- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਦਰਬਾਰ ਸਾਹਿਬ ’ਤੇ ਅੰਦਰ ਤੇ ਬਾਹਰ ਹਿੰਸਕ ਘਟਨਾਵਾਂ ਵਾਪਰ ਰਹੀਆਂ ਸਨ। ਜੂਨ 1984 ਦੇ ਸਾਕੇ ਤੋਂ ਪਹਿਲਾਂ ਗੁਰਦੇਵ ਸਿੰਘ ਬਰਾੜ ਨੇ ਸਰਕਾਰ ਨੂੰ ਸਪੱਸ਼ਟ ਸ਼ਬਦਾਂ ’ਚ ਚਿਤਾਵਨੀ ਦਿੱਤੀ ਸੀ ਕਿ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜ਼ੀ ਕਾਰਵਾਈ ਬੇਲੋੜੀ ਤੇ ਨਾਵਾਜਬ ਹੈ ਤੇ ਇਹ ਅਤਿ-ਗੰਭੀਰ ਸਿੱਟੇ ਪੈਦਾ ਕਰੇਗੀ। ਉਹਨਾਂ ਨੇ ਬੜੀ ਬੇਬਾਕੀ, ਸੁਹਿਰਦਤਾ ਤੇ ਤਰਕ ਸਹਿਤ ਕਿਹਾ ਸੀ ਕਿ ਪੰਜਾਬ ਸਮੱਸਿਆ ਮਹਿਜ਼ ਅਮਨ ਕਾਨੂੰਨ ਜਾਂ ਪ੍ਰਬੰਧਕੀ ਮਸਲਾ ਨਹੀਂ, ਸਗੋਂ ਰਾਜਨੀਤਕ ਮੁਆਮਲਾ ਹੈ। ਇਸ ਲਈੇ ਇਸ ਦਾ ਹੱਲ ਸਿਆਸੀ ਸੂਝ-ਬੂਝ ਨਾਲ ਹੀ ਨਿਕਲੇਗਾ।

ਭੋਗ ’ਤੇ ਵਿਸ਼ੇਸ਼
ਸੇਵਾ ਮੁਕਤ ਆਈਏਐੱਸ ਅਧਿਕਾਰੀ ਗੁਰਦੇਵ ਸਿੰਘ ਬਰਾੜ ਵਰਗੇ ਇਨਸਾਨਾਂ ਨੂੰ ਰੱਬ ਕਦੇ ਕਦੇ ਹੀ ਪੈਦਾ ਕਰਦਾ ਹੈ। ਉਹ 95 ਸਾਲ ਦੀ ਲੰਬੀ ਤੇ ਅਰਥ ਭਰਪੂਰ ਜ਼ਿੰਦਗੀ ਜਿਉਂ ਕੇ ਆਖ਼ਰ 17 ਸਤੰਬਰ ਨੂੰ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਹਨ। ਉਹ ਇਕ ਕੁਸ਼ਲ ਪ੍ਰਬੰਧਕ, ਚੋਟੀ ਦੇ ਹਾਕੀ ਖਿਡਾਰੀ, ਉੱਘੇ ਤਾਲੀਮਦਾਨ, ਪ੍ਰਬੁੱਧ ਲੇਖਕ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰਣਾਏ ਹੋਏ ਮੌਲਿਕ ਚਿੰਤਕ ਹੋਣ ਦੇ ਨਾਲ-ਨਾਲ ਇਕ ਨੇਕ, ਨਫ਼ੀਸ, ਈਮਾਨਦਾਰ, ਸਮਾਜ ਸੇਵੀ ਤੇ ਤਹੱਮਲ ਮਿਜ਼ਾਜ਼ ਇਨਸਾਨ ਸਨ। ਉਨ੍ਹਾਂ ਦਾ ਪ੍ਰੇਰਨਾਮਈ ਜੀਵਨ ਸਖ਼ਤ ਮਿਹਨਤ, ਸਿੱਖਣ ਦੀ ਤਾਂਘ ਅਤੇ ਨਿਸ਼ਕਾਮ ਸੇਵਾ ਦੀ ਸਾਕਾਰ ਮੂਰਤ ਸੀ। ਗੁਰਦੇਵ ਸਿੰਘ ਬਰਾੜ ਨੇ ਪਹਿਲਾਂ ਪੀਸੀਐੱਸ ਤੇ ਫਿਰ ਆਈਏਐੱਸ ਅਧਿਕਾਰੀ ਹੁੰਦਿਆਂ, ਪੰਜਾਬ ਦੇ ਵੱਖ-ਵੱਖ ਵਿਭਾਗਾਂ ’ਤੇ ਅਦਾਰਿਆਂ ’ਚ ਪੂਰੀ ਦਿਆਨਤਦਾਰੀ ਤੇ ਤਨਦੇਹੀ ਨਾਲ ਸੇਵਾ ਕੀਤੀ ਤੇ ਫ਼ੈਸਲੇ ਲੈਣ ਲੱਗਿਆਂ ਹਮੇਸ਼ਾ ਲੋਕ ਹਿੱਤਾਂ ਨੂੰ ਪਹਿਲ ਦਿੱਤੀ। ਆਪਣੀ ਸੇਵਾ ਮੁਕਤੀ ਤੋਂ ਬਾਅਦ, ਉਨ੍ਹਾਂ ਨੇ ਆਪਣਾ ਪੂਰਾ ਜੀਵਨ ਸਿੱਖਿਆ ਦੇ ਪਾਸਾਰ, ਖੇਡ ਸਭਿਆਚਾਰ ਪੈਦਾ ਕਰਨ ਤੇ ਸਿੱਖਾਂ ਤੇ ਪੰਜਾਬ ਨੂੰ ਦਰਪੇਸ਼ ਮਸਲਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਮੱਰਪਿਤ ਕਰ ਦਿੱਤਾ ਸੀ। ਉਨ੍ਹਾਂ ਨੇ ਚੰਡੀਗੜ੍ਹ ਦੀ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਨਾਲ-ਨਾਲ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਤੇ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ, ਫਰੀਦਕੋਟ ਵਰਗੀਆਂ ਨਾਮੀ ਸੰਸਥਾਵਾਂ ’ਚ ਵੱਖ-ਵੱਖ ਰੁਤਬਿਆਂ ’ਤੇ ਰਹਿ ਕੇ ਨਿਸ਼ਕਾਮ ਸੇਵਾ ਕੀਤੀ। ਬਰਾੜ ਪਿਛਲੇ ਤਿੰਨ ਦਹਾਕਿਆਂ ਤੋਂ ਵੱਖ-ਵੱਖ ਅਹੁਦਿਆਂ ’ਤੇ ਰਹਿ ਕੇ ਚੰਡੀਗੜ੍ਹ ਦੀ ਸਿੱਖ ਐਜੂਕੇਸ਼ਨਲ ਸੁਸਾਇਟੀ ਦੀ ਸੇਵਾ ਕਰਦੇ ਆ ਰਹੇ ਸਨ। ਸਾਲ 2004 ਤੋਂ ਬਤੌਰ ਪ੍ਰਧਾਨ, ਉਨ੍ਹਾਂ ਦੀ ਅਗਵਾਈ ’ਚ ਇਸ ਸੁਸਾਇਟੀ ਦੀਆਂ 8 ਨਾਮੀ ਵਿਦਿਅਕ ਸੰਸਥਾਵਾਂ ਨੇ ਵਿਦਿਅਕ, ਸੱਭਿਆਚਾਰਕ, ਸਾਹਿਤਕ ਤੇ ਖ਼ਾਸਕਰ ਖੇਡਾਂ ਦੇ ਖੇਤਰ ’ਚ ਲਾਮਿਸਾਲ ਪ੍ਰਾਪਤੀਆਂ ਕੀਤੀਆਂ ਹਨ। ਆਪਣੇ ਜੱਦੀ ਸ਼ਹਿਰ ਫ਼ਰੀਦਕੋਟ ਦੀ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜੂਕੇਸ਼ਨਲ ਸੁਸਾਇਟੀ ਨਾਲ ਲੰਬੇ ਸਮੇਂ ਤੋਂ ਜੁੜੇ ਆ ਰਹੇ, ਗੁਰਦੇਵ ਸਿੰਘ ਬਰਾੜ ਅੱਜ ਕੱਲ੍ਹ ਇਸ ਸੁਸਾਇਟੀ ਦੇ ਵੀ ਪ੍ਰਧਾਨ ਸਨ। ਉਨ੍ਹਾਂ ਦੀ ਸੁਯੋਗ ਅਗਵਾਈ ’ਚ ਇਹ ਸੁਸਾਇਟੀ, ਫ਼ਰੀਦਕੋਟ ਇਲਾਕੇ ’ਚ ਇਕ ਡੈਂਟਲ ਕਾਲਜ ਸਮੇਤ 14 ਮਿਆਰੀ ਵਿਦਿਅਕ ਸੰਸਥਾਵਾਂ ਚਲਾ ਰਹੀ ਹੈ, ਜਿਨ੍ਹਾਂ ’ਚੋਂ ਜ਼ਿਆਦਾ ਪੇਂਡੂ ਖੇਤਰ ’ਚ ਹਨ। 23 ਅਪ੍ਰੈਲ 1931 ਨੂੰ ਜਨਮੇ ਗੁਰਦੇਵ ਸਿੰਘ ਬਰਾੜ ਨੇ ਦਸਵੀਂ ਤੱਕ ਦੀ ਪੜ੍ਹਾਈ ਫਰੀਦਕੋਟ ਦੇ ਸਰਕਾਰੀ ਬਲਬੀਰ ਹਾਈ ਸਕੂਲ ਤੋਂ ਹਰ ਜਮਾਤ ’ਚੋਂ ਪ੍ਰਥਮ ਰਹਿ ਕੇ ਕੀਤੀ। ਬਰਜਿੰਦਰਾ ਕਾਲਜ, ਫਰੀਦਕੋਟ ਤੋਂ ਬੀਏ ਕਰਨ ਉਪਰੰਤ ਉਨ੍ਹਾਂ ਨੇ ਐੱਮਏ ਤੇ ਐੱਲਐੱਲਬੀ ਦੀਆਂ ਡਿਗਰੀਆਂ ਮੁਸਲਿਮ ਯੂਨੀਵਰਸਿਟੀ, ਅਲੀਗੜ੍ਹ ਤੋਂ ਹਾਸਲ ਕੀਤੀਆਂ। ਉਹ ਡਾਕਟਰ ਜ਼ਾਕਰ ਹੁਸੈਨ, ਪ੍ਰੋਫੈਸਰ ਮੁਹੰਮਦ ਹਬੀਬ, ਡਾਕਟਰ ਨੂਰ-ਅਲ-ਹਸਨ ਅਤੇ ਪ੍ਰੋਫੈਸਰ ਸ਼ਿਵ ਦਿਆਲ ਵਰਗੇ ਨਾਮਵਰ ਅਧਿਆਪਕਾਂ ਦੇ ਵਿਦਿਆਰਥੀ ਰਹੇ ਸਨ। ਵਿਦਿਆਰਥੀ ਜੀਵਨ ਵਿਚ ਗੁਰਦੇਵ ਸਿੰਘ ਬਰਾੜ ਦੀ ਪੜ੍ਹਾਈ ਦੇ ਨਾਲ ਨਾਲ ਖੇਡਾਂ, ਖ਼ਾਸਕਰ ਹਾਕੀ ’ਚ ਰੁਚੀ ਸੀ। ਉਨ੍ਹਾਂ ਨੇ ਆਪਣੇ ਸਕੂਲ, ਕਾਲਜ ਤੇ ਯੂਨੀਵਰਸਿਟੀ ਦੀ ਹਾਕੀ ਟੀਮਾਂ ਦੀ ਕਪਤਾਨੀ ਕੀਤੀ ਤੇ ਕੌਮਾਂਤਰੀ ਪੱਧਰ ਤੱਕ ਹਾਕੀ ਖੇਡੇ। ਉਹ ਇੰਟਰਨੈਸ਼ਨਲ ਪ੍ਰਥਮ ਸ਼੍ਰੇਣੀ ਸਪੈਸ਼ਲ ਗਰੇਡ ਹਾਕੀ ਅੰਪਾਇਰ ਸਨ। ਉਹ ਉਲੰਪਿਕ, ਵਿਸ਼ਵ ਕੱਪ ਤੇ ਏਸ਼ਿਆਈ ਖੇਡਾਂ ’ਚ ਹਾਕੀ ਮੁਕਾਬਲਿਆਂ ’ਚ ਬਤੌਰ ਜੱਜ ਤੇ ਅੰਪਾਇਰ ਵਜੋਂ ਭੂਮਿਕਾ ਨਿਭਾਉਂਦੇ ਰਹੇ। ਪੰਜਾਬ ਸਿਵਲ ਸੇਵਾਵਾਂ ’ਚੋਂ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ’ਚ ਆਉਣ ਤੋਂ ਬਾਅਦ, ਗੁਰਦੇਵ ਸਿੰਘ ਬਰਾੜ ਦੀ ਸਭ ਤੋਂ ਚੁਣੌਤੀ ਪੂਰਨ ਨਿਯੁਕਤੀ ਅੰਮ੍ਰਿਤਸਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਵਜੋਂ ਉਸ ਸਮੇਂ ਕੀਤੀ ਗਈ, ਜਦੋਂ ਧਰਮਯੁੱਧ ਮੋਰਚਾ ਆਪਣੇ ਸਿਖਰ ’ਤੇ ਸੀ। ਸ੍ਰੀ ਦਰਬਾਰ ਸਾਹਿਬ ’ਤੇ ਅੰਦਰ ਤੇ ਬਾਹਰ ਹਿੰਸਕ ਘਟਨਾਵਾਂ ਵਾਪਰ ਰਹੀਆਂ ਸਨ। ਜੂਨ 1984 ਦੇ ਸਾਕੇ ਤੋਂ ਪਹਿਲਾਂ ਗੁਰਦੇਵ ਸਿੰਘ ਬਰਾੜ ਨੇ ਸਰਕਾਰ ਨੂੰ ਸਪੱਸ਼ਟ ਸ਼ਬਦਾਂ ’ਚ ਚਿਤਾਵਨੀ ਦਿੱਤੀ ਸੀ ਕਿ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜ਼ੀ ਕਾਰਵਾਈ ਬੇਲੋੜੀ ਤੇ ਨਾਵਾਜਬ ਹੈ ਤੇ ਇਹ ਅਤਿ-ਗੰਭੀਰ ਸਿੱਟੇ ਪੈਦਾ ਕਰੇਗੀ। ਉਹਨਾਂ ਨੇ ਬੜੀ ਬੇਬਾਕੀ, ਸੁਹਿਰਦਤਾ ਤੇ ਤਰਕ ਸਹਿਤ ਕਿਹਾ ਸੀ ਕਿ ਪੰਜਾਬ ਸਮੱਸਿਆ ਮਹਿਜ਼ ਅਮਨ ਕਾਨੂੰਨ ਜਾਂ ਪ੍ਰਬੰਧਕੀ ਮਸਲਾ ਨਹੀਂ, ਸਗੋਂ ਰਾਜਨੀਤਕ ਮੁਆਮਲਾ ਹੈ। ਇਸ ਲਈੇ ਇਸ ਦਾ ਹੱਲ ਸਿਆਸੀ ਸੂਝ-ਬੂਝ ਨਾਲ ਹੀ ਨਿਕਲੇਗਾ। ਗੁਰਦੇਵ ਸਿੰਘ ਬਰਾੜ ਵਲੋਂ ਦੁਨੀਆਂ ਦੇ ਪ੍ਰਮੁੱਖ ਦੇਸ਼ਾਂ ’ਚ ਹੋਈਆਂ ਕੌਮਾਂਤਰੀ ਕਾਨਫਰੰਸਾਂ ਤੇ ਸੈਮੀਨਾਰਾਂ ਵਿਚ ਮੁਲਕ ਦੀ ਨੁਮਾਇੰਦਗੀ ਕਰਨ ਸਦਕਾ ਉਨ੍ਹਾਂ ’ਚ ਉਚ ਪੱਧਰ ਦੀ ਬੌਧਿਕ, ਮਾਨਸਿਕ ਤੇ ਪ੍ਰਬੰਧਕੀ ਪ੍ਰਪੱਕਤਾ ਸੀ। ਉਹ ਹਰ ਫ਼ੈਸਲਾ ਪੂਰੀ ਤਰਾਂ ਸੋਚ ਵਿਚਾਰ ਕੇ ਇਨਸਾਫ਼ਾਨਾ ਢੰਗ ਨਾਲ ਕਰਦੇ ਸਨ, ਪਰ ਕੀਤੇ ਗਏ ਫ਼ੈਸਲੇ ’ਤੇ ਅਮਲ ’ਚ ਕੋਈ ਢਿੱਲ੍ਹ-ਮੱਠ ਬਰਦਾਸ਼ਤ ਨਹੀਂ ਕਰਦੇ ਸਨ। ਬਰਾੜ ਆਪਣੇ ਪਿੱਛੇ ਦੋ ਲੜਕੇ ਤੇ ਇਕ ਲੜਕੀ ਛੱਡ ਗਏ ਹਨ, ਜੋ ਅਮਰੀਕਾ ’ਚ ਆਪੋ ਆਪਣੇ ਸਥਾਪਤ ਕਾਰੋਬਾਰਾਂ ਦੇ ਮਾਲਕ ਹਨ। ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਚੰਡੀਗੜ੍ਹ ਦੇ 38 ਸੈਕਟਰ ’ਚ ਸਥਿਤ ਗੁਰਦੁਆਰਾ (ਸ਼ਾਹਪੁਰ) ਸਾਹਿਬ ’ਚ ਹੋਵੇਗੀ।
-ਗੁਰਦਰਸ਼ਨ ਸਿੰਘ ਬਾਹੀਆ, ਸੰਪਰਕ : 9878950565