- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸੇ ਕਰਮਚਾਰੀ ਨੇ ਚੇਤੇ ਨੂੰ ਫਰੋਲਦਿਆਂ ਇੰਨਾ ਕੁ ਜ਼ਰੂਰ ਦੱਸਿਆ ਕਿ ਦੋ ਤਿੰਨ ਵਾਰ ਬੱਸਾਂ ਬਦਲ ਕੇ ਜਾਂ ਕਿਸੇ ਆਟੋ ਦਾ ਆਸਰਾ ਲੈ ਕੇ ਹੀ ਉੱਥੇ ਪਹੁੰਚਿਆ ਜਾ ਸਕਦਾ ਹੈ। ਉਂਜ ਰੇਲ ਗੱਡੀ ਦੇ ਸਫ਼ਰ ਦੀ ਦੱਸ ਵੀ ਪਾਈ ਗਈ ਪਰ ਇਹ ਕਿਸੇ ਨੂੰ ਨਹੀਂ ਪਤਾ ਸੀ ਕਿ ਗੱਡੀ ਦਾ ਸਮਾਂ ਕੀ ਹੈ। ਨਵੀਂ ਨੌਕਰੀ ਤੇ ਉਹ ਵੀ ਸਰਕਾਰੀ ਚਾਅ ਤਾਂ ਡੁੱਲ੍ਹ ਡੁੱਲ੍ਹ ਪੈਣਾ ਹੀ ਸੀ। ਸਕੂਲ ’ਚ ਪਹਿਲੇ ਦਿਨ ਹਾਜ਼ਰ ਹੋਣ ਲਈ ਸਵੱਖਤੇ ਹੀ ਘਰਦਿਆਂ ਤੋਰ ਦਿੱਤਾ।

ਗੁਰਬਿੰਦਰ ਸਿੰਘ ਮਾਣਕ
ਰਾਹ ਮੰਜ਼ਿਲਾਂ ਦੀ ਦੱਸ ਪਾਉਂਦੇ ਹਨ। ਕਿਤੇ ਵੀ ਪਹੁੰਚਣ ਲਈ ਰਾਹਾਂ ’ਚੋਂ ਹੀ ਹੋ ਕੇ ਗੁਜ਼ਰਨਾ ਪੈਂਦਾ ਹੈ। ਜ਼ਿੰਦਗੀ ਦੀਆਂ ਮੰਜ਼ਿਲਾਂ ਲਈ ਰਾਹ-ਰਸਤੇ ਹਮੇਸ਼ਾਂ ਇਕੋ ਜਿਹੇ ਨਹੀਂ ਹੁੰਦੇ। ਕਦੇ ਕਦਾਈਂ ਅਜਿਹੇ ਧੂੜ ਭਰੇ ਰਾਹਾਂ ’ਤੇ ਵੀ ਤੁਰਨਾ ਪੈ ਜਾਂਦਾ ਹੈ, ਜਿਨ੍ਹਾਂ ਦੀ ਬਹੁਤੀ ਸਾਰ ਨਹੀਂ ਹੁੰਦੀ। ਉਂਜ ਤਾਂ ਮੰਜ਼ਿਲਾਂ ਦੇ ਪਾਂਧੀ ਬਿਖੜੇ ਰਾਹਾਂ ਦੀਆਂ ਦੁਸ਼ਵਾਰੀਆਂ ਤੋਂ ਘਬਰਾਇਆ ਨਹੀਂ ਕਰਦੇ ਪਰ ਅਜਿਹੇ ਰਾਹਾਂ ਦੇ ਅਨੁਭਵ ਚੇਤਿਆਂ ਦੀ ਚੰਗੇਰ ’ਚ ਹਮੇਸ਼ਾਂ ਤਾਜ਼ਾ ਰਹਿੰਦੇ ਹਨ। ਸਾਢੇ ਤਿੰਨ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਜਦੋਂ ਸਕੂਲ ਅਧਿਆਪਕ ਦੀ ਨੌਕਰੀ ਮਿਲੀ ਤਾਂ ਅਜਿਹੇ ਰਾਹਾਂ ’ਤੇ ਜਾਣ ਦਾ ਸਬੱਬ ਬਣਿਆਂ, ਜਿਨ੍ਹਾਂ ਬਾਰੇ ਮੈਨੂੰ ਕੋਈ ਬਹੁਤਾ ਅਨੁਭਵ ਨਹੀਂ ਸੀ। ਨਿਯੁਕਤੀ ਪੱਤਰ ਮਿਲਣ ਸਮੇਂ ਜਦੋਂ ਦਫ਼ਤਰ ਵਾਲਿਆਂ ਨੂੰ ਪੁੱਛਿਆ ਕਿ ਇਹ ਪਿੰਡ ਅਸਲ ’ਚ ਕਿੱਥੇ ਵਾਕਿਆ ਹੈ, ਤਾਂ ਉਨ੍ਹਾਂ ਨੂੰ ਵੀ ਬਹੁਤੀ ਜਾਣਕਾਰੀ ਨਹੀਂ ਸੀ।
ਕਿਸੇ ਕਰਮਚਾਰੀ ਨੇ ਚੇਤੇ ਨੂੰ ਫਰੋਲਦਿਆਂ ਇੰਨਾ ਕੁ ਜ਼ਰੂਰ ਦੱਸਿਆ ਕਿ ਦੋ ਤਿੰਨ ਵਾਰ ਬੱਸਾਂ ਬਦਲ ਕੇ ਜਾਂ ਕਿਸੇ ਆਟੋ ਦਾ ਆਸਰਾ ਲੈ ਕੇ ਹੀ ਉੱਥੇ ਪਹੁੰਚਿਆ ਜਾ ਸਕਦਾ ਹੈ। ਉਂਜ ਰੇਲ ਗੱਡੀ ਦੇ ਸਫ਼ਰ ਦੀ ਦੱਸ ਵੀ ਪਾਈ ਗਈ ਪਰ ਇਹ ਕਿਸੇ ਨੂੰ ਨਹੀਂ ਪਤਾ ਸੀ ਕਿ ਗੱਡੀ ਦਾ ਸਮਾਂ ਕੀ ਹੈ। ਨਵੀਂ ਨੌਕਰੀ ਤੇ ਉਹ ਵੀ ਸਰਕਾਰੀ ਚਾਅ ਤਾਂ ਡੁੱਲ੍ਹ ਡੁੱਲ੍ਹ ਪੈਣਾ ਹੀ ਸੀ। ਸਕੂਲ ’ਚ ਪਹਿਲੇ ਦਿਨ ਹਾਜ਼ਰ ਹੋਣ ਲਈ ਸਵੱਖਤੇ ਹੀ ਘਰਦਿਆਂ ਤੋਰ ਦਿੱਤਾ। ਮਾਂ ਨੇ ਚਾਰ ਪਰਾਉਂਠੇ ਵੀ ਨਾਲ ਬੰਨ੍ਹ ਦਿੱਤੇ। ਪਿੰਡ ਤੋਂ ਥੋੜ੍ਹੀ ਜਿਹੀ ਦੂਰ ਇਕ ਕਸਬੇ ਨੁਮਾ ਛੋਟੇ ਜਿਹੇ ਸ਼ਹਿਰ ਤੋਂ ਮੰਜ਼ਿਲ ’ਤੇ ਪਹੁੰਚਣ ਲਈ ਬੱਸ ਮਿਲ ਗਈ।
ਮਨ ’ਚ ਇਹ ਵੀ ਤੌਖਲਾ ਸੀ ਕਿ ਕਿਤੇ ਬਹੁਤਾ ਲੇਟ ਨਾਂ ਹੋ ਜਾਵਾਂ। ਕਿਹਾ ਤਾਂ ਇਸ ਨੂੰ ਰਾਸ਼ਟਰੀ ਮਾਰਗ ਜਾਂਦਾ ਸੀ ਪਰ ਖੱਡਿਆਂ ਵਿਚ ਗਵਾਚੀ ਸੜਕ ਉੱਤੇ, ਬੱਸ ਬਹੁਤ ਧੀਮੀ ਚਾਲੇ ਡਿਕੋਡੋਲੇ ਖਾਦੀ ਇੰਜ ਤੁਰ ਰਹੀ ਸੀ, ਜਿਵੇਂ ਇਸ ਨੇ ਕਦੇ ਮੰਜ਼ਿਲ ’ਤੇ ਪਹੁੰਚਣਾ ਹੀ ਨਾ ਹੋਵੇ।
ਮਨ ਬੇਚੈਨ ਹੋਈ ਜਾ ਰਿਹਾ ਸੀ। ਸਫ਼ਰ ਤਾਂ ਪਹਿਲਾਂ ਵੀ ਕਈ ਵਾਰ ਕੀਤਾ ਸੀ ਇਸ ਸੜਕ ਤੇ ਪਰ ਅੱਜ ਤਾਂ ਸਫਰ ਮੁੱਕਣ ’ਚ ਹੀ ਨਹੀਂ ਆ ਰਿਹਾ ਸੀ। ਰੱਬ-ਰੱਬ ਕਰਦਿਆਂ ਬੱਸ ਮੁੱਖ ਅੱਡੇ ’ਤੇ ਪਹੁੰਚੀ ਤਾਂ ਕਾਹਲੀ ਨਾਲ ਅਗਲੇ ਸਫ਼ਰ ਲਈ ਬੱਸ ਦਾ ਪਤਾ ਕਰਨ ਦੌੜਿਆ। ਕੁਝ ਇੰਤਜ਼ਾਰ ਤੋਂ ਬਾਅਦ ਰੋਡਵੇਜ਼ ਦੀ ਇਕ ਖਸਤਾਹਾਲ ਬੱਸ ਆਈ ਤਾਂ ਪਤਾ ਲੱਗਾ ਇਸ ਨੇ ਧੁਰ ਮੰਜ਼ਿਲ ਤੱਕ ਨਹੀਂ ਪਹੁੰਚਣਾ ਤੇ ਇਕ ਛੋਟੇ ਜਿਹੇ ਕਸਬੇ ’ਚ ਉਤਾਰ ਦੇਣਾ ਹੈ। ਛੇਤੀ ਪਹੁੰਚਣ ਦੀ ਮਜਬੂਰੀ ਦਾ ਧਿਆਨ ਆਉਂਦਿਆ ਹੀ ਧੱਕਾ-ਮੁੱਕੀ ਕਰ ਕੇ ਪੈਰ ਰੱਖਣ ਜੋਗੀ ਥਾਂ ਮੈਂ ਮਸਾਂ ਲੱਭੀ। ਸਾਹ ਲੈਣਾ ਏਨਾ ਔਖਾ ਸੀ ਕਿ ਅਕਤੂਬਰ ਮਹੀਨੇ ’ਚ ਵੀ ਸਵਾਰੀਆਂ ਪਸੀਨੋ-ਪਸੀਨੀ ਹੋਈਆਂ ਪਈਆ ਸਨ। ਕੰਡਕਟਰ ਦੀ ਵਿਸਲ ਨਾਲ ਬੱਸ ਤੁਰੀ ਤਾਂ ਸਵਾਰੀਆਂ ਦੇ ਚਿਹਰਿਆਂ ’ਤੇ ਰੌਣਕ ਪਸਰ ਗਈ। ਸੁਸਤ ਚਾਲੇ ਤੁਰੀ ਬੱਸ, ਸੜਕ ਦੇ ਟੋਇਆਂ ਖੱਡਿਆਂ ਦੇ ਭਵਸਾਗਰ ਨੂੰ ਪਾਰ ਕਰਦੀ, ਸਵਾਰੀਆਂ ਨੂੰ ਫੁੱਟ-ਫੁੱਟ ਉਛਾਲਦੀ, ਨਸ਼ੇ-ਪੱਤੇ ਨਾਲ ਧੁੱਤ ਕਿਸੇ ਅਮਲੀ ਵਾਂਗ ਤੁਰ ਰਹੀ ਸੀ। ਲੇਟ ਹੋਣ ਦੀ ਚਿੰਤਾ ਕਾਰਨ ਮੈਨੂੰ ਅਜੀਬ ਤਰ੍ਹਾਂ ਦੀਆਂ ਸੋਚਾਂ ਨੇ ਘੇਰਿਆ ਹੋਇਆ ਸੀ। ਸੀਟ ਨਾ ਪਹਿਲੀ ਬੱਸ ਵਿਚ ਮਿਲੀ ਸੀ ਤੇ ਇਸ ਵਿਚ ਵੀ ਖੜਿਆਂ ਲੱਤਾਂ ਆਕੜ ਗਈਆਂ ਸਨ।
ਮੇਰੇ ਵਾਂਗ ਹੋਰ ਵੀ ਕਈ ਔਖੇ ਸਨ ਪਰ ਕੀਤਾ ਵੀ ਕੀ ਜਾ ਸਕਦਾ ਸੀ। ਰੋਂਦਿਆਂ-ਕਰਲਾਂਦਿਆਂ ਬੱਸ ਅੱਡੇ ’ਤੇ ਪਹੁੱਚ ਗਈ ਤਾਂ ਕਾਹਲੀ ਨਾਲ ਅਗਲੇ ਸਫ਼ਰ ਦੀ ਪੁੱਛਗਿੱਛ ਕੀਤੀ। ਜਦੋਂ ਇਹ ਪਤਾ ਲੱਗਾ ਕਿ ਸਿੱਧਾ ਮੰਜ਼ਿਲ ਵਾਲੇ ਪਿੰਡ ਪਹੁੰਚਣ ਵਾਲਾ ਟੈਂਪੂ ਤਾਂ ਜਾ ਚੁੱਕਾ ਹੈ। ਇਕ ਮਿੰਨੀ ਬੱਸ ਦੇ ਜਾਣ ਦੀ ਗੱਲ ਵੀ ਦੁਕਾਨਦਾਰਾਂ ਨੇ ਦੱਸੀ ਜ਼ਰੂਰ ਪਰ ਉਸ ਦਾ ਵੀ ਕੋਈ ਪੱਕਾ ਟਾਇਮ ਨਹੀਂ ਸੀ। ਇਕ ਰਿਕਸ਼ੇ ਵਾਲੇ ਨਾਲ ਗੱਲ ਕੀਤੀ ਤਾਂ ਪਹਿਲਾਂ ਉਸ ਨੇ ਪਿੰਡ ਬਹੁਤ ਦੂਰ ਦੱਸ ਕੇ ਨਾਂਹ ਕਰ ਦਿੱਤੀ। ਜੇ ਬਹੁਤ ਕਹਿਣ ’ਤੇ ਮੰਨਿਆਂ ਹੀ ਤਾਂ ਉਸ ਨੇ ਪੈਸੇ ਹੀ ਏਨੇ ਮੰਗ ਲਏ, ਜਿੰਨੇ ਕੁ ਮੇਰੀ ਜੇਬ ’ਚ ਸਾਰੇ ਸਨ।
ਥੱਕਿਆ ਤੇ ਬੇਚੈਨ ਹੋਇਆ ਇਕ ਦੁਕਾਨ ਦੇ ਬਾਹਰ ਰੱਖੇ ਬੈਂਚ ’ਤੇ ਬੈਠ ਗਿਆ। ਦੁਕਾਨਦਾਰ ਨੂੰ ਜਿਵੇਂ ਮੇਰੀ ਹਾਲਤ ’ਤੇ ਤਰਸ ਆ ਗਿਆ ਹੋਵੇ। ਕਹਿਣ ਲੱਗਾ ਸਰਦਾਰ ਜੀ ਪਾਣੀ ਪੀਓਗੇ। ਅੰਨ੍ਹਾ ਕੀ ਭਾਲੇ ਦੋ ਅੱਖਾਂ, ਮੇਰੇ ਕੋਲੋਂ ਤਾਂ ਬੋਲਿਆ ਵੀ ਨਾ ਜਾਵੇ। ਮੈਂ ਹੱਥ ਦੇ ਇਸ਼ਾਰੇ ਨਾਲ ਹੀ ਉਸ ਨੂੰ ਪਾਣੀ ਦਾ ਕਿਹਾ ਤਾਂ ਉਸ ਨੇ ਇਕ ਮੁੰਡੇ ਹੱਥ ਮੈਨੂੰ ਪਾਣੀ ਦਾ ਗਲਾਸ ਭੇਜਿਆ। ਮਨ ਨੂੰ ਕੁਝ ਸਕੂਨ ਤਾਂ ਮਿਲਿਆ। ਅਚਾਨਕ ਇਕ ਮਿੰਨੀ ਬੱਸ ਆਈ ਤਾਂ ਸਵਾਰੀਆਂ ਦੀ ਭੀੜ ਉਸ ਦੇ ਦੁਆਲੇ ਆ ਜੁੜੀ। ਕਾਹਲੀ ਨਾਲ ਗਿਆ ਤਾਂ ਪਤਾ ਲੱਗਾ ਕਿ ਇਹ ਬੱਸ ਉਸ ਪਿੰਡ ਨਹੀਂ ਜਾਣੀ ਸੀ, ਜਿੱਥੇ ਮੈਂ ਪਹੁੰਚਣਾ ਸੀ ਸਗੋਂ ਉਸ ਪਿੰਡ ਤੋਂ ਤਿੰਨ ਕੁ ਕਿਲੋਮੀਟਰ ਪਿੱਛੇ ਰਹਿ ਜਾਣੀ ਸੀ। ਇੱਥੌਂ ਅਗਲਾ ਸਫ਼ਰ ਪੈਦਲ ਹੀ ਕਰਨਾ ਪੈਣਾ ਸੀ।
ਹੋਰ ਲੇਟ ਹੋਣ ਦੇ ਡਰੋਂ ਮੈਂ ਬੱਸ ਵਿਚ ਚੜ੍ਹਨਾ ਹੀ ਮੁਨਾਸਿਬ ਸਮਝਿਆ। ਬੱਸ ’ਚ ਬੈਠਣ ਦੀ ਗੱਲ ਤਾਂ ਦੂਰ, ਖੜ੍ਹੇ ਹੋਣ ਜੋਗੀ ਥਾਂ ਲੱਭਣੀ ਵੀ ਔਖੀ ਸੀ। ਪਿੰਡਾਂ ਦੇ ਕੱਚੇ ਰਾਹਾਂ ’ਚ ਧੂੜ ਉੜਾਉਂਦੀ ਇਹ ਬੱਸ ਅੱਡੇ ’ਤੇ ਪਹੁੰਚੀ ਤਾਂ ਕਾਹਲੀ ਨਾਲ ਉੱਤਰ ਕੇ ਮੈਂ ਕਿਸੇ ਨੂੰ ਪੁੱਛ ਕੇ ਆਪਣੀ ਮੰਜ਼ਿਲ ਵਾਲੇ ਪਿੰਡ ਦੀ ਰਾਹ ਪੈ ਗਿਆ।
ਕੁਝ ਹੋਰ ਸਵਾਰੀਆਂ ਨੂੰ ਵੀ ਇਸ ਰਾਹੇ ਤੁਰੇ ਜਾਂਦਿਆਂ ਦੇਖ ਕਿ ਮੈਂ ਕੁਝ ਹੌਸਲੇ ’ਚ ਹੋ ਗਿਆ। ਜਿਹੜਾ ਕਦੇ ਤੁਰਿਆਂ ਨਾ ਹੋਵੇ ਉਹਦੇ ਲਈ ਤਾਂ ਤਿੰਨ ਕਿਲੋਮੀਟਰ ਦਾ ਪੈਂਡਾ ਵੀ ਦਿੱਲੀ ਦੂਰ ਵਾਂਗ ਜਾਪਣ ਲੱਗ ਜਾਂਦਾ ਹੈ। ਸਮਾਨ ਦੇ ਦੋ ਨਗ ਚੁੱਕੀ ਮੈਂ ਪਸੀਨੋ-ਪਸੀਨੀ ਹੋਇਆ ਕਦੇ ਰਾਹ ’ਚ ਰੁਕ ਸਾਹ ਲੈ ਲੈਂਦਾ ਤੇ ਫੇਰ ਕਾਹਲੀ ਨਾਲ ਕਸੀਸ ਵੱਟ ਕੇ ਤੁਰ ਪੈਂਦਾ। ਹੋਰ ਸਵਾਰੀਆਂ ਤਾਂ ਮੈਨੂੰ ਪਿੱਛੇ ਛੱਡਦੀਆਂ ਚਰੋਕਣੀਆਂ ਅੱਗੇ ਲੰਘ ਚੁੱਕੀਆਂ ਸਨ।
ਇਕ ਲੱਤ ਦੀ ਖ਼ਰਾਬੀ ਕਾਰਨ ਢੀਚਕ ਚਾਲ ਚੱਲਦਾ ਆਖਰ ਮੈਂ ਆਪਣੀ ਮੰਜ਼ਿਲ ’ਤੇ ਪਹੁੰਚ ਹੀ ਗਿਆ। ਸਕੂਲ ਸਟਾਫ ਦੇ ਮੋਹ ਭਰੇ ਵਰਤਾਉ ਦੀ ਬਦੌਲਤ ਮੈਂ ਛੇਤੀ ਹੀ ਸਫਰ ਦੀਆਂ ਦੁਸ਼ਵਾਰੀਆਂ ਨੂੰ ਭੁਲਾ ਕੇ ਹੌਲਾ-ਫੁੱਲ ਹੋ ਗਿਆ। ਰਸਤੇ ਭਾਵੇਂ ਜਿੰਨੇ ਮਰਜ਼ੀ ਔਖੇ ਹੋਣ ਜੇ ਮਨ ’ਚ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਤਾਂਘ ਹੋਵੇ ਤਾਂ ਮੁਸ਼ਕਿਲਾਂ ਕਦੇ ਵੀ ਰਾਹ ਦਾ ਰੋੜਾ ਨਹੀਂ ਬਣਦੀਆਂ। ਜਦੋਂ ਤੱਕ ਵੀ ਸੇਵਾ ਵਿਚ ਰਿਹਾ ਹਾਂ ਕਦੇ ਲੇਟ ਨਹੀਂ ਹੋਇਆ। ਇਸ ਘਟਨਾ ਤੋਂ ਵੀਹ ਸਾਲਾਂ ਬਾਅਦ ਜਦੋਂ ਸਿਖਿਆ ਵਿਭਾਗ ਵਲੋਂ ਲੈਕਚਰਾਰ ਵਜੋਂ ਤਰੱਕੀ ਮਿਲੀ ਤਾਂ ਘਰ ਤੋਂ ਚਾਲੀ ਕਿਲੋਮੀਟਰ ਦੂਰ ਨਿਯੁਕਤੀ ਮਿਲੀ। ਇੱਥੇ ਵੀ ਕੋਈ ਸਿੱਧੀ ਬੱਸ ਨਹੀਂ ਜਾਂਦੀ ਸੀ।
ਜ਼ਿੰਦਗੀ ’ਚ ਅਪਣਾਏ ਕਦੇ ਵੀ ਲੇਟ ਨਾਂ ਹੋਣ ਦੇ ਅਸੂਲ ਕਾਰਨ ਇਹ ਸਫ਼ਰ ਵੀ ਕਈ ਸਾਲ ਦੋ ਪਹੀਆ ਵਾਹਨ ’ਤੇ ਕਰਦਾ ਰਿਹਾ। ਸਰਦੀ, ਗਰਮੀ, ਮੀਂਹ ਤੇ ਮੌਸਮ ਦੀਆਂ ਹੋਰ ਖ਼ਰਾਬੀਆਂ ਵੀ ਕਦੇ ਮੇਰੇ ਰਾਹ ਦਾ ਰੋੜਾ ਨਹੀਂ ਬਣੀਆਂ ਸਨ। ਉੰਝ ਵੀ ਇਹ ਕਿਹਾ ਜਾਂਦਾ ਹੈ ਕਿ ਮੰਜ਼ਿਲ ਵੀ ਉਨ੍ਹਾਂ ਨੂੰ ਉਡੀਕਦੀ ਹੈ, ਜਿਹੜੇ ਹਿੰਮਤ ਤੇ ਹੌਸਲੇ ਨਾਲ ਰਸਤਿਆਂ ਨੂੰ ਸਮਝ ਕੇ ਅਗਾਂਹ ਵਧਦੇ ਹਨ। ਇਸ ਦੇ ਨਾਲ ਹੀ ਜੇ ਮਨੁੱਖ ਦੇ ਮਨ ’ਚ ਆਪਣੇ ਕਰਤੱਵ ਪ੍ਰਤੀ ਸੱਚੀ ਲਗਨ ਤੇ ਦ੍ਰਿੜਤਾ ਹੋਵੇ ਤਾਂ ਬਿਖੜੇ ਰਾਹਾਂ ਦਾ ਸਫ਼ਰ ਵੀ ਤੁਹਾਡੇ ਅਕੀਦੇ ਨੂੰ ਡੋਲਣ ਨਹੀਂ ਦਿੰਦਾ।
(ਸੰਪਰਕ-9815356086)।