- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਦੇ ਇਕ ਮਹਾਨ ਸਾਹਿਤਕਾਰ ਹੋਏ ਹਨ ਜਸਵੰਤ ਸਿੰਘ ਕੰਵਲ ਜਿਨ੍ਹਾਂ ਦੀਆਂ ਰਚਨਾਵਾਂ ਨੇ ਸਕੂਲਾਂ, ਕਾਲਜਾਂ ਵਿਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ ਦੀ ਚੇਟਕ ਲਾਈ। ਜਿੱਥੇ ਉਨ੍ਹਾਂ ਦੇ ਨਾਵਲ ਅਤੇ ਕਹਾਣੀਆਂ ਸਮਕਾਲੀ ਪਾਠਕਾਂ ਲਈ ਹਮੇਸ਼ਾ ਖਿੱਚ ਦਾ ਕਾਰਨ ਬਣਦੇ ਰਹੇ, ਉੱਥੇ ਹੀ ਅੱਜ ਦੇ ਮੋਬਾਈਲ ਅਤੇ ਇੰਟਰਨੈੱਟ ਦੇ ਯੁੱਗ ਵਿਚ ਵੀ ਉਸੇ ਖ਼ਲੂਸ ਅਤੇ ਸ਼ਿੱਦਤ ਨਾਲ ਪੜ੍ਹੇ ਜਾਂਦੇ ਹਨ।


-ਡਾ. ਇਕਬਾਲ ਸਿੰਘ ਸਕਰੌਦੀ
ਪੰਜਾਬੀ ਦੇ ਇਕ ਮਹਾਨ ਸਾਹਿਤਕਾਰ ਹੋਏ ਹਨ ਜਸਵੰਤ ਸਿੰਘ ਕੰਵਲ ਜਿਨ੍ਹਾਂ ਦੀਆਂ ਰਚਨਾਵਾਂ ਨੇ ਸਕੂਲਾਂ, ਕਾਲਜਾਂ ਵਿਚ ਪੜ੍ਹਦੇ ਲੱਖਾਂ ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ ਦੀ ਚੇਟਕ ਲਾਈ। ਜਿੱਥੇ ਉਨ੍ਹਾਂ ਦੇ ਨਾਵਲ ਅਤੇ ਕਹਾਣੀਆਂ ਸਮਕਾਲੀ ਪਾਠਕਾਂ ਲਈ ਹਮੇਸ਼ਾ ਖਿੱਚ ਦਾ ਕਾਰਨ ਬਣਦੇ ਰਹੇ, ਉੱਥੇ ਹੀ ਅੱਜ ਦੇ ਮੋਬਾਈਲ ਅਤੇ ਇੰਟਰਨੈੱਟ ਦੇ ਯੁੱਗ ਵਿਚ ਵੀ ਉਸੇ ਖ਼ਲੂਸ ਅਤੇ ਸ਼ਿੱਦਤ ਨਾਲ ਪੜ੍ਹੇ ਜਾਂਦੇ ਹਨ। ਜਸਵੰਤ ਸਿੰਘ ਕੰਵਲ ਦਾ ਜਨਮ ਪਿਤਾ ਮਾਹਲਾ ਸਿੰਘ ਦੇ ਘਰ, ਮਾਂ ਹਰਨਾਮ ਕੌਰ ਦੀ ਕੁੱਖੋਂ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਵਿਚ ਸਤਾਈ ਜੂਨ 1919 ਨੂੰ ਇਕ ਮੱਧ-ਵਰਗੀ ਕਿਸਾਨੀ ਪਰਿਵਾਰ ਵਿਚ ਹੋਇਆ ਸੀ। ਉਨ੍ਹਾਂ ਨੇ ਪ੍ਰਾਇਮਰੀ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਹਾਸਲ ਕੀਤੀ। ਅੱਠਵੀਂ ਜਮਾਤ ਪਾਸ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਉਹ ਅਜੇ ਪੰਜ ਸਾਲ ਦੇ ਹੋਏ ਸਨ ਕਿ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਗਈ। ਰੋਜ਼ੀ-ਰੋਟੀ ਖ਼ਾਤਰ ਕੁਝ ਸਾਲ ਆਪਣੇ ਛੋਟੇ ਵੀਰ ਨਾਲ਼ ਖੇਤੀਬਾੜੀ ਵੀ ਕੀਤੀ। ਫਿਰ ਮਲਾਇਆ ਵਿਚ ਚੌਕੀਦਾਰੀ ਕੀਤੀ। ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਿਖੇ ਕਲਰਕ ਦੇ ਤੌਰ ’ਤੇ ਲੰਬਾ ਸਮਾਂ ਨੌਕਰੀ ਕੀਤੀ।
ਕੰਵਲ ਆਪਣੀ ਲਿਖਤ ਕਲਾ ਨੂੰ ‘ਮਲਾਇਆ ਦੀ ਸੌਗਾਤ’ ਮੰਨਦੇ ਸਨ। ਸ਼੍ਰੋਮਣੀ ਕਮੇਟੀ ਦੀ ਨੌਕਰੀ ਕਰਦਿਆਂ ਉਨ੍ਹਾਂ ਕੋਲ ਜਿੰਨਾ ਵੀ ਬਾਕੀ ਸਮਾਂ ਬਚਦਾ ਸੀ, ਉਹ ਕਮੇਟੀ ਦੀ ਲਾਇਬ੍ਰੇਰੀ ਵਿਚ ਚਲੇ ਜਾਂਦੇ। ਉੱਥੇ ਹੀ ਉਨ੍ਹਾਂ ਨੇ ਸੰਸਾਰ ਭਰ ਦੇ ਲੇਖਕਾਂ ਦੀਆਂ ਪ੍ਰਸਿੱਧ ਰਚਨਾਵਾਂ, ਨਾਵਲ, ਕਹਾਣੀਆਂ, ਕਵਿਤਾਵਾਂ, ਲੇਖ, ਜੀਵਨੀਆਂ ਤੇ ਸਵੈ-ਜੀਵਨੀਆਂ ਪੜ੍ਹੀਆਂ। ਉੱਥੇ ਇਕ ਪਬਲਿਸ਼ਰ ਨੇ ਉਨ੍ਹਾਂ ਨੂੰ ਪੰਜਾਬੀ ਸਾਹਿਤ ਲਿਖਣ ਲਈ ਪ੍ਰੇਰਿਆ। ਕੰਵਲ ਦੀ ਰਚੀ ਸਭ ਤੋਂ ਪਹਿਲੀ ਰਚਨਾ ‘ਜੀਵਨ ਕਣੀਆਂ’ ਵਾਰਤਕ ਰੂਪ ਵਿਚ 1941 ਵਿਚ ਪਾਠਕਾਂ ਦੇ ਹੱਥਾਂ ’ਚ ਆਈ ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ। ਉਨ੍ਹਾਂ ਦੇ ਲਿਖੇ ਤੀਹ ਤੋਂ ਵੱਧ ਨਾਵਲ ਮਿਲਦੇ ਹਨ ਜਿਨ੍ਹਾਂ ਵਿੱਚੋਂ ‘ਪੂਰਨਮਾਸ਼ੀ’, ‘ਰੂਪਧਾਰਾ’, ‘ਹਾਣੀ’, ‘ਮਨੁੱਖਤਾ’, ‘ਲਹੂ ਦੀ ਲੋਅ’, ‘ਤੋਸ਼ਾਲੀ ਦੀ ਹੰਸੋ’ ਅਤੇ ‘ਇਕ ਹੋਰ ਹੈਲਨ’ ਬਹੁਤ ਜ਼ਿਆਦਾ ਪ੍ਰਸਿੱਧ ਹੋਏ। ‘ਪੂਰਨਮਾਸ਼ੀ’ ਨਾਵਲ ਨੂੰ ਪੰਜਾਬੀ ਪਾਠਕਾਂ ਨੇ ਸਭ ਤੋਂ ਵੱਧ ਪੜ੍ਹਿਆ। ਕੰਵਲ ਨੇ ਮਲਵਈਆਂ ਦੇ ਪੇਂਡੂ ਜਨ ਜੀਵਨ ਨੂੰ ਆਪਣੇ ਨਾਵਲਾਂ ਦੀ ਆਧਾਰ ਭੂਮੀ ਬਣਾਇਆ। ਉਨ੍ਹਾਂ ਨੂੰ ਨਾਨਕ ਸਿੰਘ ਨਾਵਲਿਸਟ ਦੇ ਜਾਨਸ਼ੀਨ ਦੇ ਤੌਰ ’ਤੇ ਵੀ ਯਾਦ ਕੀਤਾ ਜਾਂਦਾ ਹੈ।
ਉਂਜ ਉਹ ਆਪਣੇ ਨਾਵਲਾਂ ਦੇ ਵਿਸ਼ੇ-ਵਸਤੂ ਕਾਰਨ ਨਾਨਕ ਸਿੰਘ ਤੋਂ ਬਿਲਕੁਲ ਵੱਖਰਾ ਸਾਹਿਤਕਾਰ ਹੋਇਆ ਹੈ। ਕੰਵਲ ਨੇ ਆਪਣੇ ਨਾਵਲਾਂ ਨੂੰ ਆਧਾਰ ਬਣਾ ਕੇ ਸਮਾਜਵਾਦੀ ਯਥਾਰਥਵਾਦ ਦਾ ਮਾਨਵਵਾਦੀ ਸੁਨੇਹਾ ਸਮਾਜ ਨੂੰ ਦਿੱਤਾ। ਪੇਂਡੂ ਜੀਵਨ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਆਪਸੀ ਵਿਰੋਧ ਵਿੱਚੋਂ ਉਪਜੀਆਂ ਘਟਨਾਵਾਂ ਉਨ੍ਹਾਂ ਦੇ ਨਾਵਲਾਂ ਦੀ ਪਿੱਠ ਭੂਮੀ ਬਣੀਆਂ। ‘ਸੱਚ ਨੂੰ ਫਾਂਸੀ’ ਕੰਵਲ ਦਾ ਪਹਿਲਾ ਮੌਲਿਕ ਨਾਵਲ ਸੀ ਜਿਸ ਨੂੰ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ, ਅਧਿਆਪਕਾਂ, ਲੇਖਕਾਂ ਅਤੇ ਲੱਖਾਂ ਪਾਠਕਾਂ ਨੇ ਬੜੀ ਰੀਝ ਅਤੇ ਨੀਝ ਨਾਲ਼ ਪੜ੍ਹਿਆ। ਜਦੋਂ ਕੰਵਲ ਦਾ ਦੂਜਾ ਨਾਵਲ ‘ਪਾਲੀ’ ਛਪਿਆ ਤਾਂ ਪੰਜਾਬੀ ਨਾਵਲ ਜਗਤ ਦੇ ਮਹਾਨ ਨਾਵਲਕਾਰ ਨਾਨਕ ਸਿੰਘ ਜੀ ਨੇ ਉਨ੍ਹਾਂ ਦੀ ਲੇਖਣੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਲਗਾਤਾਰ ਲਿਖਦੇ ਰਹਿਣ ਲਈ ਪ੍ਰੇਰਿਤ ਕੀਤਾ। ਜਦੋਂ ਭਾਰਤੀ ਕਮਿਊਨਿਸਟ ਪਾਰਟੀ ਆਪਣੀ ਟੀਸੀ ’ਤੇ ਪੁੱਜੀ ਹੋਈ ਸੀ, ਤਦ ਕੰਵਲ ਦਾ ਨਾਵਲ ‘ਰਾਤ ਬਾਕੀ ਹੈ’ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਆਣ ਪਿਆ। ਕੰਵਲ ਦੀਆਂ ਨਾਵਲ ਕ੍ਰਿਤਾਂ ਤੋਂ ਪ੍ਰਭਾਵਿਤ ਹੋ ਕੇ ਸੂਰਜਪੁਰ ਫੈਕਟਰੀ ਵਿਚ ਮੈਡੀਕਲ ਇੰਚਾਰਜ ਲੱਗੀ ਇਕ ਕੁੜੀ ਡਾ. ਜਸਵੰਤ ਕੌਰ ਗਿੱਲ ਦਾ ਝੁਕਾਅ ਉਨ੍ਹਾਂ ਵੱਲ ਹੋ ਗਿਆ ਤੇ 1955 ਵਿਚ ਦੋਵਾਂ ਨੇ ਵਿਆਹ ਕਰਵਾ ਲਿਆ। ਪੱਛਮੀ ਬੰਗਾਲ ਦੇ ਜ਼ਿਲ੍ਹਾ ਦਾਰਜੀਲਿੰਗ ਦੇ ਨਕਸਲਬਾੜੀ ਪਿੰਡ ਤੋਂ ਚੱਲੀ ਮਜ਼ਦੂਰਾਂ ਦੀ ਸੰਘਰਸ਼ਮਈ ਲਹਿਰ ਨੇ ਇਨਕਲਾਬੀ ਰੂਪ ਧਾਰਨ ਕਰ ਲਿਆ ਸੀ। ਤਦ ਕੰਵਲ ਨੇ ‘ਲਹੂ ਦੀ ਲੋਅ’ ਨਾਵਲ ਦੀ ਸਿਰਜਣਾ ਕੀਤੀ। ਦੇਸ਼ ਵਿਚ ਐਮਰਜੈਂਸੀ ਲੱਗੀ ਹੋਣ ਕਾਰਨ ਪੰਜਾਬ ਦੇ ਕਿਸੇ ਵੀ ਪਬਲਿਸ਼ਰ ਨੇ ਇਸ ਨਾਵਲ ਨੂੰ ਛਾਪਣ ਦੀ ਜੁਰਅਤ ਨਾ ਕੀਤੀ।
ਤਦ ਸਿੰਗਾਪੁਰ ਤੋਂ ਇਹ ਨਾਵਲ ਪ੍ਰਕਾਸ਼ਿਤ ਹੋਇਆ। ਪਾਠਕਾਂ ਨੇ ਪੂਰੀ ਰੀਝ ਨਾਲ਼ ਇਸ ਨਾਵਲ ਨੂੰ ਪੜ੍ਹਿਆ। ਕੰਵਲ ਨੇ ਆਪਣੀ ਸਵੈ-ਜੀਵਨੀ ਨੂੰ ‘ਪੁੰਨਿਆ ਦਾ ਚਾਨਣ’, ‘ਰੂਹ ਦੀਆਂ ਹੇਕਾਂ’ ਅਤੇ ‘ਧੁਰ ਦਰਗਾਹ’ ਤਿੰਨ ਭਾਗਾਂ ਵਿਚ ਲਿਖਿਆ। ਉਨ੍ਹਾਂ ਨੇ ਛੋਟੇ ਬੱਚਿਆਂ ਅਤੇ ਕਿਸ਼ੋਰ ਉਮਰ ਦੇ ਮੁੰਡਿਆਂ-ਕੁੜੀਆਂ ਲਈ ‘ਹੁਨਰ ਦੀ ਜਿੱਤ’, ‘ਜੰਗਲ ਦੇ ਸ਼ੇਰ’, ‘ਸੂਰਮੇ’, ‘ਨਵਾਂ ਸੰਨਿਆਸ’, ‘ਕਾਲਾ ਹੰਸ’, ‘ਝੀਲ ਦੇ ਮੋਤੀ’ ਨਾਵਲ ਅਤੇ ‘ਕੀੜੀ ਦਾ ਹੰਕਾਰ’ ਕਹਾਣੀ ਸੰਗ੍ਰਹਿ ਰਚਿਆ। ਜਸਵੰਤ ਸਿੰਘ ਕੰਵਲ ਨੂੰ ਪੰਜਾਬੀ ਸਾਹਿਤ ਪ੍ਰਤੀ ਸੱਚੀ-ਸੁੱਚੀ ਘਾਲਣਾ ਘਾਲਣ ਲਈ ਬਹੁਤ ਸਾਰੇ ਮਾਣ-ਸਨਮਾਨ ਵੀ ਮਿਲੇ। ਉਨ੍ਹਾਂ ਨੂੰ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਐਵਾਰਡ 1986 ’ਚ ਦਿੱਤਾ ਗਿਆ। ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵੱਲੋਂ ਸ਼੍ਰੋਮਣੀ ਸਾਹਿਤਕਾਰ ਐਵਾਰਡ 1990 ’ਚ ਪ੍ਰਦਾਨ ਕੀਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਉਨ੍ਹਾਂ ਨੂੰ ਡੀ.ਲਿਟ. ਦੀ ਡਿਗਰੀ ਦੇ ਕੇ ਮਾਣ ਵਧਾਇਆ। ਉਨ੍ਹਾਂ ਦੇ ਨਾਵਲ ‘ਤੌਸ਼ਾਲੀ ਦੀ ਹੰਸੋ’ ਨੂੰ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਪੁਰਸਕ੍ਰਿਤ ਕੀਤਾ ਜਾ ਚੁੱਕਾ ਹੈ। ਪੰਜਾਬੀਆਂ ਦਾ ਇਹ ਹਰਮਨ ਪਿਆਰਾ ਨਾਵਲਕਾਰ 101 ਵਰ੍ਹੇ ਦੀ ਲੰਮੀ ਉਮਰ ਹੰਢਾਅ ਕੇ ਇਕ ਫਰਵਰੀ, 2020 ਨੂੰ ਇਸ ਸੰਸਾਰ ਤੋਂ ਰੁਖ਼ਸਤ ਹੋ ਗਿਆ।
-ਮੋਬਾਈਲ : 84276-85020