- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੀਵਾਲੀ ਮੌਕੇ ਜਦੋਂ ਵੱਡੀ ਗਿਣਤੀ ’ਚ ਪਟਾਕੇ ਚਲਾਏ ਜਾਂਦੇ ਹਨ ਤਾਂ ਪ੍ਰਦੂਸ਼ਣ ਹੋਰ ਵਧ ਜਾਂਦਾ ਹੈ। ਸੁਪਰੀਮ ਕੋਰਟ ਦੇ ਅਨੇਕਾਂ ਨਿਰਦੇਸ਼ ਵੀ ਪਟਾਕੇ ਚਲਾਉਣ ਦੇ ਰੁਝਾਨ ਨੂੰ ਘਟਾਉਣ ’ਚ ਸਫ਼ਲ ਨਹੀਂ ਹੋ ਰਹੇ ਤੇ ਨਾ ਹੀ ਹਰੇ ਪਟਾਕਿਆਂ ਦੀ ਵਰਤੋਂ ਵਧ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਪਟਾਕੇ ਦੀਵਾਲੀ ਦਾ ਅਨਿੱਖੜਵਾਂ ਅੰਗ ਬਣ ਗਏ ਹਨ। ਇਹ ਸਹੀ ਹੈ ਕਿ ਹਵਾ ਪ੍ਰਦੂਸ਼ਣ ਲਈ ਸਿਰਫ਼ ਪਟਾਕੇ ਹੀ ਜ਼ਿੰਮੇਵਾਰ ਨਹੀਂ ਹਨ ਪਰ ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ਇਹ ਪ੍ਰਦੂਸ਼ਣ ਵਧਾਉਂਦੇ ਹਨ। ਹਰ ਕੋਈ ਇਸ ਗੱਲ ਤੋਂ ਜਾਣੂ ਵੀ ਹੈ ਪਰ ਕੋਈ ਵੀ ਇਨ੍ਹਾਂ ਦੀ ਵਰਤੋਂ ਸੀਮਤ ਕਰਨ ਲਈ ਤਿਆਰ ਨਹੀਂ ਹੈ।

ਜਿਵੇਂ ਕਿ ਇਹ ਖ਼ਦਸ਼ਾ ਸੀ ਕਿ ਦੀਵਾਲੀ ਮੌਕੇ ਪਟਾਕਿਆਂ ਦੀ ਵਰਤੋਂ ਨਾਲ ਹਵਾ ਪ੍ਰਦੂਸ਼ਣ ਵਧ ਸਕਦਾ ਹੈ, ਬਿਲਕੁਲ ਉਵੇਂ ਹੀ ਹੋਇਆ। ਦਿੱਲੀ-ਐੱਨਸੀਆਰ ਸਮੇਤ ਉੱਤਰੀ ਭਾਰਤ ਦੇ ਇਕ ਵੱਡੇ ਹਿੱਸੇ ’ਚ ਹਵਾ ਦੀ ਗੁਣਵੱਤਾ ’ਚ ਗਿਰਾਵਟ ਦਰਜ ਕੀਤੀ ਗਈ। ਦੀਵਾਲੀ ਦੀ ਰਾਤ ਕੋਲਕਾਤਾ ’ਚ ਵੀ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ, ਭਾਵ ਏਕਿਊਆਈ, ਜਿਸ ਤਰ੍ਹਾਂ 600 ਤੋਂ ਵੱਧ ਪਾਇਆ ਗਿਆ, ਉਸ ਤੋਂ ਸਪੱਸ਼ਟ ਹੋ ਗਿਆ ਕਿ ਹਵਾ ਪ੍ਰਦੂਸ਼ਣ ਦੀ ਸਮੱਸਿਆ ਨੇ ਉੱਤਰੀ ਭਾਰਤ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਨੂੰ ਵੀ ਆਪਣੇ ਲਪੇਟੇ ’ਚ ਲੈ ਲਿਆ ਹੈ। ਹਵਾ ਪ੍ਰਦੂਸ਼ਣ ਦਾ ਘੇਰਾ ਤੇ ਇਸ ਦੀ ਗੰਭੀਰਤਾ ਸਾਲ ਦਰ ਸਾਲ ਇਸ ਲਈ ਵਧਦੀ ਜਾ ਰਹੀ ਹੈ, ਕਿਉਂਕਿ ਇਸ ਲਈ ਜ਼ਿੰਮੇਵਾਰ ਸਾਰੇ ਕਾਰਨਾਂ ਦੇ ਸਮੇਂ ਸਿਰ ਹੱਲ ਲਈ ਸਰਗਰਮ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਆਮ ਤੌਰ ’ਤੇ ਹਵਾ ਦੀ ਗੁਣਵੱਤਾ ਖ਼ਰਾਬ ਹੋਣ ਦੀ ਸ਼ੁਰੂਆਤ ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਆਦਿ ’ਚ ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਹੁੰਦੀ ਹੈ। ਇਸ ਤੋਂ ਬਾਅਦ ਹਵਾ ਪ੍ਰਦੂਸ਼ਣ ’ਚ ਹੋਰ ਕਾਰਕ ਵੀ ਸ਼ਾਮਲ ਹੋ ਜਾਂਦੇ ਹਨ, ਜਿਵੇਂ ਕਿ ਵਾਹਨਾਂ ’ਚੋਂ ਨਿਕਲਣ ਵਾਲਾ ਧੂੰਆਂ, ਸੜਕਾਂ ਤੇ ਉਸਾਰੀ ਵਾਲੀਆਂ ਥਾਵਾਂ ਤੋਂ ਉੱਡਣ ਵਾਲੀ ਧੂੜ ਆਦਿ। ਦੀਵਾਲੀ ਮੌਕੇ ਜਦੋਂ ਵੱਡੀ ਗਿਣਤੀ ’ਚ ਪਟਾਕੇ ਚਲਾਏ ਜਾਂਦੇ ਹਨ ਤਾਂ ਪ੍ਰਦੂਸ਼ਣ ਹੋਰ ਵਧ ਜਾਂਦਾ ਹੈ। ਸੁਪਰੀਮ ਕੋਰਟ ਦੇ ਅਨੇਕਾਂ ਨਿਰਦੇਸ਼ ਵੀ ਪਟਾਕੇ ਚਲਾਉਣ ਦੇ ਰੁਝਾਨ ਨੂੰ ਘਟਾਉਣ ’ਚ ਸਫ਼ਲ ਨਹੀਂ ਹੋ ਰਹੇ ਤੇ ਨਾ ਹੀ ਹਰੇ ਪਟਾਕਿਆਂ ਦੀ ਵਰਤੋਂ ਵਧ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਪਟਾਕੇ ਦੀਵਾਲੀ ਦਾ ਅਨਿੱਖੜਵਾਂ ਅੰਗ ਬਣ ਗਏ ਹਨ। ਇਹ ਸਹੀ ਹੈ ਕਿ ਹਵਾ ਪ੍ਰਦੂਸ਼ਣ ਲਈ ਸਿਰਫ਼ ਪਟਾਕੇ ਹੀ ਜ਼ਿੰਮੇਵਾਰ ਨਹੀਂ ਹਨ ਪਰ ਇਸ ’ਚ ਵੀ ਕੋਈ ਸ਼ੱਕ ਨਹੀਂ ਕਿ ਇਹ ਪ੍ਰਦੂਸ਼ਣ ਵਧਾਉਂਦੇ ਹਨ। ਹਰ ਕੋਈ ਇਸ ਗੱਲ ਤੋਂ ਜਾਣੂ ਵੀ ਹੈ ਪਰ ਕੋਈ ਵੀ ਇਨ੍ਹਾਂ ਦੀ ਵਰਤੋਂ ਸੀਮਤ ਕਰਨ ਲਈ ਤਿਆਰ ਨਹੀਂ ਹੈ। ਆਖ਼ਰ ਅਜਿਹਾ ਕਿਉਂ ਨਹੀਂ ਹੋ ਸਕਦਾ ਕਿ ਦੀਵਾਲੀ ਮੌਕੇ ਸਿਰਫ਼ ਰਸਮੀ ਤੌਰ ’ਤੇ ਹਰੇ ਪਟਾਕਿਆਂ ਦੀ ਹੀ ਬਹੁਤ ਘੱਟ ਵਰਤੋਂ ਕੀਤੀ ਜਾਵੇ? ਕਿਸੇ ਵੀ ਤਿਉਹਾਰ ਨੂੰ ਮਨਾਉਣ ਦੇ ਤੌਰ-ਤਰੀਕੇ ਸਮਾਜ ਹੀ ਤੈਅ ਕਰਦਾ ਹੈ ਅਤੇ ਉਹ ਦੇਸ਼, ਸਮੇਂ ਤੇ ਹਾਲਾਤ ਅਨੁਸਾਰ ਇਨ੍ਹਾਂ ’ਚ ਤਬਦੀਲੀ ਵੀ ਕਰਦਾ ਹੈ। ਇਸ ਗੱਲ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ ਕਿ ਦੀਵਾਲੀ ਮੌਕੇ ਪਟਾਕੇ ਸਿਰਫ਼ ਪ੍ਰਤੀਕਾਤਮਕ ਤੌਰ ’ਤੇ ਹੀ ਚਲਾਏ ਜਾਣ ਅਤੇ ਇਨ੍ਹਾਂ ਦੀ ਵੱਡੇ ਪੱਧਰ ’ਤੇ ਵਰਤੋਂ ਰਾਮ ਨੌਮੀ ਜਾਂ ਫਿਰ ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਸਮੇਂ ਦੇ ਨਾਲ ਪੰਜਾਬ ਅਤੇ ਹਰਿਆਣਾ ’ਚ ਪਰਾਲੀ ਸਾੜਨ ਦੇ ਰੁਝਾਨ ਨੂੰ ਘਟਾਉਣ ’ਚ ਸਫ਼ਲਤਾ ਮਿਲੀ ਹੈ। ਅਜਿਹੀ ਹੀ ਸਫ਼ਲਤਾ ਦੀਵਾਲੀ ਮੌਕੇ ਪਟਾਕਿਆਂ ਦੀ ਵਰਤੋਂ ਸੀਮਤ ਕਰਨ ’ਚ ਵੀ ਹਾਸਲ ਕੀਤੀ ਜਾ ਸਕਦੀ ਹੈ। ਬਿਨਾਂ ਸ਼ੱਕ ਅਜਿਹਾ ਉਦੋਂ ਹੀ ਸੰਭਵ ਹੋਵੇਗਾ, ਜਦੋਂ ਸਾਰੇ ਲੋਕ ਇਹ ਸਮਝਣਗੇ ਕਿ ਵਧਦਾ ਪ੍ਰਦੂਸ਼ਣ ਸਿਹਤ ਲਈ ਘਾਤਕ ਹੋਣ ਦੇ ਨਾਲ-ਨਾਲ ਦੇਸ਼ ਦੀ ਬਦਨਾਮੀ ਦਾ ਕਾਰਨ ਵੀ ਬਣਦਾ ਹੈ। ਵਾਤਾਵਰਨ ਦੀ ਰਾਖੀ ਉਦੋਂ ਹੀ ਸੰਭਵ ਹੈ, ਜਦੋਂ ਸਰਕਾਰ ਤੇ ਪ੍ਰਸ਼ਾਸਨ ਦੇ ਨਾਲ-ਨਾਲ ਸਮਾਜ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਹਮੇਸ਼ਾ ਤਿਆਰ ਰਹੇਗਾ। ਬਦਕਿਸਮਤੀ ਨਾਲ ਅਜੇ ਵੀ ਅਜਿਹੀ ਸਥਿਤੀ ਨਹੀਂ ਬਣ ਸਕੀ ਕਿ ਸਾਡੇ ਹਰ ਤਿਉਹਾਰ ’ਚ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਵੀ ਸ਼ਾਮਲ ਹੋਵੇ, ਜਦਕਿ ਸਾਡੇ ਤਿਉਹਾਰਾਂ ਦੀਆਂ ਪਰੰਪਰਾਵਾਂ ’ਚ ਅਜਿਹਾ ਸੰਦੇਸ਼ ਮੌਜੂਦ ਹੈ। ਇਹ ਠੀਕ ਨਹੀਂ ਕਿ ਹਵਾ ਪ੍ਰਦੂਸ਼ਣ ਖ਼ਤਰਨਾਕ ਪੱਧਰ ਤੱਕ ਪਹੁੰਚ ਜਾਣ ਦੇ ਬਾਵਜੂਦ ਆਮ ਲੋਕ ਇਸ ਪ੍ਰਤੀ ਅਣਦੇਖੀ ਕਰਦੇ ਰਹਿਣ।