- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਾਰੇ ਦੌਰਾਨ ਮੈਨੂੰ ਸਭ ਤੋਂ ਵੱਡੀ ਤਬਦੀਲੀ ਆਪਣੀ ਮਾਂ ’ਚ ਨਜ਼ਰ ਆਈ। ਮਾਂ ਹੁਣ ਜ਼ਿੰਦਗੀ ਦੇ ਚੁਰਾਸੀਵੇਂ ਬਸੰਤ ’ਚ ਹੈ। ਕੋਈ ਪੱਚੀ-ਤੀਹ ਸਾਲ ਪਹਿਲਾਂ ਅਸੀਂ ਮਾਂ ਤੇ ਪਾਪਾ ਜੀ ਨੂੰ ਪਿੰਡ ਵਾਲੇ ਇਸ ਘਰ ਤੋਂ ਚੰਡੀਗੜ੍ਹ ਆਪਣੇ ਕੋਲ ਬੁਲਾ ਲਿਆ ਸੀ। ਉਹ ਇੱਥੇ ਰਹਿੰਦੇ ਸਨ, ਖੇਤੀ ਕਰਦੇ ਸਨ। ਉਮਰ ਵਧ ਰਹੀ ਸੀ, ਇਸ ਲਈ ਅਸੀਂ ਸੋਚਿਆ ਕਿ ਹੁਣ ਉਹ ਸਾਡੇ ਕੋਲ ਰਹਿਣ। ਉਸ ਤੋਂ ਬਾਅਦ ਪਿੰਡ ਆਉਣਾ-ਜਾਣਾ ਤਾਂ ਬਣਿਆ ਰਿਹਾ ਪਰ ਪਿੰਡ ’ਚ ਰਹਿਣਾ ਨਹੀਂ ਰਿਹਾ।

ਗੋਵਰਧਨ ਗੱਬੀ
ਪਿਛਲੇ ਸੋਲ੍ਹਾਂ ਦਿਨਾਂ ਤੋਂ ਪਿੰਡ ’ਚ ਹਾਂ। ਮੇਰੇ ਨਾਲ ਮੇਰੀ ਪਤਨੀ ਤੇ ਮੇਰੀ ਮਾਂ ਵੀ ਆਈਆਂ ਸਨ। ਹਫ਼ਤਾ ਕੁ ਬਾਅਦ ਪਤਨੀ ਨੂੰ ਚੰਡੀਗੜ੍ਹ ਵਾਪਸ ਜਾਣਾ ਪਿਆ। ਸਕੂਲ ਦੇ ਕੰਮ ਸਨ, ਕੁਝ ਆਪਣੀਆਂ ਮਜਬੂਰੀਆਂ ਸਨ। ਪਿੱਛੇ ਮੈਂ ਤੇ ਮਾਂ ਰਹਿ ਗਏ। ਅਸਲ ’ਚ ਅਸੀਂ ਆਪਣਾ ਪੁਰਾਣਾ ਘਰ ਨੂੰ ਨਵਾਂ ਰੂਪ ਦੇ ਰਹੇ ਹਾਂ। ਨਵਾਂ ਘਰ ਨਹੀਂ ਬਣਾ ਰਹੇ, ਪੁਰਾਣੇ ਘਰ ਨੂੰ ਉਸ ਦੀ ਪੁਰਾਣੀ ਸ਼ਕਲ-ਸੂਰਤ ਬਚਾਉਂਦਿਆਂ ਦੁਬਾਰਾ ਖੜ੍ਹਾ ਕਰ ਰਹੇ ਹਾਂ। ਕੋਈ ਪੰਜਾਹ ਕੁ ਸਾਲ ਪਹਿਲਾਂ ਇਹ ਘਰ ਸਾਡੇ ਪਿਤਾ(ਪਾਪਾ) ਜੀ ਤੇ ਮਾਂ ਨੇ ਰਲ ਕੇ ਬਣਾਇਆ ਸੀ। ਪੱਕੀਆਂ ਇੱਟਾਂ, ਗਾਰੇ ਦੀ ਚਿਣਾਈ, ਆਰਸੀਸੀ ਦੀ ਛੱਤ, ਜਿਸ ’ਚ ਉਸ ਵੇਲੇ ਦੀ ਰੀਤ ਮੁਤਾਬਕ ਇੱਟਾਂ ਵੀ ਪਈਆਂ ਹੋਈਆਂ ਸਨ। ਸਰੀਆ, ਸੀਮਿੰਟ, ਬਜਰੀ ਮਤਲਬ ਜਿੰਨਾ ਕੁ ਉਸ ਸਮੇਂ ਇੱਕ ਘਰ ਬਣਾਉਣ ਲਈ ਚਾਹੀਦਾ ਸੀ, ਸਭ ਇਸ ’ਚ ਲੱਗਿਆ ਹੋਇਆ ਸੀ।
ਸਾਡਾ ਮਨ ਸੀ ਕਿ ਘਰ ਨਵਾਂ ਹੋਵੇ ਪਰ ਘਰ ਲੱਗੇ ਪੁਰਾਣਾ ਹੀ। ਕੰਧਾਂ ਬਦਲ ਜਾਣ ਪਰ ਯਾਦਾਂ ਦੀਆਂ ਕੰਧਾਂ ਨਾ ਡਿੱਗਣ। ਇਸੇ ਕੰਮ ਕਰਕੇ ਅਸੀਂ ਪਿੰਡ ’ਚ ਰੁਕੇ ਹੋਏ ਸਾਂ। ਮਿਸਤਰੀ, ਮਜ਼ਦੂਰ, ਚਾਹ-ਪਾਣੀ, ਦਾਲ-ਸਬਜ਼ੀ, ਦੁੱਧ ਤੇ ਘਰ ਬਣਾਉਣ ਦੇ ਨਾਲ-ਨਾਲ ਪਿੰਡ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵੀ ਚੱਲ ਰਹੀ ਸੀ।
ਇਸ ਸਾਰੇ ਦੌਰਾਨ ਮੈਨੂੰ ਸਭ ਤੋਂ ਵੱਡੀ ਤਬਦੀਲੀ ਆਪਣੀ ਮਾਂ ’ਚ ਨਜ਼ਰ ਆਈ। ਮਾਂ ਹੁਣ ਜ਼ਿੰਦਗੀ ਦੇ ਚੁਰਾਸੀਵੇਂ ਬਸੰਤ ’ਚ ਹੈ। ਕੋਈ ਪੱਚੀ-ਤੀਹ ਸਾਲ ਪਹਿਲਾਂ ਅਸੀਂ ਮਾਂ ਤੇ ਪਾਪਾ ਜੀ ਨੂੰ ਪਿੰਡ ਵਾਲੇ ਇਸ ਘਰ ਤੋਂ ਚੰਡੀਗੜ੍ਹ ਆਪਣੇ ਕੋਲ ਬੁਲਾ ਲਿਆ ਸੀ। ਉਹ ਇੱਥੇ ਰਹਿੰਦੇ ਸਨ, ਖੇਤੀ ਕਰਦੇ ਸਨ। ਉਮਰ ਵਧ ਰਹੀ ਸੀ, ਇਸ ਲਈ ਅਸੀਂ ਸੋਚਿਆ ਕਿ ਹੁਣ ਉਹ ਸਾਡੇ ਕੋਲ ਰਹਿਣ। ਉਸ ਤੋਂ ਬਾਅਦ ਪਿੰਡ ਆਉਣਾ-ਜਾਣਾ ਤਾਂ ਬਣਿਆ ਰਿਹਾ ਪਰ ਪਿੰਡ ’ਚ ਰਹਿਣਾ ਨਹੀਂ ਰਿਹਾ। ਵਿਆਹ-ਸ਼ਾਦੀ ਹੋਈ ਤਾਂ ਇਕ ਦਿਨ, ਦੋ ਦਿਨ, ਵੱਧ ਤੋਂ ਵੱਧ ਤਿੰਨ ਦਿਨ। ਪਿੰਡ ਨਾਲ ਰਿਸ਼ਤਾ ਟੁੱਟਿਆ ਨਹੀਂ ਸੀ ਪਰ ਰਿਸ਼ਤੇ ਦੀ ਗਰਮਾਇਸ਼ ਜ਼ਰੂਰ ਘੱਟ ਗਈ ਸੀ। ਇਸ ਵਾਰ ਮਾਂ ਨੂੰ ਲਗਾਤਾਰ ਇੰਨੇ ਦਿਨ ਪਿੰਡ ’ਚ ਰਹਿਣ ਦਾ ਮੌਕਾ ਮਿਲਿਆ ਤਾਂ ਜਿਵੇਂ ਉਸ ਨੇ ਆਪਣੀ ਪੁਰਾਣੀ ਜ਼ਿੰਦਗੀ ਦੀ ਰੂਹ ਮੁੜ ਫੜ ਲਈ।
ਸਵੇਰੇ ਦੁੱਧ ਲੈਣ ਗੁਆਂਢੀਆਂ ਦੇ ਘਰ ਜਾਂਦੀ। ਫਿਰ ਕਿਸੇ ਸਹੇਲੀ ਦੇ ਘਰ ਬੈਠ ਆਉਂਦੀ। ਕਿਤੇ ਪੁਰਾਣੀ ਜਾਣ-ਪਛਾਣ ਵਾਲੀ ਮਿਲ ਜਾਂਦੀ। ਕਿਸੇ ਦੀ ਨੂੰਹ ਉਸ ਨੂੰ ‘ਮਾਮੀ’ ਕਹਿ ਕੇ ਘਰ ਬੁਲਾ ਲੈਂਦੀ। ਕਿਸੇ ਦੇ ਪੋਤੇ-ਪੋਤਰੀ ਉਸ ਦੇ ਆਲੇ-ਦੁਆਲੇ ਆ ਬੈਠਦੇ। ਜਿਨ੍ਹਾਂ ਬੱਚਿਆਂ ਨੂੰ ਉਸ ਨੇ ਕਦੇ ਆਪਣੀਆਂ ਅੱਖਾਂ ਸਾਹਮਣੇ ਵੱਡਾ ਹੁੰਦਾ ਦੇਖਿਆ ਸੀ, ਉਨ੍ਹਾਂ ਦੇ ਬੱਚਿਆਂ ਨੂੰ ਦੇਖ ਕੇ ਸ਼ਾਇਦ ਉਸ ਨੂੰ ਆਪਣੀ ਉਮਰ ਦਾ ਵੀ ਅਹਿਸਾਸ ਹੁੰਦਾ ਹੋਵੇਗਾ।
ਕਈ ਘਰਾਂ ਤੋਂ ਸਬਜ਼ੀ ਆ ਜਾਂਦੀ। ਇਕ ਦਿਨ ਕੋਈ ਚਾਰ-ਪੰਜ ਕਿਲੋ ਚੌਲ ਵੀ ਲੈ ਆਈ। ਅਸੀਂ ਮਾਂ ਨੂੰ ਕਿਹਾ, ‘ਇਹ ਚੌਲ ਕਿਉਂ ਲੈ ਆਈ?’ ਮਾਂ ਨੇ ਕਿਹਾ, ‘ਉਹ ਕਹਿੰਦੇ ਸੀ ਮਾਮੀ, ਤੁਸੀਂ ਸਾਡੇ ਘਰ ਬੜੇ ਚਿਰਾਂ ਬਾਅਦ ਆਏ ਹੋ ਤਾਂ ਕੁਝ ਸ਼ਗਨ ਦੇਣਾ ਤਾਂ ਸਾਡਾ ਫਰਜ਼ ਬਣਦਾ ਹੈ।’ ਇਹ ਉਹੀ ਘਰ ਸੀ, ਜਿਸ ’ਚ ਮਾਂ 1962 ’ਚ ਵਿਆਹ ਕੇ ਆਈ ਸੀ। 1964 ’ਚ ਇਸੇ ਘਰ ਨਾਲ ਜੁੜੀ ਜ਼ਿੰਦਗੀ ’ਚ ਇੱਕ ਵੱਡਾ ਹਾਦਸਾ ਆਇਆ, ਜਦੋਂ ਸਾਡੇ ਪਾਪਾ ਜੀ ਆਪਣਾ ਇਕ ਹੱਥ ਗੁਆ ਬੈਠੇ। ਇਸੇ ਘਰ ’ਚ ਸਾਡੇ ਬੱਚਿਆਂ ਦੀਆਂ ਕਿਲਕਾਰੀਆਂ ਗੂੰਜੀਆਂ। ਇੱਥੇ ਹੀ ਅਸੀਂ ਵੱਡੇ ਹੋਏ। ਪਾਪਾ ਜੀ ਖੇਤਾਂ ’ਚ ਜਾਂਦੇ, ਕਦੇ ਫੇਰੀ ਉੱਤੇ ਚਲੇ ਜਾਂਦੇ। ਮਾਂ ਪਿੱਛੋਂ ਘਰ ਸੰਭਾਲਦੀ, ਸਾਨੂੰ ਸਕੂਲ ਭੇਜਦੀ, ਖੇਤੀ ਦੇ ਕੰਮ ’ਚ ਹੱਥ ਵਟਾਉਂਦੀ, ਪੱਠੇ ਲਿਆਉਂਦੀ। ਉਸ ਵੇਲੇ ਜ਼ਿੰਦਗੀ ’ਚ ਸਹੂਲਤਾਂ ਘੱਟ ਸਨ ਪਰ ਕੰਮ ਬਹੁਤ ਸੀ ਤੇ ਸ਼ਾਇਦ ਇਸੇ ਕਰਕੇ ਯਾਦਾਂ ਵੀ ਬਹੁਤ ਹਨ। ਸਮਾਂ ਲੰਘਦਾ ਗਿਆ।
ਮਾਂ ਦੀਆਂ ਜਿਹੜੀਆਂ ਸਮਕਾਲੀ ਸਹੇਲੀਆਂ ਸਨ, ਉਨ੍ਹਾਂ ’ਚੋਂ ਬਹੁਤੀਆਂ ਤਾਂ ਇਸ ਦੁਨੀਆ ਤੋਂ ਚਲੀਆਂ ਗਈਆਂ। ਕਈ ਅਜੇ ਵੀ ਹਰਿ ਕਾਇਮ ਹਨ। ਕਿਸੇ ਦੀ ਨੂੰਹ ਆ ਗਈ, ਕਿਸੇ ਦੇ ਪੋਤੇ-ਪੋਤਰੀ ਹੋ ਗਏ। ਮਾਂ ਉਨ੍ਹਾਂ ਨੂੰ ਮਿਲਦੀ ਤਾਂ ਲੱਗਦਾ ਸੀ, ਜਿਵੇਂ ਉਹ ਲੋਕਾਂ ਨੂੰ ਨਹੀਂ, ਆਪਣੇ ਬੀਤੇ ਸਮੇਂ ਨੂੰ ਮਿਲ ਰਹੀ ਹੋਵੇ।
ਅਸੀਂ ਆਪਣੇ ਇਕ ਚਚੇਰੇ ਭਰਾ ਦੇ ਘਰ ਰਹਿ ਰਹੇ ਸਾਂ। ਉਹ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਚੰਡੀਗੜ੍ਹ ਚਲਾ ਗਿਆ ਸੀ। ਇਸ ਲਈ ਸਾਨੂੰ ਵੀ ਕੋਈ ਵੱਡੀ ਦਿੱਕਤ ਨਹੀਂ ਸੀ। ਮਾਂ ਦਾ ਤਾਂ ਇੱਥੇ ਦਿਲ ਲੱਗ ਗਿਆ ਸੀ। ਉਹ ਆਪਣੇ ਹੱਥੀਂ ਬਣਾਏ ਘਰ ਨੂੰ ਢਹਿੰਦਾ ਦੇਖ ਰਹੀ ਸੀ ਤੇ ਨਾਲ ਹੀ ਉਸ ਨੂੰ ਮੁੜ ਬਣਦਾ ਵੀ ਦੇਖ ਰਹੀ ਸੀ। ਮੈਂ ਕਈ ਵਾਰ ਸੋਚਦਾ ਸੀ ਕਿ ਸ਼ਾਇਦ ਘਰ ਦੀਆਂ ਕੰਧਾਂ ਢਹਿ ਰਹੀਆਂ ਹਨ ਪਰ ਮਾਂ ਦੇ ਅੰਦਰ ਕੋਈ ਪੁਰਾਣੀ ਕੰਧ ਦੁਬਾਰਾ ਖੜ੍ਹੀ ਹੋ ਰਹੀ ਹੈ। ਫਿਰ ਅਚਾਨਕ ਪਤਾ ਲੱਗਾ ਕਿ ਮੇਰੇ ਛੋਟੇ ਭਰਾ ਦਾ ਕੋਈ ਬੰਗਲੌਰ ਵਿੱਖੇ ਸੈਮੀਨਾਰ ਸੀ। ਉਸ ਨੇ ਪਰਿਵਾਰ ਨਾਲ ਲਿਜਾਣ ਵਾਸਤੇ ਮਾਂ ਦੀਆਂ ਹਵਾਈ ਜਹਾਜ਼ ਦੀਆਂ ਟਿਕਟਾਂ ਪਹਿਲਾਂ ਹੀ ਬੁੱਕ ਕਰਵਾ ਦਿੱਤੀਆਂ ਸਨ।
ਪੰਦਰਾਂ-ਸੋਲ੍ਹਾਂ ਦਿਨਾਂ ਬਾਅਦ ਉਹ ਆਇਆ। ਉਸ ਦੇ ਨਾਲ ਮੇਰੀ ਪਤਨੀ ਵੀ ਵਾਪਸ ਪਿੰਡ ਆ ਗਈ। ਅਗਲੇ ਦਿਨ ਮਾਂ ਨੇ ਵਾਪਸ ਚੰਡੀਗੜ੍ਹ ਜਾਣਾ ਸੀ। ਫਿਰ ਕੁਝ ਦਿਨਾਂ ਬਾਅਦ ਬੰਗਲੌਰ। ਮਾਂ ਦੇ ਚਿਹਰੇ ਨੂੰ ਦੇਖ ਕੇ ਲੱਗਦਾ ਸੀ ਕਿ ਉਸਦਾ ਸਰੀਰ ਤਾਂ ਚੰਡੀਗੜ੍ਹ ਜਾਣ ਲਈ ਤਿਆਰ ਹੈ ਪਰ ਦਿਲ ਨਹੀਂ। ਕਦੇ-ਕਦੇ ਉਸ ਦੇ ਮਨ ’ਚ ਆਉਂਦਾ ਹੋਵੇਗਾ ਕਿ ਰੱਬ ਕਰੇ ਪ੍ਰੋਗਰਾਮ ਕੈਂਸਲ ਹੋ ਜਾਵੇ। ਰੱਬ ਕਰੇ ਜਹਾਜ਼ ਨਾ ਉੱਡੇ। ਰੱਬ ਕਰੇ ਪ੍ਰੋਗਰਾਮ ਪੋਸਟਪੋਨ ਹੋ ਜਾਵੇ ਤੇ ਦੋ-ਚਾਰ ਦਿਨ ਹੋਰ ਪਿੰਡ ’ਚ ਰਹਿ ਲਏ ਪਰ ਕੁਦਰਤ ਆਪਣੇ ਨਿਯਮਾਂ ਨਾਲ ਚੱਲਦੀ ਹੈ। ਸਾਡੇ ਮਨ ਦੀਆਂ ਇੱਛਾਵਾਂ ਨਾਲ ਨਹੀਂ। ਟਿਕਟਾਂ ਬੁੱਕ ਹੋ ਚੁੱਕੀਆਂ ਸਨ। ਛੋਟੇ ਪੁੱਤਰ ਦਾ ਪ੍ਰੋਗਰਾਮ ਸੀ। ਉੱਥੇ ਜਾਣਾ ਵੀ ਜ਼ਰੂਰੀ ਸੀ। ਮਾਂ ਨੇ ਵੀ ਅੱਧੇ ਮਨ ਨਾਲ ਹਾਂ ਕਰ ਦਿੱਤੀ ਪਰ ਜਾਂਦਿਆਂ ਉਸ ਨੇ ਆਪਣੇ ਤਿੰਨ-ਚਾਰ ਸੂਟ ਪਿੰਡ ’ਚ ਹੀ ਛੱਡ ਦਿੱਤੇ। ਮੇਰੀ ਪਤਨ ਉਰਫ਼ ਆਪਣੀ ਨੂੰਹ ਰਾਣੀ ਨੂੰ ਕਹਿ ਗਈ, ‘ਇਹ ਧੋਅ ਦਈਂ, ਮੈਂ ਛੇਤੀ ਵਾਪਸ ਆਵਾਂਗੀ।’
ਮੈਨੂੰ ਪਤਾ ਨਹੀਂ ਕਿਉਂ ਪਰ ਇਹ ਗੱਲ ਮੇਰੇ ਅੰਦਰ ਬੈਠ ਗਈ। ਮਾਂ ਚੰਡੀਗੜ੍ਹ ਜਾ ਰਹੀ ਸੀ ਪਰ ਉਸ ਨੇ ਆਪਣੇ ਕੱਪੜੇ ਇੱਥੇ ਛੱਡ ਦਿੱਤੇ ਸਨ। ਜਿਵੇਂ ਉਸ ਨੇ ਪਿੰਡ ਨੂੰ ਪੂਰੀ ਤਰ੍ਹਾਂ ਅਲਵਿਦਾ ਕਹਿਣ ਤੋਂ ਇਨਕਾਰ ਕਰ ਦਿੱਤਾ ਹੋਵੇ। ਉਹ ਸੂਟ ਸ਼ਾਇਦ ਕੱਪੜੇ ਨਹੀਂ। ਉਹ ਮਾਂ ਦਾ ਪਿੰਡ ਨਾਲ ਕੀਤਾ ਇਕ ਛੁਪਵਾਂ ਵਾਅਦਾ ਹਨ ਕਿ ਮੈਂ ਛੇਤੀ ਵਾਪਸ ਆਵਾਂਗੀ। ਮੈਨੂੰ ਲੱਗਦਾ ਹੈ ਕਿ ਕੁਝ ਘਰਾਂ ’ਚ ਬੰਦੇ ਨਹੀਂ ਰਹਿੰਦੇ ਸਗੋਂ ਉਨ੍ਹਾਂ ਦੀ ਉਡੀਕ ਰਹਿੰਦੀ ਹੈ।
(ਸੰਪਰਕ : 94171-73700)।