- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਹਰ ਗੱਲ ਤੁਰੰਤ ਪ੍ਰਾਪਤ ਕਰਵਾਉਣ ਦੀ ਬਜਾਏ ਮਿਹਨਤ ਅਤੇ ਧੀਰਜ ਦੀ ਮਹੱਤਤਾ ਸਮਝਾਉਣ। ਪੁਰਾਣੇ ਸਮੇਂ 'ਚ ਸਾਡੇ ਵੱਡੇ- ਵਡੇਰੇ ਸਬਰ ਦੀ ਮਹੱਤਤਾ ਨੂੰ ਬਾਖ਼ੂਬੀ ਸਮਝਦੇ ਸਨ ਤੇ ਉਹ ਜ਼ਿੰਦਗੀ ਦੇ ਹਰ ਪੜਾਅ ’ਤੇ ਸਬਰ ਨੂੰ ਬਣਾਈ ਰੱਖਦੇ ਸਨ। ਸਬਰ ਇਕ ਅਜਿਹਾ ਗੁਣ ਹੈ ਜੋ ਮਨੁੱਖ ਨੂੰ ਸਫ਼ਲਤਾ ਦੇ ਰਾਹ ’ਤੇ ਲੈ ਜਾਂਦਾ ਹੈ।

ਸਬਰ ਮਨੁੱਖ ਦਾ ਸਭ ਤੋਂ ਵੱਡਾ ਗੁਣ ਮੰਨਿਆ ਜਾਂਦਾ ਹੈ। ਸਬਰ ਸ਼ਬਦ ਕਹਿਣ, ਲਿਖਣ ਤੇ ਸੁਣਨ ’ਚ ਜਿੰਨਾ ਸੌਖਾ ਹੈ , ਅਸਲ ਜ਼ਿੰਦਗੀ ’ਚ ਅਪਣਾਉਣਾ ਉਨਾ ਹੀ ਔਖਾ ਹੈ। ਸਬਰ ਕੋਈ ਕਮਜ਼ੋਰੀ ਨਹੀਂ ਹੈ, ਇਹ ਇਕ ਤਾਕਤ ਹੈ, ਜੋ ਹਰ ਕਿਸੇ ਦੇ ਵਸ ਦੀ ਗੱਲ ਨਹੀਂ। ਸਬਰ- ਸੰਤੋਖ ਵਾਲਾ ਇਨਸਾਨ ਹਰੇਕ ਔਕੜ ਨਾਲ ਸ਼ਾਂਤੀ ਤੇ ਸਮਝਦਾਰੀ ਦੇ ਨਾਲ ਨਜਿੱਠਦਾ ਹੈ ਪਰ ਅਜੋਕੀ ਪੀੜੀ ’ਚ ਸਬਰ ਦਾ ਮਾਦਾ ਦਿਨੋਂ-ਦਿਨ ਘੱਟਦਾ ਜਾ ਰਿਹਾ ਹੈ। ਇਸ ਦਾ ਪ੍ਰਭਾਵ ਨਾ ਸਿਰਫ਼ ਵਿਅਕਤੀ ਦੇ ਸੁਭਾਅ ਉੱਤੇ, ਸਗੋਂ ਪਰਿਵਾਰ ਤੇ ਸਮਾਜ ’ਤੇ ਵੀ ਪੈ ਰਿਹਾ ਹੈ। ਅੱਜ ਦਾ ਯੁੱਗ ਤੇਜ਼ ਰਫ਼ਤਾਰ ਦਾ ਯੁੱਗ ਹੈ। ਹਰ ਕੋਈ ਹਰ ਕੰਮ ਦਾ ਨਤੀਜਾ ਤੁਰੰਤ ਚਾਹੁੰਦਾ ਹੈ। ਇੰਟਰਨੈੱਟ, ਸੋਸ਼ਲ ਮੀਡੀਆ ਤੇ ਮੋਬਾਈਲ ਫ਼ੋਨਾਂ ਨੇ ਜੀਵਨ ਨੂੰ ਆਸਾਨ ਤਾਂ ਬਣਾਇਆ ਹੈ, ਪਰ ਇਸ ਨਾਲ ਉਡੀਕ ਕਰਨ ਦੀ ਆਦਤ ਘੱਟ ਹੋ ਗਈ ਹੈ। ਜਦੋਂ ਕੋਈ ਕੰਮ ਦੇਰ ਨਾਲ ਹੁੰਦਾ ਹੈ ਜਾਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ, ਤਾਂ ਅਸੀਂ ਜਲਦੀ ਨਿਰਾਸ਼ ਹੋ ਜਾਂਦੇ ਹਾਂ। ਸਬਰ ਦੀ ਕਮੀ ਦਾ ਇਕ ਹੋਰ ਕਾਰਨ ਵਧਦੀ ਹੋਈ ਮੁਕਾਬਲੇਬਾਜ਼ੀ ਵੀ ਹੈ। ਹਰ ਖੇਤਰ ’ਚ ਅੱਗੇ ਨਿਕਲਣ ਦੀ ਦੌੜ ਨੇ ਨੌਜਵਾਨਾਂ ਉੱਤੇ ਬਹੁਤ ਮਾਨਸਿਕ ਦਬਾਅ ਪਾ ਦਿੱਤਾ ਹੈ। ਇਸ ਕਾਰਨ ਉਹ ਛੋਟੀਆਂ-ਛੋਟੀਆਂ ਅਸਫ਼ਲਤਾਵਾਂ ਨੂੰ ਵੀ ਸਹਿਣ ਨਹੀਂ ਕਰ ਸਕਦੇ। ਕਈ ਵਾਰ ਇਹ ਤਣਾਅ, ਚਿੰਤਾ ਅਤੇ ਗ਼ਲਤ ਫ਼ੈਸਲਿਆਂ ਦਾ ਕਾਰਨ ਬਣ ਜਾਂਦਾ ਹੈ ਅਤੇ ਜਿਸ ਕਰਕੇ ਕਈ ਵਾਰ ਉਹ ਆਤਮ-ਹੱਤਿਆ ਵਰਗੇ ਕਦਮ ਚੁੱਕ ਬੈਠਦੇ ਹਨ। ਅੱਜ ਕੱਲ੍ਹ ਸੋਸ਼ਲ ਮੀਡੀਆ ’ਤੇ ਬਣੀਆਂ ਰੀਲਾਂ ਇਕ-ਦੋ ਮਿੰਟ ਦੀਆਂ ਹੋਣ ਕਰਕੇ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ। ਇਸ ਦੇ ਮੁਕਾਬਲੇ ’ਚ ਫਿਲਮਾਂ ਦੀ ਮਿਆਦ ਢਾਈ ਤੋਂ ਤਿੰਨ ਘੰਟਿਆਂ ਦੀ ਹੋਣ ਕਾਰਨ ਦੇਖਣ ਨੂੰ ਘੱਟ ਤਰਜੀਹ ਦਿੱਤੀ ਜਾਂਦੀ ਹੈ। ਜੇਕਰ ਅਜੋਕਾ ਨੌਜਵਾਨ ਵਰਗ ਕੋਈ ਫਿਲਮ ਦੇਖਣੀ ਸ਼ੁਰੂ ਕਰਦਾ ਹੈ ਤੇ ਸ਼ੁਰੂਆਤ ਦੇ ਵਿੱਚ ਜੇਕਰ ਉਸ ਨੂੰ ਇਸ ਵਿੱਚ ਬੋਰੀਅਤ ਮਹਿਸੂਸ ਹੁੰਦੀ ਹੈ ਤਾਂ ਉਹ ਉਸ ਫਿਲਮ ਨੂੰ ਵਿਚਾਲੇ ਹੀ ਛੱਡ ਦਿੰਦਾ ਹੈ। ਪਰਿਵਾਰ ਅਤੇ ਸਕੂਲ ਵੀ ਸਬਰ ਦੀ ਭਾਵਨਾ ਵਿਕਸਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜੇ ਬੱਚਿਆਂ ਨੂੰ ਬਚਪਨ ਤੋਂ ਹੀ ਸੰਯਮ, ਮਿਹਨਤ ਅਤੇ ਉਡੀਕ ਦਾ ਮਹੱਤਵ ਸਿਖਾਇਆ ਜਾਵੇ, ਤਾਂ ਉਹ ਜੀਵਨ ਦੀਆਂ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਨਾ ਸਿੱਖ ਜਾਂਦੇ ਹਨ। ਮਾਪਿਆਂ ਅਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਹਰ ਗੱਲ ਤੁਰੰਤ ਪ੍ਰਾਪਤ ਕਰਵਾਉਣ ਦੀ ਬਜਾਏ ਮਿਹਨਤ ਅਤੇ ਧੀਰਜ ਦੀ ਮਹੱਤਤਾ ਸਮਝਾਉਣ। ਪੁਰਾਣੇ ਸਮੇਂ 'ਚ ਸਾਡੇ ਵੱਡੇ- ਵਡੇਰੇ ਸਬਰ ਦੀ ਮਹੱਤਤਾ ਨੂੰ ਬਾਖ਼ੂਬੀ ਸਮਝਦੇ ਸਨ ਤੇ ਉਹ ਜ਼ਿੰਦਗੀ ਦੇ ਹਰ ਪੜਾਅ ’ਤੇ ਸਬਰ ਨੂੰ ਬਣਾਈ ਰੱਖਦੇ ਸਨ। ਸਬਰ ਇਕ ਅਜਿਹਾ ਗੁਣ ਹੈ ਜੋ ਮਨੁੱਖ ਨੂੰ ਸਫ਼ਲਤਾ ਦੇ ਰਾਹ ’ਤੇ ਲੈ ਜਾਂਦਾ ਹੈ। ਇਤਿਹਾਸ ਗਵਾਹ ਹੈ ਕਿ ਵੱਡੀਆਂ ਸਫ਼ਲਤਾਵਾਂ ਹਮੇਸ਼ਾ ਮਿਹਨਤ, ਲਗਨ ਅਤੇ ਸਬਰ ਨਾਲ ਹੀ ਮਿਲੀਆਂ ਹਨ। ਇੱਕ ਚੀਨੀ ਕਹਾਵਤ ਹੈ ਕਿ ਸਮੇਂ ਅਤੇ ਸਬਰ ਨਾਲ ਸ਼ਹਿਤੂਤ ਦਾ ਪੱਤਾ ਰੇਸ਼ਮ ਬਣ ਜਾਂਦਾ ਹੈ। ਜ਼ਿੰਦਗੀ ਇੱਕ ਲੰਮੀ ਯਾਤਰਾ ਹੈ ਜਿੱਥੇ ਹਰ ਕਦਮ ਤੇ ਚੁਣੌਤੀਆਂ ਆਉਂਦੀਆਂ ਹਨ, ਪਰ ਜੋ ਹਿੰਮਤ ਅਤੇ ਸਬਰ ਨਾਲ ਚਲਦਾ ਹੈ, ਉਹੀ ਮੰਜ਼ਲ ਤੱਕ ਪਹੁੰਚਦਾ ਹੈ।
-ਨਵਨੀਤ ਕੌਰ, ਬਰਨਾਲਾ, 9888484026।