- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਖੇਤੀ ਵਿਕਾਸ ਅਤੇ ਹਰੀ ਕ੍ਰਾਂਤੀ ਦੀ ਆਮਦ ਵਿਚ ਪੀਏਯੂ ਵੱਲੋਂ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦਾ ਭਰਪੂਰ ਅਤੇ ਅਹਿਮ ਯੋਗਦਾਨ ਰਿਹਾ ਹੈ। ਕਿਸਾਨੀ ਨੂੰ ਵਿਗਿਆਨਕ ਖੇਤੀ ਨਾਲ ਜੋੜਨ ਅਤੇ ਨਵੇਂ ਖੇਤੀ ਤਰੀਕਿਆਂ ਨੂੰ ਪ੍ਰਫੁੱਲਿਤ ਕਰਨ ਲਈ ਪੀਏਯੂ ਨੇ ਕਿਸਾਨ ਮੇਲਿਆਂ ਰਾਹੀਂ ਨਵੀਂ ਵਿਗਿਆਨਿਕ ਚੇਤਨਾ ਨੂੰ ਪੰਜਾਬ ਦੇ ਕੋਨੇ-ਕੋਨੇ ਦੇ ਜਨ ਮਾਨਸ ਤੱਕ ਪਹੁੰਚਾਇਆ।

ਤੇਜਿੰਦਰ ਸਿੰਘ ਰਿਆੜ
ਪੀਏਯੂ ਨੇ ਆਪਣੀ ਸਥਾਪਨਾ ਤੋਂ ਹੀ ਕਿਸਾਨਾਂ ਨੂੰ ਸੰਸਾਰ ਪੱਧਰ ਦੀਆਂ ਖੇਤੀ ਤਕਨੀਕਾਂ ਤੋਂ ਜਾਣੂੰ ਕਰਾਉਣ ਦਾ ਬੀੜਾ ਚੁੱਕਿਆ। ਇਸੇ ਸਿਲਸਿਲੇ ਵਿਚ ਯੂਨੀਵਰਸਿਟੀ ਦੇ ਕੁਝ ਮਾਹਿਰਾਂ ਨੇ ਮਹਿਸੂਸ ਕੀਤਾ ਕਿ ਹਰ ਸਾਲ ਰਬੀ ਤੇ ਖ਼ਰੀਫ਼ ਦੀਆਂ ਫ਼ਸਲਾਂ ਦੀ ਵਾਢੀ ਤੋਂ ਪਹਿਲਾਂ ਮੇਲਿਆਂ ਵਿਚ ਜਾਣ ਦਾ ਰਿਵਾਜ ਕਿਸਾਨੀ ਮਾਨਸਿਕਤਾ ਦਾ ਹਿੱਸਾ ਹੈ। ਉਹ ਪੁਰਾਣੇ ਮੇਲੇ ਧਾਰਮਿਕ ਅਸਥਾਨਾਂ ਉੱਪਰ ਲਗਦੇ ਸਨ ਤੇ ਕਿਸਾਨ ਫ਼ਸਲਾਂ ਦੀ ਵਾਢੀ ਲਈ ਸੰਦ ਬਹੇੜਾ, ਪਸ਼ੂ ਆਦਿ ਖਰੀਦਦੇ ਸਨ। ਨਾਲ ਹੀ ਪਿਛਲੇ ਖੇਤੀ ਸੀਜ਼ਨ ਦੇ ਤਜਰਬੇ ਵੀ ਇਕ ਦੂਜੇ ਨਾਲ ਸਾਂਝੇ ਹੋ ਜਾਂਦੇ ਸਨ।
ਮਾਹਿਰਾਂ ਨੇ ਏਸੇ ਤਰਜ਼ ਉੱਪਰ ਅਜੋਕੀ ਖੇਤੀ ਦੀ ਜਾਣਕਾਰੀ ਮੁਹਈਆ ਕਰਾਉਣ ਵਾਲੇ ਮੇਲੇ ਲਾਉਣ ਦੀ ਪਿਰਤ ਆਰੰਭ ਕੀਤੀ। ਅੱਜ ਇਹ ਰਵਾਇਤ ਪੂਰਾ ਭਰਵਾਂ ਬਿਰਖ ਬਣ ਚੁੱਕੀ ਹੈ ਤੇ ਕਿਸਾਨ ਮੇਲੇ ਪੀਏਯੂ ਦੀ ਪਛਾਣ ਬਣੇ ਹੋਏ ਹਨ। ਕੁਝ ਸਾਲ ਪਹਿਲਾਂ ਵਿਸ਼ਵ ਬੈਂਕ ਦੇ ਇਕ ਅਧਿਕਾਰੀ ਨੇ ਮੇਲੇ ਵਿਚ ਸ਼ਾਮਿਲ ਹੋ ਕੇ ਹੈਰਾਨੀ ਪ੍ਰਗਟਾਈ ਸੀ ਕਿ ਏਨੇ ਕਿਸਾਨ ਬਿਨਾਂ ਕਿਸੇ ਸੱਦੇ ਦੇ ਆਪਣੇ ਮਕਸਦ ਲਈ ਕਿਵੇਂ ਇਕੱਤਰ ਹੋ ਜਾਂਦੇ ਹਨ। ਇਹ ਇਕੱਤਰਤਾ ਦਰਅਸਲ ਇਤਿਹਾਸ ਵਿਚ ਬਣਿਆ ਭਰੋਸਾ ਹੈ, ਜਿਹੜਾ ਪੀ.ਏ.ਯੂ ਦੀ ਵਿਗਿਆਨਕ ਖੇਤੀ ਤੇ ਨਵੀਆਂ ਕਿਸਮਾਂ, ਮਸ਼ੀਨਰੀ, ਵਿਧੀਆਂ ਤੇ ਜਾਣਕਾਰੀ ਕਿਸਾਨਾਂ ਤੱਕ ਪੁਚਾਉਣ ਕਰ ਕੇ ਖੇਤੀ ਦਾ ਰਾਹ ਦਿਸੇਰਾ ਬਣਿਆ ਹੈ।
ਪੰਜਾਬ ਦੇ ਖੇਤੀ ਵਿਕਾਸ ਅਤੇ ਹਰੀ ਕ੍ਰਾਂਤੀ ਦੀ ਆਮਦ ਵਿਚ ਪੀਏਯੂ ਵੱਲੋਂ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦਾ ਭਰਪੂਰ ਅਤੇ ਅਹਿਮ ਯੋਗਦਾਨ ਰਿਹਾ ਹੈ। ਕਿਸਾਨੀ ਨੂੰ ਵਿਗਿਆਨਕ ਖੇਤੀ ਨਾਲ ਜੋੜਨ ਅਤੇ ਨਵੇਂ ਖੇਤੀ ਤਰੀਕਿਆਂ ਨੂੰ ਪ੍ਰਫੁੱਲਿਤ ਕਰਨ ਲਈ ਪੀਏਯੂ ਨੇ ਕਿਸਾਨ ਮੇਲਿਆਂ ਰਾਹੀਂ ਨਵੀਂ ਵਿਗਿਆਨਿਕ ਚੇਤਨਾ ਨੂੰ ਪੰਜਾਬ ਦੇ ਕੋਨੇ-ਕੋਨੇ ਦੇ ਜਨ ਮਾਨਸ ਤੱਕ ਪਹੁੰਚਾਇਆ। ਇਸੇ ਦਾ ਨਤੀਜਾ ਹੈ ਕਿ ਅਨਾਜ ਉਤਪਾਦਨ ਦੇ ਪੱਖ ਤੋਂ ਪੰਜਾਬ ਦੇਸ਼ ਦਾ ਹੀ ਨਹੀਂ ਦੁਨੀਆਂ ਦਾ ਮੋਢੀ ਖਿੱਤਾ ਬਣ ਕੇ ਸਾਹਮਣੇ ਆਇਆ।
ਪੀਏਯੂ ਦੇ ਕੈਂਪਸ ਵਿੱਚ ਲੱਗਣ ਵਾਲੇ ਮੁੱਖ ਕਿਸਾਨ ਮੇਲੇ ਦੌਰਾਨ ਕਿਸਾਨਾਂ ਦਾ ਠਾਠਾਂ ਮਾਰਦਾ ਇਕੱਠ ਸਿਰਫ ਮੇਲਾ ਗੇਲਾ ਦੇਖਣ ਲਈ ਨਹੀਂ ਜੁੜਦਾ ਬਲਕਿ ਮਾਹਿਰਾਂ ਦੀਆਂ ਕੀਮਤੀ ਸਲਾਹਾਂ ਲੈਣ ਅਤੇ ਪਿਛਲੇ ਛੇ ਮਹੀਨਿਆਂ ਦੌਰਾਨ ਆਉਂਦੀ ਫ਼ਸਲ ਲਈ ਕੀਤੀਆਂ ਖੋਜਾਂ ਅਤੇ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਦੇਖਣ ਲਈ ਜੁੜਦਾ ਹੈ। ਇਸ ਤੋਂ ਇਲਾਵਾ ਵਿਕਸਿਤ ਫ਼ਸਲਾਂ ਦੀਆਂ ਕਿਸਮਾਂ ਦੇ ਬੀਜਾਂ, ਫਲਦਾਰ ਪੌਦਿਆਂ ਅਤੇ ਨਵੀਂ ਮਸ਼ੀਨਰੀ ਦੀਆਂ ਸਟਾਲਾਂ ਦੇਖਣ ਲਈ ਕਿਸਾਨ ਹੁੰਮ ਹੁਮਾ ਕੇ ਇੱਥੇ ਪਹੁੰਚਦੇ ਹਨ। ਖੇਤੀ ਸਾਹਿਤ ਨਾਲ ਜੁੜਨ ਦਾ ਵਸੀਲਾ ਪੀਏਯੂ ਦੇ ਕਿਸਾਨ ਮੇਲੇ ਬਹੁਤ ਸਾਲਾਂ ਤੋਂ ਬਣੇ ਹੋਏ ਹਨ। ਪੰਜਾਬ ਦੇ ਖੇਤੀ ਵਿਕਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੀਏਯੂ ਦੇ ਕਿਸਾਨ ਮੇਲਿਆਂ ਨੇ ਕਿਸੇ ਵੀ ਹੋਰ ਤਿਉਹਾਰ ਵਾਂਗ ਇਥੋਂ ਦੇ ਕਿਸਾਨ ਦੇ ਮਨ ਵਿੱਚ ਨਵੀਂ ਵਿਗਿਆਨਿਕ ਖੇਤੀ ਦੀ ਜਾਗ ਲਾਉਣ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਪੰਜਾਬ ਦਾ ਖੇਤੀ ਵਿਕਾਸ ਪੀਏਯੂ ਦੇ ਕਿਸਾਨ ਮੇਲਿਆਂ ਵਿਚ ਦਿੱਤੀਆਂ ਜਾਂਦੀਆਂ ਪਸਾਰ ਗਤੀਵਿਧੀਆਂ ਨਾਲੋਂ ਵੱਖਰਾ ਕਰਕੇ ਦੇਖਿਆ ਹੀ ਨਹੀਂ ਜਾ ਸਕਦਾ। ਇਸ ਲਈ ਇਹ ਕਿਸਾਨ ਮੇਲੇ ਇਸ ਖਿੱਤੇ ਵਿੱਚ ਖੇਤੀ ਨੂੰ ਹੋਰ ਅਗੇਰੇ ਵਧਾਉਣ ਲਈ ਮਹੱਤਵਪੂਰਨ ਉਤਸਵ ਵਾਂਗ ਮਨਾਏ ਜਾਂਦੇ ਹਨ ਇਸ ਵਾਰ ਦੇ ਕਿਸਾਨ ਮੇਲੇ 9 ਸਤੰਬਰ ਤੋਂ ਸ਼ੁਰੂ ਹੋਏ ਸਨ। ਪਹਿਲਾ ਮੇਲਾ ਨਾਗ ਕਲਾਂ ਅੰਮ੍ਰਿਤਸਰ ਦਾ ਮੇਲਾ ਵਿਚ ਹੋਇਆ। ਫਿਰ 11 ਸਤੰਬਰ ਨੂੰ ਬੱਲੋਵਾਲ ਸੌਂਖੜੀ ਵਿਚ ਕੰਢੀ ਖੇਤਰ ਦੀ ਕਿਸਾਨੀ ਨਾਲ ਵਿਚਾਰਾਂ ਹੋਈਆਂ। 15 ਸਤੰਬਰ ਨੂੰ ਪਟਿਆਲਾ ਵਿਚ ਪੁਆਧ ਦੀ ਖੇਤੀ ਬਾਰੇ ਮਾਹਿਰਾਂ ਨੇ ਨੁਕਤੇ ਸਾਂਝੇ ਕੀਤੇ। 18 ਅਤੇ 19 ਨੂੰ ਪੀਏਯੂ ਦੇ ਮੁੱਖ ਕੈਂਪਸ ਦਾ ਮੇਲਾ ਹੋਵੇਗਾ। ਇਸ ਤੋਂ ਬਾਅਦ 22 ਨੂੰ ਫਰੀਦਕੋਟ, 25 ਤਰੀਕ ਨੂੰ ਬਠਿੰਡੇ ਦਾ ਅਤੇ 29 ਨੂੰ ਗੁਰਦਾਸਪੁਰ ਦਾ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ। ਇਹਨਾਂ ਕਿਸਾਨ ਮੇਲਿਆਂ ਦੌਰਾਨ ਕਿਸਾਨ ਅਤੇ ਵਿਗਿਆਨੀਆਂ ਨੂੰ ਇੱਕੋ ਸਥਾਨ ਤੋਂ ਖੇਤੀ ਨਾਲ ਸੰਬੰਧਿਤ ਬਹੁਤ ਸਾਰੀਆਂ ਮੁਸ਼ਕਿਲਾਂ , ਸਮੱਸਿਆਵਾਂ ਦੇ ਨਾਲ ਨਾਲ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਉਹਨਾਂ ਬਾਰੇ ਵਿਚਾਰਨ ਦਾ ਇੱਕ ਮੰਚ ਮੁਹੱਆ ਕੀਤਾ ਜਾਂਦਾ ਹੈ। ਇਥੇ ਨਾ ਸਿਰਫ਼ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਹੁੰਦੇ ਹਨ ਬਲਕਿ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਨਵੀਆਂ ਕਾਢਾਂ ਅਤੇ ਖੇਤੀ ਸਬੰਧੀ ਉਨ੍ਹਾਂ ਦੇ ਸਵਾਲਾਂ ਦੇ ਤਸੱਲੀਜਨਕ ਜਵਾਬ ਦੇ ਕੇ ਇਸ ਯੋਗ ਬਣਾਇਆ ਜਾਂਦਾ ਹੈ ਕਿ ਉਹ ਆਉਂਦੀ ਫਸਲ ਲਈ ਆਪਣੀਆਂ ਸਾਰੀਆਂ ਯੋਗਤਾਵਾਂ ਲਾ ਕੇ ਵੱਧ ਤੋਂ ਵੱਧ ਝਾੜ ਪੈਦਾ ਕਰਨ ਅਤੇ ਆਪਣੇ ਆਮਦਨ ਵਿੱਚ ਵਾਧਾ ਕਰ ਸਕਣ। ਇਸ ਦੇ ਨਾਲ ਹੀ ਖੇਤੀ ਅਤੇ ਹੋਰ ਕਿੱਤਿਆਂ ਬਾਰੇ ਨਵੀਂ ਜਾਣਕਾਰੀ ਕਿਸਾਨਾਂ ਨੂੰ ਪਹੁੰਚਾਉਣ ਦਾ ਕਾਰਜ ਵੀ ਇਹ ਕਿਸਾਨ ਮੇਲੇ ਕਰਦੇ ਹਨ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਇਹਨਾਂ ਕਿਸਾਨ ਮੇਲਿਆਂ ਨੇ ਖੇਤੀ ਪ੍ਰਤੀ ਕਿਸਾਨਾਂ ਦੇ ਵਿਹਾਰ ਨੂੰ ਤਬਦੀਲ ਕਰਨ ਵਿਚ ਜਿੱਡਾ ਵੱਡਾ ਯੋਗਦਾਨ ਪਾਇਆ ਹੈ ਉਹਦੀ ਮਿਸਾਲ ਦੁਨੀਆਂ ਦੇ ਕਿਸੇ ਵੀ ਹੋਰ ਇਲਾਕੇ ਵਿੱਚ ਮਿਲਣੀ ਅਸੰਭਵ ਦੇ ਬਰਾਬਰ ਹੋਵੇਗੀ । ਇਸ ਮੇਲੇ ਦਾ ਇੱਕ ਹੋਰ ਉਭਰਵਾਂ ਪੱਖ ਇੱਥੇ ਲਗਾਈ ਜਾਂਦੀ ਖੇਤੀ ਉਦਯੋਗ ਦੀ ਵੱਡੀ ਪ੍ਰਦਰਸ਼ਨੀ ਹੁੰਦੀ ਹੈ ਜਿਸ ਵਿਚ ਪ੍ਰਾਈਵੇਟ ਸੈਕਟਰ ਵੱਲੋਂ ਨਵੀਂ ਖੇਤ ਮਸ਼ੀਨਰੀ, ਸੰਦ ਅਤੇ ਹੋਰ ਵਸਤਾਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ।
ਇਹ ਕਿਸਾਨ ਮੇਲੇ ਪੰਜਾਬ ’ਚ ਵਿਗਿਆਨਕ ਖੇਤੀ ਦਾ ਮੁੱਢ ਸਾਬਿਤ ਹੋਏ ਹਨ। ਇਹਨਾਂ ਮੇਲਿਆਂ ਰਾਹੀਂ ਬਹੁਤ ਸਾਰੇ ਅਗਾਂਹਵਧੂ ਕਿਸਾਨ ਖੇਤੀ ਨੂੰ ਹੋਰ ਲਾਹੇਵੰਦ ਕਿੱਤਾ ਬਨਾਉਣ ਅਤੇ ਆਪਣਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਸਫਲ ਰਹੇ । ਵਰਤਮਾਨ ਵਿਚ ਵੀ ਇਨ੍ਹਾਂ ਮੇਲਿਆਂ ਦਾ ਕੋਈ ਬਦਲ ਹੋ ਨਹੀਂ ਸਕਦਾ। ਇਹ ਕਿਸਾਨ ਮੇਲੇ ਪੰਜਾਬ ਦੀ ਕਿਸਾਨੀ ਦੀ ਜੀਵਨਰੇਖਾ ਸਾਬਿਤ ਹੋ ਰਹੇ ਹਨ। ਮੇਲਿਆਂ ਦੀ ਸਫ਼ਲਤਾ ਇਸ ਗੱਲੋਂ ਵੀ ਸਾਬਿਤ ਹੁੰਦੀ ਹੈ ਕਿ ਮੇਲਿਆਂ ਵਿੱਚੋਂ ਗਿਆਂ ਹਾਸਿਲ ਕਰਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲੇ ਕਿਸਾਨਾਂ ਦੀ ਗਿਣਤੀ ਆਏ ਸਾਲ ਵਧ ਰਹੀ ਹੈ। ਬੀਬੀਆਂ ਵਲੋਂ ਬਣਾਏ ਸਵੈ-ਸੇਵੀ ਸਮੂਹਾਂ ਦੀਆਂ ਸਟਾਲਾਂ ਆਪਣੇ ਆਪ ਹੀ ਕਿਸਾਨ ਬੀਬੀਆਂ ਵਲੋਂ ਪਰਿਵਾਰਾਂ ਦੀ ਆਰਥਿਕਤਾ ’ਚ ਪਾਏ ਯੋਗਦਾਨ ਨੂੰ ਬਿੰਬਿਤ ਕਰਦੀਆਂ ਹਨ।
(ਸੰਪਰਕ : 94654-64502)