- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਨਸਾ ’ਚ ਨਸ਼ਿਆਂ ਖ਼ਿਲਾਫ਼ ਸਰਗਰਮ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਨੂੰ ਲੈ ਕੇ ਪਾਰਟੀ ਅਤੇ ਸਰਕਾਰ ਨੂੰ ਲਗਾਤਾਰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 40 ਉਮੀਦਵਾਰਾਂ ਦੀ ਸੂਚੀ ਨੇ ਘੱਟੋ-ਘੱਟ ਫਿਲਹਾਲ ਸਿਆਸੀ ਚਰਚਾ ਦਾ ਕੇਂਦਰ ‘ਆਪ’ ਦੀਆਂ ਚੋਣ ਤਿਆਰੀਆਂ ਨੂੰ ਬਣਾ ਦਿੱਤਾ ਹੈ। ਇਹ ਕਹਿਣਾ ਮੁਸ਼ਕਲ ਹੈ ਕਿ ਇਹ ਵਿਵਾਦ ਤੋਂ ਧਿਆਨ ਹਟਾਉਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਸੀ ਜਾਂ ਸੂਚੀ ਜਾਰੀ ਕਰਨ ਦਾ ਪਹਿਲਾਂ ਤੋਂ ਤੈਅ ਪ੍ਰੋਗਰਾਮ ਪਰ ਇੰਨਾ ਜ਼ਰੂਰ ਹੈ ਕਿ ਸੂਚੀ ਨੇ ਸੁਰਖ਼ੀਆਂ ’ਚ ਥਾਂ ਬਣਾ ਲਈ ਹੈ।

.jpg)
ਇੰਦਰਪ੍ਰੀਤ ਸਿੰਘ
ਰੋਸ ਨਾ ਕੀਜੈ : ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਕੇ ਸੂਬੇ ਦੀਆਂ ਹੋਰਨਾਂ ਸਿਆਸੀ ਪਾਰਟੀਆਂ ਨੂੰ ਪਛਾੜ ਦਿੱਤਾ ਹੈ। ਪਾਰਟੀ ਨੇ ਉਹ ਕੰਮ ਕਰ ਦਿੱਤਾ ਹੈ, ਜਿਸ ਦਾ ਦਾਅਵਾ ਤਾਂ ਸਿਆਸੀ ਪਾਰਟੀਆਂ ਅਕਸਰ ਕਰਦੀਆਂ ਹਨ ਪਰ ਅਮਲ ’ਚ ਬਹੁਤ ਘੱਟ ਹੀ ਕਰ ਪਾਉਂਦੀਆਂ ਹਨ। ਚੋਣਾਂ ਦਾ ਬਿਗਲ ਵੱਜਣ ਤੋਂ ਕਈ ਮਹੀਨੇ ਪਹਿਲਾਂ ਹੀ ਉਮੀਦਵਾਰ ਮੈਦਾਨ ’ਚ ਉਤਾਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਕੁਝ ਹਲਕਿਆਂ ’ਚ ਪਹਿਲਾਂ ਹੀ ਉਮੀਦਵਾਰ ਐਲਾਨ ਦਿੱਤੇ ਸਨ ਪਰ ਕਾਂਗਰਸ ਤੇ ਭਾਜਪਾ ਅਜੇ ਤੱਕ ਇਸ ਮਾਮਲੇ ’ਚ ਪਿੱਛੇ ਹਨ। ਸਮੇਂ ਤੋਂ ਪਹਿਲਾਂ ਉਮੀਦਵਾਰ ਐਲਾਨਣ ਦਾ ਫਾਇਦਾ ਸਪੱਸ਼ਟ ਹੈ। ਜਦੋਂ ਦੂਜੀਆਂ ਪਾਰਟੀਆਂ ’ਚ ਟਿਕਟਾਂ ਲਈ ਦਾਅਵੇਦਾਰਾਂ ਦੀ ਖਿੱਚੋਤਾਣ, ਧੜੇਬੰਦੀ ਤੇ ਬਾਗੀਆਂ ਨੂੰ ਮਨਾਉਣ ਦੀ ਕਵਾਇਦ ਚੱਲ ਰਹੀ ਹੋਵੇਗੀ, ਉਦੋਂ ‘ਆਪ’ ਦੇ 40 ਉਮੀਦਵਾਰ ਆਪਣੇ ਹਲਕਿਆਂ ’ਚ ਲੋਕਾਂ ਤੱਕ ਪਹੁੰਚ ਕਰ ਰਹੇ ਹੋਣਗੇ। ਉਨ੍ਹਾਂ ਕੋਲ ਆਪਣੇ ਹਲਕਿਆਂ ਦੇ ਮਸਲਿਆਂ ਨੂੰ ਸਮਝਣ, ਲੋਕਾਂ ਨਾਲ ਸੰਪਰਕ ਬਣਾਉਣ ਤੇ ਸਰਕਾਰ ਦੇ ਕੰਮ ਗਿਣਾਉਣ ਲਈ ਕਾਫ਼ੀ ਸਮਾਂ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਵੀ ਇਹ ਦਲੀਲ ਦਿੰਦੇ ਰਹੇ ਹਨ ਕਿ ਚੋਣਾਂ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਟਿਕਟਾਂ ਦੇਣ ਨਾਲ ਉਮੀਦਵਾਰਾਂ ਨੂੰ ਲੋਕਾਂ ਤੱਕ ਪਹੁੰਚਣ ਦਾ ਸਮਾਂ ਮਿਲਦਾ ਹੈ। ਉਨ੍ਹਾਂ ਨੇ ਕਾਂਗਰਸ ’ਤੇ ਵੀ ਨਿਸ਼ਾਨਾ ਸਾਧਿਆ ਹੈ ਕਿ ਦੇਰ ਨਾਲ ਟਿਕਟਾਂ ਐਲਾਨਣ ਕਾਰਨ ਪਾਰਟੀ ਨੂੰ ਬਾਗੀਆਂ ਤੇ ਆਜ਼ਾਦ ਉਮੀਦਵਾਰਾਂ ਨਾਲ ਜੂਝਣਾ ਪੈਂਦਾ ਹੈ ਪਰ ਸਮੇਂ ਤੋਂ ਪਹਿਲਾਂ ਉਮੀਦਵਾਰ ਐਲਾਨਣ ਦਾ ਮਤਲਬ ਇਹ ਨਹੀਂ ਕਿ ਜਿੱਤ ਵੀ ਪਹਿਲਾਂ ਹੀ ਪੱਕੀ ਹੋ ਗਈ। ਇਸ ਦਾ ਇਕ ਹੋਰ ਪੱਖ ਵੀ ਹੈ। ਪਾਰਟੀ ਨੇ ਆਪਣੇ ਵਿਰੋਧੀਆਂ ਨੂੰ ਉਮੀਦਵਾਰਾਂ ਦੀ ਪਛਾਣ ਕਰਨ ਤੇ ਉਨ੍ਹਾਂ ਖ਼ਿਲਾਫ਼ ਮੁਹਿੰਮ ਚਲਾਉਣ ਲਈ ਵੀ ਵਾਧੂ ਸਮਾਂ ਦੇ ਦਿੱਤਾ ਹੈ। ਇਸ ਤੋਂ ਵੀ ਅਹਿਮ ਸਵਾਲ ਸੱਤਾ ਵਿਰੋਧੀ ਲਹਿਰ ਦਾ ਹੈ। ਆਪ’ ਨੇ ਪਹਿਲੀ ਸੂਚੀ ’ਚ ਸਾਰੇ 40 ਮੌਜੂਦਾ ਵਿਧਾਇਕਾਂ ਨੂੰ ਮੁੜ ਟਿਕਟ ਦਿੱਤੀ ਹੈ। ਇਹ ਉਨ੍ਹਾਂ ’ਤੇ ਭਰੋਸਾ ਜਤਾਉਣ ਦਾ ਸੰਕੇਤ ਹੈ ਪਰ ਇਸ ਦੇ ਨਾਲ ਹੀ ਪਾਰਟੀ ਨੇ ਉਨ੍ਹਾਂ ਦੇ ਪੰਜ ਸਾਲਾਂ ਦੇ ਕੰਮਕਾਜ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲੈ ਲਈ ਹੈ। ਸਵਾਲ ਸਿਰਫ਼ ਇਹ ਨਹੀਂ ਹੋਵੇਗਾ ਕਿ ਸਰਕਾਰ ਨੇ ਆਪਣੇ ਚੋਣ ਵਾਅਦੇ ਕਿੰਨੇ ਪੂਰੇ ਕੀਤੇ ਹਨ। ਸਵਾਲ ਇਹ ਵੀ ਹੋਵੇਗਾ ਕਿ ਵਿਧਾਇਕ ਆਪਣੇ ਹਲਕੇ ਦੇ ਲੋਕਾਂ ਲਈ ਕਿੰਨੇ ਪਹੁੰਚਯੋਗ ਰਹੇ, ਉਨ੍ਹਾਂ ਨੇ ਸਥਾਨਕ ਸਮੱਸਿਆਵਾਂ ਕਿੰਨੀਆਂ ਹੱਲ ਕਰਵਾਈਆਂ ਤੇ 2022 ’ਚ ਮਿਲੇ ਫਤਵੇ ਤੋਂ ਬਾਅਦ ਲੋਕਾਂ ਨਾਲ ਆਪਣਾ ਰਾਬਤਾ ਕਿੰਨਾ ਕਾਇਮ ਰੱਖਿਆ। ਸਰਕਾਰ ਸੜਕਾਂ, ਨੌਕਰੀਆਂ, ਸਕੂਲਾਂ ਤੇ ਸਿਹਤ ਸਹੂਲਤਾਂ ਦੀ ਗੱਲ ਕਰ ਸਕਦੀ ਹੈ ਪਰ ਵੋਟਰ ਅਕਸਰ ਆਪਣੇ ਵਿਧਾਇਕ ਨੂੰ ਬਹੁਤ ਛੋਟੇ-ਛੋਟੇ ਤਜਰਬਿਆਂ ਦੇ ਆਧਾਰ ’ਤੇ ਪਰਖਦਾ ਹੈ। ਵਿਧਾਇਕ ਤੱਕ ਪਹੁੰਚ ਨਾ ਹੋਣਾ, ਅਧੂਰੀ ਸੜਕ, ਨਾ ਸੁਲਝਿਆ ਸਥਾਨਕ ਵਿਵਾਦ ਜਾਂ ਪਿਛਲੀਆਂ ਚੋਣਾਂ ਵੇਲੇ ਕੀਤਾ ਵਾਅਦਾ ਸੂਬਾ ਪੱਧਰ ਦੀਆਂ ਪ੍ਰਾਪਤੀਆਂ ’ਤੇ ਭਾਰੂ ਪੈ ਸਕਦਾ ਹੈ। ਇਸੇ ਕਰ ਕੇ 40 ਮੌਜੂਦਾ ਵਿਧਾਇਕਾਂ ਨੂੰ ਮੁੜ ਟਿਕਟ ਦੇਣ ਦਾ ਫ਼ੈਸਲਾ ਦੋਧਾਰੀ ਤਲਵਾਰ ਸਾਬਤ ਹੋ ਸਕਦਾ ਹੈ। ਪਾਰਟੀ ਨੇ ਉਨ੍ਹਾਂ ਨੂੰ ਚੋਣ ਪ੍ਰਚਾਰ ਲਈ ਵਾਧੂ ਸਮਾਂ ਤਾਂ ਦੇ ਦਿੱਤਾ ਹੈ ਪਰ ਨਾਰਾਜ਼ ਵੋਟਰਾਂ ਨੂੰ ਵੀ ਆਪਣੀ ਗੱਲ ਰੱਖਣ ਲਈ ਸਮਾਂ ਮਿਲ ਗਿਆ ਹੈ। ‘ਆਪ’ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਸ ਦੇ ਉਮੀਦਵਾਰ ਚੋਣਾਂ ਤੋਂ ਪਹਿਲਾਂ ਹੀ ਲੋਕਾਂ ਦੇ ਨਿਸ਼ਾਨੇ ’ਤੇ ਨਾ ਆ ਜਾਣ। ਪਹਿਲੀ ਸੂਚੀ ਪਾਰਟੀ ਦੀਆਂ ਮੌਜੂਦਾ ਸਿਆਸੀ ਤਰਜੀਹਾਂ ਬਾਰੇ ਵੀ ਕਾਫ਼ੀ ਕੁਝ ਦੱਸਦੀ ਹੈ। ਇਨ੍ਹਾਂ 40 ਹਲਕਿਆਂ ’ਚ ਪਾਰਟੀ ਨੇ ਨਵੇਂ ਚਿਹਰਿਆਂ ਨਾਲ ਤਜਰਬਾ ਕਰਨ ਦੀ ਥਾਂ ਮੌਜੂਦਾ ਵਿਧਾਇਕਾਂ ’ਤੇ ਹੀ ਭਰੋਸਾ ਜਤਾਇਆ ਹੈ। ਧੂਰੀ ਤੋਂ ਭਗਵੰਤ ਮਾਨ, ਕੋਟਕਪੂਰਾ ਤੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਲੁਧਿਆਣਾ ਪੱਛਮੀ ਤੋਂ ਸੰਜੀਵ ਅਰੋੜਾ ਇਸ ਸੂਚੀ ਦੇ ਅਹਿਮ ਨਾਂ ਹਨ। ਸੰਜੀਵ ਅਰੋੜਾ ਦਾ ਨਾਂ ਇਸ ਕਰ ਕੇ ਵੀ ਚਰਚਾ ’ਚ ਹੈ ਕਿਉਂਕਿ ਉਹ ਇਸ ਸਮੇਂ ਜੇਲ੍ਹ ’ਚ ਹਨ। ਅਰੋੜਾ ਦੀ ਉਮੀਦਵਾਰੀ ਆਪਣੇ ਆਪ ’ਚ ਦਿਲਚਸਪ ਸਿਆਸੀ ਫ਼ੈਸਲਾ ਹੈ। ਉਹ ਪਹਿਲੀ ਸੂਚੀ ’ਚ ਨਾਮਜ਼ਦ ਹੋਣ ਵਾਲੇ ਇਕਲੌਤੇ ਮੌਜੂਦਾ ਕੈਬਨਿਟ ਮੰਤਰੀ ਹਨ ਅਤੇ ਉਹ ਵੀ ਜੇਲ੍ਹ ’ਚ ਰਹਿੰਦਿਆਂ। ਪਾਰਟੀ ਸੂਤਰਾਂ ਮੁਤਾਬਕ ਉਨ੍ਹਾਂ ਨੂੰ ਪਾਰਟੀ ਪ੍ਰਤੀ ਵਫ਼ਾਦਾਰੀ ਦਾ ਇਨਾਮ ਮਿਲਿਆ ਹੈ। ਉਨ੍ਹਾਂ ਨੂੰ ਕੈਬਨਿਟ ’ਚੋਂ ਬਰਖ਼ਾਸਤ ਨਹੀਂ ਕੀਤਾ ਗਿਆ, ਹਾਲਾਂਕਿ ਉਨ੍ਹਾਂ ਦੇ ਵਿਭਾਗ ਦੂਜੇ ਮੰਤਰੀਆਂ ਨੂੰ ਸੌਂਪ ਦਿੱਤੇ ਗਏ ਹਨ। ਉਦਯੋਗ ਭਵਨ ’ਚ ਉਨ੍ਹਾਂ ਦਾ ਦਫ਼ਤਰ ਵੀ ਚੱਲ ਰਿਹਾ ਹੈ। ਜੇ ਚੋਣ ਪ੍ਰਚਾਰ ਸ਼ੁਰੂ ਹੋਣ ਤੱਕ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲਦੀ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਲਈ ਪ੍ਰਚਾਰ ਕਰਨਾ ਪੈ ਸਕਦਾ ਹੈ। ਕਾਰਗੁਜ਼ਾਰੀ ਤੇ ਲੋਕਾਂ ਦੇ ਸਰਵੇਖਣਾਂ ਦੇ ਆਧਾਰ ’ਤੇ ਟਿਕਟਾਂ ਦੇਣ ਦੀ ਗੱਲ ਕਰਨ ਵਾਲੀ ਪਾਰਟੀ ਨੇ ਇਸ ਮਾਮਲੇ ’ਚ ਵਫ਼ਾਦਾਰੀ ਨੂੰ ਵੀ ਮਹੱਤਵ ਦਿੱਤਾ ਹੈ। ਕਈ ਅਹਿਮ ਮੰਤਰੀਆਂ ਦੇ ਨਾਂ ਪਹਿਲੀ ਸੂਚੀ ’ਚ ਨਾ ਹੋਣਾ ਵੀ ਘੱਟ ਦਿਲਚਸਪ ਨਹੀਂ ਹੈ। ਪਾਰਟੀ ਦੇ ਸੰਕਟਮੋਚਨ ਮੰਨੇ ਜਾਂਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਪੰਜਾਬ ਇਕਾਈ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਂ ਸੂਚੀ ’ਚ ਨਹੀਂ ਹਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈਟੀਓ, ਲਾਲ ਚੰਦ ਕਟਾਰੂਚੱਕ, ਡਾ. ਬਲਜੀਤ ਕੌਰ, ਲਾਲਜੀਤ ਸਿੰਘ ਭੁੱਲਰ, ਗੁਰਮੀਤ ਸਿੰਘ ਖੁੱਡੀਆਂ, ਮੋਹਿੰਦਰ ਭਗਤ, ਬਰਿੰਦਰ ਕੁਮਾਰ ਗੋਇਲ, ਹਰਦੀਪ ਸਿੰਘ ਮੁੰਡੀਆਂ ਤੇ ਤਰੁਨਪ੍ਰੀਤ ਸਿੰਘ ਸੌਂਦ ਵੀ ਪਹਿਲੀ ਸੂਚੀ ਤੋਂ ਬਾਹਰ ਹਨ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਚੀਮਾ ਤੇ ਅਮਨ ਅਰੋੜਾ ਦੇ ਨਾਂ ਤਕਰੀਬਨ ਤੈਅ ਸਨ ਪਰ ਲੀਡਰਸ਼ਿਪ ਨੇ ਕੁਝ ਅਹਿਮ ਨਾਂ ਦੂਜੀ ਸੂਚੀ ਲਈ ਰੱਖੇ ਹਨ। ਇਸ ਪਿੱਛੇ ਵੀ ਸਿਆਸੀ ਗਣਿਤ ਹੈ। ਜਦੋਂ ਕੁਝ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ ਤਾਂ ਪਾਰਟੀ ਨੂੰ ਨਾਰਾਜ਼ਗੀ ਘਟਾਉਣ ਅਤੇ ਬਗਾਵਤ ਰੋਕਣ ਲਈ ਅਹਿਮ ਚਿਹਰਿਆਂ ਦੀ ਲੋੜ ਪਵੇਗੀ। ਅਗਲੀ ਸੂਚੀ ’ਚ ਕੁਝ ਵੱਡੇ ਮੰਤਰੀਆਂ ਦੇ ਨਾਂ ਐਲਾਨ ਕੇ ਪਾਰਟੀ ਸਿਆਸੀ ਚਰਚਾ ਨੂੰ ਵੀ ਜਾਰੀ ਰੱਖ ਸਕਦੀ ਹੈ। ਇਕ ਹੋਰ ਦਿਲਚਸਪ ਪੱਖ ਇਹ ਹੈ ਕਿ ਪਹਿਲਾਂ ਕੈਬਨਿਟ ’ਚੋਂ ਹਟਾਏ ਗਏ ਚਾਰ ਸਾਬਕਾ ਮੰਤਰੀਆਂ ਨੂੰ ਮੁੜ ਟਿਕਟ ਦਿੱਤੀ ਗਈ ਹੈ। ਇਨ੍ਹਾਂ ’ਚ ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਅੰਮ੍ਰਿਤਸਰ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ, ਹੁਸ਼ਿਆਰਪੁਰ ਤੋਂ ਬ੍ਰਹਮ ਸ਼ੰਕਰ ਜਿੰਪਾ ਤੇ ਕਰਤਾਰਪੁਰ ਤੋਂ ਬਲਕਾਰ ਸਿੰਘ ਸ਼ਾਮਲ ਹਨ। ਧਾਲੀਵਾਲ ਨੂੰ ਭਗਵੰਤ ਮਾਨ ਦਾ ਕਰੀਬੀ ਮੰਨਿਆ ਜਾਂਦਾ ਹੈ ਪਰ ਦਿੱਲੀ ਲੀਡਰਸ਼ਿਪ ਦੇ ਦਖ਼ਲ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਮੰਡਲ ’ਚੋਂ ਹਟਾ ਦਿੱਤਾ ਗਿਆ ਸੀ। ਬਲਕਾਰ ਸਿੰਘ ਵੀ ਇਕ ਇਤਰਾਜ਼ਯੋਗ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦਾਂ ’ਚ ਰਹੇ ਸਨ। ਇਨ੍ਹਾਂ ਚਾਰਾਂ ਨੂੰ ਮੁੜ ਟਿਕਟ ਦੇਣਾ ਦਰਸਾਉਂਦਾ ਹੈ ਕਿ ਮੰਤਰੀ ਦਾ ਅਹੁਦਾ ਚਲੇ ਜਾਣ ਦਾ ਮਤਲਬ ਪਾਰਟੀ ਦਾ ਭਰੋਸਾ ਗੁਆਉਣਾ ਨਹੀਂ ਹੈ। ਭੂਗੋਲਿਕ ਪੱਖੋਂ ਵੀ ਸੂਚੀ ਕਾਫ਼ੀ ਕੁਝ ਦੱਸਦੀ ਹੈ। 40 ’ਚੋਂ 27 ਉਮੀਦਵਾਰ ਮਾਲਵਾ, ਅੱਠ ਦੁਆਬਾ ਤੇ ਪੰਜ ਮਾਝਾ ਖੇਤਰ ਨਾਲ ਸਬੰਧਤ ਹਨ। 69 ਵਿਧਾਨ ਸਭਾ ਸੀਟਾਂ ਵਾਲਾ ਮਾਲਵਾ ‘ਆਪ’ ਦੀ ਸਿਆਸਤ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਪਾਰਟੀ ਨੇ ਅਜੇ ਤੱਕ ਸੰਗਰੂਰ, ਬਰਨਾਲਾ ਤੇ ਮਾਨਸਾ ਦੇ ਕੁਝ ਅਹਿਮ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਇਹ ਇਲਾਕੇ ‘ਆਪ’ ਦੇ ਪੰਜਾਬ ’ਚ ਉਭਾਰ ਦਾ ਕੇਂਦਰ ਰਹੇ ਹਨ। ਲੱਗਦਾ ਹੈ ਕਿ ਲੀਡਰਸ਼ਿਪ ਨੇ ਇਨ੍ਹਾਂ ਇਲਾਕਿਆਂ ਬਾਰੇ ਕੁਝ ਅਹਿਮ ਸਿਆਸੀ ਫ਼ੈਸਲੇ ਅਗਲੀ ਸੂਚੀ ਲਈ ਰੱਖੇ ਹਨ। ਪਹਿਲੀ ਸੂਚੀ ’ਚ ਚਾਰ ਔਰਤਾਂ ਨੂੰ ਵੀ ਮੁੜ ਟਿਕਟ ਦਿੱਤੀ ਗਈ ਹੈ। ਇਨ੍ਹਾਂ ’ਚ ਨਕੋਦਰ ਤੋਂ ਇੰਦਰਜੀਤ ਕੌਰ ਮਾਨ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ, ਬਲਾਚੌਰ ਤੋਂ ਸੰਤੋਸ਼ ਕਟਾਰੀਆ ਤੇ ਮੋਗਾ ਤੋਂ ਡਾ. ਅਮਨਦੀਪ ਕੌਰ ਅਰੋੜਾ ਸ਼ਾਮਲ ਹਨ। ‘ਆਪ’ ਦੇ ਕੁੱਲ 11 ਮਹਿਲਾ ਵਿਧਾਇਕ ਹਨ। ਸਮਾਜਿਕ ਸੁਰੱਖਿਆ ਮੰਤਰੀ ਡਾ. ਬਲਜੀਤ ਕੌਰ ਦਾ ਨਾਂ ਪਹਿਲੀ ਸੂਚੀ ’ਚ ਨਾ ਹੋਣਾ ਖ਼ਾਸ ਤੌਰ ’ਤੇ ਧਿਆਨ ਖਿੱਚਦਾ ਹੈ। ਬਲਜਿੰਦਰ ਕੌਰ ਪਾਰਟੀ ਦੀ ਮੁੱਖ ਵ੍ਹਿਪ ਹਨ ਤੇ ਦਿੱਲੀ ਲੀਡਰਸ਼ਿਪ ਦੇ ਕਰੀਬੀ ਮੰਨੇ ਜਾਂਦੇ ਹਨ। ਉਨ੍ਹਾਂ ਦੀ ਟਿਕਟ ਤੈਅ ਮੰਨੀ ਜਾ ਰਹੀ ਸੀ। ਇੰਦਰਜੀਤ ਕੌਰ ਮਾਨ ਵਿਧਾਨ ਸਭਾ ’ਚ ਪਾਰਟੀ ਦੇ ਸਭ ਤੋਂ ਬੇਬਾਕ ਚਿਹਰਿਆਂ ’ਚੋਂ ਇੱਕ ਹਨ ਤੇ ਅਕਸਰ ਵਿਰੋਧੀ ਧਿਰ ਨੂੰ ਘੇਰਦੇ ਨਜ਼ਰ ਆਉਂਦੇ ਹਨ। ਡਾ. ਅਮਨਦੀਪ ਕੌਰ ਅਰੋੜਾ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਹਨ। ਇਨ੍ਹਾਂ ਨਾਵਾਂ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਨੇ ਉਮੀਦਵਾਰ ਚੁਣਨ ਵੇਲੇ ਸੰਗਠਨਾਤਮਕ ਭੂਮਿਕਾਵਾਂ ਨੂੰ ਵੀ ਧਿਆਨ ’ਚ ਰੱਖਿਆ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਰੇ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਸੁਰੱਖਿਅਤ ਹਨ। ਖਰੜ ’ਚ ਸਾਬਕਾ ਮੰਤਰੀ ਅਨਮੋਲ ਗਗਨ ਮਾਨ ਦੀ ਸੀਟ ’ਤੇ ਪਾਰਟੀ ਵੱਲੋਂ ਪਰਮਿੰਦਰ ਸਿੰਘ ਗੋਲਡੀ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ। ਇਸ ਨਿਯੁਕਤੀ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਅਨਮੋਲ ਗਗਨ ਮਾਨ ਨੂੰ ਮੁੜ ਟਿਕਟ ਮਿਲੇਗੀ। ਮੌਜੂਦਾ ਵਿਧਾਇਕ ਦੇ ਹਲਕੇ ’ਚ ਕਿਸੇ ਹੋਰ ਆਗੂ ਨੂੰ ਅੱਗੇ ਕਰਨਾ ਮਹਿਜ਼ ਸੰਗਠਨਾਤਮਕ ਕਵਾਇਦ ਨਹੀਂ ਮੰਨਿਆ ਜਾ ਸਕਦਾ। ਅਗਲੀ ਸੂਚੀ ਹੀ ਦੱਸੇਗੀ ਕਿ ਪਾਰਟੀ ਮੌਜੂਦਾ ਵਿਧਾਇਕਾਂ ਦੀ ਥਾਂ ਨਵੇਂ ਚਿਹਰੇ ਲਿਆਉਣ ਲਈ ਕਿੰਨੀ ਤਿਆਰ ਹੈ। ਇਸ ਸੂਚੀ ਦੇ ਸਮੇਂ ਨੂੰ ਲੈ ਕੇ ਇਕ ਹੋਰ ਸਿਆਸੀ ਪੱਖ ਹੈ। ਮਾਨਸਾ ’ਚ ਨਸ਼ਿਆਂ ਖ਼ਿਲਾਫ਼ ਸਰਗਰਮ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਨੂੰ ਲੈ ਕੇ ਪਾਰਟੀ ਅਤੇ ਸਰਕਾਰ ਨੂੰ ਲਗਾਤਾਰ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 40 ਉਮੀਦਵਾਰਾਂ ਦੀ ਸੂਚੀ ਨੇ ਘੱਟੋ-ਘੱਟ ਫਿਲਹਾਲ ਸਿਆਸੀ ਚਰਚਾ ਦਾ ਕੇਂਦਰ ‘ਆਪ’ ਦੀਆਂ ਚੋਣ ਤਿਆਰੀਆਂ ਨੂੰ ਬਣਾ ਦਿੱਤਾ ਹੈ। ਇਹ ਕਹਿਣਾ ਮੁਸ਼ਕਲ ਹੈ ਕਿ ਇਹ ਵਿਵਾਦ ਤੋਂ ਧਿਆਨ ਹਟਾਉਣ ਦੀ ਜਾਣਬੁੱਝ ਕੇ ਕੀਤੀ ਗਈ ਕੋਸ਼ਿਸ਼ ਸੀ ਜਾਂ ਸੂਚੀ ਜਾਰੀ ਕਰਨ ਦਾ ਪਹਿਲਾਂ ਤੋਂ ਤੈਅ ਪ੍ਰੋਗਰਾਮ ਪਰ ਇੰਨਾ ਜ਼ਰੂਰ ਹੈ ਕਿ ਸੂਚੀ ਨੇ ਸੁਰਖ਼ੀਆਂ ’ਚ ਥਾਂ ਬਣਾ ਲਈ ਹੈ। ਹੁਣ ਕਾਂਗਰਸ ਤੇ ਭਾਜਪਾ ਸਾਹਮਣੇ ਵੀ ਇਕ ਅਜਿਹੀ ਪਾਰਟੀ ਹੈ, ਜਿਸ ਨੇ ਆਪਣੇ 40 ਉਮੀਦਵਾਰ ਚੋਣ ਮੈਦਾਨ ’ਚ ਉਤਾਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਕੁਝ ਹਲਕਿਆਂ ’ਚ ਪਹਿਲਾਂ ਹੀ ਉਮੀਦਵਾਰ ਐਲਾਨੇ ਹੋਏ ਹਨ ਪਰ ਕਾਂਗਰਸ ਨੂੰ ਖ਼ਾਸ ਤੌਰ ’ਤੇ ਆਪਣੇ ਦਾਅਵੇਦਾਰਾਂ ਦੀ ਖਿੱਚੋਤਾਣ ਅਤੇ ਧੜੇਬੰਦੀ ਨਾਲ ਨਜਿੱਠਣਾ ਪਵੇਗਾ। ਜਦੋਂ ਤੱਕ ਦੂਜੀਆਂ ਪਾਰਟੀਆਂ ਉਮੀਦਵਾਰਾਂ ਬਾਰੇ ਫ਼ੈਸਲਾ ਕਰਨਗੀਆਂ, ‘ਆਪ’ ਦੇ ਉਮੀਦਵਾਰ ਆਪਣੇ ਹਲਕਿਆਂ ’ਚ ਕੰਮ ਸ਼ੁਰੂ ਕਰ ਚੁੱਕੇ ਹੋਣਗੇ। ਅਖ਼ੀਰ ’ਚ ਪਹਿਲੀ ਸੂਚੀ ਭਰੋਸੇ ਦਾ ਐਲਾਨ ਵੀ ਹੈ ਤੇ ਇਕ ਸਿਆਸੀ ਦਾਅ ਵੀ। ‘ਆਪ’ ਇਹ ਮੰਨ ਕੇ ਚੱਲ ਰਹੀ ਹੈ ਕਿ ਉਸ ਦੇ ਮੌਜੂਦਾ ਵਿਧਾਇਕ ਆਪਣੇ ਪੰਜ ਸਾਲਾਂ ਦੇ ਕੰਮਕਾਜ ਦਾ ਹਿਸਾਬ ਦੇ ਸਕਣਗੇ ਤੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਵੋਟਾਂ ’ਚ ਬਦਲ ਸਕਣਗੇ ਪਰ ਸਮੇਂ ਤੋਂ ਪਹਿਲਾਂ ਟਿਕਟ ਦੇਣ ਨਾਲ ਲੋਕਾਂ ਦੀ ਸਵੀਕਾਰਤਾ ਆਪਣੇ ਆਪ ਨਹੀਂ ਮਿਲ ਜਾਂਦੀ। ਉਲਟਾ, ਵੋਟਰਾਂ ਨੂੰ ਉਮੀਦਵਾਰਾਂ ਨੂੰ ਪਰਖਣ ਲਈ ਹੋਰ ਸਮਾਂ ਮਿਲ ਜਾਂਦਾ ਹੈ। ਅਸਲ ਇਮਤਿਹਾਨ ਦੂਜੀ ਸੂਚੀ ਜਾਰੀ ਹੋਣ ਤੋਂ ਬਾਅਦ ਸ਼ੁਰੂ ਹੋਵੇਗਾ। ਜੇ ਪਾਰਟੀ ਵੱਡੀ ਗਿਣਤੀ ’ਚ ਮੌਜੂਦਾ ਵਿਧਾਇਕਾਂ ਨੂੰ ਮੁੜ ਮੈਦਾਨ ’ਚ ਉਤਾਰਦੀ ਹੈ ਤਾਂ ਉਸ ਨੂੰ ਸੱਤਾ ਵਿਰੋਧੀ ਲਹਿਰ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ। ਜੇ ਟਿਕਟਾਂ ਵੱਡੀ ਗਿਣਤੀ ’ਚ ਕੱਟੀਆਂ ਜਾਂਦੀਆਂ ਹਨ ਤਾਂ ਨਾਰਾਜ਼ ਆਗੂਆਂ ਨੂੰ ਸੰਭਾਲਣਾ ਪਵੇਗਾ। ਫਿਲਹਾਲ ‘ਆਪ’ ਨੇ ਚੋਣਾਂ ਦੀ ਦੌੜ ’ਚ ਸਭ ਤੋਂ ਪਹਿਲਾਂ ਆਪਣੀ ਮੌਜੂਦਗੀ ਦਰਜ ਕਰਵਾ ਦਿੱਤੀ ਹੈ ਪਰ ਚੋਣਾਂ ’ਚ ਸਿਰਫ਼ ਪਹਿਲਾਂ ਦੌੜ ਸ਼ੁਰੂ ਕਰਨਾ ਹੀ ਕਾਫ਼ੀ ਨਹੀਂ ਹੁੰਦਾ, ਮੰਜ਼ਿਲ ਤੱਕ ਪਹੁੰਚਣਾ ਵੀ ਜ਼ਰੂਰੀ ਹੁੰਦਾ ਹੈ।
- ਲੇਖਕ ਪੰਜਾਬੀ ਜਾਗਰਣ ਦੇ ਸੰਪਾਦਕ ਹਨ।