- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਂ ਨੇ ਸਾਨੂੰ ਪੰਜਾਬੀ ਭਾਸ਼ਾ ਸਿਖਾਉਣ ਲਈ ਪਹਿਲਾਂ ਖੁਦ ਪੰਜਾਬੀ ਭਾਸ਼ਾ ਸਿੱਖੀ ਸੀ। ਅੱਜ ਅਸੀਂ ਸਾਰੇ ਭੈਣ-ਭਰਾ ਜੋ ਕੁਝ ਵੀ ਹਾਂ ਆਪਣੇ ਮਾਂ ਦੇ ਮਨੋਵਿਗਿਆਨ ਦੀ ਬਦੌਲਤ ਹਾਂ। ਮਾਂ ਨੂੰ ਸ਼ਰਾਬ ਅਤੇ ਮੀਟ ਤੋਂ ਸਖ਼ਤ ਨਫ਼ਰਤ ਸੀ ਪਰ ਪਿਤਾ ਜੀ ਕਦੇ-ਕਦੇ ਆਪਣੇ ਦੋਸਤਾਂ ਨਾਲ ਮੀਟ ਅਤੇ ਸ਼ਰਾਬ ਖਾ ਪੀ ਲੈਂਦੇ ਸਨ ਪਰ ਮਾਂ ਦੇ ਇਨ੍ਹਾਂ ਸ਼ਬਦਾਂ ਨੇ ਕਿ ਮੈਂ ਗ਼ਰੀਬੀ ਝੱਲ ਸਕਦੀ ਹਾਂ ਪਰ ਤੁਹਾਨੂੰ ਵੇਖ ਕੇ ਮੇਰੇ ਬੱਚੇ ਨਸ਼ੇ ਕਰਨ ਲੱਗ ਪੈਣ, ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ, ਪਿਤਾ ਜੀ ਤੋਂ ਮੀਟ ਅਤੇ ਸ਼ਰਾਬ ਛੁਡਵਾ ਦਿੱਤੇ ਸਨ।

ਪ੍ਰਿੰਸੀਪਲ ਵਿਜੈ ਕੁਮਾਰ
ਅੱਜ-ਕੱਲ੍ਹ ਮੈਂ ਨੈਸ਼ਨਲ ਬੁੱਕ ਟਰੱਸਟ ਦਿੱਲੀ ਦੀ ਡਿਪਟੀ ਡਾਇਰੈਕਟਰ ਮੰਜੂ ਦੇਵੀ ਦੀ ਪੁਸਤਕ ‘ਬੱਚਿਆਂ ਨੂੰ ਪਿਆਰ ਦਿਓ’ ਪੜ੍ਹ ਰਿਹਾ ਹਾਂ। ਇਸ ਪੁਸਤਕ ਦੇ ਸੋਲਾਂ ਭਾਗਾਂ ’ਚ ਲੇਖਿਕਾ ਨੇ ਅੰਕੜਿਆਂ ਸਮੇਤ ਅਜੋਕੇ ਦੌਰ ’ਚ ਬੱਚਿਆਂ ਦੀ ਜ਼ਿੰਦਗੀ ਦੇ ਹਰ ਪੱਖ ’ਤੇ ਬਹੁਤ ਚੰਗੇ ਢੰਗ ਨਾਲ ਚਾਨਣਾ ਪਾਇਆ ਹੈ। ਇਹ ਪੁਸਤਕ ਉਨ੍ਹਾਂ ਸਾਰਿਆਂ ਮਾਪਿਆਂ ਨੂੰ ਪੜ੍ਹਨੀ ਚਾਹੀਦੀ ਹੈ, ਜਿਹੜੇ ਆਪਣੇ ਬੱਚਿਆਂ ਨੂੰ ਪਾਲ ਰਹੇ ਹਨ ਲੇਖਿਕਾ ਨੇ ਅਜੋਕੇ ਸਮੇਂ ਦੇ ਉਨ੍ਹਾਂ ਮਾਪਿਆਂ ਨੂੰ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਬੱਚਿਆਂ ਦਾ ਪਾਲਣ-ਪੋਸ਼ਣ ਕਿਸ ਢੰਗ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਕਿਸ ਤਰ੍ਹਾਂ ਰੁੱਝੇ ਰੱਖਣਾ ਹੈ। ਉਨ੍ਹਾਂ ਨੂੰ ਆਪਣੀ ਸੰਗਤ ’ਚ ਵੱਧ ਤੋਂ ਵੱਧ ਕਿਵੇਂ ਰੱਖਣਾ ਹੈ। ਉਨ੍ਹਾਂ ਨੂੰ ਵੱਧ ਤੋਂ ਵੱਧ ਸਮਾਂ ਕਿਸ ਤਰ੍ਹਾਂ ਦੇਣਾ ਹੈ। ਉਨ੍ਹਾਂ ਨੂੰ ਵਿਗੜਨ ਤੋਂ ਕਿਵੇਂ ਬਚਾਉਣਾ ਹੈ। ਮੁੱਕਦੀ ਗੱਲ ਇਹ ਹੈ ਕਿ ਡਾਕਟਰ ਮੰਜੂ ਦੇਵੀ ਬੱਚਿਆਂ ਦੇ ਮਾਪਿਆਂ ਨੂੰ ਸਿੱਧੇ ਤੌਰ ’ਤੇ ਇਹ ਕਹਿ ਰਹੀ ਹੈ ਕਿ ਬੱਚਿਆਂ ਦੀਆਂ ਸਮੱਸਿਆਵਾਂ ਦਾ ਇੱਕ ਕਾਰਨ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ’ਚ ਕੀਤੀ ਜਾ ਰਹੀ ਅਣਗਿਹਲੀ ਵੀ ਹੈ। ਇਸ ਪੁਸਤਕ ਨੇ ਮੈਨੂੰ ਆਪਣੀ ਮਾਂ ਦਾ ਮਨੋਵਿਗਿਆਨ ਯਾਦ ਕਰਵਾ ਦਿੱਤਾ। ਭਾਵੇਂ ਮੇਰੀ ਮਾਂ ਬਹੁਤ ਘੱਟ ਪੜ੍ਹੀ ਲਿਖੀ ਸੀ ਪਰ ਉਹ ਬਹੁਤ ਵੱਡੀ ਮਨੋਵਿਗਿਆਨਕ ਸੀ।
ਅਸੀਂ ਅੱਜ ਜੋ ਕੁਝ ਵੀ ਹਾਂ, ਉਸ ’ਚ ਮਾਂ ਦੀ ਦੂਰਅੰਦੇਸ਼ੀ, ਸਿਆਣਪ, ਤਿਆਗ ਤੇ ਉਸ ਦੇ ਪਾਲਣ-ਪੋਸ਼ਣ ਕਰਨ ਦੇ ਢੰਗ ਦਾ ਬਹੁਤ ਵੱਡਾ ਯੋਗਦਾਨ ਸੀ। ਸਵੇਰ ਨੂੰ ਮੰਜੇ ਤੋਂ ਉੱਠਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਘਰ ’ਚ ਬਣੇ ਮੰਦਿਰ ’ਚ ਮੱਥਾ ਟੇਕਣ ਲਈ ਭੇਜਦੀ ਸੀ। ਉਹ ਸਾਨੂੰ ਨਹਾਉਣ ਅਤੇ ਮੰਦਿਰ ਜਾਣ ਤੋਂ ਬਿਨਾਂ ਖਾਣ ਲਈ ਕੁਝ ਨਹੀਂ ਦਿੰਦੀ ਸੀ। ਛੁੱਟੀ ਵਾਲੇ ਦਿਨ ਸਾਰੇ ਭੈਣ-ਭਰਾਵਾਂ ਨੂੰ ਗੁਰਦਵਾਰਾ ਸਾਹਿਬ ਲੈ ਕੇ ਜਾਣਾ ਅਤੇ ਭਾਈ ਜੀ ਤੋਂ ਅਸ਼ੀਰਵਾਦ ਤੇ ਵੱਧ ਤੋਂ ਵੱਧ ਪੜ੍ਹਨ ਦੀ ਸੀਸ ਦੁਆਉਣਾ ਉਸ ਦਾ ਪੱਕਾ ਨਿਯਮ ਸੀ। ਉਸ ਮਾਂ ਦਾ ਹੀ ਇਹ ਮਨੋਵਿਗਿਆਨ ਸੀ ਕਿ ਉਸ ਨੇ ਸਾਨੂੰ ਪ੍ਰਮਾਤਮਾ ਨੂੰ ਯਾਦ ਰੱਖਣ ਦੀ ਆਦਤ ਪਾ ਦਿੱਤੀ ਸੀ, ਜੋ ਕਿ ਅਸੀਂ ਉਸ ਦੀ ਨਸੀਹਤ ਸਾਰੀ ਉਮਰ ਨਹੀਂ ਭੁੱਲ ਸਕੇ।
ਮਾਂ ਦੀ ਇਸ ਸੋਚ ਨੇ ਸਾਨੂੰ ਚੰਗੇ ਇਨਸਾਨ ਬਣਾਉਣ ’ਚ ਵਿਸ਼ੇਸ਼ ਭੂਮਿਕਾ ਅਦਾ ਕੀਤੀ। ਘਰ ਦੇ ਦਰਵਾਜੇ ’ਤੇ ਮੰਗਣ ਆਏ ਕਿਸੇ ਵੀ ਵਿਅਕਤੀ ਤੇ ਮੰਦਿਰ, ਗੁਰਦਵਾਰਾ ਸਾਹਿਬ ਤੋਂ ਆਏ ਪੁਜਾਰੀ ਅਤੇ ਭਾਈ ਜੀ ਨੂੰ ਸਬਜੀ ਰੋਟੀ ਸਾਡੇ ਹੱਥਾਂ ਤੋਂ ਦਵਾਉਂਦੀ ਹੁੰਦੀ ਸੀ। ਉਹ ਘਰ ਦੇ ਬੂਹੇ ’ਤੇ ਮੰਗਣ ਆਏ ਕਿਸੇ ਵਿਅਕਤੀ ਨੂੰ ਖਾਲੀ ਨਹੀਂ ਮੋੜਦੀ ਸੀ। ਮਾਂ ਦੇ ਮੂੰਹ ਤੋਂ ਨਿਕਲੇ ਇਹ ਸ਼ਬਦ ਕਿ ਦਰਵਾਜ਼ੇ ’ਤੇ ਮੰਗਣ ਆਇਆ ਵਿਅਕਤੀ ਰੱਬ ਦਾ ਰੂਪ ਹੁੰਦਾ ਹੈ, ਜੇਕਰ ਅਸੀਂ ਕਿਸੇ ਨੂੰ ਦੇਵਾਂਗੇ ਤਾਂ ਹੀ ਰੱਬ ਸਾਨੂੰ ਦੇਵੇਗਾ ਸਾਡੀ ਜ਼ਿੰਦਗੀ ਦੇ ਪ੍ਰੇਰਨਾ ਸਰੋਤ ਬਣੇ। ਆਪਣੀ ਕਮਾਈ ’ਚੋਂ ਕਿਸੇ ਲੋੜਵੰਦ ਦੀ ਮਦਦ ਕਰਨਾ ਸਾਨੂੰ ਮਾਂ ਦੇ ਮਨੋਵਿਗਿਆਨ ਨੇ ਹੀ ਸਿਖਾਇਆ। ਸਕੂਲ ਸਮੇਂ ਸਿਰ ਜਾਣ ਅਤੇ ਸਕੂਲ ਤੋਂ ਆਉਣ ’ਚ ਦੇਰ ਕਿਉਂ ਹੋ ਗਈ ਇਹ ਪੁੱਛਣ ਦੇ ਨਿਯਮ ਨੇ ਮਾਂ ਨੇ ਸਾਨੂੰ ਅਨੁਸ਼ਾਸ਼ਨ ’ਚ ਰਹਿਣ ਦੀ ਅਜਿਹੀ ਆਦਤ ਪਾਈ ਹੋਈ ਸੀ ਜੋ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ ਸੀ। ਮਾਂ ਦੀ ਇਹ ਦਿਲੀ ਇੱਛਾ ਸੀ ਕਿ ਮੇਰੇ ਬੱਚੇ ਪੜ੍ਹ ਕੇ ਉੱਚੇ ਅਹੁਦਿਆਂ ’ਤੇ ਲੱਗਣ। ਉਸ ਨੇ ਸਾਨੂੰ ਪੜ੍ਹਾਉਣ ਲਈ ਆਪਣੀ ਯੋਗਤਾ ’ਤੇ ਬੌਧਿਕ ਸਮਰੱਥਾ ਅਨੁਸਾਰ ਹਰ ਬਣਦਾ ਉਪਰਾਲਾ ਕੀਤਾ।
ਉਸ ਨੇ ਪ੍ਰਾਇਮਰੀ ਪੱਧਰ ’ਤੇ ਸਾਡੀ ਬੁਨਿਆਦ ਪੱਕੀ ਕਰਨ ਲਈ ਸਾਨੂੰ ਗਣਿਤ ਦੇ ਜੋੜ, ਘਟਾ, ਗੁਣਾ ਭਾਗ ਦੇ ਸਵਾਲ, ਪਹਾੜੇ ਸਿਖਾਉਣ ਲਈ, ਸੁੰਦਰ ਲਿਖਾਈ ਬਣਾਉਣ ਲਈ ਇੰਨੀ ਜ਼ਿਆਦਾ ਮਿਹਨਤ ਕੀਤੀ, ਜਿਸਨੇ ਸਾਡੇ ਮਨਾਂ ’ਚ ਅਧਿਆਪਕਾਂ ਦਾ ਡਰ ਖ਼ਤਮ ਕਰ ਦਿੱਤਾ ਸੀ, ਸਾਡੀ ਪੜ੍ਹਾਈ ’ਚ ਦਿਲਚਸਪੀ ਪੈਦਾ ਕਰ ਦਿੱਤੀ ਸੀ। ਅਧਿਆਪਕ ਪਿਤਾ ਜੀ ਨੂੰ ਪੁੱਛਦੇ ਸਨ ਕਿ ਤੁਹਾਡੇ ਬੱਚਿਆਂ ਨੂੰ ਘਰ ਕੌਣ ਪੜ੍ਹਾਉਂਦਾ ਹੈ? ਮਾਂ ਨੇ ਸਾਨੂੰ ਘਰ ਦੇ ਕੰਮਾਂ-ਕਾਰਾਂ ’ਚ ਐਨੇ ਰੁੱਝੇ ਰੱਖਿਆ ਕਿ ਸਾਨੂੰ ਮਾੜੀ ਸੰਗਤ ’ਚ ਪੈਣ ਦਾ ਮੌਕਾ ਹੀ ਨਹੀਂ ਮਿਲਿਆ। ਸਾਨੂੰ ਪੰਜਾਬੀ ਦਾ ਵਿਸ਼ਾ ਨਵਾਂ ਲੱਗਾ ਸੀ।
ਮਾਂ ਨੇ ਸਾਨੂੰ ਪੰਜਾਬੀ ਭਾਸ਼ਾ ਸਿਖਾਉਣ ਲਈ ਪਹਿਲਾਂ ਖੁਦ ਪੰਜਾਬੀ ਭਾਸ਼ਾ ਸਿੱਖੀ ਸੀ। ਅੱਜ ਅਸੀਂ ਸਾਰੇ ਭੈਣ-ਭਰਾ ਜੋ ਕੁਝ ਵੀ ਹਾਂ ਆਪਣੇ ਮਾਂ ਦੇ ਮਨੋਵਿਗਿਆਨ ਦੀ ਬਦੌਲਤ ਹਾਂ। ਮਾਂ ਨੂੰ ਸ਼ਰਾਬ ਅਤੇ ਮੀਟ ਤੋਂ ਸਖ਼ਤ ਨਫ਼ਰਤ ਸੀ ਪਰ ਪਿਤਾ ਜੀ ਕਦੇ-ਕਦੇ ਆਪਣੇ ਦੋਸਤਾਂ ਨਾਲ ਮੀਟ ਅਤੇ ਸ਼ਰਾਬ ਖਾ ਪੀ ਲੈਂਦੇ ਸਨ ਪਰ ਮਾਂ ਦੇ ਇਨ੍ਹਾਂ ਸ਼ਬਦਾਂ ਨੇ ਕਿ ਮੈਂ ਗ਼ਰੀਬੀ ਝੱਲ ਸਕਦੀ ਹਾਂ ਪਰ ਤੁਹਾਨੂੰ ਵੇਖ ਕੇ ਮੇਰੇ ਬੱਚੇ ਨਸ਼ੇ ਕਰਨ ਲੱਗ ਪੈਣ, ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੀ, ਪਿਤਾ ਜੀ ਤੋਂ ਮੀਟ ਅਤੇ ਸ਼ਰਾਬ ਛੁਡਵਾ ਦਿੱਤੇ ਸਨ। ਮਾਂ ਨੇ ਸਾਡੇ ਮਨਾਂ ’ਚ ਨਸ਼ਿਆਂ ਪ੍ਰਤੀ ਅਜਿਹੀ ਭਾਵਨਾ ਪੈਦਾ ਕਰ ਦਿੱਤੀ ਸੀ ਕਿ ਮੈਂ ਪਿਤਾ ਜੀ ਦੇ ਦੋਸਤਾਂ ਦੇ ਬੈਠਿਆਂ ਸ਼ਰਾਬ ਦੇ ਗਲਾਸ ਤੋੜ ਦਿੱਤੇ ਸਨ। ਉਸ ਦਿਨ ਤੋਂ ਬਾਅਦ ਸਾਡੇ ਘਰ ’ਚ ਨਾ ਮੀਟ ਬਣਿਆ ਸੀ ਤੇ ਨਾ ਹੀ ਸ਼ਰਾਬ ਆਈ ਸੀ। ਕਾਲਜ ਤੋਂ ਆਉਣ ਤੋਂ ਬਾਅਦ ਮਾਂ ਸਾਡੀਆਂ ਜੇਬਾਂ ਫਰੋਲਦੀ ਸੀ, ਜਿਸ ਦਾ ਸਾਨੂੰ ਬਾਅਦ ’ਚ ਪਤਾ ਲੱਗਾ ਕਿ ਉਹ ਸਾਡੀਆਂ ਜੇਬਾਂ ’ਚ ਇਹ ਵੇਖਣ ਲਈ ਕਿ ਇਹ ਸਿਗਰਟਾਂ ਤਾਂ ਨਹੀਂ ਪੀਂਦੇ, ਤੰਬਾਕੂ ਵੇਖਦੀ ਹੁੰਦੀ ਸੀ। ਮਾਂ ਦੇ ਇਸ ਮਨੋਵਿਗਿਆਨ ਨੇ ਸਾਨੂੰ ਨਸ਼ਿਆਂ ਤੋਂ ਦੂਰ ਰੱਖਿਆ। ਮਾਂ ਨੇ ਘਰ ’ਚ ਅੱਤ ਦੀ ਗ਼ਰੀਬੀ ਵੇਖੀ ਪਰ ਕਦੇ ਵੀ ਸਬਰ-ਸੰਤੋਖ ਦਾ ਲੜ ਨਹੀਂ ਛੱਡਿਆ। ਮਾਂ ਦੇ ਉਸ ਸਬਰ ਸੰਤੋਖ ਨੇ ਹੀ ਸਾਨੂੰ ਲਾਲਚ ਤੇ ਬੇਈਮਾਨੀ ਤੋਂ ਦੂਰ ਰੱਖਿਆ। ਅੱਜ ਅਸੀਂ ਉਸ ਦੇ ਸਬਰ-ਸੰਤੋਖ ਦਾ ਫ਼ਲ ਖਾ ਰਹੇ ਹਾਂ। ਜਿਸ ਦਿਨ ਪਿਤਾ ਜੀ ਦੀ ਮੌਤ ਹੋਈ, ਉਸ ਦਿਨ ਘਰ ’ਚ ਪਕਾਉਣ ਲਈ ਆਟਾ ਨਹੀਂ ਸੀ। ਨਾਨਾ ਜੀ ਨੇ ਕਣਕ ਦੀਆਂ ਬੋਰੀਆਂ ਤੇ ਨਕਦ ਪੈਸੇ ਭੇਜੇ ਪਰ ਮਾਂ ਨੇ ਇਹ ਕਹਿ ਕੇ ਕਿ ਇਹ ਮੇਰੇ ਬੱਚਿਆਂ ਦੇ ਬਣਨ ਤੇ ਵਿਗੜਨ ਦੇ ਦਿਨ ਹਨ। ਜੇਕਰ ਇਨ੍ਹਾਂ ਨੂੰ ਦੂਜਿਆਂ ਦੇ ਸਹਾਰੇ ਜਿਊਣ ਦੀ ਆਦਤ ਪੈ ਗਈ ਤਾਂ ਇਹ ਮਿਹਨਤ ਕਰਨਾ ਨਹੀਂ ਸਿੱਖਣਗੇ। ਜੇਕਰ ਹੱਥੀਂ ਕਮਾਉਣਗੇ ਤਾਂ ਪੇਟ ਭਰ ਲੈਣਗੇ ਨਹੀਂ ਤਾਂ ਭੁੱਖੇ ਬੈਠੇ ਰਹਿਣਗੇ, ਨਾਨਾ ਜੀ ਦੀਆਂ ਭੇਜੀਆਂ ਹੋਈਆਂ ਕਣਕ ਦੀਆਂ ਬੋਰੀਆਂ ਅਤੇ ਨਕਦ ਪੈਸੇ ਵਾਪਸ ਭੇਜ ਦਿੱਤੇ ਸਨ। ਮਾਂ ਦੇ ਉਸ ਮਨੋਵਿਗਿਆਨ ਨੇ ਸਾਨੂੰ ਮਿਹਨਤ ਕਰਨ ਦੀ ਆਦਤ ਪਾ ਦਿੱਤੀ। ਉਸ ਦੀ ਬਦੌਲਤ ਹੀ ਅਸੀਂ ਅੱਜ ਇੱਜ਼ਤ ਦੀ ਰੋਟੀ ਖਾ ਰਹੇ ਹਾਂ। ਜੇਕਰ ਮਾਂ- ਬਾਪ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਠੀਕ ਢੰਗ ਨਾਲ ਕਰਨ, ਉਨ੍ਹਾਂ ਸਾਹਮਣੇ ਆਪਣੀ ਜ਼ਿੰਦਗੀ ਦੇ ਆਦਰਸ਼ ਪੇਸ਼ ਕਰਨ ਤਾਂ ਕੋਈ ਕਾਰਨ ਨਹੀਂ ਕਿ ਉਨ੍ਹਾਂ ਦੇ ਬੱਚੇ ਉਹ ਕੁਝ ਨਾ ਬਣਨ ਜੋ ਕੁਝ ਉਹ ਉਨ੍ਹਾਂ ਤੋਂ ਚਾਹੁੰਦੇ ਹਨ।
(ਸੰਪਰਕ : 98726 27136)