- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕਾ ਨੇ ਪੜ੍ਹਾਈ ਲਿਖਾਈ ’ਚ ਹੁਸ਼ਿਆਰ ਹੋਣ ਕਰਕੇ ਉਸ ਨੂੰ ਪਿਆਰ ਨਾਲ ਕਹਿਣਾ, ਇਸ ਨੂੰ ਵੀ ਮਾੜੀ ਮੋਟੀ ਅਕਲ ਸਿਖਾ ਦੇ। ਇਹ ਨੂੰ ਤਾਂ ਆਪਣਾ ਨਾਂ ਵੀ ਨਹੀਂ ਲਿਖਣਾ ਆਉਂਦਾ। ਇਹ ਅੱਗੇ ਜਾ ਕੇ ਕੀ ਕਰੂਗਾ। ਮੈ ਨਿਮੋਸ਼ੀ ਦੀ ਬੁੱਕਲ ’ਚ ਮੂੰਹ ਲੁਕਾ ਦੇ ਸੋਚਣਾ ਕਿ ਮੇਰਾ ਤਾਂ ਸੌਖਾ ਜਿਹਾ ਦੋ ਅੱਖਰਾਂ ਵਾਲਾ ਨਾਂਅ ਹੁੰਦਾ ਤਾਂ ਚੰਗੀ ਗੱਲ ਸੀ। ਕਦੇ-ਕਦੇ ਮੈਂ ਨਾਂਅ ਪਿੱਛੇ ਪਈ ਸਕੂਲ ਦੀ ਮਾਰ ਦਾ ਜ਼ਿਕਰ ਬੇਬੇ ਕੋਲ ਕਰਨਾ ਅਤੇ ਕਹਿਣਾ ਕਿ ਮੇਰਾ ਨਾਂਅ ਤਾਂ ਬਦਲ ਕੇ ਛੋਟਾ ਜਿਹਾ ਰੱਖ ਦੇਵੋ।

ਸਨੇਹਇੰਦਰ ਸਿੰਘ ਮੀਲੂ
ਜਦੋਂ ਮੈਂ ਆਪਣੇ ਪਿੰਡ ਦੇ ਸਕੂਲ ’ਚ ਪਹਿਲੀ ਜਮਾਤ ’ਚ ਦਾਖਲ ਹੋਇਆ ਤਾਂ ਮੇਰਾ ਨਾਂਅ ਸੁਣ ਕੇ ਕਲਾਸ ਦੀ ਇੰਚਾਰਜ ਅਧਿਆਪਕਾ ਬੜੀ ਪ੍ਰਸੰਨ ਹੋਈ ਅਤੇ ਰਜਿਸਟਰ ’ਚ ਲਿਖ ਕੇ, ਉਸ ਨੇ ਨਾਲ ਹੀ ਕਿਹਾ ਕਿ ਗਿਆਨੀ ਜੀ ਨੇ ਆਪਣੇ ਬੇਟੇ ਦਾ ਨਾਂਅ ਤਾਂ ਬੜਾ ਹੀ ਪਿਆਰਾ ਰੱਖਿਆ ਹੈ। ਮੇਰੇ ਪਿਤਾ ਜੀ ਵੀ ਇਕ ਅਧਿਆਪਕ ਸਨ। ਇਸ ਲਈ ਸਭ ਅਧਿਆਪਕ ਉਨ੍ਹਾਂ ਨੂੰ ਜਾਣਦੇ ਸਨ। ਉਨ੍ਹਾਂ ਦੇ ਸ਼ਗਿਰਦ ਹਾਸ-ਵਿਅੰਗ ਲੇਖਕ ਜੇ. ਐੱਲ. ਨੰਦਾ ਜੀ ਵੀ ਇਸੇ ਸਕੂਲ ’ਚ ਅਧਿਆਪਕ ਸਨ। ਪੜ੍ਹੇ ਲਿਖੇ ਪਰਿਵਾਰ ’ਚ ਪੈਦਾ ਹੋਣ ਉਪਰੰਤ ਵੀ ਪੜ੍ਹਾਈ, ਖ਼ਾਸਕਰ, ਸਕੂਲੀ ਪੜਾਈ ’ਚ ਮੇਰਾ ਹੱਥ ਤੰਗ ਹੀ ਰਿਹਾ ਹੈ। ਇਸ ਲਈ ਇਹ ਛੇ ਅੱਖਰਾਂ ਵਾਲਾ ਨਾਮ ਲਿਖਣਾ-ਸਿੱਖਣਾ ਮੇਰੇ ਲਈ ਦਰਿਆ ਪਾਰ ਕਰਨ ਬਰਾਬਰ ਸੀ। ਕਿਥੇ ਬਾਪੂ ਜੀ ਨੇ ਏਡਾ ਵੱਡਾ ਨਾਂਅ ਰੱਖ ਦਿੱਤਾ। ਮੈਨੂੰ ਆਪਣਾ ਨਾਂਅ ਲਿਖਣਾ ਸਿੱਖਣ ਲਈ ਅਨੇਕਾਂ ਵਾਰ ਸਕੂਲੋਂ ਮਾਰ ਖਾਣੀ ਪਈ। ਕਈ ਵਾਰ ਅਧਿਆਪਕਾਂ ਨੇ ਵੱਡੇ ਵੀਰ ਨੂੰ ਕਹਿਣਾ (ਜੋ ਤਿੰਨ ਚਾਰ ਜਮਾਤਾਂ ਮੇਰੇ ਤੋਂ ਅੱਗੇ ਸਕੂਲ ’ਚ ਪੜਦਾ ਸੀ ਅਤੇ ਹਰ ਜਮਾਤ ਦਾ ਮਾਨੀਟਰ ਹੋਣਾ ਅਤੇ ਹਰ ਕਲਾਸ ਵਿਚ ਫਸਟ ਆਉਣਾ ਉਸ ਦਾ ਸ਼ੁਭ ਕਾਰਜ ਸੀ)।
ਅਧਿਆਪਕਾ ਨੇ ਪੜ੍ਹਾਈ ਲਿਖਾਈ ’ਚ ਹੁਸ਼ਿਆਰ ਹੋਣ ਕਰਕੇ ਉਸ ਨੂੰ ਪਿਆਰ ਨਾਲ ਕਹਿਣਾ, ਇਸ ਨੂੰ ਵੀ ਮਾੜੀ ਮੋਟੀ ਅਕਲ ਸਿਖਾ ਦੇ। ਇਹ ਨੂੰ ਤਾਂ ਆਪਣਾ ਨਾਂ ਵੀ ਨਹੀਂ ਲਿਖਣਾ ਆਉਂਦਾ। ਇਹ ਅੱਗੇ ਜਾ ਕੇ ਕੀ ਕਰੂਗਾ। ਮੈ ਨਿਮੋਸ਼ੀ ਦੀ ਬੁੱਕਲ ’ਚ ਮੂੰਹ ਲੁਕਾ ਦੇ ਸੋਚਣਾ ਕਿ ਮੇਰਾ ਤਾਂ ਸੌਖਾ ਜਿਹਾ ਦੋ ਅੱਖਰਾਂ ਵਾਲਾ ਨਾਂਅ ਹੁੰਦਾ ਤਾਂ ਚੰਗੀ ਗੱਲ ਸੀ। ਕਦੇ-ਕਦੇ ਮੈਂ ਨਾਂਅ ਪਿੱਛੇ ਪਈ ਸਕੂਲ ਦੀ ਮਾਰ ਦਾ ਜ਼ਿਕਰ ਬੇਬੇ ਕੋਲ ਕਰਨਾ ਅਤੇ ਕਹਿਣਾ ਕਿ ਮੇਰਾ ਨਾਂਅ ਤਾਂ ਬਦਲ ਕੇ ਛੋਟਾ ਜਿਹਾ ਰੱਖ ਦੇਵੋ। ਮੇਰੀ ਮਾਂ ਕੋਰੀ ਅਨਪੜ੍ਹ ਹੋਣ ਦੇ ਬਾਵਜੂਦ ਵੀ ਕਈ ਸਾਹਿਤਕ ਤੇ ਸਿਆਣੀਆਂ ਗੱਲ ਅਕਸਰ ਹੀ ਕਰਦੀ ਹੁੰਦੀ ਸੀ, ਕਿਉਂਕਿ ਮੇਰੇ ਸਾਹਿਤਕ, ਧਾਰਮਿਕ ਤੇ ਸਮਾਜਿਕ, ਗਿਆਨੀ ਧਿਆਨੀ, ਅਧਿਆਪਕ ਪਿਓ ਦਾ ਉਸ ਉਪਰ ਪੂਰਾ ਪ੍ਰਭਾਵ ਸੀ। ‘ਪੁੱਤਰ ਤੇਰਾ ਪਿਓ ਨਹੀਂ ਮੰਨਦਾ,।’ ਕਹਿੰਦਾ ਮੈਂ ਤਾਂ ਮੁੰਡੇ ਦਾ ਸਾਹਿਤਕ ਅਤੇ ਪ੍ਰੇਮ ਭਰਪੂਰ ਨਾਂਅ ਰੱਖਿਆ ਏ।’ ਨਰਿੰਦਰ ਕੁਰੇ, ਤੂੰ ਕੀ ਗੱਲ ਕਮਲੀ ਤਾਂ ਹੋ ਗਈ। ਤੈਨੂੰ ਕੀ ਪਤਾ ਇਹ ਵੱਡਾ ਹੋ ਕੇ ਆਪੇ ਹੀ ਲਾਇਨ ’ਤੇ ਆਜੂਗਾ, ਪ੍ਰੇਮ ਨਾਲ ਜਾਂ ਮਾਸਟਰਾਂ ਦੀ ਡੰਡਾ ਪਰੇਡ ਨਾਲ, ਤੂੰ ਇਹਨੂੰ ਬਹੁਤਾ ਨਾ ਲਾਡ-ਪਿਆਰ ਨਾਲ ਵਿਗਾੜ ਨਾ ਦਈ।’ ਸਿਖਜੂਗਾ ਸਭ ਕੁਝ ਆਪੇ,। ਚਿੰਤਾ ਨਾ ਕਰ। ਖ਼ੈਰ, ਮਾਸਟਰਾਂ ਦੀ ਡੰਡਾ ਪਰੇਡ ਅਤੇ ਬਾਪੂ ਜੀ ਦੇ ਸਾਹਿਤਕ ਪ੍ਰੇਮ ਦੀ ਬਦੌਲਤ ਮੈਂ ਪਹਿਲੀ ਜਮਾਤ ਦੀ ਪੜ੍ਹਾਈ ਦਾ ਸਲੇਬਸ ਤੀਸਰੀ ਕਲਾਸ ’ਚ ਵੱਡੇ ਵੀਰ ਦੀ ਅਧਿਆਪਕ ਬਿਰਤੀ ਕਾਰਨ ਪੜ੍ਹਨ ਲੱਗਾ। ਸਕੂਲੋਂ ਆਉਂਦਿਆਂ ਹੀ ਉਹ ਨੇ ਮੈਨੂੰ ਘਰੇਲੂ ਕੰਮਾਂ ’ਚ ਲਗਾ ਲੈਣਾ, ਡੰਗਰ ਪਸ਼ੂਆਂ ਦਾ ਕੰਮ ਵੀ ਕਰਵਾਉਣਾ। ਖੇਤ ਬੰਨੇ ਵੀ ਜਾਂ ਆਉਣਾ ਫੇਰ ਉਸ ਨੇ ਪਿਆਰ ਅਤੇ ਘੂਰ ਦੋਵਾਂ ਦੇ ਮਿਸ਼ਰਣ ਨਾਲ ਮੈਨੂੰ ਪੜ੍ਹਨ ਲਿਖਣ (ਸਕੂਲੀ ਪੜ੍ਹਾਈ) ਦੀ ਪਗਡੰਡੀ ਉਪਰ ਤੁਰਨਾ ਸਿਖਾਇਆ। ਇਸ ਤਰ੍ਹਾਂ ਮੈਨੂੰ ਪੜ੍ਹਦੇ ਵੇਖ ਬੇਬੇ ਨੇ ਅੰਦਰੋਂ-ਅੰਦਰੀਂ ਬੜਾ ਹੀ ਖੁਸ਼ ਹੋਣਾ। ਇਕ ਦਿਨ ਬੇਬੇ ਨੂੰ ਜਦੋਂ ਮੈਂ ਦੱਸਿਆ ਕਿ ‘ਹੁਣ ਆਪਣਾ ਨਾਂਅ ਲਿਖਣਾ ਸਿੱਖ ਗਿਆ ਹਾਂ, ਤਾਂ ਉਹ ਨੇ ਬਾਪੂ ਜੀ ਨੂੰ ਬੜੇ ਚਾਅ ਨਾਲ ਦੱਸਿਆ। ਉਨ੍ਹਾਂ ਨੇ ਐਤਵਾਰ ਵਾਲੇ ਦਿਨ ਮੈਨੂੰ ਬੈਠਕ ’ਚ ਬਿਠਾ ਕੇ ਇਸ ਨਾਂਅ ਬਾਰੇ ਬੜੇ ਹੀ ਪਿਆਰ ਨਾਲ ਵਿਸਥਾਰਪੂਰਵਕ ਦੱਸਣਾ ਸ਼ੁਰੂ ਕੀਤਾ ਕਿ ‘ਸਨੇਹ ਸ਼ਬਦ, ਸਾਨੂੰ ਆਪਸ ’ਚ ਜੋੜਦਾ ਹੈ। ਸਨੇਹ ਨਾਲ ਭਰੀ ਆਤਮਿਕ ਲਹਿਰ ਇਕ ਦੂਜੇ ਵੱਲ ਤੁਰਦੀ ਹੈ।
ਅਸੀਂ ਜਦੋਂ ਇੱਕ ਦੂਜੇ ਨੂੰ ਸਨੇਹ ਨਾਲ ਮਿਲਦੇ ਹਾਂ, ਤਾਂ ਪਿਆਰ ਦੀ ਖੁਸ਼ਬੋ ਪੈਦਾ ਹੁੰਦੀ ਹੈ। ਇਸ ਤਰ੍ਹਾਂ ਇੰਦਰ ਵੀ ਮੀਂਹ ਦਾ ਪ੍ਰਤੀਕ ਹੈ। ਕਣੀਆਂ ਨਾਲ ਖੁਸ਼ਹਾਲੀ ਤੇ ਹਰਿਆਲੀ ਆਉਂਦੀ ਹੈ। ਸਨੇਹ ਨਾਲ ਸੁਹਿਰਦਤਾ ਵੀ ਉਤਪਨ ਹੁੰਦੀ ਹੈ। ਉਪਰੋਕਤ ਗੱਲਾਂ ਉਨ੍ਹਾਂ ਨੇ ਮੈਨੂੰ ਆਪਣੀ ਡਾਇਰੀ ’ਚ ਲਿਖ ਕੇ ਨੋਟ ਕਰਨ ਨੂੰ ਵੀ ਕਿਹਾ। ਜੋ ਅੱਜ ਕੱਲ੍ਹ ਮੇਰੇ ਸਾਹਿਤਕ ਖੇਤਰ ’ਚ ਵੱਡਮੁੱਲਾ ਯੋਗਦਾਨ ਪਾ ਰਹੀਆਂ ਹਨ। ਜਿਹੜਾ ਨਾਂਅ ਮੈਨੂੰ ਪਹਿਲਾਂ, ਪਹਿਲਾ ਕਰੇਲਾ ਜਾਪਦਾ ਸੀ. ਉਹੀ ਨਾਂਅ ਪਿਤਾ ਜੀ ਦੇ ਸਮਝਾਉਣ ਨਾਲ ਟੀਸੀ ਦਾ ਬੇਰ ਲੱਗਣ ਲੱਗ ਪਿਆ। ਜਿਸ ਨੂੰ ਤੋੜ ਕੇ ਜਿਵੇਂ ਮੈਂ ਆਪਣੀ ਝੋਲੀ ’ਚ ਪਾ ਲਿਆ ਹੋਵੇ। ਫੇਰ ਬੇਬੇ-ਬਾਪੂ ਜੀ ਦੇ ਆਸ਼ੀਰਵਾਦ ਨਾਲ ਮੈਂ ਕਲਮ ਦਾ ਮੁੰਨਾ ਫੜ ਕੇ ਸ਼ਬਦਾਂ ਦੀ ਫ਼ਸਲ ਬੀਜਣ ਵੱਲ ਰੁਚਿਤ ਹੋ ਗਿਆ। ਬਾਪੂ ਜੀ ਦੀ ਰੀਸ ਮੈਂ ਆਪਣੇ ਨਾਂਅ ਨਾਲ ਸਰਨੇਮ ਅਤੇ ਪਿੰਡ ਦਾ ਨਾਂਅ ਨਾਲ ਜੋੜ ਕੇ ਅਖ਼ਬਾਰਾਂ ਨੂੰ ਚਿੱਠੀਆਂ ਲਿਖਣ ਲੱਗ ਪਿਆ, ਉਹ ਛਪਣ ਵੀ ਲੱਗੀਆਂ। ਇਸ ਤਰ੍ਹਾਂ ਮੇਰੀ ਲਿਖਣ-ਪੜਨ ਦੇ ਖੇਤਰ ਵਿਲੱਖਣ ਪਛਾਣ ਬਣੀ। ਘਰ ’ਚ ਸਾਹਿਤਕ ਮਾਹੌਲ ਸੀ। ਮੇਰੀਆਂ ਚਿੱਠੀਆਂ ਅਖ਼ਬਾਰਾਂ ’ਚ ਛਪਣ ਲੱਗੀਆਂ। ਜਿਸ ਦੀ ਮੈਨੂੰ ਬੜੀ ਖੁਸ਼ੀ ਵੀ ਹੋਈ। ‘ਯਾਰ ਮੀਲੂ ਤੇਰਾ ਨਾਂਅ ਤਾਂ, ਮਿੰਨੀ ਕਹਾਣੀ ਜਿੱਡਾ ਹੈ। ਚਿੱਠੀ ਪੜ੍ਹ ਕੇ ਮੇਰੇ ਇਕ ਮਿੱਤਰ ਨੇ ਮੇਰੇ ਉਪਰ ਵਿਅੰਗ ਕੱਸਿਆ, ਫਿਰ ਮੈਂ ਮਿੰਨੀ ਕਹਾਣੀਆਂ। ਪੇਂਡੂ ਸੱਭਿਆਚਾਰਕ ਬਾਰੇ ਵੀ ਮੇਰੇ ਲੇਖ ਅਖ਼ਬਾਰਾਂ ਦਾ ਸ਼ਿੰਗਾਰ ਬਣਨ ਲੱਗ ਪਏ। ਰੇਡਿਓ ਤੋਂ ਪੰਜਾਬੀ ਵਾਰਤਾਵਾਂ ਪੜ੍ਹਨ ਲੱਗ ਪਿਆ। ਇਸ ਤਰ੍ਹਾਂ ਮੇਰੇ ਲੇਖ ਅਖਬਾਰਾਂ ਅਤੇ ਰਸਾਲਿਆਂ ’ਚ ਛੱਪਣ ਉਪਰੰਤ ਕਈ ਅਖ਼ਬਾਰਾਂ ਵਾਲਿਆਂ ਨੂੰ ਮੇਰੇ ਨਾਂਅ ਦਾ ਅਜਿਹਾ ਭੁਲੇਖਾ ਪਿਆ ਕਿ ਉਹ ਮੈਨੂੰ ਕੁੜੀ ਸਮਝਣ ਲੱਗੇ, ਕਿਉਂਕਿ ਕਈ ਸੰਪਾਦਕ ਤਾਂ ਮੇਰੀ ਲਿਖਤ ਨਾਲ ਮੇਰਾ ਨਾਂਅ ਡੱਬੀ ’ਚ ਛਾਪਦੇ। ਕਈ ਪਾਠਕ ਜਿਨ੍ਹਾਂ ’ਚ ਲੜਕੀਆਂ ਵੀ ਸ਼ਾਮਲ ਸਨ। ਮੈਨੂੰ ਕੁੜੀ ਸਮਝ ਕੇ ਖੱਤ ਪੱਤਰ ਲਿਖਦੇ। ਇਸ ਤਰ੍ਹਾਂ ਪਾਠਕਾਂ ਤੇ ਕਈ ਲੇਖਕਾਂ ਤੇ ਮੇਰੇ ਵਿਚਾਰ ਚਿੱਠੀ ਪੱਤਰਾਂ ਰਾਹੀਂ ਭੁਲੇਖੇ ਦੀ ਲੁਕਣ-ਮੀਚੀ ਵਾਲੀ ਖੇਡ ਚੱਲਦੀ ਰਹੀ। ਫੇਰ ਮੈਂ ਆਪਣੇ ਇਨ੍ਹਾਂ ਅਨੁਭਵਾਂ ’ਚੋਂ ਹੀ ਕਈਆਂ ਦੇ ਭੁਲੇਖੇ ਦੂਰ ਕਰਨ ਲਈ ਇਕ ਕਹਾਣੀ ‘ਕੁੜੀ ਨਹੀਂ ਮੁੰਡਾ, ਸਿਰਲੇਖ ਤਹਿਤ ਲਿਖ ਕੇ ਆਪਣੇ ਇਸ ਨਾਂਅ ਦਾ ਖੁਲਾਸਾ ਅਤੇ ਭੁਲੇਖਾ ਦੂਰ ਕੀਤਾ। ਇਕ ਗੰਭੀਰ ਪਾਠਕ ਬਣਨ ਦੀ ਕੋਸ਼ਿਸ਼ ’ਚ ਹਾਂ। ਉਮੀਦ ਹੈ, ਇਸ ਲਿਖਤ ਨਾਲ ਕਈ ਹੋਰ ਮਿੱਤਰ ਪਿਆਰਿਆਂ ਦਾ ਭੁਲੇਖਾ ਵੀ ਦੂਰ ਹੋਇਆ ਹੋਵੇਗਾ। ਇਸ ਤਰ੍ਹਾਂ ਅਕਸਰ ਹੀ ਹੋ ਜਾਂਦਾ ਹੈ। ਇਹ ਸ਼ੁਰੂ ਤੋਂ ਹੀ ਹੁੰਦਾ ਆਇਆ ਹੈ। ਕਈ ਵੱਡੇ-ਵੱਡੇ ਲੇਖਕਾਂ ਨਾਲ ਵੀ ਨਾਂਅ ਦੀ ਗੱਲ ਪੜ੍ਹਨ ਸੁਣਨ ’ਚ ਆਈ ਹੈ। ਸੋ ਭੁਲੇਖਾ ਦੂਰ ਕਰਨਾ ਚਾਹੀਦਾ ਹੈ। ਮੈਂ ਆਪਣੇ ਸਾਹਿਤਕਾਰ ਬਾਪੂ ਦਾ ਰਿਣ ਕਦੇ ਵੀ ਨਹੀਂ ਚੁਕਾ ਸਕਾਂਗਾ। ਜਿਨ੍ਹਾ ਨੇ ਮੈਨੂੰ ਜਨਮ ਦੇ ਨਾਲ ਪਿਆਰਾ ਜਿਹਾ ਨਾਂਅ ਦਿੱਤਾ। ਉੱਥੇ ਸ਼ਬਦਾਂ ਨਾਲ ਮੇਰੀ ਅਟੁੱਟ ਸਾਂਝ ਪੁਆਈ।
ਉਨ੍ਹਾਂ ਦੀਆਂ ਅਣਛਪੀਆਂ ਲਿਖਤਾਂ ਦੀ ਵੀ ਸ਼ਨਾਖਤ ਹੋਵੇ, ਜਿਨ੍ਹਾਂ ਦੀ ਬਦੌਲਤ ਹੀ ਮੈਂ ਕੁਝ ਪੜ੍ਹਨ ਲਿਖਣ ਦੇ ਕਾਬਲ ਹੋਇਆ ਹਾਂ। ਇਸ ਲਈ ਉਹ ਮੇਰੇ ਪਿਤਾ, ਪਾਲਣਹਾਰੇ ਟੀਚਰ, ਸਾਹਿਤਕ ਗੁਰੂ ਹੋਰ ਸਭ ਕੁਝ ਸਨ ਤੇ ਹਨ ਵੀ। ਜੇ ਬਾਕੀ ਪਰਿਵਾਰ ਦੀ ਗੱਲ ਕਰਾਂ, ਜਿਸ ’ਚ ਬਾਕੀ ਸ਼ਰੀਕਾ-ਕਬੀਲਾ ਸਭ ਸ਼ਾਮਲ ਹੈ। ਚੰਦ ਕੁ ਲੋਕਾਂ ਨੂੰ ਛੱਡ ਕੇ ਮੈਨੂੰ ਅਸਲ ਸਨੇਹ, ਘੱਟ ਹੀ ਮਿਲਿਆ ਹੈ। ਮੇਰਾ ਨਾਂਅ ਬੜਾ ਪਿਆਰਾ ਤੇ ਨਿਆਰਾ ਹੈ। ਇਹ ਗੱਲ ਮੇਰੀ ਮਿੱਤਰ ਮੰਡਲੀ ਤੇ ਹੋਰ ਮੇਰੇ ਆਪਣੇ ਵੀ ਅਕਸਰ ਮੈਨੂੰ ਕਹਿੰਦੇ ਰਹਿੰਦੇ ਹਨ। ਖੈਰ, ਇਨ੍ਹਾਂ ਲਾਈਨਾਂ ਨਾਲ ਨਾਂਅ ਦੀ ਕਥਾ ਵਾਰਤਾ ਨੂੰ ਸਮੇਟਦਾ ਹੋਇਆ ਕੁੱਝ ਅੱਛਾ ਪੜ੍ਹਨ ਤੇ ਲਿਖਣ ਦੀ ਕੋਸ਼ਿਸ਼ ਕਰਦਾ ਰਹਾਂਗਾ।
(ਸੰਪਰਕ : 95308-85356)।