- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਥੇ ਇਹ ਨੁਕਤਾ ਸਾਫ਼ ਕਰ ਦੇਣਾ ਲਾਜ਼ਮੀ ਹੈ ਕਿ ਉਹ ਤਾਂ ਜਾਨਵਰ ਹਨ, ਉਨ੍ਹਾਂ ਨੂੰ ਇੰਨੀ ਸਮਝ ਨਹੀਂ ਪਰ ਮਨੁੱਖ ਨੂੰ ਤਾਂ ਚੰਗੇ-ਮਾੜੇ ਦੀ ਸੋਝੀ ਹੈ ਪਰ ਇਸ ਦੇ ਬਾਵਜੂਦ ਬਿਲਕੁਲ ਇੰਨ-ਬਿੰਨ ਇਹੀ ਹਾਲਾਤ ਅੱਜ ਦੇ ਮਨੁੱਖ ਦੇ ਬਣੇ ਹੋਏ ਹਨ। ਜਿਸ ਸਮਾਜ ਜਾਂ ਵਿਅਕਤੀ ਉੱਪਰ ਕੋਈ ਕਸ਼ਟ ਹੁੰਦਾ ਹੈ, ਦੁੱਖ ਹੁੰਦਾ ਹੈ, ਉਹੀ ਚੀਖ਼ਦਾ ਹੈ, ਰੋਂਦਾ ਹੈ, ਆਵਾਜ਼ ਚੁੱਕਦਾ ਹੈ ਪਰ ਬਾਕੀ ਦਾ ਸਾਰਾ ਸਮਾਜ ਚੁੱਪ-ਚਾਪ ਤਮਾਸ਼ਾ ਵੇਖਦਾ ਰਹਿੰਦਾ ਹੈ।

ਨਿਸ਼ਾਨ ਸਿੰਘ ਰਾਠੌਰ (ਡਾ.)
ਸਮਾਜ ਵਿਗਿਆਨੀਆਂ ਦਾ ਕਥਨ ਹੈ ਕਿ ਜਿਸ ਮਨੁੱਖੀ ਹਿਰਦੇ ’ਚ ਕੋਮਲ ਸੰਵੇਦਨਾਵਾਂ ਦਾ ਅਹਿਸਾਸ ਨਹੀਂ ਹੁੰਦਾ, ਉਹ ਹਿਰਦਾ ਜਿਊਂਦੇ ਜੀਅ ਹੀ ਮੋਇਆਂ ਬਰਾਬਰ ਹੁੰਦਾ ਹੈ। ਉਸ ਵਿਅਕਤੀ ਦੇ ਸਿਰਫ਼ ਸਾਹ ਹੀ ਚੱਲ ਰਹੇ ਹੁੰਦੇ ਹਨ ਪਰ ਅਸਲ ਅਰਥਾਂ ’ਚ ਉਹ ਬੰਦਾ ਅੰਦਰੋਂ ਮਰ ਚੁਕਿਆ ਹੁੰਦਾ ਹੈ। ਅਜਿਹਾ ਵਿਅਕਤੀ ਆਪਣੇ ਅੰਦਰ ਦੀ ਆਵਾਜ਼ ਨੂੰ ਸੁਣਨ ਤੋਂ ਅਸਮਰਥ ਹੁੰਦਾ ਹੈ। ਅੱਜ ਸਮਾਜ ’ਚ ਰਹਿੰਦੇ ਲੋਕ, ਵੱਡੀ ਗਿਣਤੀ ’ਚ ਜਿਊਂਦਿਆਂ ਹੀ ਮਰੇ ਹੋਏ ਦੇਖੇ ਜਾ ਸਕਦੇ ਹਨ। ਉਹ ਨਾ ਤਾਂ ਜ਼ੁਲਮ ਦੇ ਵਿਰੁਧ ਆਵਾਜ਼ ਚੁੱਕਦੇ ਹਨ ਅਤੇ ਨਾ ਹੀ ਆਪਣੇ ਜ਼ਮੀਰ ਦੀ ਆਵਾਜ਼ ਨੂੰ ਸੁਣਦੇ ਹਨ। ਅਜਿਹੇ ਲੋਕ ਭਾਵੇਂ ਸਰੀਰਕ ਤੌਰ ’ਤੇ ਜਿਊਂਦੇ ਹਨ ਪਰ ਆਤਮਕ ਤੌਰ ’ਤੇ ਮੁਰਦਾ ਹੀ ਹੁੰਦੇ ਹਨ।
ਖ਼ੈਰ! ਅੱਜ ਸਮਾਜ ’ਚ ਰਹਿੰਦੇ ਬਹੁਤੇ ਲੋਕ ਕੇਵਲ ਆਪਣੇ ਨਿੱਜ ਅਤੇ ਸਵਾਰਥ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ। ਉਨ੍ਹਾਂ ਨੂੰ ਕੋਈ ਮਤਲਬ ਨਹੀਂ ਕਿ ਸਾਡੇ ਆਂਢ-ਗੁਆਂਡ, ਸਮਾਜ, ਦੇਸ਼ ’ਚ ਕੀ ਹੋ ਰਿਹਾ ਹੈ? ਸਮਾਜ ’ਚ ਕੀ ਵਾਪਰ ਰਿਹਾ ਹੈ? ਕਿੱਥੇ ਸਹੀ ਹੋ ਰਿਹਾ ਹੈ ਅਤੇ ਕਿੱਥੇ ਗ਼ਲਤ? ਬਲਕਿ ਉਹ ਤਾਂ ਆਪਣੇ ਜੀਵਨ ਨੂੰ ਸੁਖਾਲਾ ਅਤੇ ਆਰਾਮਦਾਇਕ ਬਣਾਉਣਾ ਲੋਚਦੇ ਹਨ। ਸਮਾਜ ਤੇ ਦੂਜੇ ਲੋਕ ਭਾਵੇਂ ਜਿੱਥੇ ਮਰਜ਼ੀ ਜਾਣ, ਉਹਨਾਂ ਨੂੰ ਇਸ ਗੱਲ ਨਾਲ ਕੋਈ ਵਾਹ-ਵਾਸਤਾ ਨਹੀਂ ਹੁੰਦਾ। ਅਸਲ ’ਚ ਅਜਿਹੇ ਲੋਕ ਸਮਾਜ ਦੇ ਵਿਕਾਸ ’ਚ ਕਿਸੇ ਪ੍ਰਕਾਰ ਦਾ ਕੋਈ ਸਾਰਥਕ ਰੋਲ ਅਦਾ ਨਹੀਂ ਕਰਦੇ ਬਲਕਿ ਪਸ਼ੂਆਂ ਵਾਂਗ ਜੰਮਦੇ ਹਨ, ਜਿਊਂਦੇ ਹਨ ਅਤੇ ਬੱਚੇ ਪੈਦਾ ਕਰਕੇ ਫੇਰ ਮਰ ਜਾਂਦੇ ਹਨ। ਇਹ ਵਰਤਾਰਾ ਤਾਂ ਪਸ਼ੂਆਂ ਨਾਲ ਵੀ ਸਹਿਜੇ ਹੀ ਵਾਪਰਦਾ ਹੈ। ਫੇਰ ਇਨਸਾਨ ਅਤੇ ਪਸ਼ੂ ’ਚ ਕੀ ਫਰਕ ਰਹਿ ਗਿਆ? ਇਹ ਪ੍ਰਸ਼ਨ ਚੰਗੇ ਅਤੇ ਨਰੋਏ ਸਮਾਜ ਲਈ ਸਦਾ ਹੀ ਚੁਣੌਤੀ ਬਣ ਕੇ ਉੱਭਰਿਆ ਹੈ। ਇਸ ਦਾ ਜਵਾਬ ਨਾ ਤਾਂ ਬੁੱਧੀਜੀਵੀ ਵਰਗ ਕੋਲ਼ ਹੈ ਅਤੇ ਨਾ ਹੀ ਸਮਾਜ ਵਿਗਿਆਨੀਆਂ ਕੋਲ਼। ਖ਼ਾਸ ਗੱਲ ਇਹ ਹੈ ਕਿ ਸਮਾਜ ਵੀ ਅਜਿਹੇ ਸਵਾਰਥੀ ਲੋਕਾਂ ਨੂੰ ਬਹੁਤੀ ਦੇਰ ਤਕ ਚੇਤੇ ਨਹੀਂ ਰੱਖਦਾ, ਜਿਹੜੇ ਨਿੱਜ ਤੋਂ ਪਾਰ ਜਾ ਕੇ ਆਪਣਾ ਜੀਵਨ ਨਹੀਂ ਜਿਊਂਦੇ।
ਅਸਲ ’ਚ ਅਜਿਹੇ ਲੋਕਾਂ ਦਾ ਸਮਾਜ ਅੰਦਰ ਕੋਈ ਸਾਰਥਕ ਅਤੇ ਸੁਚੱਜਾ ਰੋਲ਼ ਹੀ ਨਹੀਂ ਹੁੰਦਾ ਜਿਸ ਨੂੰ ਆਉਣ ਵਾਲੀਆਂ ਨਸਲਾਂ ਚੇਤੇ ਰੱਖ ਸਕਣ। ਇਹ ਲੋਕ ਆਪਣੇ ਨਿੱਜ ਦੀ ਖ਼ਾਤਿਰ ਸਮੁੱਚੇ ਸਮਾਜ ਨੂੰ ਛਿੱਕੇ ਟੰਗਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਕਿਸੇ ਇਕ ਵਿਅਕਤੀ ਦੇ ਨਫ਼ੇ ਦੀ ਇਵਜ਼ ’ਚ ਸਮੁੱਚੇ ਸਮਾਜ ਦਾ ਨੁਕਸਾਨ ਕਰ ਦਿੰਦੇ ਹਨ। ਇਨ੍ਹਾਂ ਦੀ ਬਿਰਤੀ ਸਵਾਰਥ ਅਤੇ ਨਿੱਜ ਨਾਲ ਭਰਪੂਰ ਹੁੰਦੀ ਹੈ। ਇਨ੍ਹਾਂ ਅੰਦਰ ਦਾਇਆ, ਕਰੁਣਾ, ਪ੍ਰੇਮ, ਸਮਰਪਣ ਅਤੇ ਕੁਰਬਾਨੀ ਦੇ ਭਾਵ ਉੱਕਾ ਹੀ ਨਹੀਂ ਹੁੰਦੇ। ਸਮਾਜ ’ਚ ਰਹਿੰਦੇ ਅਜਿਹੇ ਮਨੁੱਖ, ਦੂਜੇ ਲੋਕਾਂ ਦੇ ਦੁੱਖ-ਦਰਦ ਨੂੰ ਉੱਕਾ ਹੀ ਮਹਿਸੂਸ ਨਹੀਂ ਕਰਦੇ ਬਲਕਿ ਆਪਣੀ ਜ਼ਿੰਦਗੀ ਸੁੱਖ ਅਤੇ ਆਰਾਮ ਨਾਲ ਜਿਊਣ ’ਚ ਮਸਤ ਰਹਿੰਦੇ ਹਨ। ਇਨ੍ਹਾਂ ਨੂੰ ਨਾ ਕਿਸੇ ਦੇ ਜਿਊਣ ਦਾ ਚਾਅ ਹੁੰਦਾ ਹੈ ਅਤੇ ਨਾ ਹੀ ਮਰਨ ਦਾ ਸੋਗ। ਜਿਸ ਪ੍ਰਕਾਰ ਕਸਾਈ ਦੇ ਖੁੱਡੇ ’ਚ ਬੰਦ ਮੁਰਗੇ-ਮੁਰਗੀਆਂ ਦਾਣੇ ਚੁਗਣ ’ਚ ਮਸਤ ਹੁੰਦੇ ਹਨ। ਰੌਲ਼ਾ ਉਹੀ ਮੁਰਗਾ ਮਚਾਉਂਦਾ ਹੈ, ਜਿਹੜਾ ਉਸ ਕਸਾਈ ਦੇ ਹੱਥ ਆਇਆ ਹੁੰਦਾ ਹੈ, ਭਾਵ ਜਿਹੜਾ ਮਰ ਰਿਹਾ ਹੁੰਦਾ ਹੈ। ਕੁਝ ਦੇਰ ਬਾਅਦ ਕਸਾਈ ਜਦੋਂ ਫੇਰ ਦੂਜੀ ਵਾਰ ਖੁੱਡੇ ’ਚ ਹੱਥ ਪਾਉਂਦਾ ਹੈ ਤਾਂ ਉਹੀ ਮੁਰਗਾ ਸ਼ੋਰ ਮਚਾਉਂਦਾ ਹੈ, ਜਿਹੜਾ ਇਸ ਵਕਤ ਉਸ ਕਸਾਈ ਦੇ ਹੱਥ ’ਚ ਆਇਆ ਹੁੰਦਾ ਹੈ, ਜਿਸ ਦੀ ਮੌਤ ਆਈ ਹੁੰਦੀ ਹੈ, ਬਾਕੀ ਦੇ ਮੁਰਗੇ-ਮੁਰਗੀਆਂ ਦਾਣੇ ਚੁਗਣ ’ਚ ਮਸਤ ਹੁੰਦੇ ਹਨ। ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਸਾਡੇ ਇਕ ਸਾਥੀ ਦਾ ਇਹ ਹਸ਼ਰ ਹੋ ਰਿਹਾ ਹੈ, ਕੱਲ੍ਹ ਨੂੰ ਸਾਡੀ ਵਾਰੀ ਵੀ ਆ ਸਕਦੀ ਹੈ ਪਰ ਇਸ ਗੱਲ ਨੂੰ ਉਹ ਉੱਕਾ ਹੀ ਜ਼ਿਹਨ ’ਚ ਨਹੀਂ ਲੈ ਕੇ ਆਉਂਦੇ।
ਇੱਥੇ ਇਹ ਨੁਕਤਾ ਸਾਫ਼ ਕਰ ਦੇਣਾ ਲਾਜ਼ਮੀ ਹੈ ਕਿ ਉਹ ਤਾਂ ਜਾਨਵਰ ਹਨ, ਉਨ੍ਹਾਂ ਨੂੰ ਇੰਨੀ ਸਮਝ ਨਹੀਂ ਪਰ ਮਨੁੱਖ ਨੂੰ ਤਾਂ ਚੰਗੇ-ਮਾੜੇ ਦੀ ਸੋਝੀ ਹੈ ਪਰ ਇਸ ਦੇ ਬਾਵਜੂਦ ਬਿਲਕੁਲ ਇੰਨ-ਬਿੰਨ ਇਹੀ ਹਾਲਾਤ ਅੱਜ ਦੇ ਮਨੁੱਖ ਦੇ ਬਣੇ ਹੋਏ ਹਨ। ਜਿਸ ਸਮਾਜ ਜਾਂ ਵਿਅਕਤੀ ਉੱਪਰ ਕੋਈ ਕਸ਼ਟ ਹੁੰਦਾ ਹੈ, ਦੁੱਖ ਹੁੰਦਾ ਹੈ, ਉਹੀ ਚੀਖ਼ਦਾ ਹੈ, ਰੋਂਦਾ ਹੈ, ਆਵਾਜ਼ ਚੁੱਕਦਾ ਹੈ ਪਰ ਬਾਕੀ ਦਾ ਸਾਰਾ ਸਮਾਜ ਚੁੱਪ-ਚਾਪ ਤਮਾਸ਼ਾ ਵੇਖਦਾ ਰਹਿੰਦਾ ਹੈ। ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ, ਉਹ ਆਪਣੇ ਨਿੱਤ ਦੇ ਕਾਰ-ਵਿਹਾਰ ’ਚ ਮਸਤ ਹੁੰਦੇ ਹਨ ਅਤੇ ਸੋਚਦੇ ਹਨ ਕਿ ਸਾਨੂੰ ਕੀ? ਇਹ ਕਿਹੜਾ ਸਾਡੇ ਨਾਲ ਵਾਪਰ ਰਿਹਾ ਹੈ ਜਾਂ ਸਾਡੇ ਪਰਿਵਾਰ ਦੇ ਕਿਸੇ ਜੀਅ ਨਾਲ ਵਾਪਰ ਰਿਹਾ ਹੈ। ਫੇਰ ਜਦੋਂ ਉਹੀ ਹਾਲਾਤ ਉਸ ਬੰਦੇ ਨਾਲ ਵਾਪਰਦੇ ਹਨ ਜਾਂ ਉਸ ਦੇ ਪਰਿਵਾਰ ਦੇ ਕਿਸੇ ਜੀਅ ਨਾਲ ਵਾਪਰਦੇ ਹਨ ਤਾਂ ਉਹ ਚੀਖ਼ਦਾ ਹੈ, ਰੋਂਦਾ ਹੈ ਪਰ ਹੁਣ ਸਮਾਜ ਦੇ ਬਾਕੀ ਲੋਕ ਚੁੱਪ ਧਾਰ ਲੈਂਦੇ ਹਨ। ਇਹੀ ਵਰਤਾਰਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ, ਤਾਂਹੀਓਂ ਤੇ ਸਮਾਜ ਅੰਦਰ ਕ੍ਰਾਂਤੀ ਦੀ ਚਿਣਗ਼ ਕਦੇ-ਕਦੇ ਹੀ ਦੇਖਣ ਨੂੰ ਮਿਲਦੀ ਹੈ। ਅੱਜ ਦੇ ਮਨੁੱਖ ਦਾ ਇਹ ਵਰਤਾਰਾ ਅਤੇ ਸੁਭਾਓ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਲਈ ਹਾਨੀਕਾਰਕ ਹੈ। ਇਸ ਦੇ ਘਾਤਕ ਨਤੀਜੇ ਆਉਣ ਵਾਲੇ ਸਮੇਂ ਵਿਚ ਦੇਖਣ ਨੂੰ ਮਿਲਣਗੇ ਪਰ ਅਫ਼ਸੋਸ ਇਸ ਮੁੱਦੇ ਵੱਲ ਨਾ ਤਾਂ ਸਮਾਜ ਵਿਗਿਆਨੀਆਂ ਦਾ ਧਿਆਨ ਹੈ ਅਤੇ ਨਾ ਹੀ ਬੁੱਧੀਜੀਵੀ ਵਰਗ ਦਾ। ਇਸ ਬਾਰੇ ਕਿਤੇ ਖੁੱਲ੍ਹ ਕੇ ਵਿਚਾਰ-ਚਰਚਾ ਵੀ ਨਹੀਂ ਕੀਤੀ ਜਾਂਦੀ। ਸਕੂਲਾਂ, ਕਾਲਜਾਂ ’ਚ ਵਿਦਿਆਰਥੀਆਂ ਨੂੰ ‘ਸਮਾਜ ਵਿਗਿਆਨ’ ਬਾਰੇ ਉੱਕਾ ਹੀ ਨਹੀਂ ਪੜ੍ਹਾਇਆ ਜਾਂਦਾ ਜਾਂ ਕਿੱਧਰੇ ਮਾੜਾ-ਮੋਟਾ ਪੜ੍ਹਾਇਆ ਵੀ ਜਾਂਦਾ ਹੋਵੇਗਾ ਤਾਂ ਇਸ ਵਿਸ਼ੇ ’ਤੇ ਇੰਨੀ ਤਵੱਜੋਂ ਨਹੀਂ ਦਿੱਤੀ ਜਾਂਦੀ ਜਿੰਨੀ ਉਸ ਦੀ ਮਹੱਤਤਾ ਅਤੇ ਜ਼ਰੂਰਤ ਹੈ। ਇਸ ਲਈ ਅੱਜ ਦੇ ਬੱਚੇ ਜਿੱਥੇ ਸਾਇੰਸ ਅਤੇ ਧਰਮ ਬਾਰੇ ਜਾਣਕਾਰੀ ਰੱਖਦੇ ਹਨ। ਉੱਥੇ ਸਮਾਜ ਵਿਗਿਆਨ ਬਾਰੇ ਇੰਨੀ ਜਾਣਕਾਰੀ ਨਹੀਂ ਰੱਖੀ ਜਾਂਦੀ। ਹਾਲਾਂਕਿ ਸਮਾਜ ਤੋਂ ਬਿਨਾਂ ਨਾ ਤਾਂ ਧਰਮ ਦੀ ਕੋਈ ਹੋਂਦ ਹੈ ਅਤੇ ਨਾ ਹੀ ਸਾਇੰਸ ਦੀ ਪਰ ਇੰਨਾ ਗੰਭੀਰ ਅਤੇ ਲਾਜ਼ਮੀ ਵਿਸ਼ਾ ਅਣਗਹਿਲੀ ਦਾ ਸ਼ਿਕਾਰ ਹੋਇਆ ਜਾਪਦਾ ਹੈ। ਇਸ ਮੁੱਦੇ ਬਾਰੇ ਅਖ਼ਬਾਰਾਂ, ਟੀ.ਵੀ. ਚੈਨਲਾਂ ਅਤੇ ਸੋਸ਼ਲ ਮੀਡੀਆ ਉੱਪਰ ਵੀ ਕਿਸੇ ਤਰ੍ਹਾਂ ਦੀ ਕੋਈ ਚਰਚਾ ਵੇਖਣ-ਸੁਣਨ ਨੂੰ ਨਹੀਂ ਮਿਲਦੀ। ਸਮਾਜ ਵਿਚ ਰਹਿੰਦੇ ਮਨੁੱਖ ਦੇ ਅੰਦਰੋਂ ਜੇਕਰ ਕੋਮਲ ਸੰਵੇਦਨਾਵਾਂ ਦੀ ਖ਼ਤਮ ਹੋ ਗਈਆਂ, ਅਹਿਸਾਸ ਹੀ ਖ਼ਤਮ ਹੋ ਗਏ ਤਾਂ ਸੋਚ ਕੇ ਵੇਖੋ ਆਉਣ ਵਾਲੇ ਕੁਝ ਸਾਲਾਂ ’ਚ ਸਾਡੇ ਸਮਾਜ ਦੀ ਦਸ਼ਾ ਅਤੇ ਦਿਸ਼ਾ ਕਿੰਝ ਦੀ ਹੋਵੇਗੀ? ਇਸ ਬਾਰੇ ਅਜੇ ਸਹੀ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਪਰ ਇੰਨਾ ਲਾਜ਼ਮੀ ਕਿਹਾ ਜਾ ਸਕਦਾ ਹੈ ਕਿ ਸਮਾਜ ਦੀ ਹੋਂਦ ਹੀ ਸਮਾਪਤੀ ਵੱਲ ਤੁਰ ਪਵੇਗੀ। ਫੇਰ ਸਾਡੇ ਕੋਲ ਸਿਵਾਏ ਪਛਤਾਵੇ ਦੇ ਕੁਝ ਵੀ ਨਹੀਂ ਹੋਵੇਗਾ। ਇਸ ਲਈ ਅੱਜ ਤੋਂ ਹੀ ਬੱਚਿਆਂ ਨੂੰ ਸਮਾਜ ਦੀ ਲੋੜ ਅਤੇ ਵਿਕਾਸ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਹ ਜਾਣਕਾਰੀ ਸਭ ਤੋਂ ਪਹਿਲਾਂ ਘਰ ਤੋਂ ਹੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਫੇਰ ਸਕੂਲ ਅਤੇ ਫੇਰ ਕਾਲਜ ਅਤੇ ਯੂਨੀਵਰਸਿਟੀ ਤਾਂ ਕਿ ਬੱਚਿਆਂ ਨੂੰ ਸਮਾਜ ਦੀ ਹੋਂਦ, ਬਣਤਰ ਅਤੇ ਜ਼ਰੂਰਤ ਬਾਰੇ ਸਹੀ ਅਤੇ ਸਟੀਕ ਜਾਣਕਾਰੀ ਪ੍ਰਦਾਨ ਕੀਤੀ ਜਾ ਸਕੇ। ਇਸ ਨਾਲ ਜਿੱਥੇ ਸਮਾਜ ਮਜ਼ਬੂਤ ਹੋਵੇਗਾ, ਉੱਥੇ ਹੀ ਸਮਾਜ ’ਚ ਰਹਿੰਦਾ ਮਨੁੱਖ ਵਧੇਰੇ ਸੁਰੱਖਿਅਤ ਅਤੇ ਖੁਸ਼ਹਾਲ ਜੀਵਨ ਬਤੀਤ ਕਰ ਸਕਦਾ ਹੈ। ਜਿਸ ਵੇਲੇ ਮਨੁੱਖ ਨੂੰ ਸਮਾਜ ਦੀ ਲੋੜ ਅਤੇ ਸੁਰੱਖਿਆ ਦੀ ਜ਼ਰੂਰਤ ਮਹਿਸੂਸ ਹੋਣ ਲੱਗੀ ਤਾਂ ਉਸ ਦੇ ਮਨ ਅੰਦਰ ਕੋਮਲ ਸੰਵੇਦਨਾਵਾਂ ਦਾ ਮੁੜ ਸੰਚਾਰ ਹੋ ਜਾਵੇਗਾ। ਉਹ ਆਪਣੇ ਸਮਾਜ ਅਤੇ ਸਮਾਜ ’ਚ ਰਹਿੰਦੇ ਲੋਕਾਂ ਦੀ ਚਿੰਤਾ ਕਰੇਗਾ। ਇਸ ਨਾਲ ਇਕ-ਦੂਜੇ ਦੇ ਸੁੱਖ-ਦੁੱਖ ’ਚ ਭਾਈਵਾਲੀ ਵੱਧੇਗੀ ਅਤੇ ਸਮਾਜ ਖੁਸ਼ਹਾਲ ਸਮਾਜ ਵੱਜੋਂ ਉੱਭਰ ਕੇ ਸਾਹਮਣੇ ਆਵੇਗਾ ਪਰ ਇਹ ਹੁੰਦਾ ਕਦੋਂ ਹੈ? ਇਹ ਸਵਾਲ ਅਤੇ ਇਸ ਦੇ ਜਵਾਬ ਅਜੇ ਭਵਿੱਖ ਦੀ ਕੁੱਖ਼ ’ਚ ਹਨ।