- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੈਂ ਜ਼ਿੰਦਗੀ ਤੋਂ ਹਾਰਨ ਵਾਲਿਆਂ ’ਚੋਂ ਨਹੀਂ ਹਾਂ। ਜ਼ਿੰਦਗੀ ਦੇ ਆਖ਼ਿਰੀ ਪਲਾਂ ਤੱਕ ਜਿਊਣ ਦਾ ਯਤਨ ਕਰਾਂਗਾ। ਉਸ ਨੂੰ ਮੁੜ ਸਵਾਲ ਕੀਤਾ ਗਿਆ ਕਿ ਇਸ ਮੁਸੀਬਤ ’ਚ ਤੇਰੀ ਕੀ ਮਦਦ ਕਰ ਸਕਦੇ ਹਾਂ? ਉਸ ਨੇ ਅੱਗੋਂ ਕਿਹਾ, ਬਸ, ਮੇਰੇ ਲਈ ਉਸ ਅਕਾਲ ਪੁਰਖ ਅੱਗੇ ਇਹ ਅਰਦਾਸ ਕਰੋ ਕਿ ਮੈਂ ਹਿੰਮਤ ਨਾ ਹਾਰਾਂ। ਅਭਿਸ਼ੇਕ ਸ਼ਰਮਾ ਦੇ ਹੌਸਲੇ ਨੂੰ ਸਲਾਮ ਕਰਨੀ ਬਣਦੀ ਹੈ।

ਪ੍ਰਿੰਸੀਪਲ ਵਿਜੈ ਕੁਮਾਰ
ਦੁਨੀਆ ਦਾ ਹਰ ਬਸ਼ਰ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਫ ਹੈ ਕਿ ਦੁੱਖ, ਮੁਸੀਬਤਾਂ, ਉਤਰਾਅ-ਚੜ੍ਹਾਅ, ਔਕੜਾਂ ਤੇ ਸੰਕਟ ਜ਼ਿੰਦਗੀ ਦਾ ਹਿੱਸਾ ਹੁੰਦੇ ਹਨ। ਵੱਡੇ-ਵੱਡੇ ਮਹਾਂਪੁਰਸ਼ ਵੀ ਇਨ੍ਹਾਂ ਤੋਂ ਬਚ ਨਹੀਂ ਸਕੇ ਪਰ ਪਤਾ ਨਹੀਂ ਫੇਰ ਵੀ ਮਨੁੱਖ ਹਰ ਵੇਲੇ ਸੁੱਖਾਂ, ਖੁਸ਼ੀਆਂ ਖੇੜਿਆਂ, ਖੁਸ਼ਹਾਲੀ ਤੇ ਮੌਜਾਂ ਦੀ ਉਡੀਕ ਤੇ ਭਾਲ ’ਚ ਕਿਉਂ ਰਹਿੰਦਾ ਹੈ। ਹਰ ਧਰਮ ਦੇ ਮਹਾਂਪੁਰਸ਼ਾਂ ਦੇ ਪ੍ਰਵਚਨ, ਧਰਮ ਗ੍ਰੰਥ ਤੇ ਸੰਤ ਮਹਾਤਮਾ ਦੇ ਉਪਦੇਸ਼ ਇਹ ਦਰਸਾਉਂਦੇ ਹਨ ਕਿ ਦੁੱਖ-ਸੁੱਖ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਤੇ ਚੜ੍ਹਦੇ-ਢਲਦੇ ਪਰਛਾਵਿਆਂ ਵਾਂਗ ਹਨ। ਦੁੱਖ-ਸੁੱਖ ਨੇ ਆਪਣੀ ਵਾਰੀ ਸਿਰ ਆਉਣਾ ਹੀ ਹੁੰਦਾ ਹੈ ਪਰ ਇਸ ਦੁਨੀਆ ’ਚ ਬਹੁ-ਗਿਣਤੀ ਉਨ੍ਹਾਂ ਲੋਕਾਂ ਦੀ ਹੈ, ਜਿਹੜੇ ਸੁੱਖ ’ਚ ਧਰਤੀ ਤੋਂ ਦੋ ਗਿੱਠ ਉਤਾਂਹ ਹੋ ਕੇ ਤੁਰਨ ਲੱਗ ਪੈਂਦੇ ਹਨ, ਉਨ੍ਹਾਂ ਨੂੰ ਰੱਬ ਯਾਦ ਨਹੀਂ ਰਹਿੰਦਾ। ਉਹ ਨਿਮਰਤਾ, ਸ਼ੁਕਰਾਨਾ, ਪਰਉਪਕਾਰ ਤੇ ਇਨਸਾਨੀਅਤ ਤੋਂ ਕੋਹਾਂ ਦੂਰ ਹੋ ਜਾਂਦੇ ਹਨ ਪਰ ਜੇਕਰ ਕਦੇ ਉਨ੍ਹਾਂ ਦੀ ਜ਼ਿੰਦਗੀ ਕਿਸੇ ਦੁੱਖ, ਮਸੀਬਤ, ਸੰਕਟ ਤੇ ਔਕੜ ਦਾ ਸ਼ਿਕਾਰ ਹੋ ਜਾਵੇ ਤਾਂ ਉਨ੍ਹਾਂ ਨੂੰ ਇੰਜ ਲੱਗਣ ਲੱਗ ਪੈਂਦਾ ਹੈ ਕਿ ਉਨ੍ਹਾਂ ਜਿਹਾ ਇਸ ਦੁਨੀਆ ’ਚ ਦੁੱਖੀ ਇਨਸਾਨ ਹੀ ਕੋਈ ਨਹੀਂ ਹੈ। ਉਹ ਦੁਹਾਈ ਪਾਉਂਦੇ ਸਾਹ ਨਹੀਂ ਲੈਂਦੇ। ਰੱਬ ਪ੍ਰਤੀ ਉਨ੍ਹਾਂ ਦੀਆਂ ਸ਼ਿਕਾਇਤਾਂ ਨਹੀਂ ਮੁੱਕਦੀਆਂ। ਉਨ੍ਹਾਂ ਨੇ ਭਾਵੇਂ ਆਪਣੀ ਜ਼ਿੰਦਗੀ ’ਚ ਕਦੇ ਕੋਈ ਚੰਗਾ ਕੰਮ ਨਾ ਕੀਤਾ ਹੋਵੇ ਪਰ ਮੁਸੀਬਤ ਦੇ ਦੌਰ ’ਚ ਉਹ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਉਨ੍ਹਾਂ ਨੇ ਅੱਜ ਤੱਕ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਫੇਰ ਪਤਾ ਨਹੀਂ ਉਨ੍ਹਾਂ ਦੀ ਜ਼ਿੰਦਗੀ ’ਚ ਇਹ ਦੁੱਖ ਕਿਉਂ ਆ ਗਿਆ ਪਰ ਇਸ ਦੁਨੀਆ ’ਚ ਉਨ੍ਹਾਂ ਲੋਕਾਂ ਦੀ ਵੀ ਕੋਈ ਘਾਟ ਨਹੀਂ ਜਿਹੜੇ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕਰਦੇ ਹਨ।
ਉਹ ਦੁੱਖਾਂ ਅੱਗੇ ਹੌਸਲਾ ਨਹੀਂ ਹਾਰਦੇ। ਉਹ ਦੁਹਾਈ ਨਹੀਂ ਮਚਾਉਂਦੇ। ਉਹ ਬਹੁਤ ਦਲੇਰੀ ਨਾਲ ਉਨ੍ਹਾਂ ਦਾ ਮੁਕਾਬਲਾ ਕਰਦੇ ਹਨ। ਉਹ ਢੇਰੀ ਢਾਹੁਣ ਦੀ ਬਜਾਏ ਉਸ ਦੌਰ ’ਚੋਂ ਨਿਕਲਣ ਲਈ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਜਿੰਦਾ ਦਿਲ ਲੋਕਾਂ ’ਚੋਂ ਅਭਿਸ਼ੇਕ ਦੇਵ ਸ਼ਰਮਾ ਦੀ ਦੁੱਖਾਂ ਦੇ ਦੌਰ ’ਚੋਂ ਗੂਜਰ ਰਹੀ ਜ਼ਿੰਦਗੀ ਦੀ ਕਹਾਣੀ ਬਹੁਤ ਹੀ ਪ੍ਰੇਰਨਾਦਾਇਕ ਤੇ ਭਾਵੁਕ ਕਰਨ ਵਾਲੀ ਹੈ। ਇਕ ਚਰਚਿਤ ਟੀਵੀ ਲੜੀਵਾਰ ’ਚ ਦਿੱਲੀ ਦੇ ਵਸਨੀਕ ਅਭਿਸ਼ੇਕ ਸ਼ਰਮਾ ਨੇ ਆਪਣੀ ਜ਼ਿੰਦਗੀ ਦੀ ਦਾਸਤਾਂ ਬਿਆਨ ਕਰਦੇ ਹੋਏ ਕਿਹਾ ਕਿ ਉਸ ਦੀਆਂ ਦੋਵੇਂ ਕਿਡਨੀਆਂ ਫੇਲ੍ਹ ਹੋ ਚੁੱਕੀਆਂ ਹਨ। ਉਸ ਦੇ ਮਾਤਾ-ਪਿਤਾ ਵੀ ਉਸ ਨੂੰ ਆਪਣੀ ਇਕ-ਇਕ ਕਿਡਨੀ ਦੇ ਚੁੱਕੇ ਹਨ। ਉਹ ਵੀ ਫੇਲ੍ਹ ਹੋ ਗਈਆਂ ਹਨ। ਉਸ ਦਾ ਹਰ ਤੀਜੇ ਦਿਨ ਡਾਇਲਸਿਸ ਹੁੰਦਾ ਹੈ। ਉਸ ਦੇ ਜਿਊਣ ਦੀ ਉਮੀਦ ਖ਼ਤਮ ਹੋ ਚੁੱਕੀ ਹੈ। ਉਸ ਦੀ ਨੌਕਰੀ ਜਾ ਚੁੱਕੀ ਹੈ। ਉਸ ਦੇ ਮਾਤਾ-ਪਿਤਾ ਦੀ ਉਮਰ ਕਾਫੀ ਹੋ ਚੁੱਕੀ ਹੈ। ਉਹ ਵੀ ਕੋਈ ਕੰਮ ਨਹੀਂ ਕਰ ਸਕਦੇ ਮਕਾਨ ਕਿਰਾਏ ਉੱਤੇ ਹੈ। ਅਭਿਸ਼ੇਕ ਦੇਵ ਘਰੋਂ ਬੈਠ ਕੇ ਆਨਲਾਈਨ ਕੰਮ ਕਰ ਕੇ ਘਰ ਤੇ ਦਵਾਈ ਦਾ ਖ਼ਰਚਾ ਚਲਾਉਂਦਾ ਹੈ। ਉਹ 25 ਸਾਲ ਦਾ ਨੌਜਵਾਨ ਆਪਣੇ ਮਾਤਾ-ਪਿਤਾ ਦਾ ਇਕੱਲਾ ਹੀ ਸਹਾਰਾ ਹੈ। ਉਸ ਨੇ ਅਜੇ ਵੀ ਜ਼ਿੰਦਗੀ ਤੋਂ ਹਾਰ ਨਹੀਂ ਮੰਨੀ। ਉਹ ਬਹੁਤ ਦਲੇਰ ਹੈ। ਪ੍ਰੋਗਰਾਮ ਦੌਰਾਨ ਜਦੋਂ ਉਸ ਨੂੰ ਸਵਾਲ ਕੀਤਾ ਗਿਆ ਕਿ ਉਹ ਇਨ੍ਹਾਂ ਗਰਦਿਸ਼ ਦੇ ਦਿਨਾਂ ’ਚ ਕਿਵੇਂ ਮਹਿਸੂਸ ਕਰਦਾ ਹੈ? ਉਸ ਨੌਜਵਾਨ ਨੇ ਅੱਗਿਓਂ ਜੋ ਜਵਾਬ ਦਿੱਤਾ, ਉਸ ਨੇ ਸਾਰਿਆਂ ਦੀਆਂ ਅੱਖਾਂ ’ਚ ਹੰਝੂ ਲਿਆ ਦਿੱਤੇ ਤੇ ਦਰਸ਼ਕਾਂ ਨੂੰ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਉਸ ਨੇ ਕਿਹਾ, ਮੈਂ ਆਪਣੇ ਮਾਂ-ਬਾਪ ਲਈ ਜਿਊਣਾ ਚਾਹੁੰਦਾ ਹਾਂ। ਜੇਕਰ ਚੰਗੇ ਦਿਨ ਨਹੀਂ ਰਹੇ ਤਾਂ ਇਹ ਮਾੜੇ ਦਿਨ ਵੀ ਨਹੀਂ ਰਹਿਣਗੇ। ਮੈਂ ਜ਼ਿੰਦਗੀ ਤੋਂ ਹਾਰਨ ਵਾਲਿਆਂ ’ਚੋਂ ਨਹੀਂ ਹਾਂ। ਜ਼ਿੰਦਗੀ ਦੇ ਆਖ਼ਿਰੀ ਪਲਾਂ ਤੱਕ ਜਿਊਣ ਦਾ ਯਤਨ ਕਰਾਂਗਾ। ਉਸ ਨੂੰ ਮੁੜ ਸਵਾਲ ਕੀਤਾ ਗਿਆ ਕਿ ਇਸ ਮੁਸੀਬਤ ’ਚ ਤੇਰੀ ਕੀ ਮਦਦ ਕਰ ਸਕਦੇ ਹਾਂ? ਉਸ ਨੇ ਅੱਗੋਂ ਕਿਹਾ, ਬਸ, ਮੇਰੇ ਲਈ ਉਸ ਅਕਾਲ ਪੁਰਖ ਅੱਗੇ ਇਹ ਅਰਦਾਸ ਕਰੋ ਕਿ ਮੈਂ ਹਿੰਮਤ ਨਾ ਹਾਰਾਂ। ਅਭਿਸ਼ੇਕ ਸ਼ਰਮਾ ਦੇ ਹੌਸਲੇ ਨੂੰ ਸਲਾਮ ਕਰਨੀ ਬਣਦੀ ਹੈ। ਮੁਸੀਬਤ ਦੇ ਦਿਨਾਂ ’ਚ ਹੌਸਲਾ ਹਾਰ ਬੈਠਣ ਨਾਲ, ਦੁਹਾਈ ਪਾਉਣ ਨਾਲ, ਰੱਬ ਨੂੰ ਉਲਾਂਭੇ ਦੇਣ ਨਾਲ ਨਾ ਤਾਂ ਮੁਸੀਬਤਾਂ ਘੱਟਦੀਆਂ ਹਨ, ਨਾ ਕੋਈ ਦੁੱਖ ਵੰਡਾ ਸਕਦਾ ਹੈ। ਲੋਕ ਮੂੰਹ ਤੇ ਮਨੁੱਖ ਨਾਲ ਹਮਦਰਦੀ ਵਿਖਾਉਂਦੇ ਹਨ ਪਰ ਪਿੱਠ ਪਿੱਛੇ ਮਜ਼ਾਕ ਉਡਾਉਂਦੇ ਹਨ। ਬੁਰੇ ਦਿਨ ਵੀ ਮਨੁੱਖ ਦੇ ਹੌਸਲੇ ਦੀ ਪ੍ਰੀਖਿਆ ਲੈਣ ਆਉਂਦੇ ਹਨ।
ਮੇਰੇ ਇਕ ਮਿੱਤਰ ਦੀ ਪਤਨੀ ਦੀਆਂ ਦੋਵੇਂ ਕਿਡਨੀਆਂ ਫੇਲ੍ਹ ਹੋ ਚੁੱਕੀਆਂ ਹਨ। ਹਫ਼ਤੇ ’ਚ ਤਿੰਨ ਦਿਨ ਉਸ ਦਾ ਡਾਇਲਸਿਸ ਹੁੰਦਾ ਹੈ। ਉਸ ਦਾ ਇਕ ਪੁੱਤਰ ਨੌਕਰੀ ਛੱਡ ਕੇ ਘਰ ਬੈਠਾ ਹੈ। ਉਸ ਦਾ ਪੁੱਤਰ ਅਤੇ ਨੂੰਹ ਦੋਵੇਂ ਬਿਮਾਰ ਚੱਲ ਰਹੇ ਹਨ ਪਰ ਉਸ ਨੂੰ ਜਦੋਂ ਵੀ ਫੋਨ ਕਰ ਕੇ ਉਸ ਦੀ ਪਤਨੀ, ਪੁੱਤਰ ਤੇ ਨੂੰਹ ਦਾ ਹਾਲ ਪੁੱਛੋ ਤਾਂ ਉਹ ਕਦੇ ਵੀ ਢਹਿੰਦੀਆਂ ਕਲਾਂ ’ਚ ਜਵਾਬ ਨਹੀਂ ਦਿੰਦਾ। ਉਸ ਦੀ ਆਵਾਜ਼ ਬੁਲੰਦ ਹੁੰਦੀ ਹੈ। ਉਸ ਦੀ ਪਤਨੀ ਉਸ ਤੋਂ ਵੀ ਦਲੇਰ ਹੈ। ਉਹ ਘਰ ਦਾ ਸਾਰਾ ਕੰਮ ਕਰਦੀ ਹੈ। ਜੇਕਰ ਉਸ ਨੂੰ ਹਾਲ ਪੁੱਛੋ ਤਾਂ ਉਸ ਦਾ ਜਵਾਬ ਹੁੰਦਾ ਹੈ, ਬਹੁਤ ਵਧੀਆ ਹੈ, ਜਿਹੜਾ ਦਿਨ ਲੰਘ ਜਾਵੇ, ਉਹ ਠੀਕ ਹੈ, ਉਸ ਅਕਾਲ ਪੁਰਖ ਦਾ ਹਰ ਰੋਜ ਸ਼ੁਕਰਾਨਾ ਕਰੀਦਾ ਹੈ। ਰੋ-ਰੋ ਕੇ ਦੱਸਣ ਨਾਲ ਕਿਹੜਾ ਦੁੱਖ ਨੇ ਘੱਟ ਜਾਣਾ ਹੁੰਦਾ ਹੈ। ਹੌਸਲਾ ਰੱਖਣ ਨਾਲ ਦੁੱਖ ਮਹਿਸੂਸ ਘੱਟ ਹੁੰਦਾ ਹੈ। ਮੇਰੇ ਇਕ ਪਰਮ ਮਿੱਤਰ ਸੁੱਚਾ ਸਿੰਘ ਸਿੱਧੂ ਖਾਲਸਾ ਸਕੂਲਾਂ ਦੇ ਡਾਇਰੈਕਟਰ ਹਨ। ਉਨ੍ਹਾਂ ਦੀ ਉਮਰ 76 ਸਾਲ ਹੈ। ਉਨ੍ਹਾਂ ਦੀ ਪਤਨੀ ਵੀ ਸਿਹਤ ਪੱਖੋਂ ਠੀਕ ਨਹੀਂ ਰਹਿੰਦੀ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ਦਾ ਦੋ ਵਾਰ ਅਪਰੇਸ਼ਨ ਹੋ ਚੁੱਕਾ ਹੈ। ਚੱਲਣਾ ਫਿਰਨਾ ਔਖਾ ਹੈ ਪਰ ਫੇਰ ਵੀ ਉਹ ਹਰ ਵੇਲੇ ਚੜ੍ਹਦੀ ਕਲਾ ’ਚ ਰਹਿੰਦੇ ਹਨ ਸਾਰੇ ਸਕੂਲਾਂ ਦਾ ਕੰਮ ਵੇਖਦੇ ਹਨ। ਡਾਕਟਰ ਏਪੀਜੇ ਅਬਦੁੱਲ ਕਲਾਮ ਕਹਿੰਦੇ ਸਨ ਕਿ ਪਹਿਲਾਂ ਆਪਣੇ-ਆਪ ਨੂੰ ਪਛਾਨਣਾ ਪੈਂਦਾ ਹੈ, ਬਾਅਦ ’ਚ ਲੋਕ ਤੁਹਾਨੂੰ ਪਛਾਣਦੇ ਹਨ। ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਮਨੁੱਖ ਬਾਰੇ ਇਹ ਚਰਚਾ ਜ਼ਰੂਰ ਹੁੰਦੀ ਹੈ ਕਿ ਉਹ ਮੁਸੀਬਤਾਂ ਦਾ ਸਾਹਮਣਾ ਕਰਨ ਵਾਲਾ ਸੀ ਜਾਂ ਫੇਰ ਉਨ੍ਹਾਂ ਸਾਹਮਣੇ ਹਾਰ ਮੰਨਣ ਵਾਲਾ ਸੀ। (ਸੰਪਰਕ : 98726 27136)।