ਅਸਿੱਧੇ ਰੂਪ ’ਚ ਹਰ ਵਿਆਕਤੀ ਜੁੜਿਆ ਹੋਇਆ ਸੀ। ਕਿਉਂਕਿ ਸਾਡੀ ਪੂਰੀ ਆਰਥਿਕਤਾ ਖੇਤੀ ’ਤੇ ਨਿਰਭਰ ਹੁੰਦੀ ਸੀ। ਪਿੰਡ ’ਚ ਕਾਸ਼ਤ ਕਰਨ ਵਾਲੇ ਸਾਰੇ ਕਾਰੀਗਰ ਕਿਸਾਨ ਦੀ ਸੁੱਖ ਲੋੜ ਦੇ ਸਨ। ਕਿਉਂਕਿ ਕਿਸਾਨ ਹੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦਾ ਸੀ। ਉਸ ਸਮੇਂ ਕਿਸਾਨ ਸੱਚਮੁੱਚ ਹੀ ਅੰਨਦਾਤਾ ਸੀ। ਕਿਉਂਕਿ ਛੋਟੇ ਤੋਂ ਲੈ ਕੇ ਵੱਡੇ ਜ਼ਮੀਨ ਦੇ ਮਾਲਕ ਸਾਰੇ ਹੀ ਖੇਤੀ ਕਰਦੇ ਸਨ। ਕੋਈ ਕਿਸਾਨ ਆਪਣੀ ਜ਼ਮੀਨ ਠੇਕੇ ’ਤੇ ਨਹੀਂ ਦਿੰਦਾ ਸੀ। ਹਾਂ, ਕੁਝ ਵੱਡੇ ਜ਼ਿਮੀਦਾਰ ਆਪਣੀਆਂ ਜਮੀਨਾਂ ਵਟਾਈ ’ਤੇ ਦੇ ਦਿੰਦੇ ਸਨ ਪਰ ਖੇਤੀ ਦਾ ਧੰਦਾ, ਸੱਚੀ-ਸੁੱਚੀ ਕਿਰਤ ਦਾ ਧੰਦਾ ਮੰਨਿਆ ਜਾਂਦਾ ਸੀ। ਖੇਤੀ ਮੌਸਮ ’ਤੇ ਨਿਰਭਰ ਹੁੰਦੀ ਸੀ, ਮੀਂਹ ਪਾਉਣ ਦੇ ਲਈ, ਇੰਦਰ ਦੇਵਤੇ ਨੂੰ ਖੁਸ਼ ਕਰਨਾ, ਕਿਸਾਨਾਂ ਦੀ ਵੱਡੀ ਸ਼ਰਧਾ ਹੁੰਦੀ, ਪਿੰਡਾਂ ’ਚ ਜੱਗ ਕੀਤੇ ਜਾਂਦੇ, ਖੀਰ ਪੂੜਿਆਂ ਦੇ ਲੰਗਰ ਲੱਗਦੇ, ਮਿੱਠੇ ਚੌਲ ਬਣਾਏ ਜਾਂਦੇ, ਬੱਚੇ ਤੋਂ ਲੈ ਕੇ ਵੱਡੇ ਤੱਕ ਸਾਰੇ ਸਰਧਾ ਨਾਲ ਲੰਗਰ ਛਕਦੇ ਸਨ। ਬੱਚਿਆਂ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਸੀ। ਘਰਾਂ ’ਚ ਖੀਰ-ਪੂੜੇ ਬਣਾਏ ਜਾਂਦੇ, ਪੂਰਾ ਪਰਿਵਾਰ ਬੜੇ ਚਾਅ ਨਾਲ ਖਾਂਦਾ, ਖੀਰ-ਪੂੜਿਆਂ ਦਾ ਨਾਂ ਸੁਣਦਿਆਂ, ਬੱਚਿਆਂ ਦੇ ਚਿਹਰੇ ’ਤੇ ਖੇੜਾ ਆ ਜਾਂਦਾ ਸੀ। ਜੇਕਰ ਕਈ ਵਾਰ ਮੀਂਹ ਨਾ ਪੈਂਦਾ, ਤਾਂ ਪਿੰਡ ਦੀਆਂ ਕੁੜੀਆਂ ਗੁੱਡੀ ਫੂਕਦੀਆਂ, ਆਪਣੇ ਘਰਾਂ ’ਚੋਂ ਗੁਲਗਲੇ ਬਣਾ ਕੇ ਲੈ ਕੇ ਜਾਂਦੀਆਂ ਸਨ। ਰੱਬ ਅੱਗੇ ਅਰਦਾਸ ਕੀਤੀ ਜਾਂਦੀ, ਭੋਲੇ ਭਾਲੇ ਬੱਚਿਆਂ ਦੀ ਅਰਦਾਸ ਜ਼ਰੂਰ ਕਬੂਲ ਹੁੰਦੀ। ਅਚਾਨਕ ਜਦੋਂ ਮੀਂਹ ਪੈ ਜਾਂਦਾ, ਤਾਂ ਸਾਰਾ ਪਿੰਡ ਖੁਸ਼ ਹੋ ਜਾਂਦਾ ਸੀ। ਪਿੰਡਾਂ ’ਚ ਕੱਚੇ ਘਰ ਹੁੰਦੇ ਪਰ ਲੋਕਾਂ ’ਚ ਪਿਆਰ ਪੱਕਾ ਸੀ। ਲੋਕੀ ਇਕ ਦੂਜੇ ਲਈ ਰੱਬ ਵਰਗਾ ਸਹਾਰਾ ਬਣਦੇ ਸਨ। ਇਕ ਘਰ ਦੀ ਮੁਸੀਬਤ ਪੂਰੇ ਪਿੰਡ ਦੀ ਮੁਸੀਬਤ ਬਣ ਜਾਂਦੀ, ਜੇਕਰ ਕਿਸੇ ਦਾ ਕੱਚਾ ਕੋਠੜਾ ਢਹਿ ਜਾਂਦਾ, ਤਾਂ ਲੋਕੀ ਉਸ ਦੀ ਮਦਦ ਲਈ ਦਿਨ ਰਾਤ ਇਕ ਕਰ ਦਿੰਦੇ ਸਨ। ਮੀਂਹ ਪੈਣ ਦੇ ਨਾਲ, ਵਾਤਾਵਰਨ ਹਰਾ ਭਰਾ ਹੋ ਜਾਂਦਾ, ਮੱਝਾਂ ਲਈ ਚਾਰਾ ਆਮ ਹੋ ਜਾਂਦਾ ਸੀ। ਉਸ ਸਮੇਂ ਚੌਲਾਂ ਦੀ ਖੇਤੀ ਨਹੀਂ ਹੁੰਦੀ ਸੀ। ਜੇਕਰ ਥੋੜ੍ਹੀ-ਬਹੁਤੀ ਕੋਈ ਚੌਲਾਂ ਦੀ ਖੇਤੀ ਕਰਦਾ, ਤਾਂ ਉਹ ਬਾਸਮਤੀ ਦੇ ਚੌਲ ਉਗਾਉਂਦਾ ਸੀ, ਜਿਸ ਦੀ ਦੂਰੋਂ ਖੁਸ਼ਬੂ ਆ ਆਉਂਦੀ, ਮਨ ਨੂੰ ਬਹੁਤ ਚੰਗੀ ਲੱਗਦੀ ਸੀ। ਉਸ ਸਮੇਂ ਪਿੰਡਾਂ ’ਚ ਸੱਚਮੁੱਚ ਰੱਬ ਵਸਦਾ ਸੀ। ਸਮੇਂ ਨੇ ਅਜਿਹੀ ਪਲਟੀ ਮਾਰੀ, ਕਿ ਸਾਰਾ ਖਾਣ-ਪੀਣ ਅਤੇ ਰਹਿਣ-ਸਹਿਣ ਬਦਲ ਗਿਆ। ਸਾਂਝੇ ਪਰਿਵਾਰ ਟੁੱਟ ਗਏ। ਭਾਈਚਾਰੇ ਦਾ ਭਾਵ ਖ਼ਤਮ ਹੋ ਗਿਆ, ਲੋਕਾਂ ਦਾ ਕੁਦਰਤ ਤੋਂ ਵਿਸ਼ਵਾਸ ਹੀ ਉੱਡ ਗਿਆ। ਸਾਰਾ ਕੁਝ ਬਨਾਉਟੀ ਹੋ ਗਿਆ। ਕੌਣ ਬਣਾਵੇ ਖੀਰ ਪੂੜੇ, ਬੱਚਿਆਂ ਨੂੰ ਬਰਗਰਾਂ ਦੀ ਚਾਟ ਲੱਗ ਗਈ, ਪਿੰਡਾਂ ’ਚ ਵੀ ਪੀਜ਼ੇ ਦੇ ਆਰਡਰ ਹੋਣ ਲੱਗੇ ਹਨ। ਅਧੁਨਿਕਤਾ ਨੇ ਅਜਿਹੀ ਦਸਤਕ ਦਿੱਤੀ, ਕਿ ਸਾਡੇ ਜੀਵਨ ’ਚੋਂ ਸਾਦਗੀ ਪੰਖ ਲਾ ਕੇ ਉੱਡ ਗਈ। ਭਰਾ ਭਰਾ ਨਹੀਂ ਰਹੇ, ਪਿਆਰ ’ਚ ਕੰਧਾਂ ਨਿਕਲ ਗਈਆਂ। ਇੰਦਰ ਦੇਵਤਾ ਕਿੱਥੋਂ ਯਾਦ ਆਉਣਾ, ਲੋਕੀ ਆਪਣੇ ਬਜ਼ੁਰਗਾਂ ਨੂੰ ਭੁੱਲ ਗਏ। ਪੰਜਾਬ ਦੀ ਧਰਤੀ ’ਤੇ ਥਾਂ-ਥਾਂ ’ਤੇ ਬਿਰਧ ਆਸ਼ਰਮ ਖੁੱਲ੍ਹ ਗਏ। ਖੀਰ ਪੂੜੇ ਪਕਾਉਣ ਵਾਲੀ ਸਾਡੀ ਪੀੜ੍ਹੀ ਹੀ ਖ਼ਤਮ ਹੋ ਗਈ। ਨਵੀਆਂ ਗੁੱਡੀਆਂ ਨਵੇਂ ਪਟੋਲੇ, ਨਾ ਕਿਸੇ ਨੂੰ ਅੱਜ ਪੂੜੇ ਪਕਾਉਣੇ ਆਉਂਦੇ ਨੇ ਅਤੇ ਨਾ ਹੀ ਬੱਚੇ ਖਾਂਦੇ ਨੇ। ਜਦੋਂ ਪਿਆਰ ਬਨਾਉਟੀ ਹੋ ਜਾਵੇ, ਰਹਿਣ ਸਹਿਣ ਬਨਾਉਟੀ ਹੋ ਜਾਵੇ, ਤਾਂ ਖਾਣਾ-ਪੀਣਾ ਸਾਡਾ ਦੇਸੀ ਕਿਵੇਂ ਰਹਿ ਸਕਦਾ ਹੈ? ਸਮੇਂ ਦਾ ਆਪਣਾ ਦਸਤੂਰ ਹੈ, ਬਦਲਾਅ ਹੋਣਾ ਅਟੱਲ ਹੈ ਪਰ ਕਦੇ ਇਹ ਨਹੀਂ ਸੋਚਿਆ ਸੀ, ਕਿ ਅਸੀਂ ਅੰਮ੍ਰਿਤ ਛੱਡ ਕੇ, ਜ਼ਹਿਰਾਂ ਦੇ ਲਈ ਪੈਸਾ ਖ਼ਰਚਾਂਗੇ, ਬਾਕੀ ਹਾਲਾਤ ਤੁਹਾਡੇ ਸਾਹਮਣੇ ਹਨ। ਚਾਲੀ ਸਾਲ ਦੀ ਉਮਰ ਦੇ ਗੱਭਰੂਆਂ ਦੇ ਗੋਡੇ ਬਦਲੇ ਜਾ ਰਹੇ ਨੇ, ਪਿੱਛੇ ਮੈਂ ਕਿਸੇ ਹੱਡੀਆਂ ਦੇ ਮਾਹਿਰ ਡਾਕਟਰ ਦੀ ਰਿਪੋਰਟ ਪੜ੍ਹੀ, ਉਸ ਨੇ ਲਿਖਿਆ ਸੀ ਕਿ ਘਿਓ ਨਾ ਖਾਣ ਕਾਰਨ, ਸਾਡੀਆਂ ਹੱਡੀਆਂ ਤੂਤ ਦੀ ਛਟੀ ਵਾਂਗ ਸੁੱਕ ਗਈਆਂ ਹਨ। ਜਿਸ ਕਾਰਨ ਹੱਡੀਆਂ ਦੇ ’ਚ ਲਚਕ ਨਹੀਂ ਰਹੀ, ਜੋੜਾਂ ਦੇ ਦਰਦ ਦਾ ਇਹ ਵੱਡਾ ਕਾਰਨ ਹੈ। ਉਹਨਾਂ ਲਿਖਿਆ ਕਿ ਘਿਉ ਸਾਡੇ ਲਈ ਬਹੁਤ ਜ਼ਰੂਰੀ ਹੈ। ਜਿਸ ਤੋਂ ਸਾਡੀ ਆਉਣ ਵਾਲੀ ਪੀੜੀ ਬਿਲਕੁਲ ਕਿਨਾਰਾ ਕਰ ਰਹੀ ਹੈ। ਕੁਰਕਰੇ ਅਤੇ ਲੇਜ਼ ਖਾ ਕੇ ਕਬੱਡੀ ਨਹੀਂ ਖੇਡੀ ਜਾਂਦੀ। ਆਪਣੇ ਬੱਚਿਆਂ ਨੂੰ ਦੇਸੀ ਖਾਣਿਆਂ ਦੇ ਨਾਲ ਜੋੜੀਏ। ਜ਼ਹਿਰ ਮੁਕਤ ਖੇਤੀ ਦੀ ਸ਼ੁਰੂਆਤ ਕਰੀਏ। ਪਰਮਾਤਮਾ ਮੇਰੀ ਪੰਜਾਬੀ ਕੌਮ ਨੂੰ ਸੁਮੱਤ ਬਖਸ਼ੇ।
-ਪ੍ਰਿੰਸੀਪਲ ਹਰਸੰਤ ਸਿੰਘ ਢੀਂਡਸਾ, (ਸੰਗਰੂਰ)।