- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਪਾਸੇ ਦੁਨੀਆ ਭਰ ’ਚ ਮੁਸਲਿਮ ਆਬਾਦੀ ਵਧ ਰਹੀ ਹੈ ਤੇ ਪਿਊ ਰਿਸਰਚ ਦਾ ਤਾਜ਼ਾ ਸਰਵੇਖਣ ਵੀ ਇਸ ਦੀ ਪੁਸ਼ਟੀ ਕਰਦਾ ਹੈ ਪਰ ਦੂਜੇ ਪਾਸੇ ਇਸਲਾਮ ਛੱਡਣ ਤੇ ਇਸ ਪ੍ਰਤੀ ਉਦਾਸੀਨ ਹੋਣ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਰਹਿਣ ਨਾਲ ਇਕ ਹੱਦ ਤੋਂ ਬਾਅਦ ਗੁਣਾਤਮਕ ਤਬਦੀਲੀ ਆਉਣੀ ਤੈਅ ਹੈ। ਸਾਰੇ ਪ੍ਰਮੁੱਖ ਮੁਸਲਿਮ ਦੇਸ਼ਾਂ ’ਚ ਇਸਲਾਮ ਛੱਡਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ।

ਸ਼ੰਕਰ ਸ਼ਰਨ
ਬੀਤੇ ਦਿਨੀਂ ਮੁੰਬਈ ’ਚ ਸਾਬਕਾ ਮੁਸਲਿਮ ਸਾਹਿਲ ’ਤੇ ਹੋਇਆ ਹਮਲਾ ਚਿੰਤਾ ਦਾ ਵਿਸ਼ਾ ਹੈ। ਅੱਜ ਤਸਲੀਮਾ ਨਸਰੀਨ, ਆਰਿਫ਼ ਹੁਸੈਨ ਤੇਰੂਵਤ, ਸਾਹਿਲ, ਜ਼ਫ਼ਰ ਹੇਰੇਟਿਕ ਅਤੇ ਲਿਆਕਤ ਅਲੀ ਵਰਗੇ ਸਾਬਕਾ ਮੁਸਲਿਮ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ। ਲਿਆਕਤ ‘ਐਕਸ ਮੁਸਲਿਮ ਆਫ਼ ਕੇਰਲ’ ਨਾਂ ਦੇ ਸੰਗਠਨ ਦੇ ਮੁਖੀ ਹਨ। ਦੁਨੀਆ ਭਰ ’ਚ ਇਸਲਾਮੀ ਪ੍ਰਚਾਰਕ ਇਸਲਾਮ ਦੇ ਵਧਦੇ ਪ੍ਰਭਾਵ ਦਾ ਦਾਅਵਾ ਕਰਦੇ ਹਨ, ਜਦਕਿ ਸੱਚਾਈ ਇਹ ਵੀ ਹੈ ਕਿ ਮੁਸਲਿਮ ਦੇਸ਼ਾਂ ’ਚ ਹੀ ਇਸਲਾਮ ਪ੍ਰਤੀ ਉਦਾਸੀਨਤਾ ਵਧ ਰਹੀ ਹੈ, ਖ਼ਾਸ ਕਰ ਕੇ ਨੌਜਵਾਨਾਂ ’ਚ। ਇਸ ਰੁਝਾਨ ਨੂੰ ਰੋਕਣ ਲਈ ਇਸਲਾਮੀ ਸ਼ਾਸਕਾਂ, ਸੰਗਠਨਾਂ ਤੇ ਇਮਾਮਾਂ ਕੋਲ ਸਜ਼ਾ ਤੇ ਦਬਾਅ ਬਣਾਉਣ ਤੋਂ ਇਲਾਵਾ ਕੋਈ ਖ਼ਾਸ ਰਸਤਾ ਦਿਖਾਈ ਨਹੀਂ ਦਿੰਦਾ। ਸਾਬਕਾ ਮੁਸਲਿਮ ਸਾਹਿਲ ’ਤੇ ਹੋਇਆ ਹਮਲਾ ਇਸ ਦੀ ਹੀ ਮਿਸਾਲ ਹੈ। ਕਿਸੇ ਵਿਅਕਤੀ ਦੇ ਵਿਚਾਰਾਂ ਕਾਰਨ ਉਸ ’ਤੇ ਹਮਲਾ ਕਰਨਾ ਇਹੀ ਸਾਬਤ ਕਰਦਾ ਹੈ ਕਿ ਉਸ ਦੀ ਗੱਲ ’ਚ ਸੱਚਾਈ ਹੈ ਤੇ ਉਸ ਦਾ ਜਵਾਬ ਦੇਣ ’ਚ ਅਸਫ਼ਲ ਰਹਿਣ ਕਾਰਨ ਉਸ ਨੂੰ ਚੁੱਪ ਕਰਾਉਣ ਲਈ ਹਿੰਸਾ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸੇ ਲਈ ਸਾਹਿਲ ’ਤੇ ਹਮਲੇ ਵਰਗੀਆਂ ਘਟਨਾਵਾਂ ਨਾਲ ਨੌਜਵਾਨਾਂ ’ਚ ਇਸਲਾਮੀ ਮਾਨਤਾਵਾਂ ਪ੍ਰਤੀ ਸ਼ੱਕ ਹੀ ਵਧੇਗਾ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਤਮਾਮ ਇਸਲਾਮੀ ਦੇਸ਼ ਪਛੜੇਪਣ ਦੀ ਸਥਿਤੀ ’ਚ ਹਨ। ਮੁਸਲਿਮ ਨੌਜਵਾਨ ਇਸ ਹਕੀਕਤ ਨੂੰ ਕਿੰਨਾ ਚਿਰ ਨਜ਼ਰਅੰਦਾਜ਼ ਕਰਦੇ ਰਹਿਣਗੇ! ਸਿੱਟੇ ਵਜੋਂ ਦੁਨੀਆ ’ਚ ਇਸਲਾਮ ਦੇ ਵਧਣ ਤੇ ਘਟਣ ਦੀਆਂ ਦੋ ਉਲਟ ਤਸਵੀਰਾਂ ਇਕੱਠੀਆਂ ਦਿਖਾਈ ਦੇ ਰਹੀਆਂ ਹਨ।
ਇਕ ਪਾਸੇ ਦੁਨੀਆ ਭਰ ’ਚ ਮੁਸਲਿਮ ਆਬਾਦੀ ਵਧ ਰਹੀ ਹੈ ਤੇ ਪਿਊ ਰਿਸਰਚ ਦਾ ਤਾਜ਼ਾ ਸਰਵੇਖਣ ਵੀ ਇਸ ਦੀ ਪੁਸ਼ਟੀ ਕਰਦਾ ਹੈ ਪਰ ਦੂਜੇ ਪਾਸੇ ਇਸਲਾਮ ਛੱਡਣ ਤੇ ਇਸ ਪ੍ਰਤੀ ਉਦਾਸੀਨ ਹੋਣ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਇਹ ਸਿਲਸਿਲਾ ਲਗਾਤਾਰ ਜਾਰੀ ਰਹਿਣ ਨਾਲ ਇਕ ਹੱਦ ਤੋਂ ਬਾਅਦ ਗੁਣਾਤਮਕ ਤਬਦੀਲੀ ਆਉਣੀ ਤੈਅ ਹੈ। ਸਾਰੇ ਪ੍ਰਮੁੱਖ ਮੁਸਲਿਮ ਦੇਸ਼ਾਂ ’ਚ ਇਸਲਾਮ ਛੱਡਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਕੁਝ ਸਾਲ ਪਹਿਲਾਂ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐੱਫਆਈਏ) ਨੇ ਅੰਕੜਾ ਦਿੱਤਾ ਸੀ ਕਿ ਸੋਸ਼ਲ ਮੀਡੀਆ ’ਤੇ ਚਾਰ ਲੱਖ ਪਾਕਿਸਤਾਨੀ ਅਕਾਊਂਟਾਂ ਰਾਹੀਂ ਇਸਲਾਮ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ। ਈਰਾਨ ’ਚ ਸਖ਼ਤ ਇਸਲਾਮੀ ਸ਼ਾਸਨ ਹੋਣ ਦੇ ਬਾਵਜੂਦ ਇਸਲਾਮੀ ਕਾਨੂੰਨਾਂ ਵਿਰੁੱਧ ਜਨਤਕ ਵਿਰੋਧ ਤੇ ਪ੍ਰਦਰਸ਼ਨਾਂ ਦੀਆਂ ਘਟਨਾਵਾਂ ਆਏ ਦਿਨ ਵਾਪਰਦੀਆਂ ਰਹਿੰਦੀਆਂ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਇਸਲਾਮ ਦੀ ਵਿਚਾਰਧਾਰਕ ਤਾਕਤ ਪਹਿਲਾਂ ਦੇ ਮੁਕਾਬਲੇ ਕਾਫ਼ੀ ਕਮਜ਼ੋਰ ਹੋ ਚੁੱਕੀ ਹੈ। ਸਾਬਕਾ ਮੁਸਲਮਾਨਾਂ ਦੀ ਵਧਦੀ ਗਿਣਤੀ ਇਸੇ ਦਾ ਨਤੀਜਾ ਹੈ। ਚਾਰ ਦਹਾਕੇ ਪਹਿਲਾਂ ਕਿਹਾ ਜਾਂਦਾ ਸੀ ਕਿ ਮੁਸਲਮਾਨਾਂ ’ਚ ਕੋਈ ਧਰਮ ਛੱਡਣ ਵਾਲਾ ਨਹੀਂ ਹੁੰਦਾ ਪਰ ਹੁਣ ਕੋਈ ਅਜਿਹਾ ਦਾਅਵਾ ਨਹੀਂ ਕਰਦਾ। ਪਹਿਲਾਂ ਇਸਲਾਮ ਤੋਂ ਦੂਰ ਹੋਣ ਵਾਲੇ ਮੁਸਲਮਾਨ ਲੁਕ ਕੇ ਰਹਿੰਦੇ ਸਨ ਤੇ ਆਪਣਾ ਨਾਂ ਬਦਲ ਕੇ ਲਿਖਦੇ ਸਨ। ਹੁਣ ਅਜਿਹੇ ਬਹੁਤ ਸਾਰੇ ਸਾਬਕਾ ਮੁਸਲਮਾਨ ਆਪਣੇ ਅਸਲੀ ਨਾਂ ਤੇ ਤਸਵੀਰਾਂ ਨਾਲ ਡਿਜੀਟਲ ਮੀਡੀਆ ’ਤੇ ਖੁੱਲ੍ਹੇਆਮ ਸਰਗਰਮ ਹਨ ਅਤੇ ਕੱਟੜ ਇਸਲਾਮੀ ਮਾਨਤਾਵਾਂ ਦਾ ਨਿਯਮਿਤ ਤੌਰ ’ਤੇ ਵਿਸਥਾਰ ਸਹਿਤ ਖੰਡਨ ਕਰ ਰਹੇ ਹਨ।
ਇਸਲਾਮੀ ਪ੍ਰਚਾਰ ਅੰਦਰੋਂ ਕਮਜ਼ੋਰ ਹੋ ਰਿਹਾ ਹੈ। ਕਈ ਮੁਸਲਿਮ ਦੇਸ਼ਾਂ ’ਚ ਸਖ਼ਤ ਸ਼ਰੀਅਤ ਕਾਨੂੰਨ ਹੋਣ ਦੇ ਬਾਵਜੂਦ ਸਰਕਾਰੀ ਤੰਤਰ ਇਸਲਾਮ ਦੀ ਆਲੋਚਨਾ (ਈਸ਼ਨਿੰਦਾ) ਨੂੰ ਰੋਕਣ ’ਚ ਅਸਫ਼ਲ ਹੈ। ਅੱਜ ਇੰਟਰਨੈੱਟ ਆਧਾਰਿਤ ਮੀਡੀਆ ਦੀ ਸਹੂਲਤ ਨੇ ਇਮਾਮਾਂ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੱਤਾ ਹੈ। ਹੁਣ ਉਹ ਪਹਿਲਾਂ ਵਾਂਗ ਇਸਲਾਮੀ ਸਿਧਾਂਤਾਂ ਤੇ ਇਤਿਹਾਸ ਬਾਰੇ ਆਪਣੀ ਇਜਾਰੇਦਾਰੀ ਨਹੀਂ ਜਤਾ ਸਕਦੇ ਕਿ ਜਿਵੇਂ ਚਾਹੁਣ, ਉਸੇ ਤਰ੍ਹਾਂ ਗੱਲਾਂ ਦੱਸ ਕੇ ਮੁਸਲਮਾਨਾਂ ਨੂੰ ਆਪਣੇ ਕਾਬੂ ’ਚ ਰੱਖ ਸਕਣ। ਇਹ ਇਕ ਬੁਨਿਆਦੀ ਤਬਦੀਲੀ ਹੈ। ਇਸ ਕਾਰਨ ਮੁਸਲਿਮ ਸਮਾਜ ’ਤੇ ਮੌਲਵੀਆਂ ਦੀ ਰਵਾਇਤੀ ਪਕੜ ਕਮਜ਼ੋਰ ਹੋਈ ਹੈ। ਹੁਣ ਮੁਸਲਮਾਨ ਇਤਿਹਾਸਕ ਅਤੇ ਸਿਧਾਂਤਕ ਗੱਲਾਂ ਨੂੰ ਖ਼ੁਦ ਜਾਣਨ, ਪਰਖਣ ਤੇ ਉਨ੍ਹਾਂ ਦੀ ਤੁਲਨਾ ਕਰਨ ਦੇ ਸਮਰੱਥ ਹੋ ਰਹੇ ਹਨ। ਇਸ ਨਾਲ ਰਵਾਇਤੀ ਉਲੇਮਾ ਮਨਮਰਜ਼ੀ ਦੇ ਨਤੀਜੇ ਥੋਪਣ ’ਚ ਅਸਮਰੱਥ ਹੋ ਰਹੇ ਹਨ। ਸਿਰਫ਼ ਧਾਰਮਿਕ ਵਿਸ਼ਵਾਸ ਤੇ ਜੰਨਤ-ਜਹੰਨਮ ਦੇ ਇਨਾਮ ਤੇ ਸਜ਼ਾ ਦੇ ਦਾਅਵਿਆਂ ਦੇ ਸਹਾਰੇ ਸਾਰੇ ਮੁਸਲਮਾਨਾਂ ਨੂੰ ਆਪਣੇ ਕਾਬੂ ’ਚ ਰੱਖਣਾ ਹੁਣ ਮੁਸ਼ਕਲ ਹੋ ਰਿਹਾ ਹੈ।
ਇਸੇ ਮੋੜ ’ਤੇ ਸਾਬਕਾ ਮੁਸਲਮਾਨਾਂ ਦੀ ਭੂਮਿਕਾ ਵਧ ਰਹੀ ਹੈ। ਉਹ ਤੱਥਾਂ, ਤਰਕਾਂ, ਇਤਿਹਾਸ ਤੇ ਠੋਸ ਆਧਾਰਾਂ ’ਤੇ ਆਪਣੀਆਂ ਗੱਲਾਂ ਰੱਖਦੇ ਹਨ। ਇਹ ਗੱਲਾਂ ਆਮ ਮਨੁੱਖੀ ਬੁੱਧੀ ਨੂੰ ਵਧੇਰੇ ਪ੍ਰਭਾਵਸ਼ਾਲੀ ਲੱਗਦੀਆਂ ਹਨ। ਇਸ ਖ਼ਤਰੇ ਨੂੰ ਸਮਝਦਿਆਂ ਹੀ ਦੁਨੀਆ ਭਰ ’ਚ ਕੱਟੜਪੰਥੀ ਇਸਲਾਮੀ ਤੱਤ ਆਪਣੇ ਦੇਸ਼ਾਂ ’ਚ ਸਾਬਕਾ ਮੁਸਲਮਾਨਾਂ ’ਤੇ ਹਮਲੇ ਕਰਦੇ ਹਨ, ਕਿਉਂਕਿ ਉਨ੍ਹਾਂ ਕੋਲ ਕੋਈ ਢੁੱਕਵੀਂ ਦਲੀਲ ਨਹੀਂ ਹੁੰਦੀ। ਹੁਣ ਸਰਬਵਿਆਪੀ ਡਿਜੀਟਲ ਮੀਡੀਆ ਨੇ ਕੌਮੀ, ਭੂਗੋਲਿਕ, ਤਕਨੀਕੀ ਤੇ ਸਾਧਨਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਕਾਫ਼ੀ ਹੱਦ ਤੱਕ ਖ਼ਤਮ ਕਰ ਦਿੱਤਾ ਹੈ। ਇਸੇ ਕਾਰਨ ਬਿਨਾਂ ਕਿਸੇ ਦੀ ਨਿੰਦਾ ਕੀਤੇ ਸਿਰਫ਼ ਤੱਥ ਪੇਸ਼ ਕਰਨਾ, ਦੂਜੇ ਧਰਮਾਂ, ਸਮਾਜਾਂ, ਇਤਿਹਾਸ ਜਾਂ ਵਰਤਮਾਨ ਨਾਲ ਤੁਲਨਾ ਕਰਨਾ ਤੇ ਉਸ ਅਨੁਸਾਰ ਆਲੋਚਨਾ ਕਰਨਾ ਆਸਾਨ ਹੋ ਗਿਆ ਹੈ। ਇਹੀ ਕਾਰਨ ਹੈ ਕਿ ਪਾਕਿਸਤਾਨ ਵਰਗੇ ਦੇਸ਼ ’ਚ ਜੋ ਕੰਮ ਦਸ ਸਾਲ ਪਹਿਲਾਂ ਤੱਕ ਖ਼ਤਰਨਾਕ ਮੰਨਿਆ ਜਾਂਦਾ ਸੀ, ਹੁਣ ਆਮ ਜਿਹਾ ਹੁੰਦਾ ਜਾ ਰਿਹਾ ਹੈ। ਅੱਜ ਹਜ਼ਾਰਾਂ ਪਾਕਿਸਤਾਨੀ ਇਸਲਾਮ ਦੀਆਂ ਕੱਟੜ ਮਾਨਤਾਵਾਂ ਦੀ ਆਲੋਚਨਾ ’ਚ ਲਿਖ ਅਤੇ ਬੋਲ ਰਹੇ ਹਨ। ਸੋਸ਼ਲ ਮੀਡੀਆ ’ਤੇ ਸਾਬਕਾ ਮੁਸਲਮਾਨਾਂ ਦੇ ਅਕਾਊਂਟ ਚਲਾਉਣ ਵਾਲਿਆਂ ’ਚ ਪਾਕਿਸਤਾਨੀ ਫ਼ੌਜੀਆਂ, ਜੱਜਾਂ ਤੇ ਅਮੀਰ ਲੋਕਾਂ ਦੇ ਬੱਚੇ ਵੀ ਸ਼ਾਮਲ ਹਨ। ਆਮ ਲੋਕਾਂ ’ਚ ਵੀ ਅਣਗਿਣਤ ਲੋਕ ਸਿਰਫ਼ ਡਰ ਕਾਰਨ ਇਸਲਾਮੀ ਰੀਤੀ-ਰਿਵਾਜਾਂ ਦੀ ਪਾਲਣਾ ਕਰਦੇ ਹਨ, ਨਹੀਂ ਤਾਂ ਧਾਰਮਿਕ ਨਿਯਮਾਂ ਨੂੰ ਰੱਦ ਕਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਇਹ ਵਰਤਾਰਾ ਸਿਰਫ਼ ਪਾਕਿਸਤਾਨ ਤੱਕ ਸੀਮਤ ਨਹੀਂ ਹੈ। ਮਿਸਰ, ਤੁਰਕੀ, ਈਰਾਨ ਤੇ ਸਾਊਦੀ ਅਰਬ ਵਰਗੇ ਕਈ ਮਹੱਤਵਪੂਰਨ ਮੁਸਲਿਮ ਦੇਸ਼ਾਂ ’ਚ ਹਜ਼ਾਰਾਂ ਲੋਕ ਇਸਲਾਮ ਛੱਡ ਚੁੱਕੇ ਹਨ। ਰਸਮੀ ਗੱਲਬਾਤ ਦੌਰਾਨ ਵੀ ਉਹ ਸਦੀਆਂ ਪੁਰਾਣੇ ਕਈ ਇਸਲਾਮੀ ਹੁਕਮਾਂ, ਮਾਨਤਾਵਾਂ ਤੇ ਪਰੰਪਰਾਵਾਂ ਨੂੰ ਰੱਦ ਕਰਦੇ ਹਨ। ਇਸ ਰੁਝਾਨ ਨੂੰ ਰੋਕਣ ਲਈ ਸਿਰਫ਼ ਸਜ਼ਾ ਦਾ ਡਰ ਦਿਖਾਉਣਾ ਗ਼ਲਤ ਹੈ। ਆਮ ਮੁਸਲਮਾਨ ਵੀ ਇਸ ਗੱਲ ਨੂੰ ਸਮਝ ਸਕਦੇ ਹਨ, ਬਸ਼ਰਤੇ ਕੋਈ ਉਨ੍ਹਾਂ ਨੂੰ ਇਸ ਲਈ ਪ੍ਰੇਰਿਤ ਕਰੇ। ਸਾਬਕਾ ਮੁਸਲਮਾਨ ਇਸੇ ਦਿਸ਼ਾ ’ਚ ਆਪਣਾ ਯੋਗਦਾਨ ਪਾ ਰਹੇ ਹਨ।
ਇਕ ਅਰਥ ’ਚ ਸਾਹਿਲ ਵਰਗੇ ਸਾਬਕਾ ਮੁਸਲਮਾਨਾਂ ਦੀ ਸਥਿਤੀ ਇਸਲਾਮ ਦੇ ਸਾਹਮਣੇ ਉਹੋ ਜਿਹੀ ਹੈ, ਜਿਹੋ ਜਿਹੀ ਮੱਧਕਾਲ ’ਚ ਚਰਚ ਦੇ ਸਾਹਮਣੇ ਗੈਲੀਲੀਓ ਦੀ ਸੀ। ਉਸ ਨੇ ਕਿਹਾ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ, ਜਦਕਿ ਕੈਥੋਲਿਕ ਚਰਚ ਦੇ ਅਧਿਕਾਰੀ ਮੰਨਦੇ ਸਨ ਕਿ ਸੂਰਜ ਹੀ ਧਰਤੀ ਦੁਆਲੇ ਘੁੰਮਦਾ ਹੈ। ਉਸ ਸਮੇਂ ਚਰਚ ਦੇ ਹੱਥ ’ਚ ਰਾਜਨੀਤਕ ਸੱਤਾ ਹੋਣ ਕਾਰਨ ਗੈਲੀਲੀਓ ਨੂੰ ਆਪਣੀ ਗੱਲ ਵਾਪਸ ਲੈਣੀ ਪਈ ਸੀ ਪਰ ਸਮੇਂ ਦੇ ਬੀਤਣ ਨਾਲ ਸੱਚਾਈ ਦੇ ਸਾਹਮਣੇ ਚਰਚ ਦੀ ਸੱਤਾ ਤੇ ਜ਼ਬਰਦਸਤੀ ਕਾਇਮ ਕੀਤਾ ਗਿਆ ਉਸ ਦਾ ਦਬਦਬਾ ਵੀ ਖ਼ਤਮ ਹੋ ਗਿਆ। ਇਸੇ ਤਰ੍ਹਾਂ ਅੱਜ ਇਸਲਾਮੀ ਵਿਚਾਰਧਾਰਾ ਪਤਨ ਦੇ ਦੌਰ ’ਚੋਂ ਲੰਘ ਰਹੀ ਹੈ। ਜਿਸ ਤਰ੍ਹਾਂ ਵਿਗਿਆਨ ਦੇ ਵਿਕਾਸ ਨੇ ਗੈਲੀਲੀਓ ਦੀ ਮਹੱਤਤਾ ਸਥਾਪਤ ਕੀਤੀ, ਉਸੇ ਤਰ੍ਹਾਂ ਮੁਸਲਿਮ ਸਮਾਜ ’ਚ ਗਿਆਨ ਦਾ ਵਿਕਾਸ ਸਾਹਿਲ ਵਰਗੇ ਤਰਕਸ਼ੀਲ ਲੋਕਾਂ ਨੂੰ ਆਪਣੀ ਥਾਂ ਬਣਾਉਣ ਦਾ ਮੌਕਾ ਦੇਵੇਗਾ। ਸਹਿਣਸ਼ੀਲਤਾ, ਉਦਾਰਤਾ, ਵਿਚਾਰਾਂ ਦੀ ਆਜ਼ਾਦੀ ਤੇ ਮਤਭੇਦਾਂ ਦਾ ਸਤਿਕਾਰ ਸਿਰਫ਼ ਹਿੰਦੂਆਂ ਲਈ ਹੀ ਨਹੀਂ, ਸਗੋਂ ਮੁਸਲਮਾਨਾਂ ਲਈ ਵੀ ਓਨਾ ਹੀ ਜ਼ਰੂਰੀ ਹੈ। ਸਾਬਕਾ ਮੁਸਲਮਾਨ ਆਪਣੇ ਸਮਾਜ ਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮਾਮਲੇ ’ਚ ਸਰਕਾਰ ਤੇ ਸਮਾਜ, ਦੋਵਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
(ਲੇਖਕ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਅਤੇ ਸੀਨੀਅਰ ਕਾਲਮਨਵੀਸ ਹਨ।)