- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਾਂ ਨੇ ਪੂਰਾ ਸਾਲ ਟੁੱਟੀਆਂ ਸੜਕਾਂ, ਸੜਕਾਂ ’ਤੇ ਪੁੱਟੇ ਗਏ ਡੂੰਘੇ ਟੋਇਆਂ, ਜਿਨ੍ਹਾਂ ਕਾਰਨ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ, ਸਾਰਾ ਕੁਝ ਸਹਿਣ ਕੀਤਾ। ਕਈ ਪਿੰਡਾਂ ਵਿਚ ਵੱਡੀਆਂ ਆਸਾਂ ਸਨ ਕਿ ਹੁਣ ਸੀਵਰੇਜ ਪੈ ਗਿਆ। ਪਾਣੀ ਦਾ ਨਿਕਾਸ ਹੋ ਜਾਵੇਗਾ ਪਰ ਸਮਝ ਨਹੀਂ ਆਉਂਦੀ ਕਿ ਪਾਣੀ ਜਾਵੇ ਕਿੱਥੇ, ਕਿਉਂਕਿ ਸ਼ਾਮਲਾਟਾਂ ਵਿਚ ਬਣੇ ਟੋਭੇ ਸਵਾਰਥਵਾਦੀ ਨੀਅਤ ਨਾਲ ਲੋਕਾਂ ਨੇ ਰਾਤੋ-ਰਾਤ ਦੱਬ ਲਏ।

ਲੋਕ ਮੌਨਸੂਨ ਦੀ ਪਹਿਲੀ ਬਾਰਿਸ਼ ਨੂੰ ਬੜੀ ਬੇਸਬਰੀ ਨਾਲ ਉਡੀਕ ਰਹੇ ਸਨ। ਮੀਂਹ ਤੋਂ ਬਿਨਾਂ ਝੋਨੇ ਦੀ ਫ਼ਸਲ ਦਾ ਹੋਣਾ ਅਸੰਭਵ ਜਾਪਦਾ ਹੈ। ਖੇਤ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਸਨ। ਮੌਨਸੂਨ ਦੇ ਪਹਿਲੇ ਹੀ ਮੀਂਹ ਨੇ ਸਾਡੇ ਸੀਵਰੇਜ ਦੇ ਪ੍ਰਬੰਧਾਂ ਨੂੰ ਤਹਿਸ-ਨਹਿਸ ਕਰ ਦਿੱਤਾ। ਮੀਂਹ ਵੀ ਜ਼ਿਆਦਾ ਨਹੀਂ ਸੀ ਪਰ ਸੀਵਰੇਜ ਦਾ ਪ੍ਰਬੰਧ ਬਹੁਤ ਹੀ ਮਾੜਾ ਹੈ। ਜਿੱਥੇ -ਜਿੱਥੇ ਮੀਂਹ ਪਿਆ, ਸਾਰੇ ਸ਼ਹਿਰਾਂ ਦੀਆਂ ਗਲੀਆਂ-ਨਾਲੀਆਂ ਪਾਣੀ ਨਾਲ ਭਰ ਗਈਆਂ।
ਸ਼ਹਿਰਾਂ ਦੇ ਵੱਡੇ ਲੋਕ ਨਵੀਆਂ ਕਾਲੋਨੀਆਂ ਵਿਚ ਚਲੇ ਗਏ। ਪੁਰਾਣੀਆਂ ਥਾਵਾਂ ’ਤੇ ਮੱਧ ਵਰਗ ਦੇ ਅਤੇ ਗ਼ਰੀਬ ਲੋਕ ਰਹਿ ਗਏ। ਉਨ੍ਹਾਂ ਦੇ ਘਰਾਂ ਵਿਚ ਪਾਣੀ ਵੜ ਗਿਆ। ਗ਼ਰੀਬਾਂ ਲਈ ਸੁਹਾਵਣਾ ਮੌਸਮ ਇਕ ਸਜ਼ਾ ਬਣ ਗਿਆ। ਕਿਸਾਨ ਮੀਂਹ ਪੁਆਉਣ ਲਈ ਪਰਮਾਤਮਾ ਅੱਗੇ ਅਰਦਾਸਾਂ ਕਰਦੇ ਹਨ ਪਰ ਸ਼ਹਿਰਾਂ ਦੇ ਨੀਵੇਂ ਇਲਾਕੇ ਬਰਸਾਤੀ ਪਾਣੀ ਭਰਨ ਕਾਰਨ ਨਰਕ ਦਾ ਰੂਪ ਧਾਰ ਲੈਂਦੇ ਹਨ। ਜਿਹੜੇ ਘਰਾਂ ਵਿਚ ਪਾਣੀ ਵੜ ਗਿਆ, ਉਹ ਰੱਬ ਅੱਗੇ ਮੀਂਹ ਨਾ ਪਾਉਣ ਲਈ ਅਰਦਾਸਾਂ ਕਰਦੇ ਹਨ।
ਅਜੇ ਨਵੇਂ ਰੰਗ ਵੇਖਣੇ ਪੈਣੇ ਨੇ ਕਿਉਂਕਿ ਮੀਂਹ ਦੇ ਖੜ੍ਹੇ ਪਾਣੀ ’ਚ ਅਜੇ ਤਾਂ ਮੱਛਰ ਪੈਦਾ ਹੋਣੇ ਹਨ, ਡੇਂਗੂ ਅਤੇ ਚਿਕਨਗੁਨੀਏ ਦਾ ਪ੍ਰਕੋਪ ਵਧਣਾ ਬਾਕੀ ਹੈ। ਅਜਿਹੀਆਂ ਥਾਵਾਂ ’ਤੇ ਬੈਠੇ ਗ਼ਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਦਾ ਜਿਉਣਾ ਮੁਹਾਲ ਹੋ ਜਾਂਦਾ ਹੈ। ਅਕਸਰ ਸੋਚੀਦਾ ਹੈ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਅਸੀਂ ਅਜੇ ਵੀ ਮੁੱਢਲੀਆਂ ਸਹੂਲਤਾਂ ਲਈ ਤਰਸ ਰਹੇ ਹਾਂ। ਵੱਡੀਆਂ ਗਰਾਂਟਾਂ ਸੀਵਰੇਜ ਉੱਤੇ ਖ਼ਰਚ ਹੋ ਜਾਂਦੀਆਂ ਹਨ।
ਲੋਕਾਂ ਨੇ ਪੂਰਾ ਸਾਲ ਟੁੱਟੀਆਂ ਸੜਕਾਂ, ਸੜਕਾਂ ’ਤੇ ਪੁੱਟੇ ਗਏ ਡੂੰਘੇ ਟੋਇਆਂ, ਜਿਨ੍ਹਾਂ ਕਾਰਨ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ, ਸਾਰਾ ਕੁਝ ਸਹਿਣ ਕੀਤਾ। ਕਈ ਪਿੰਡਾਂ ਵਿਚ ਵੱਡੀਆਂ ਆਸਾਂ ਸਨ ਕਿ ਹੁਣ ਸੀਵਰੇਜ ਪੈ ਗਿਆ। ਪਾਣੀ ਦਾ ਨਿਕਾਸ ਹੋ ਜਾਵੇਗਾ ਪਰ ਸਮਝ ਨਹੀਂ ਆਉਂਦੀ ਕਿ ਪਾਣੀ ਜਾਵੇ ਕਿੱਥੇ, ਕਿਉਂਕਿ ਸ਼ਾਮਲਾਟਾਂ ਵਿਚ ਬਣੇ ਟੋਭੇ ਸਵਾਰਥਵਾਦੀ ਨੀਅਤ ਨਾਲ ਲੋਕਾਂ ਨੇ ਰਾਤੋ-ਰਾਤ ਦੱਬ ਲਏ।
ਬਾਕੀ ਰਹਿ ਗਏ ਦੂਰ-ਦੁਰਾਡੇ ਸੇਮ ਨਾਲੇ, ਉਨ੍ਹਾਂ ’ਚ ਗਾਦ ਭਰ ਗਈ ਤੇ ਵੱਡੇ ਪੱਧਰ ਉੱਤੇ ਬੂਟੀ ਉੱਗੀ ਹੋਈ ਹੈ। ਜਦੋਂ ਮੀਂਹ ਪੈਂਦਾ ਹੈ, ਸੀਵਰੇਜ ਭਰ ਜਾਂਦਾ ਹੈ ਕਿਉਂਕਿ ਪਾਣੀ ਦਾ ਬਾਹਰ ਨਿਕਾਸ ਨਹੀਂ। ਕਰੋੜਾਂ ਰੁਪਏ ਸੀਵਰੇਜ ’ਤੇ ਲੱਗੇ ਜੋ ਬਰਬਾਦ ਹੋ ਜਾਪਦੇ ਹਨ। ਲੋਕ ਵਿਦੇਸ਼ ਦੀਆਂ ਗੱਲਾਂ ਕਰਦੇ ਹਨ। ਕੋਈ ਕਹੇਗਾ, ‘‘ਭਾਈ ਕੈਨੇਡਾ-ਅਮਰੀਕਾ ’ਚ ਮੀਂਹ ਬਹੁਤ ਪੈਂਦਾ ਹੈ। ਮਜਾਲ ਹੈ ਪਤਾ ਲੱਗ ਜੇ ਕਿ ਪਾਣੀ ਕਿੱਧਰ ਜਾਂਦਾ ਹੈ। ਭਲਿਓ ਲੋਕੋ, ਉਹ ਅੰਗਰੇਜ਼ ਹਨ।
ਕੰਮ ਕਰਨ ਲੱਗਿਆਂ ਸੌ ਸਾਲ ਅਗਾਊਂ ਸੋਚਦੇ ਹਨ। ਵੇਖ ਲਓ ਉਨ੍ਹਾਂ ਦੇ ਬਣਾਏ ਰੇਲਵੇ ਸਟੇਸ਼ਨ ਅੱਜ ਵੀ ਪੂਰੇ ਕਾਇਮ ਖੜ੍ਹੇ ਹਨ। ਉਹ ਹਰ ਚੀਜ਼ ਭਵਿੱਖਵਾਦੀ ਸੋਚਦੇ ਸਨ। ਸਾਡੀਆਂ ਸਰਕਾਰਾਂ ਪੰਜ ਸਾਲਾਂ ਲਈ ਸੋਚਦੀਆਂ ਹਨ। ਅਗਲੀ ਸਰਕਾਰ, ਅੱਗੇ ਦੀ ਜ਼ਿੰਮੇਵਾਰ ਹੈ। ਕਈ ਵਾਰ ਇੰਜ ਲੱਗਦਾ ਹੈ ਜਿਵੇਂ ਸਾਡੇ ਤਾਂ ਡੰਗ ਟਪਾਈ ਹੋ ਰਹੀ ਹੋਵੇ। ਕਦੇ ਸੋਕੇ ਵਿਚ ਮਰ ਗਏ, ਕਦੇ ਹੜ੍ਹ ਆ ਗਏ। ਇੰਜ ਲੱਗਦਾ ਹੈ ਕਿ ਸਾਡਾ ਤਾਂ ਰੱਬ ਹੀ ਰਾਖਾ ਹੈ। ਬਾਕੀ ਦੇਖਦੇ ਹਾਂ, ਕੀ ਬਣਦਾ ਹੈ। ਨੱਕੋ-ਨੱਕ ਭਰੇ ਸ਼ਹਿਰੀ ਇਲਾਕਿਆਂ ਲਈ ਸਰਕਾਰ ਕਿਹੜੀਆਂ ਸਕੀਮਾਂ ਲਾਗੂ ਕਰਦੀ ਹੈ।
-ਪ੍ਰਿੰਸੀਪਲ ਹਰਸੰਤ ਸਿੰਘ ਢੀਂਡਸਾ।
-ਮੋਬਾਈਲ : 98781-97000