- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇ ਸ਼ਹਿਰ ਦੀ ਆਬਾਦੀ ਵਧਦੀ ਜਾਵੇ ਪਰ ਸੀਵਰੇਜ ਟਰੀਟਮੈਂਟ ਪਲਾਂਟ, ਪੀਣ ਵਾਲੇ ਪਾਣੀ ਦੀ ਸੁਰੱਖਿਆ ਤੇ ਕੂੜਾ ਪ੍ਰਬੰਧਨ ਪਿੱਛੇ ਰਹਿ ਜਾਣ ਤਾਂ ਇਹ ਵਿਕਾਸ ਆਖ਼ਰਕਾਰ ਲੋਕਾਂ ਲਈ ਸਮੱਸਿਆ ਹੀ ਬਣੇਗਾ। ਸਭ ਤੋਂ ਪਹਿਲੀ ਲੋੜ ਸ਼ੁੱਧ ਅਤੇ ਸੁਰੱਖਿਅਤ ਖੁਰਾਕ ਹੈ। ਭਾਰਤ ਵਰਗੇ ਵੱਡੇ ਦੇਸ਼ ’ਚ ਕਰੋੜਾਂ ਲੋਕ ਰੋਜ਼ਾਨਾ ਬਾਜ਼ਾਰ ਤੋਂ ਦੁੱਧ, ਮਿਠਾਈਆਂ, ਮਸਾਲੇ, ਤੇਲ, ਫਲ, ਸਬਜ਼ੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਖਰੀਦਦੇ ਹਨ

ਵਿਕਾਸ ਕਿਸੇ ਵੀ ਦੇਸ਼ ਦੀ ਤਰੱਕੀ ਦਾ ਮਹੱਤਵਪੂਰਨ ਪੈਮਾਨਾ ਹੈ, ਪਰ ਵਿਕਾਸ ਦਾ ਅਰਥ ਸਿਰਫ਼ ਉੱਚੀਆਂ ਇਮਾਰਤਾਂ, ਚੌੜੀਆਂ ਸੜਕਾਂ, ਵੱਡੇ ਪੁਲ, ਸ਼ਾਪਿੰਗ ਮਾਲ ਅਤੇ ਕੰਕਰੀਟ ਦੇ ਜੰਗਲ ਖੜ੍ਹੇ ਕਰਨਾ ਨਹੀਂ। ਕਿਸੇ ਦੇਸ਼ ਦੀ ਅਸਲ ਤਰੱਕੀ ਉਸ ਦੀਆਂ ਇਮਾਰਤਾਂ ਦੀ ਉਚਾਈ ਨਾਲ ਨਹੀਂ, ਸਗੋਂ ਉਸ ਦੇ ਆਮ ਨਾਗਰਿਕ ਦੀ ਜ਼ਿੰਦਗੀ ਦੀ ਗੁਣਵੱਤਾ ਨਾਲ ਮਾਪੀ ਜਾਣੀ ਚਾਹੀਦੀ ਹੈ। ਭਾਰਤ ਇਸ ਸਮੇਂ ਤੇਜ਼ ਆਰਥਿਕ ਅਤੇ ਬੁਨਿਆਦੀ ਢਾਂਚਾਗਤ ਵਿਕਾਸ ਦੇ ਦੌਰ ’ਚੋਂ ਲੰਘ ਰਿਹਾ ਹੈ। ਨਵੀਆਂ ਸੜਕਾਂ ਬਣ ਰਹੀਆਂ ਹਨ, ਸ਼ਹਿਰ ਫੈਲ ਰਹੇ ਹਨ, ਉਦਯੋਗਿਕ ਖੇਤਰ ਵਧ ਰਹੇ ਹਨ ਤੇ ਨਵੇਂ ਰਿਹਾਇਸ਼ੀ ਪ੍ਰਾਜੈਕਟ ਸਾਹਮਣੇ ਆ ਰਹੇ ਹਨ। ਇਹ ਸਭ ਜ਼ਰੂਰੀ ਵੀ ਹੈ, ਪਰ ਸਵਾਲ ਇਹ ਹੈ ਕਿ ਕੀ ਸਾਡਾ ਵਾਤਾਵਰਨ, ਪਾਣੀ, ਸੀਵਰੇਜ, ਕੂੜਾ ਪ੍ਰਬੰਧਨ ਅਤੇ ਜਨਤਕ ਸਿਹਤ ਦਾ ਢਾਂਚਾ ਵੀ ਇਸੇ ਰਫ਼ਤਾਰ ਨਾਲ ਵਿਕਸਤ ਹੋ ਰਿਹਾ ਹੈ? ਜੇ ਸ਼ਹਿਰ ਦੀ ਆਬਾਦੀ ਵਧਦੀ ਜਾਵੇ ਪਰ ਸੀਵਰੇਜ ਟਰੀਟਮੈਂਟ ਪਲਾਂਟ, ਪੀਣ ਵਾਲੇ ਪਾਣੀ ਦੀ ਸੁਰੱਖਿਆ ਤੇ ਕੂੜਾ ਪ੍ਰਬੰਧਨ ਪਿੱਛੇ ਰਹਿ ਜਾਣ ਤਾਂ ਇਹ ਵਿਕਾਸ ਆਖ਼ਰਕਾਰ ਲੋਕਾਂ ਲਈ ਸਮੱਸਿਆ ਹੀ ਬਣੇਗਾ। ਸਭ ਤੋਂ ਪਹਿਲੀ ਲੋੜ ਸ਼ੁੱਧ ਅਤੇ ਸੁਰੱਖਿਅਤ ਖੁਰਾਕ ਹੈ। ਭਾਰਤ ਵਰਗੇ ਵੱਡੇ ਦੇਸ਼ ’ਚ ਕਰੋੜਾਂ ਲੋਕ ਰੋਜ਼ਾਨਾ ਬਾਜ਼ਾਰ ਤੋਂ ਦੁੱਧ, ਮਿਠਾਈਆਂ, ਮਸਾਲੇ, ਤੇਲ, ਫਲ, ਸਬਜ਼ੀਆਂ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਖਰੀਦਦੇ ਹਨ। ਖੁਰਾਕ ਸੁਰੱਖਿਆ ਦਾ ਮਸਲਾ ਸਿਰਫ਼ ਤਿਉਹਾਰਾਂ ਦੇ ਦਿਨਾਂ ’ਚ ਛਾਪੇ ਮਾਰਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਸਟੇਟ ਆਫ ਗਲੋਬਲ ਏਅਰ ਦੀ 2025 ਰਿਪੋਰਟ ਅਨੁਸਾਰ 2023 ’ਚ ਦੁਨੀਆ ਭਰ ’ਚ ਹਵਾ ਪ੍ਰਦੂਸ਼ਣ ਨਾਲ ਲਗਭਗ 79 ਲੱਖ ਮੌਤਾਂ ਹੋਈਆਂ। ਭਾਰਤ ਅਤੇ ਚੀਨ ਦੋਵਾਂ ਵਿੱਚ ਹਵਾ ਪ੍ਰਦੂਸ਼ਣ ਨਾਲ ਹੋਈਆਂ ਮੌਤਾਂ ਦੀ ਗਿਣਤੀ 20 ਲੱਖ ਤੋਂ ਵੱਧ ਦੱਸੀ ਗਈ ਹੈ। ਇਹ ਅੰਕੜਾ ਦੱਸਦਾ ਹੈ ਕਿ ਹਵਾ ਪ੍ਰਦੂਸ਼ਣ ਹੁਣ ਸਿਰਫ਼ ਵਾਤਾਵਰਨ ਦਾ ਮਸਲਾ ਨਹੀਂ ਰਿਹਾ, ਇਹ ਜਨਤਕ ਸਿਹਤ ਦਾ ਵੱਡਾ ਸੰਕਟ ਬਣ ਚੁੱਕਾ ਹੈ। ਕੇਂਦਰੀ ਭੂ-ਜਲ ਬੋਰਡ ਦੀ 2024 ਦੀ ਰਿਪੋਰਟ ਅਨੁਸਾਰ ਦੇਸ਼ ’ਚ ਸਾਲਾਨਾ ਭੂ-ਜਲ ਨਿਕਾਸ ਲਗਭਗ 245.69 ਬਿਲੀਅਨ ਘਣ ਮੀਟਰ ਸੀ ਅਤੇ ਭੂ-ਜਲ ਨਿਕਾਸ ਦਾ ਪੱਧਰ 60.46 ਫ਼ੀਸਦੀ ਸੀ। ਦੇਸ਼ ਦੀਆਂ 6746 ਮੁਲਾਂਕਣ ਇਕਾਈਆਂ ਵਿੱਚੋਂ 750 ਇਕਾਈਆਂ ‘ਓਵਰ-ਐਕਸਪਲੌਇਟਿਡ’ ਸ਼੍ਰੇਣੀ ’ਚ ਸਨ। ਪੰਜਾਬ ਲਈ ਇਹ ਚਿੰਤਾ ਹੋਰ ਵੱਡੀ ਹੈ ਕਿਉਂਕਿ ਸੂਬੇ ਦਾ ਖੇਤੀਬਾੜੀ ਮਾਡਲ ਲੰਮੇ ਸਮੇਂ ਤੋਂ ਧਰਤੀ ਹੇਠਲੇ ਪਾਣੀ ਉੱਤੇ ਬਹੁਤ ਜ਼ਿਆਦਾ ਨਿਰਭਰ ਰਿਹਾ ਹੈ। ਪੰਜਾਬ ’ਚ ਰੋਜ਼ਾਨਾ ਲਗਭਗ 4,222 ਟਨ ਠੋਸ ਕੂੜਾ ਪੈਦਾ ਹੋਣ ਦੀ ਰਿਪੋਰਟ ਸੀ, ਜਿਸ ਵਿੱਚੋਂ ਲਗਭਗ 1,471 ਟਨ ਹੀ ਪ੍ਰੋਸੈਸ ਜਾਂ ਟਰੀਟ ਕੀਤਾ ਜਾਂਦਾ ਸੀ। ਬਾਕੀ ਕੂੜੇ ਦਾ ਵੱਡਾ ਹਿੱਸਾ ਲੈਂਡਫਿਲ ਜਾਂ ਹੋਰ ਢੰਗਾਂ ਨਾਲ ਨਿਪਟਾਇਆ ਜਾਂਦਾ ਸੀ। ਨਵੀਂ ਸੜਕ ਜ਼ਰੂਰੀ ਹੈ ਪਰ ਉਸ ਦੇ ਨਾਲ ਪੈਦਲ ਚੱਲਣ ਵਾਲੇ ਲਈ ਰਸਤਾ ਵੀ ਜ਼ਰੂਰੀ ਹੈ। ਅਸਲ ’ਚ ਦੇਸ਼ ਨੂੰ ਵਿਕਾਸ ਦੀ ਲੋੜ ਹੈ ਪਰ ਬੇਤਰਤੀਬੇ ਵਿਕਾਸ ਨਾਲ ਚੀਜ਼ਾਂ ਉਲਝਦੀਆਂ ਹਨ। -ਲਾਡੀ ਜਗਤਾਰ, ਸੰਪਰਕ : 9463603091