
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਗਰਕ ਹੋ ਚੁੱਕੇ ਸਿੱਖਿਆ, ਸਿਹਤ, ਸੜਕ, ਸੱਨਅਤ, ਨਿਵੇਸ਼ਕਾਰੀ ਅਤੇ ਵਿਕਾਸ ਦੇ ਢਾਂਚੇ ਨੂੰ ਮੁੜ ਸਿਹਤਮੰਦ ਅਤੇ ਗਤੀਸ਼ੀਲ ਲੀਹਾਂ ’ਤੇ ਲਿਆਉਣ ਦਾ ਭਰੋਸਾ ਦਿੱਤਾ ਸੀ। ਪੰਜਾਬ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਭਾਰਤੀ ਸੰਵਿਧਾਨ ਦੇ ਘਾੜੇ ਬਾਬਾ ਸਾਹਿਬ ਅੰਬੇਦਕਰ ਦੇ ਸੁਪਨਿਆਂ ਅਨੁਸਾਰ ਇਕ ਹੈਰਾਨ ਕਰਨ ਵਾਲਾ ‘ਰੰਗਲਾ ਪੰਜਾਬ’ ਸਿਰਜਣ ਦਾ ਬਚਨ ਦਿੱਤਾ ਸੀ।

ਦਰਬਾਰਾ ਸਿੰਘ ਕਾਹਲੋਂ
ਪੰਜਾਬ ਦਾ ਇਕ ਮਸ਼ਹੂਰ ਲੋਕ ਗੀਤ ਹੈ, ‘ਪਿੱਪਲ ਦਿਆ ਪੱਤਿਆ ਵੇ ਕਾਹਦੀ ਖੜ-ਖੜ ਲਾਈ ਆ, ਪੱਤ ਝੜੇ ਪੁਰਾਣੇ, ਰੁੱਤ ਨਵਿਆਂ ਦੀ ਆਈ ਆ।’ ਇਸ ਸਮੇਂ ਜਦੋਂ ਪੂਰੇ ਵਿਸ਼ਵ ਅੰਦਰ ਨੌਜਵਾਨਾਂ ’ਤੇ ਅਧਾਰਤ ਜ਼ੈੱਨ-ਜੀ ਇਨਕਲਾਬ ਪੂਰੇ ਵਿਸ਼ਵ ਅੰਦਰ ਅੰਗੜਾਈ ਲੈ ਰਿਹਾ ਹੈ। ਭਾਰਤੀ ਪੰਜਾਬ ਸੂਬਾ ਵੀ ਇਸ ਤੋਂ ਪ੍ਰਭਾਵਿਤ ਦਿਖਾਈ ਦੇ ਰਿਹਾ ਹੈ। ਦੇਸ਼ ਵਿਦੇਸ਼ ’ਚ ਬੈਠੇ ਤੇਜ਼ ਤਰਾਰ ਬੁੱਧੀਜੀਵੀ, ਚੇਤਨ ਅਤੇ ਇਨਕਲਾਬੀ ਸੋਚ ਵਾਲੇ ਪੰਜਾਬੀ ਨੌਜਵਾਨ ਪੰਜਾਬ ਅੰਦਰ ਅਜੋਕੇ ਪ੍ਰਸ਼ਾਸਨਿਕ ਮਾਡਲ ਅਤੇ ਸਰਕਾਰਾਂ ਦੇ ਕੰਮਕਾਜ ਤੋਂ ਬਿਲਕੁਲ ਸੰਤੁਸ਼ਟ ਨਹੀਂ ਹਨ।
ਉਹ ਪੰਜਾਬ ਅੰਦਰ ਅਜਿਹੀ ਨਵੀਂ ਕਿਸਮ ਦੀ ਰਾਜਨੀਤਕ, ਆਰਥਿਕ, ਪ੍ਰਸ਼ਾਸਨਿਕ, ਸਰਬ ਸਾਂਝੀਵਾਲਤਾ ਅਤੇ ਭਾਈਚਾਰਕ ਏਕਤਾ ਦੀ ਪ੍ਰਤੀਕ ਵਿਵਸਥਾ ਸਥਾਪਤ ਕਰਨਾ ਚਾਹੁੰਦੇ ਹਨ, ਜਿਸ ’ਚ ਹਰ ਪੰਜਾਬੀ ਦੀਆਂ ਆਸ਼ਾਵਾਂ, ਉਮੀਦਾਂ ਅਤੇ ਲੋੜਾਂ ਦੀ ਪੂਰਤੀ ਹੋ ਸਕੇ ਅਤੇ ਉਹ ਪੂਰਨ ਅਮਨ ਸਕੂਨ ਨਾਲ ਇਕ ਖ਼ੁਸ਼ਹਾਲ ਜੀਵਨ ਬਸਰ ਕਰ ਸਕਣ। ਪੰਜਾਬ ਦੀ ਫਿਜ਼ਾ ’ਚ ਲਗਾਤਾਰ ਇਨਕਲਾਬ ਦੀ ਸਰਸਰਾਹਟ ਚੱਲਦੀ ਰਹਿੰਦੀ ਹੈ। ਇਵੇਂ ਹੀ ਪੰਜਾਬ ਦੇ ਪੰਜ ਪਾਣੀਆਂ ’ਚ ਲਗਾਤਾਰ ਇਨਕਲਾਬੀ ਝਨਝਨਾਹਟ ਦੀ ਆਹਟ ਥਿਰਕਦੀ ਰਹਿੰਦੀ ਹੈ। ਇਹ ਇਸ ਧਰਤੀ ਦਾ ਸਦੀਵੀ ਵਰਤਾਰਾ ਹੈ। ਰੁੱਤਾਂ ਬਦਲਦੀਆਂ ਰਹਿੰਦੀਆਂ ਹਨ, ਸਾਲ ਗੁਜ਼ਰਦੇ ਰਹਿੰਦੇ ਹਨ ਪਰ ਇਹ ਵਰਤਾਰਾ ਆਦਿ ਕਾਲ ਤੋਂ ਕਾਦਰ ਤੇ ਕੁਦਰਤ ਦੀ ਮਿਹਰਬਾਨੀ ਕਰਕੇ ਨਿਰੰਤਰ ਚੱਲਦਾ ਰਹਿੰਦਾ ਹੈ। ਇਸ ’ਚ ਅਸੰਖ ਕੁਰਬਾਨੀਆਂ ਅਤੇ ਤਬਦੀਲੀਆਂ ਦਾ ਸ਼ਾਨਾਮੱਤਾ ਇਤਿਹਾਸ ਦਰਜ ਹੈ। ਅੱਜ ਇਕ ਵਾਰ ਫਿਰ ਪੰਜਾਬ ਅੰਦਰ ਰਾਜਨੀਤਿਕ ਖਲਾਅ ਦੀ ਆਹਟ ਉੱਭਰ ਰਹੀ ਵਿਖਾਈ ਦੇ ਰਹੀ ਹੈ, ਜਿਵੇਂ ਕਿ ਕਰੀਬ ਪੰਜ ਸਾਲ ਪਹਿਲਾਂ ਅਜਿਹੀ ਟੁਣਕਾਰ ਅਸ਼ੋਪਲੇ ਦਸਤਕ ਦਿੰਦੀ ਇਕ ਰਾਜਨੀਤਿਕ ਇਨਕਲਾਬ ਦੀ ਜਾਮਨ ਬਣੀ ਸੀ, ਜਿਸ ਨੇ ਪੰਜਾਬ ਅੰਦਰ ਆਮ ਆਦਮੀ ਪਾਰਟੀ (ਆਪ) ਨੂੰ ਹੂੰਝਾ ਫੇਰ ਜਿੱਤ ਨਾਲ ਸੱਤਾ ’ਚ ਲਿਆ ਕੇ ਪੂਰੇ ਦੇਸ਼ ਅਤੇ ਦੇਸ਼ ਵਿਦੇਸ਼ ’ਚ ਵਸ ਰਹੀ ਪੰਜਾਬੀਅਤ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਸੀ। ‘ਆਪ’ ਦੀ ਭਗਵੰਤ ਮਾਨ ਦੀ ਅਗਵਾਈ ’ਚ 16 ਮਾਰਚ, 2022 ਨੂੰ ਸੱਤਾ ’ਚ ਆਈ ਸਰਕਾਰ ਨੇ ਰਵਾਇਤੀ ਰਾਜਨੀਤੀ, ਸਥਾਪਤੀ ਨਿਜ਼ਾਮ, ਆਰਥਿਕ ਮੰਦਹਾਲੀ ਅਤੇ ਕਰਜ਼ੇ ਦੇ ਚੱਕਰ ’ਚੋਂ ਪੰਜਾਬ ਨੂੰ ਬਾਹਰ ਕੱਢਣ ਦਾ ਵਾਅਦਾ ਕੀਤਾ ਸੀ। ਇਸ ਨੇ ਪ੍ਰਸ਼ਾਸਨਿਕ ਅਤੇ ਰਾਜਨੀਤਿਕ ਭ੍ਰਿਸ਼ਟਾਚਾਰ, ਵੀਆਈਪੀ ਸੱਭਿਆਚਾਰ, ਪੁਲਿਸ ਅੱਤਵਾਦੀ ਦਹਿਸ਼ਤਵਾਦ ਖ਼ਤਮ ਕਰਨ ਦਾ ਭਰੋਸਾ ਦਿੱਤਾ ਸੀ।
ਗਰਕ ਹੋ ਚੁੱਕੇ ਸਿੱਖਿਆ, ਸਿਹਤ, ਸੜਕ, ਸੱਨਅਤ, ਨਿਵੇਸ਼ਕਾਰੀ ਅਤੇ ਵਿਕਾਸ ਦੇ ਢਾਂਚੇ ਨੂੰ ਮੁੜ ਸਿਹਤਮੰਦ ਅਤੇ ਗਤੀਸ਼ੀਲ ਲੀਹਾਂ ’ਤੇ ਲਿਆਉਣ ਦਾ ਭਰੋਸਾ ਦਿੱਤਾ ਸੀ। ਪੰਜਾਬ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅਤੇ ਭਾਰਤੀ ਸੰਵਿਧਾਨ ਦੇ ਘਾੜੇ ਬਾਬਾ ਸਾਹਿਬ ਅੰਬੇਦਕਰ ਦੇ ਸੁਪਨਿਆਂ ਅਨੁਸਾਰ ਇਕ ਹੈਰਾਨ ਕਰਨ ਵਾਲਾ ‘ਰੰਗਲਾ ਪੰਜਾਬ’ ਸਿਰਜਣ ਦਾ ਬਚਨ ਦਿੱਤਾ ਸੀ। ਹਕੀਕਤ ’ਚ ਭਾਰਤ ਦੀ ਧਰਤੀ ’ਤੇ ਕਿਸੇ ਵੀ ਰਾਜਨੀਤਿਕ ਪਾਰਟੀ ਅਤੇ ਸਰਕਾਰ ਨੇ ਕਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਕੋਈ ਰਾਜਨੀਤੀ ਜਾਂ ਰਣਨੀਤੀ ਜਾਂ ਪਾਲਸੀ ਅਮਲ ’ਚ ਨਹੀਂ ਲਿਆਂਦੀ। ਕੁਮਾਰੀ ਮਾਇਆਵਤੀ ਭਾਵੇਂ ਉੱਤਰ ਪ੍ਰਦੇਸ਼ ’ਚ ਬਹੁਜਨ ਸਮਾਜ ਪਾਰਟੀ ਦੇ ਆਗੂ ਵਜੋਂ ਚਾਰ ਵਾਰ ਮੁੱਖ ਮੰਤਰੀ ਰਹੀ ਪਰ ਉਸ ਨੇ ਬਾਬਾ ਸਾਹਿਬ ਅੰਬੇਦਕਰ ਅਤੇ ਬਾਬੂ ਕਾਂਸ਼ੀ ਰਾਮ ਦੇ ਸੁਪਨਿਆ ਨੂੰ ਸਾਕਾਰ ਕਰਨ ਲਈ ਕਿਸੇ ਅਜਿਹੀ ਠੋਸ ਇਨਕਲਾਬੀ ਨੀਤੀ ਨੂੰ ਲਾਗੂ ਨਹੀਂ ਕੀਤਾ। ਉਹ ਦਲਿਤ ਆਗੂਆਂ, ਬਹੁਜਨ ਸਮਾਜ ਪਾਰਟੀ ਦੇ ਚੋਣ ਨਿਸ਼ਾਨ ‘ਹਾਥੀ’ ਅਤੇ ਆਪਣੇ ਬੁੱਤ ਉਸਾਰਨ ਅਤੇ ਭ੍ਰਿਸ਼ਟਾਚਾਰੀ ਭਾਈ-ਭਤੀਜਾਵਾਦੀ ਸ਼ਾਸਨ ਦੇ ਚੱਕਰ ’ਚ ਫਸ ਕੇ ਪਤਨ ਦਾ ਸ਼ਿਕਾਰ ਹੋ ਗਈ। ਆਪ ਸਰਕਾਰ ਭਾਵੇਂ ਅੰਨਾ ਹਜ਼ਾਰੇ ਅੰਦੋਲਨ ਸਮੇਂ ਕੀਤੇ ਵਾਇਦੇ ਅਨੁਸਾਰ ਇੱਕ ਤਾਕਤਵਰ ਲੋਕਪਾਲ ਨਿਯੁਕਤ ਨਹੀਂ ਕਰ ਸਕੀ, ਜਿਸ ਅਧੀਨ ਸਣੇ ਮੁੱਖ ਮੰਤਰੀ ਪੂਰਾ ਪ੍ਰਸ਼ਾਸਨ ਅਤੇ ਸਰਕਾਰ ਹੁੰਦੀ ਹੈ ਪਰ ਇਸ ਨੇ ਭ੍ਰਿਸ਼ਟਾਚਾਰ ਵਿਰੁੱਧ ਤਕੜੀ ਲੜਾਈ ਦੇਣ ਦਾ ਮੁਜਾਹਿਰਾ ਕੀਤਾ। ਆਪਣੀ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ, ਵਿਧਾਇਕਾਂ ਅਤੇ ਅਫ਼ਸਰਸ਼ਾਹਾਂ ਵਿਰੁੱਧ ਸ਼ਿਕੰਜਾ ਕੱਸਿਆ। ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਹਿੱਕ ਡਾਹੀ ਅਤੇ ਹੁਣ ਰਾਜਸਥਾਨ ਤੋਂ ਬੰਦ ਹੋਈ ਲੱਖਾਂ ਕਰੋੜਾਂ ਦੀ ਰਾਇਲਟੀ ਵਸੂਲਣ ਲਈ ਦਲੇਰਾਨਾ ਕਦਮ ਚੁੱਕਿਆ।
ਰਾਜ ’ਚ ਟਿਊਬਵੈੱਲਾਂ ਰਾਹੀਂ ਧਰਤੀ ਹੇਠਲੇ ਪਾਣੀ ਅਤੇ ਬਿਜਲੀ ਖ਼ਪਤ ਨੂੰ ਬਚਾਉਣ ਲਈ ਨਹਿਰੀ ਪਾਣੀਆਂ ਨੂੰ ਟੇਲਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ। ਪੰਜਾਬ ਦੀ ਅਜੋਕੀ ਨੌਜਵਾਨ ਪੀੜੀ ਮਹਿਸੂਸ ਕਰਦੀ ਹੈ ਕਿ ਆਪ ਸਰਕਾਰ ਵੀ ਆਪਣੀਆਂ ਪਹਿਲੀਆਂ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਸਰਕਾਰਾਂ ਵਾਂਗ ਰਾਜ ਅੰਦਰ ਸਰਕਾਰੀ ਅਤੇ ਗ਼ੈਰ-ਸਰਕਾਰੀ ਅੱਤਵਾਦ ਕਰ ਕੇ ਪਲਾਇਨ ਕਰ ਚੁੱਕੀਆਂ ਸਨ ਅਤੇ ਨਿਵੇਸ਼ਕਾਰਾਂ ਦਾ ਮੁਹਾਨਾ ਮੁੜ ਪੰਜਾਬ ਵੱਲ ਮੋੜਨ ਤੋਂ ਨਾਕਾਮ ਰਹੀ। ਇਹਨਾਂ ਘਰਾਣਿਆਂ ਨੇ ਬੇਅੰਤ ਸਿੰਘ ਸਰਕਾਰ ਵੇਲੇ ਇਹਨਾਂ ਨੂੰ ਸਨਅਤਾਂ ਲਗਾਉਣ ਲਈ ਕੌਡੀਆਂ ਦੇ ਭਾਅ ਦਿੱਤੀ ਜ਼ਮੀਨ ਅਰਬਾਂ-ਖਰਬਾਂ ’ਚ ਵੇਚ ਕੇ ਜਿਵੇਂ ਪੰਜਾਬ ਨੂੰ ਧੋਖਾ ਦਿੱਤਾ ਹੈ ਇਸ ਤੋਂ ਅਜੋਕੀ ਨੌਜਵਾਨ ਪੀੜੀ ਸੁੰਨ ਹੋ ਕੇ ਰਹਿ ਗਈ ਹੈ। ਇਨ੍ਹਾਂ ਤਾਂ ਪੰਜਾਬ ਦੀ ਧਰਤੀ ਹੇਠਲੇ ਪਾਣੀ ਨੂੰ ਗੰਧਲਾ ਕਰਨ ਤੋਂ ਕੋਈ ਕਸਰ ਬਾਕੀ ਨਹੀਂ ਛੱਡੀ। ਪੰਜਾਬ ਅੰਦਰ ਕਿੱਤਾ ਮੁਖੀ ਸਿੱਖਿਆ ਮਾਡਲ ਦੀ ਸਖ਼ਤ ਲੋੜ ਹੈ। ਅਜੋਕਾ ਮਾਡਲ ਆਧੁਨਿਕ ਪੀੜ੍ਹੀ ਦੀਆਂ ਲੋੜਾਂ ਦੇ ਅਨੁਕੂਲ ਨਹੀਂ। ਰੁਜ਼ਗਾਰ ਨਾ ਮਿਲਣ ਕਰਕੇ ਲੱਖਾਂ ਨੌਜਵਾਨ ਵਿਦੇਸ਼ ਚਲੇ ਗਏ ਪਰ ਹੁਣ ਉਨ੍ਹਾਂ ਦੇਸ਼ਾਂ ’ਚ ਰੁਜ਼ਗਾਰ ਅਤੇ ਪਰਵਾਸ ਤੋਂ ਨਾਂਹ ਹੋ ਰਹੀ ਹੈ। ਅਰਬਾਂ ਰੁਪਏ ਖ਼ਰਚਣ ਦੇ ਬਾਵਜੂਦ ਕੈਨੇਡਾ, ਆਸਟਰੇਲੀਆ, ਅਮਰੀਕਾ, ਬ੍ਰਿਟੇਨ, ਨਿਊਜ਼ੀਲੈਂਡ ਆਦਿ ਦੇਸ਼ਾਂ ਵੱਲੋਂ ਆਪਣੀਆਂ ਪਰਵਾਸ ਨੀਤੀਆਂ ’ਚ ਲਿਆਂਦੀਆਂ ਤਬਦੀਲੀਆਂ ਕਰਕੇ ਲੱਖਾਂ ਨੌਜਵਾਨਾਂ ਦਾ ਭਵਿੱਖ ਹਨੇਰੇ ’ਚ ਲਟਕ ਗਿਆ ਹੈ। ਉਹ ਵਾਪਸ ਪਰਤ ਕੇ ਜਰਮਨੀ ਵਰਗਾ ਕਿੱਤਾ ਮੁਖੀ ਸਿੱਖਿਆ ਮਾਡਲ ਪੰਜਾਬ ’ਚ ਸਥਾਪਿਤ ਕਰਨਾ ਚਾਹੁੰਦੇ ਹਨ, ਜੋ ਸਕੂਲ ਅਤੇ ਕਾਲਜ ਸਮੇਂ ਤੋਂ ਹੀ ਹੁਨਰਮੰਦ ਨੌਜਵਾਨਾਂ ਨੂੰ ਕਿਰਤ ਲਈ ਸਨਅਤਾਂ ਅਤੇ ਕਿੱਤਾ ਮੁਖੀ ਅਦਾਰਿਆਂ ਨਾਲ ਜੋੜਦਾ ਹੈ। ਸਰਕਾਰ ਵੱਲੋਂ ਹੁਕਮ ਹਨ, ਉਨ੍ਹਾਂ ਦੀ ਬਣਦੀ ਉਜਰਤ ਅਦਾ ਕੀਤੀ ਜਾਵੇ। ਪੰਜਾਬ ਦਾ ਰਾਜਨੀਤਿਕ ਸਿਸਟਮ ਇੰਨਾ ਪੇਚੀਦਾ ਅਤੇ ਗੰਧਲਾ ਹੋ ਚੁੱਕਾ ਹੈ ਕਿ ਕੋਈ ਵੀ ਰਿਵਾਇਤੀ ਪਾਰਟੀ ਇਸ ਦੇ ਵੱਲੋਂ ਸਿਰਜੇ ਵੀਆਈਪੀ ਸਿਸਟਮ, ਅੰਗ ਰਖਿਅਕ ਸੱਭਿਆਚਾਰ, ਮੁਫ਼ਤਖੋਰ ਰਿਓੜੀ ਵੰਡ ਅਤੇ ਹਲਕਾ ਇੰਚਾਰਜ ਦੀ ਦਲਦਲ ’ਚੋਂ ਬਾਹਰ ਨਹੀਂ ਨਿਕਲ ਪਾ ਰਹੀ। ਫਿਰ ਨਸ਼ਿਆਂ, ਫਿਰੌਤੀਆਂ, ਗੈਂਗਸਟਰਵਾਦ ਵਿਰੁੱਧ ਕੌਣ ਲੜੇ? ਅਮਨ ਕਾਨੂੰਨ ਦਾ ਰਾਜ ਕੌਣ ਕਾਇਮ ਕਰੇ? ਨੌਜਵਾਨ ਪੀੜ੍ਹੀ ਅਜਿਹੀ ਫਜੂਲਤਾ ਦਾ ਅੰਤ ਕਰ ਦੇਣਾ ਚਾਹੁੰਦੀ ਹੈ, ਜਿਸ ਦਾ ਤਜਰਬਾ ਉਨ੍ਹਾਂ ਨੇ ਵਿਦੇਸ਼ਾਂ ’ਚੋਂ ਪ੍ਰਾਪਤ ਕੀਤਾ ਹੈ। ਅੱਜ ਪੰਜਾਬ ਸਿਰ ਜੇਕਰ ਬੋਰਡਾਂ ਤੇ ਕਾਰਪੋਰੇਸ਼ਨ ਦਾ ਕਰਜ਼ਾ ਜਮ੍ਹਾਂ ਕਰ ਲਿਆ ਜਾਵੇ ਤਾਂ 6 ਲੱਖ ਦੇ ਕਰੀਬ ਪਹੁੰਚ ਚੁੱਕਾ ਹੈ।
ਉਹ ਰਾਜਨੀਤਿਕ ਏਕਾਧਿਕਾਰ ਅਤੇ ਸ਼ਕਤੀਆਂ ਦਾ ਕੇਂਦਰੀਕਰਨ ਦੀ ਥਾਂ ਸੰਵਿਧਾਨ ਦੀ 73ਵੀਂ ਅਤੇ 74ਵੀਂ ਸੋਧ ਅਨੁਸਾਰ ਸਥਾਨਕ ਸੰਸਥਾਵਾਂ ਨੂੰ ਸ਼ਕਤੀਆਂ ਦੇਣਾ ਚਾਹੁੰਦੀ ਹੈ, ਜਿਵੇਂ ਕਿ ਪੱਛਮ ’ਚ ਹਰ ਸ਼ਹਿਰ ਦਾ ਮੇਅਰ ਇਕ ਮੁੱਖ ਮੰਤਰੀ ਵਾਂਗ ਆਪਣੇ ਕੌਂਸਲਰਾਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਆਪਣੇ ਲੋਕਾਂ ਦੀ ਸੇਵਾ ਅਤੇ ਵਿਕਾਸ ਲਈ ਸਮਰਪਤ ਹੁੰਦਾ ਹੈ। ਅਮਨ-ਕਾਨੂੰਨ ਕਾਇਮ ਰੱਖਣ ਲਈ ਉਸ ਦੀ ਆਪਣੀ ਪੁਲਿਸ ਹੁੰਦੀ ਹੈ। ਪੰਜਾਬ ਅੰਦਰ ਪੁਲਿਸ ਤਾਲਬਾਨੀਕਰਨ ਦੇ ਖ਼ਾਤਮੇ ਲਈ ਇਸ ਦਾ ਵਿਕੇਂਦਰੀਕਰਨ ਅਤੀ ਜ਼ਰੂਰੀ ਹੈ ਤਾਂ ਕਿ ਥਾਣਾ ਮੁਖੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਦਾ ਨਵਾਬੀਕਰਨ ਦਫਨ ਹੋ ਸਕੇ। ਨਵੀਂ ਪੀੜੀ ਪੰਜਾਬ ਦੀ ਜਰਖੇਜ਼ ਧਰਤੀ, ਇਸ ਦੇ ਪਾਣੀਆਂ, ਖੇਤੀ ਅਤੇ ਰੇਤ-ਬਜ਼ਰੀ ਜਿਹੇ ਸੋਨੇ ਅਤੇ ਨਾਨਕ ਦੇ ਕਿਰਤ ਸੱਭਿਆਚਾਰ ਦੀ ਰਾਖੀ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ। ਉਹ ਨਸ਼ੇ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਤੋਂ ਪੰਜਾਬ ਨੂੰ ਉਵੇਂ ਹੀ ਖੁਦ ਮੁਕਤ ਕਰਨਾ ਚਾਹੁੰਦੇ ਹਨ, ਜਿਵੇਂ ਪੰਜਾਬੀਆਂ ਨੇ ਖੁਦ ਅੱਗੇ ਆ ਕੇ ਇਸ ਨੂੰ ਅੱਤਵਾਦ ਤੋਂ ਮੁਕਤ ਕੀਤਾ ਸੀ। ਉਹ ਸਮਝਦੇ ਹਨ ਕਿ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਗੁੱਟਾਂ, ਕਾਂਗਰਸ ਪਾਰਟੀ ਦੇ ਵੱਖ-ਵੱਖ ਧੜਿਆਂ, ਭਾਜਪਾ ਦੇ ਟਕਸਾਲੀ ਅਤੇ ਦੂਸਰੀਆਂ ਪਾਰਟੀਆਂ ’ਚੋਂ ਦਲ ਬਦਲ ਕੇ ਆਏ ਆਗੂਆਂ, ਆਪ ਅੰਦਰ 50 ਹਲਕਿਆਂ ਦੇ ਕਰੀਬ ਕਮਜ਼ੋਰ ਅਤੇ ਬਦਨਾਮ ਵਿਧਾਇਕਾਂ ਦੀਆਂ ਟਿਕਟਾਂ ਬਦਲਣ ਕਰਕੇ ਪੈਦਾ ਹੋਈ ਚਾਰ-ਚੁਫੇਰੇ ਕਲੇਸ਼ ਕਰਕੇ ਉਹਨਾਂ ਲਈ ਤਾਮਿਲਨਾਡੂ ਦੀ ਨਵੀਂ ਗਠਤ ਪਾਰਟੀ ਤਾਮਿਲ ਵੇਤਰੀ ਕੜਗਮ ਦੇ ਬਣੇ ਮੁੱਖ ਮੰਤਰੀ ਥੀਰੂ ਜੋਜਫ ਵਿਜੇ ਵਾਂਗ ਪੰਜਾਬ ’ਚ ਰਾਜਨੀਤਿਕ ਥਾਂ ਖਾਲੀ ਕਰ ਰੱਖੀ ਹੈ। ਪੰਜਾਬ ਦੇ ਵਿਦਿਅਕ ਅਦਾਰਿਆਂ, ਯੂਨੀਵਰਸਿਟੀਆ, ਸੋਸ਼ਲ ਗਰੁੱਪਾਂ ਅਤੇ ਵਿਦੇਸ਼ਾਂ ’ਚ ਜੈੱਨ-ਜ਼ੀ ਲੀਡਰਸ਼ਿਪ ਤਿਆਰ ਬੈਠੀ ਹੈ। ਉਹ 2032 ਦੀ ਥਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਲੀਡਰਸ਼ਿਪ ਆਪਣੇ ਹੱਥਾਂ ’ਚ ਲੈਣ ਲਈ ਜ਼ੋਰ-ਅਜ਼ਮਾਈ ਲਈ ਤਿਆਰ ਬਰ ਤਿਆਰ ਹਨ। ਬਹੁਤ ਲੰਘ ਚੁੱਕਾ ਹੈ ਸਤਲੁਜ ਦੇ ਪੁਲਾਂ ਹੇਠੋਂ ਦੀ ਪਾਣੀ।
(ਲੇਖਕ ਪੰਜਾਬ ਦੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਹਨ। ਸੰਪਰਕ : +12898292929)।