- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕੜਿਆਂ ਦੀ ਮੰਨੋ ਤਾਂ ਪੰਜਾਬ ’ਚ ਪਾਣੀ ਕੱਢਣ ਦੀ ਦਰ ਲਗਭਗ 156.36 ਫ਼ੀਸਦ ਤੱਕ ਪਹੁੰਚ ਚੁੱਕੀ ਹੈ, ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਜਿੰਨਾ ਪਾਣੀ ਮੀਂਹ ਜਾਂ ਕੁਦਰਤੀ ਸਰੋਤਾਂ ਰਾਹੀਂ ਧਰਤੀ ਦੇ ਹੇਠਾਂ ਵਾਪਸ ਜਾਂਦਾ ਹੈ, ਉਸ ਤੋਂ ਡੇਢ ਗੁਣਾ ਤੋਂ ਵੀ ਵੱਧ ਪਾਣੀ ਰੋਜ਼ਾਨਾ ਟਿਊਬਵੈੱਲਾਂ ਰਾਹੀਂ ਬਾਹਰ ਖਿੱਚਿਆ ਜਾ ਰਿਹਾ ਹੈ ਅਤੇ ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਪੰਜਾਬ ਦੇ ਕੁੱਲ 153 ਬਲਾਕਾਂ ’ਚੋਂ 111 ਬਲਾਕ ਪੂਰੀ ਤਰ੍ਹਾਂ ‘ਓਵਰ-ਐਕਸਪਲੋਇਟਿਡ’ ਯਾਨੀ ‘ਡਾਰਕ ਜ਼ੋਨ’ ’ਚ ਤਬਦੀਲ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 57 ਬਲਾਕਾਂ ਨੂੰ ਤਾਂ ‘ਔਰੇਂਜ ਜ਼ੋਨ’ ਯਾਨੀ ਅਤਿ-ਗੰਭੀਰ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿੱਥੇ ਪਾਣੀ ਕੱਢਣ ਦ

ਹੈਲੋ ਦੋਸਤੋ! ਮੈਂ ਹਾਂ ‘ਪਾਣੀ’-ਉਹੀ ਪਾਣੀ, ਜਿਸ ਨੂੰ ਤੁਸੀਂ ਰੋਜ਼ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਹਰ ਛੋਟੇ-ਵੱਡੇ ਕੰਮ ’ਚ ਵਰਤਦੇ ਹੋ, ਜਿਸ ਦੀ ਇਕ ਘੁੱਟ ਲਈ ਗਰਮੀ ’ਚ ਹਰ ਗਲਾ ਸੁੱਕਦਾ ਹੈ ਤੇ ਜਿਸ ਦੇ ਬਿਨਾਂ ਤੁਹਾਡੀ ਰਸੋਈ, ਤੁਹਾਡੇ ਹਰੇ-ਭਰੇ ਖੇਤ, ਤੁਹਾਡੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਤੇ ਤੁਹਾਡਾ ਆਪਣਾ ਇਹ ਪੰਜ ਭੂਤਕ ਸਰੀਰ ਇਕ ਦਿਨ ਵੀ ਜ਼ਿੰਦਾ ਨਹੀਂ ਰਹਿ ਸਕਦਾ ਪਰ ਅੱਜ ਮੈਂ ਤੁਹਾਡੇ ਸਾਹਮਣੇ ਕੋਈ ਖੁਸ਼ੀ ਦੇ ਗੀਤ ਗਾਉਣ ਨਹੀਂ ਆਇਆ, ਬਲਕਿ ਅੱਜ ਮੈਂ ਤੁਹਾਨੂੰ ਆਪਣੀ ਇਕ ਅਜਿਹੀ ਰੋਚਕ, ਹੈਰਾਨੀਜਨਕ ਅਤੇ ਬਹੁਤ ਹੀ ਗੰਭੀਰ ਕਹਾਣੀ ਸੁਣਾਉਣ ਆਇਆ ਹਾਂ ਜੋ ਸਿੱਧੀ ਤੁਹਾਡੀ ਜ਼ਿੰਦਗੀ, ਤੁਹਾਡੀ ਹੋਂਦ ਅਤੇ ਤੁਹਾਡੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨਾਲ ਜੁੜੀ ਹੋਈ ਹੈ। ਕਿਉਂਕਿ ਜੇਕਰ ਅੱਜ ਤੁਸੀਂ ਮੇਰੀ ਇਸ ਆਖ਼ਰੀ ਆਵਾਜ਼ ਨੂੰ ਨਾ ਸੁਣਿਆ ਅਤੇ ਮੈਨੂੰ ਬੇਦਰਦੀ ਨਾਲ ਬਰਬਾਦ ਕਰਨਾ ਬੰਦ ਨਾ ਕੀਤਾ, ਤਾਂ ਯਕੀਨ ਮੰਨਿਓ ਕਿ ਮੈਂ ਹੌਲੀ-ਹੌਲੀ ਤੁਹਾਡੀ ਧਰਤੀ ਤੋਂ ਇੰਨਾ ਦੂਰ ਚਲਿਆ ਜਾਵਾਂਗਾ ਕਿ ਫਿਰ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਬੂੰਦ-ਬੂੰਦ ਲਈ ਤਰਸਣਗੀਆਂ ਤੇ ਤੁਹਾਡੇ ਵੱਲੋਂ ਕੀਤੇ ਗਏ ਇਸ ਉਜਾੜੇ ’ਤੇ ਹੰਝੂ ਵਹਾਉਣਗੀਆਂ। ਜੇਕਰ ਮੈਂ ਆਪਣੇ ਸਫ਼ਰ ਦੀ ਗੱਲ ਕਰਾਂ ਤਾਂ ਮੇਰਾ ਇਹ ਸਫ਼ਰ ਬਹੁਤ ਹੀ ਅਨੋਖਾ ਤੇ ਦਿਲਚਸਪ ਹੈ, ਜਿਸ ਨੂੰ ਵਿਗਿਆਨ ਦੀ ਭਾਸ਼ਾ ’ਚ ‘ਵਾਟਰ ਸਾਈਕਲ’ ਜਾਂ ਜਲ ਚੱਕਰ ਕਿਹਾ ਜਾਂਦਾ ਹੈ, ਜਿਸ ਦੀ ਸ਼ੁਰੂਆਤ ਉਦੋਂ ਹੁੰਦੀ ਹੈ, ਜਦੋਂ ਸੂਰਜ ਦੇਵਤਾ ਗਰਮੀਆਂ ’ਚ ਆਪਣੀ ਤੇਜ਼ ਚਮਕ ਖਿਲਾਰਦੇ ਹਨ ਅਤੇ ਸਮੁੰਦਰਾਂ, ਨਦੀਆਂ, ਨਹਿਰਾਂ ਤੇ ਤਾਲਾਬਾਂ ’ਚ ਮੌਜੂਦ ਮੇਰੇ ਰੂਪ ਨੂੰ ਇੰਨਾ ਗਰਮ ਕਰ ਦਿੰਦੇ ਹਨ ਕਿ ਮੈਂ ਹਲਕਾ ਹੋ ਕੇ ‘ਭਾਫ਼’ ਬਣ ਜਾਂਦਾ ਹਾਂ ਤੇ ਚੁੱਪ-ਚਾਪ ਅਸਮਾਨ ਵੱਲ ਉੱਡਣਾ ਸ਼ੁਰੂ ਕਰ ਦੇਵਾਂਗਾ, ਜਿੱਥੇ ਉੱਪਰ ਪਹੁੰਚ ਕੇ ਜਦੋਂ ਤਾਪਮਾਨ ਘਟਦਾ ਹੈ ਅਤੇ ਠੰਢ ਵਧਦੀ ਹੈ ਤਾਂ ਮੈਂ ਦੁਬਾਰਾ ਛੋਟੀਆਂ-ਛੋਟੀਆਂ ਪਾਣੀ ਦੀਆਂ ਬੂੰਦਾਂ ’ਚ ਬਦਲ ਕੇ ਹਵਾ ’ਚ ਮੌਜੂਦ ਧੂੜ ਦੇ ਕਣਾਂ ਨਾਲ ਮਿਲ ਕੇ ਵੱਡੇ-ਵੱਡੇ ਬੱਦਲਾਂ ਦਾ ਰੂਪ ਧਾਰਨ ਕਰ ਲੈਂਦਾ ਹਾਂ। ਜਦੋਂ ਇਨ੍ਹਾਂ ਬੱਦਲਾਂ ’ਚ ਮੇਰਾ ਭਾਰ ਬਹੁਤ ਜ਼ਿਆਦਾ ਵਧ ਜਾਂਦਾ ਹੈ ਤੇ ਹਵਾ ਮੇਰੀਆਂ ਬੂੰਦਾਂ ਨੂੰ ਸੰਭਾਲਣ ’ਚ ਅਸਮਰੱਥ ਹੋ ਜਾਂਦੀ ਹੈ, ਤਾਂ ਮੈਂ ਛਮ-ਛਮ ਕਰਦਾ ਹੋਇਆ ਮੀਂਹ, ਕਣੀਆਂ ਜਾਂ ਬਰਫ਼ ਦੇ ਰੂਪ ’ਚ ਮੁੜ ਤੁਹਾਡੀ ਧਰਤੀ ’ਤੇ, ਤੁਹਾਡੇ ਖੇਤਾਂ ’ਚ ਅਤੇ ਤੁਹਾਡੇ ਘਰਾਂ ਦੀਆਂ ਛੱਤਾਂ ’ਤੇ ਵਰ੍ਹ ਪੈਂਦਾ ਹਾਂ ਤਾਂ ਜੋ ਮੈਂ ਕੁਦਰਤ ਦੇ ਨਿਯਮ ਮੁਤਾਬਕ ਨਦੀਆਂ-ਨਾਲਿਆਂ ਰਾਹੀਂ ਹੁੰਦਾ ਹੋਇਆ ਦੁਬਾਰਾ ਧਰਤੀ ਦੇ ਹੇਠਾਂ ਜਾ ਕੇ ਜਮ੍ਹਾਂ ਹੋ ਸਕਾਂ ਅਤੇ ਇਹ ਚੱਕਰ ਸਦੀਆਂ ਤੋਂ ਇਵੇਂ ਹੀ ਨਿਰੰਤਰ ਚੱਲਦਾ ਆ ਰਿਹਾ ਹੈ ਪਰ ਅੱਜ ਮੈਂ ਬਹੁਤ ਵੱਡੀ ਚਿੰਤਾ ਅਤੇ ਦਰਦ ’ਚ ਹਾਂ ਕਿਉਂਕਿ ਤੁਸੀਂ ਇਨਸਾਨਾਂ ਨੇ ਆਪਣੀ ਅੰਨ੍ਹੀ ਭੁੱਖ ਅਤੇ ਆਧੁਨਿਕਤਾ ਦੀ ਦੌੜ ’ਚ ਮੇਰੇ ਇਸ ਕੁਦਰਤੀ ਚੱਕਰ ਨੂੰ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ, ਤੁਸੀਂ ਹਰੇ-ਭਰੇ ਜੰਗਲਾਂ ਨੂੰ ਕੱਟ ਕੇ ਕੰਕਰੀਟ ਦੇ ਵੱਡੇ-ਵੱਡੇ ਸ਼ਹਿਰ ਖੜ੍ਹੇ ਕਰ ਦਿੱਤੇ ਹਨ, ਜਿਸ ਕਾਰਨ ਮੇਰਾ ਮੀਂਹ ਦਾ ਪਾਣੀ ਧਰਤੀ ਦੇ ਅੰਦਰ ਰਿਸ ਕੇ ਜਾਣ ਦੀ ਬਜਾਏ ਗੰਦੇ ਨਾਲਿਆਂ ’ਚ ਵਹਿ ਕੇ ਸਮੁੰਦਰ ’ਚ ਚਲਾ ਜਾਂਦਾ ਹੈ ਅਤੇ ਜੇ ਪੰਜਾਬ ਯਾਨੀ ਪੰਜਾਂ ਪਾਣੀਆਂ ਦੀ ਇਸ ਪਵਿੱਤਰ ਧਰਤੀ ਦੀ ਗੱਲ ਕਰਾਂ, ਜਿੱਥੇ ਮੇਰੀ ਬਹੁਤ ਜ਼ਿਆਦਾ ਪੂਜਾ ਕੀਤੀ ਜਾਂਦੀ ਸੀ, ਅੱਜ ਉੱਥੇ ਹੀ ਮੇਰੇ ਨਾਲ ਸਭ ਤੋਂ ਵੱਧ ਬੇਇਨਸਾਫ਼ੀ ਹੋ ਰਹੀ ਹੈ। ਅੰਕੜਿਆਂ ਦੀ ਮੰਨੋ ਤਾਂ ਪੰਜਾਬ ’ਚ ਪਾਣੀ ਕੱਢਣ ਦੀ ਦਰ ਲਗਭਗ 156.36 ਫ਼ੀਸਦ ਤੱਕ ਪਹੁੰਚ ਚੁੱਕੀ ਹੈ, ਜਿਸ ਦਾ ਸਿੱਧਾ ਮਤਲਬ ਇਹ ਹੈ ਕਿ ਜਿੰਨਾ ਪਾਣੀ ਮੀਂਹ ਜਾਂ ਕੁਦਰਤੀ ਸਰੋਤਾਂ ਰਾਹੀਂ ਧਰਤੀ ਦੇ ਹੇਠਾਂ ਵਾਪਸ ਜਾਂਦਾ ਹੈ, ਉਸ ਤੋਂ ਡੇਢ ਗੁਣਾ ਤੋਂ ਵੀ ਵੱਧ ਪਾਣੀ ਰੋਜ਼ਾਨਾ ਟਿਊਬਵੈੱਲਾਂ ਰਾਹੀਂ ਬਾਹਰ ਖਿੱਚਿਆ ਜਾ ਰਿਹਾ ਹੈ ਅਤੇ ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਪੰਜਾਬ ਦੇ ਕੁੱਲ 153 ਬਲਾਕਾਂ ’ਚੋਂ 111 ਬਲਾਕ ਪੂਰੀ ਤਰ੍ਹਾਂ ‘ਓਵਰ-ਐਕਸਪਲੋਇਟਿਡ’ ਯਾਨੀ ‘ਡਾਰਕ ਜ਼ੋਨ’ ’ਚ ਤਬਦੀਲ ਹੋ ਚੁੱਕੇ ਹਨ, ਜਿਨ੍ਹਾਂ ’ਚੋਂ 57 ਬਲਾਕਾਂ ਨੂੰ ਤਾਂ ‘ਔਰੇਂਜ ਜ਼ੋਨ’ ਯਾਨੀ ਅਤਿ-ਗੰਭੀਰ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਜਿੱਥੇ ਪਾਣੀ ਕੱਢਣ ਦੀ ਦਰ 200 ਫ਼ੀਸਦੀ ਤੋਂ ਵੀ ਪਾਰ ਹੋ ਚੁੱਕੀ ਹੈ। ਹਰ ਸਾਲ ਪੰਜਾਬ ਦਾ ਵਾਟਰ ਟੇਬਲ ਅੱਧੇ ਮੀਟਰ ਤੋਂ ਇਕ ਮੀਟਰ ਤੱਕ ਹੇਠਾਂ ਡਿੱਗ ਰਿਹਾ ਹੈ, ਕਈ ਜ਼ਿਲ੍ਹਿਆਂ ’ਚ ਤਾਂ ਕਿਸਾਨਾਂ ਨੂੰ 400 ਤੋਂ 500 ਫੁੱਟ ਡੂੰਘੇ ਬੋਰਵੈੱਲ ਕਰਨੇ ਪੈ ਰਹੇ ਹਨ। ਇਸ ਲਈ ਜੇਕਰ ਤੁਸੀਂ ਆਪਣੀ ਜ਼ਿੰਦਗੀ ਨੂੰ ਹੱਸਦੀ-ਖੇਡਦੀ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਬਚਾਉਣਾ ਸ਼ੁਰੂ ਕਰੋ।ਰੋਜ਼ਾਨਾ ਜ਼ਿੰਦਗੀ ’ਚ ਬਦਲਾਅ ਲਿਆਓ। ਖੇਤੀ ’ਚ ਰਵਾਇਤੀ ਚੱਕਰ ’ਚੋਂ ਨਿਕਲ ਕੇ ਮੱਕੀ, ਦਾਲਾਂ ਤੇ ਬਾਸਮਤੀ ਵਰਗੀਆਂ ਘੱਟ ਪਾਣੀ ਵਾਲੀਆਂ ਫ਼ਸਲਾਂ ਵੱਲ ਵਧੋ। ਇਮਾਰਤਾਂ ’ਚ ਬਰਸਾਤੀ ਪਾਣੀ ਨੂੰ ਸਾਂਭਣ ਲਈ ‘ਰੇਨ ਵਾਟਰ ਹਾਰਵੈਸਟਿੰਗ’ ਸਿਸਟਮ ਲਗਾਓ ਤਾਂ ਜੋ ਮੇਰਾ ਮੀਂਹ ਦਾ ਪਾਣੀ ਸਿੱਧਾ ਧਰਤੀ ’ਚ ਜਾ ਕੇ ਰੀਚਾਰਜ ਹੋ ਸਕੇ ਤੇ ਆਲੇ-ਦੁਆਲੇ ਲੀਕ ਹੋ ਰਹੀਆਂ ਟੂਟੀਆਂ ਨੂੰ ਬਿਨਾਂ ਦੇਰੀ ਠੀਕ ਕਰਵਾਓ, ਕਿਉਂਕਿ ਅੱਜ ਇੱਕ-ਇੱਕ ਬੂੰਦ ਨੂੰ ਮੋਤੀਆਂ ਵਾਂਗ ਸਾਂਭਣਾ ਸਾਡਾ ਕੌਮੀ ਫ਼ਰਜ਼ ਬਣ ਚੁੱਕਾ ਹੈ ਤਾਂ ਹੀ ਤੁਹਾਡਾ ਪੰਜਾਬ, ਤੁਹਾਡੀ ਆਰਥਿਕਤਾ ਅਤੇ ਇਸ ਪੂਰੀ ਮਨੁੱਖਤਾ ਦਾ ਕੱਲ੍ਹ ਸੁਰੱਖਿਅਤ ਰਹੇਗਾ।
-ਸੁੱਖਵਿੰਦਰ ਸਾਕਾ, ਨੰਗਲ ਡੈਮ, ਰੂਪਨਗਰ, 9914230416