- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਨੂੰ ਮਿਲੀ ਭੁਗਤ ਦੇ ਮਾਫੀਏ ਨੂੰ ਖ਼ਤਮ ਕਰਨਾ ਹੋਵੇਗਾ ਤਾਂ ਹੀ ਕਿਤੇ ਜਾ ਕੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੋਂ ਨਿਜਾਤ ਮਿਲੇਗੀ। ਜੇਕਰ ਇਸ ਧਰਨੇ ਤੋਂ ਬਾਅਦ ਵੀ ਨਸ਼ਿਆਂ ਨੂੰ ਰੋਕਣ ਦਾ ਕੋਈ ਵਾਜਬ ਹੱਲ ਨਾ ਨਿਕਲਿਆ ਤਾਂ ਪੰਜਾਬ ’ਚ ਲੋਕਾਂ ਦਾ ਗੁੱਸਾ ਬਰਦਾਸ਼ਤ ਕਰਨਾ ਅਸੰਭਵ ਹੋ ਜਾਵੇਗਾ। ਧਰਨਾਕਾਰੀਆਂ ਨੂੰ ਵੀ ਇਹ ਧਰਨਾ ਸ਼ਾਂਤਮਈ ਰੱਖਦਿਆਂ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ’ਤੇ ਨਿਗਾਹ ਰੱਖਣੀ ਚਾਹੀਦੀ ਹੈ।

ਉਜਾਗਰ ਸਿੰਘ
ਅੱਜ-ਕੱਲ੍ਹ ਮਾਨਸਾ ਵਿਖੇ ਇਕ ਸਮਾਜ ਸੇਵੀ ਅਤੇ ਮੈਡੀਕਲ ਨਸ਼ਿਆਂ ਨੂੰ ਖ਼ਤਮ ਕਰਨ ਲਈ ਜੱਦੋਜਹਿਦ ਕਰਨ ਵਾਲੇ ਪਰਮਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਕਤਲ ਕਰਨ ਕਰ ਕੇ ਧਰਨਾ ਲਗਾਤਾਰ ਜਾਰੀ ਹੈ। ਨਸ਼ਿਆਂ ਵਿਰੁੱਧ ਧਰਨਾ ਲਗਾਉਣਾ ਕੋਈ ਮਾੜੀ ਗੱਲ ਨਹੀਂ, ਕਿਉਂਕਿ ਪਿਛਲੇ 20 ਸਾਲਾਂ ਤੋਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਦਾ ਸੰਤਾਪ ਹੰਢਾਅ ਰਹੀ ਹੈ। ਪੰਜਾਬੀਆਂ ਦੀ ਨਵੀਂ ਪਨੀਰੀ ਖ਼ਤਮ ਹੋਣ ਦੇ ਕਿਨਾਰੇ ’ਤੇ ਖੜ੍ਹੀ ਹੈ। ਧਰਨੇ ਲਗਾਉਣ ਤੇ ਅੰਦੋਲਨ ਕਰਨ ਦਾ ਮੰਤਵ ਸਰਕਾਰ ਦਾ ਧਿਆਨ ਖਿਚਣਾ ਹੁੰਦਾ ਹੈ ਤਾਂ ਜੋ ਸਰਕਾਰ ਉਸ ਬਿਮਾਰੀ ਦਾ ਹੱਲ ਲੱਭਣ ’ਚ ਸਹਾਈ ਹੋਵੇ। ਇਹ ਧਰਨੇ ਤੇ ਅੰਦੋਲਨ ਲੋਕਾਂ ਨੂੰ ਤੰਗ ਕਰਨ ਲਈ ਨਹੀਂ ਹੁੰਦੇ, ਭਾਵੇਂ ਥੋੜ੍ਹਾ ਬਹੁਤਾ ਲੋਕਾਂ ਨੂੰ ਮੁਸ਼ਕਲ ਆਉਂਦੀ ਹੈ ਪਰ ਪੀੜਤ ਲੋਕਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਰਹਿ ਜਾਂਦਾ। ਹੁਣ ਤੱਕ ਸਾਰੀਆਂ ਸਰਕਾਰਾਂ ਨਸ਼ਾ ਖ਼ਤਮ ਕਰਨ ਦੀਆਂ ਟਾਹਰਾਂ ਤਾਂ ਮਾਰਦੀਆਂ ਰਹੀਆਂ ਹਨ ਤੇ ਮਾਰ ਵੀ ਰਹੀਆਂ ਹਨ ਪਰ ਨਸ਼ਾ ਕੋਈ ਵੀ ਸਰਕਾਰ ਬੰਦ ਕਰਨ ’ਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਈ, ਸਗੋਂ ਸਰਕਾਰਾਂ ’ਤੇ ਇਹ ਇਲਜ਼ਾਮ ਲੱਗ ਰਹੇ ਹਨ ਕਿ ਪੰਜਾਬ ’ਚ ਨਸ਼ੇ ਸਿਆਸਤਦਾਨ, ਅਫ਼ਸਰਸ਼ਾਹੀ, ਪੁਲਿਸ ਤੇ ਨਸ਼ਿਆਂ ਦੇ ਸੌਦਾਗਰਾਂ ਦੀ ਮਿਲੀ ਭੁਗਤ ਨਾਲ ਵਿਕ ਰਹੇ ਹਨ। ਪੰਜਾਬ ’ਚ ਸ਼ੁਭਦੀਪ ਸਿੰਘ ਮੂਸੇਵਾਲਾ ਦੇ ਕਤਲ ਸਮੇਂ ਹੋਏ ਵਿਸ਼ਾਲ ਧਰਨੇ ਤੋਂ ਬਾਅਦ ਲਗਪਗ ਇਹ ਧਰਨਾ ਵੀ ਉਤਨਾ ਹੀ ਵੱਡਾ ਹੈ। ਉਸੇ ਤਰ੍ਹਾਂ ਵਹੀਰਾਂ ਘੱਤ ਕੇ ਹਰ ਵਰਗ ਦੇ ਲੋਕ ਧਰਨੇ ’ਚ ਸ਼ਾਮਲ ਹੋ ਰਹੇ ਹਨ। ਪੰਜਾਬ ਦੇ ਲੋਕਾਂ ’ਚ ਪਰਮਿੰਦਰ ਸਿੰਘ ਝੋਟਾ ਦੇ ਕਤਲ ਦਾ ਬਹੁਤ ਗੁੱਸਾ ਹੈ। ਇਸ ਧਰਨੇ ਦਾ ਪ੍ਰਭਾਵ ਲੋਕਾਂ ’ਚ ਇਕੱਲੇ ਮੈਡੀਕਲ ਨਸ਼ੇ ਦੇ ਵਿਰੋਧ ਦਾ ਜਾ ਰਿਹਾ ਹੈ। ਇਸ ਧਰਨੇ ’ਚ ਚਿੱਟਾ ਬੰਦ ਕਰਨ ਦੀ ਮੰਗ ਕੀਤੀ ਤਾਂ ਜਾ ਰਹੀ ਹੈ ਪਰ ਮੁੱਖ ਤੌਰ ’ਤੇ ਮੈਡੀਕਲ ਨਸ਼ੇ ਨੂੰ ਬੰਦ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੰਜਾਬ ਦੀ ਜਵਾਨੀ ਦਾ ਘਾਣ ਭਾਵੇਂ ਦੋਵੇਂ ਨਸ਼ੇ ਕਰ ਰਹੇ ਹਨ ਪਰ ਚਿੱਟੇ ਆਰਥਾਤ ਕੈਮੀਕਲ ਨਸ਼ੇ ਦਾ ਮੁੱਖ ਯੋਗਦਾਨ ਹੈ। ਭਾਵੇਂ ਦੋਵੇਂ ਨਸ਼ੇ ਮਨੁੱਖੀ ਜ਼ਿੰਦਗੀ ਲਈ ਖ਼ਤਰਨਾਕ ਹਨ, ਪਰ ਮੈਡੀਕਲ ਨਸ਼ਾ ਬਹੁਤੀ ਜਲਦੀ ਜ਼ਿੰਦਗੀ ਨੂੰ ਖ਼ਤਮ ਨਹੀਂ ਕਰਦਾ, ਜਦੋਂ ਕਿ ਚਿੱਟੇ ਦਾ ਨਸ਼ਾ ਕੁਝ ਹੀ ਸਮੇਂ ’ਚ ਜ਼ਿੰਦਗੀ ਖ਼ਤਮ ਕਰ ਦਿੰਦਾ ਹੈ। ਸਰਕਾਰਾਂ ਮੈਡੀਕਲ ਤੇ ਚਿੱਟੇ ਦੇ ਨਸ਼ੇ ਦੀ ਸਪਲਾਈ ਬੰਦ ਕਰਨ ’ਚ ਅਸਫਲ ਹੋ ਰਹੀਆਂ ਹਨ। ਡਾਕਟਰਾਂ ਅਨੁਸਾਰ ਮੈਡੀਕਲ ਨਸ਼ਾ ਉਤਨਾ ਹੀ ਖ਼ਤਰਨਾਕ ਨਹੀਂ ਜਿਤਨਾ ਚਿੱਟੇ ਦਾ ਨਸ਼ਾ ਖ਼ਤਰਨਾਕ ਹੈ। ਚਿੱਟਾ ਖ਼ਾਣ ਨਾਲ ਤੁਰੰਤ ਮੌਤ ਹੋ ਜਾਂਦੀ ਹੈ ਪਰ ਮੈਡੀਕਲ ਨਸ਼ੇ ਨਾਲ ਤੁਰੰਤ ਮੌਤ ਨਹੀਂ ਹੁੰਦੀ। ਜੇਕਰ ਮੈਡੀਕਲ ਨਸ਼ੇ ਦੀ ਗ਼ਲਤ ਵਰਤੋਂ ਨਾ ਹੋਵੇ ਤਾਂ ਬਹੁਤਾ ਨੁਕਸਾਨਦਾਇਕ ਨਹੀਂ ਹੁੰਦਾ। ਭਾਵ ਉਸ ਦੀ ਵਰਤੋਂ ਤੈਅ ਮਾਤਰਾ ਤੋਂ ਵੱਧ ਨਾ ਕੀਤੀ ਜਾਵੇ। ਇਹ ਦਵਾਈਆਂ ਜਿਨ੍ਹਾਂ ਨੂੰ ਬੰਦ ਕਰਨ ਦੀ ਮੰਗ ਹੋ ਰਹੀ ਹੈ, ਇਹ ਦਵਾਈਆਂ ਡਾਕਟਰ ਮਰੀਜ਼ਾਂ ਲਈ ਜ਼ਰੂਰੀ ਕਹਿ ਰਹੇ ਹਨ ਪਰ ਜੇਕਰ ਇਨ੍ਹਾਂ ਦੀ ਦੁਰਵਰਤੋਂ ਕੀਤੀ ਜਾਵੇ ਤਾਂ ਖ਼ਤਰਨਾਕ ਸਾਬਤ ਹੁੰਦੀਆਂ ਹਨ। ਡਾਕਟਰਾਂ ਅਨੁਸਾਰ ਇਨ੍ਹਾਂ ਦਵਾਈਆਂ ਦੇ ਬੰਦ ਹੋਣ ਨਾਲ ਮਰੀਜ਼ਾਂ ਦੀਆਂ ਬਿਮਾਰੀਆਂ ਦੇ ਇਲਾਜ਼ ’ਚ ਮੁਸ਼ਕਲ ਆਵੇਗੀ। ਕਈ ਬਿਮਾਰੀਆਂ ਲਈ ਇਹ ਦਵਾਈਆਂ ਅਤਿਅੰਤ ਜ਼ਰੂਰੀ ਹਨ। ਅੱਜ-ਕੱਲ੍ਹ ਬਹੁਤੇ ਮਰੀਜ਼ ਡਿਪਰੈਸ਼ਨ ਦੇ ਆ ਰਹੇ ਹਨ। ਇਹ ਦਵਾਈਆਂ ਦਿਮਾਗ ’ਤੇ ਬੋਝ ਘਟਾਉਂਦੀਆਂ ਹਨ। ਇਨ੍ਹਾਂ ਨਾਲ ਮਜ਼ਦੂਰਾਂ ’ਚ ਕੰਮ ਕਰਨ ਦੀ ਤਾਕਤ ਵੱਧ ਜਾਂਦੀ ਹੈ। ਇੱਥੇ ਇਹ ਸਵਾਲ ਨਹੀਂ ਕਿ ਮੈਡੀਕਲ ਨਸ਼ੇ ਘੱਟ ਨੁਕਸਾਨਦਾਇਕ ਹਨ। ਮਸਲਾ ਤਾਂ ਇਹ ਹੈ ਕਿ ਮੈਡੀਕਲ ਨਸ਼ਾ ਆਮ ਨਹੀਂ ਮਿਲਣਾ ਚਾਹੀਦਾ। ਹਰ ਦੁਕਾਨਦਾਰ ਬਿਨਾਂ ਡਾਕਟਰ ਦੇ ਲਿਖਣ ’ਤੇ ਇਹ ਦਵਾਈ ਨਾ ਦੇਵੇ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਮੈਡੀਕਲ ਸਟੋਰਾਂ ਦੀ ਨਿਗਰਾਨੀ ਸਹੀ ਹੋਣੀ ਚਾਹੀਦੀ ਹੈ। ਜੇਕਰ ਸਰਕਾਰ ਮੈਡੀਕਲ ਨਸ਼ੇ ਦੀਆਂ ਦਵਾਈਆਂ ਦੀ ਵੰਡ ਨੂੰ ਸੁਚੱਜੇ ਢੰਗ ਨਾਲ ਕਰ ਲਵੇ ਤੇ ਡਰੱਗ ਕੰਟਰੋਲਰ ਇਮਾਨਦਾਰੀ ਨਾਲ ਮੈਡੀਕਲ ਸਟੋਰਾਂ ’ਤੇ ਨਿਗਰਾਨੀ ਕਰਨ ਤਾਂ ਮੈਡੀਕਲ ਨਸ਼ੇ ਨਾਲ ਮਰਨ ਵਾਲਿਆਂ ਨੂੰ ਰੋਕਿਆ ਜਾ ਸਕਦਾ ਹੈ। ਪੰਜਾਬ ’ਚ 16000 ਪ੍ਰਚੂਨ ਦੇ ਮੈਡੀਕਲ ਸਟੋਰ ਹਨ ਤੇ 8000 ਥੋਕ ਦੀਆਂ ਦੁਕਾਨਾਂ ਹਨ। ਮੈਡੀਕਲ ਸਟੋਰ ਵਾਲਿਆਂ ਨੇ ਤਾਂ ਫ਼ੈਸਲਾ ਕਰ ਲਿਆ ਹੈ ਕਿ ਉਹ ਇਹ ਦਵਾਈਆਂ ਨਹੀਂ ਵੇਚਣਗੇ। ਹੁਣ ਫਿਰ ਉਨ੍ਹਾਂ ਮਰੀਜ਼ਾਂ ਦਾ ਕੀ ਬਣੇਗਾ, ਜਿਨ੍ਹਾਂ ਲਈ ਡਾਕਟਰ ਇਹ ਦਵਾਈਆਂ ਜ਼ਰੂਰੀ ਕਹਿ ਰਹੇ ਹਨ। ਹੁਣ ਸਰਕਾਰ ਨੂੰ ਕੋਈ ਸਾਰਥਿਕ ਕਦਮ ਚੁੱਕਣੇ ਪੈਣਗੇ। ਸਰਕਾਰ ਨੂੰ ਮਿਲੀ ਭੁਗਤ ਦੇ ਮਾਫੀਏ ਨੂੰ ਖ਼ਤਮ ਕਰਨਾ ਹੋਵੇਗਾ ਤਾਂ ਹੀ ਕਿਤੇ ਜਾ ਕੇ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਤੋਂ ਨਿਜਾਤ ਮਿਲੇਗੀ। ਜੇਕਰ ਇਸ ਧਰਨੇ ਤੋਂ ਬਾਅਦ ਵੀ ਨਸ਼ਿਆਂ ਨੂੰ ਰੋਕਣ ਦਾ ਕੋਈ ਵਾਜਬ ਹੱਲ ਨਾ ਨਿਕਲਿਆ ਤਾਂ ਪੰਜਾਬ ’ਚ ਲੋਕਾਂ ਦਾ ਗੁੱਸਾ ਬਰਦਾਸ਼ਤ ਕਰਨਾ ਅਸੰਭਵ ਹੋ ਜਾਵੇਗਾ। ਧਰਨਾਕਾਰੀਆਂ ਨੂੰ ਵੀ ਇਹ ਧਰਨਾ ਸ਼ਾਂਤਮਈ ਰੱਖਦਿਆਂ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ’ਤੇ ਨਿਗਾਹ ਰੱਖਣੀ ਚਾਹੀਦੀ ਹੈ।
64 ਡਰੱਗ ਇਨਸਪੈਕਟਰ ਮੈਡੀਕਲ ਸਟੋਰਾਂ ਅਰਥਾਤ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਦੀ ਨਿਗਰਾਨੀ ਕਰਨ ਵਾਲੇ ਹਨ। ਸਰਕਾਰ ਦੀ ਨੀਅਤ ਅਤੇ ਨੀਤੀ ਸਾਫ਼ ਹੋਣੀ ਚਾਹੀਦੀ ਹੈ। ਜੇਕਰ ਡਰੱਗ ਇਸਪੈਕਟਰ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਕਰਨ ਤੇ ਸਿਆਸੀ ਤੇ ਅਫ਼ਸਰਸ਼ਾਹੀ ਦੀ ਦਖ਼ਲ ਅੰਦਾਜ਼ੀ ਨਾ ਹੋਵੇ ਤਾਂ ਪਰਮਿੰਦਰ ਸਿੰਘ ਝੋਟੇ ਵਰਗਿਆਂ ਸਮਾਜ ਸੇਵਕਾਂ ਨੂੰ ਮੈਡੀਕਲ ਨਸ਼ੇ ਰੋਕਣ ਦੀ ਲੋੜ ਹੀ ਨਾ ਪਵੇ।
ਪਰਮਿੰਦਰ ਸਿੰਘ ਝੋਟੇ ਦੇ ਹੱਕ ’ਚ ਇਨਸਾਫ਼ ਦੀ ਲੜਾਈ ਲੜ ਰਹੇ ਧਰਨੇ ’ਤੇ ਬੈਠੇ ਲੋਕਾਂ ਤੇ ਜਿਹੜੀ ਐਕਸ਼ਨ ਕਮੇਟੀ ਬਣੀ ਹੈ, ਉਨ੍ਹਾਂ ਨੂੰ ਮੈਡੀਕਲ ਨਸ਼ੇ ਦੇ ਨਾਲ ਹੀ ਕੈਮੀਕਲ ਨਸ਼ਿਆਂ ਨੂੰ ਬੰਦ ਕਰਨ ਲਈ ਵੀ ਸਰਕਾਰ ’ਤੇ ਜ਼ੋਰ ਪਾਉਣਾ ਚਾਹੀਦਾ ਹੈ। ਐਕਸ਼ਨ ਕਮੇਟੀ ’ਚ ਸਾਰੇ ਵਰਗਾਂ ਦੇ ਬਹੁਤ ਹੀ ਸੁਲਝੇ ਹੋਏ ਲੋਕ ਸ਼ਾਮਲ ਹਨ, ਉਨ੍ਹਾਂ ਤੋਂ ਪੰਜਾਬ ਦੇ ਨਸ਼ਿਆਂ ਦੇ ਪੀੜਤ ਪਰਿਵਾਰ ਆਸ ਲਗਾਈ ਬੈਠੇ ਹਨ। ਅਜਿਹੇ ਮੌਕਿਆਂ ’ਤੇ ਕੁਝ ਸ਼ਰਾਰਤੀ ਅਨਸਰ ਵੀ ਭਾਵਨਾਤਮਕ ਤੇ ਭੜਕਾਊ ਭਾਸ਼ਣ ਦੇ ਕੇ ਧਰਨਾਕਾਰੀਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਐਕਸ਼ਨ ਕਮੇਟੀ ਨੂੰ ਅਜਿਹੇ ਲੋਕਾਂ ਦੀਆਂ ਕਾਰਵਾਈਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ, ਕਿਉਂਕਿ ਪਰਮਿੰਦਰ ਸਿੰਘ ਝੋਟੇ ਦਾ ਪਰਿਵਾਰ ਤਾਂ ਗਹਿਰੇ ਸਦਮੇ ’ਚ ਹੈ। ਸ਼ਰਾਰਤੀ ਅਨਸਰਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਸ ਸਮੇਂ ਇਹ ਧਰਨਾ ਸਿਖਰਲੇ ਪੱਧਰ ’ਤੇ ਹੈ। ਸਰਕਾਰ ਨਾਲ ਗੱਲਬਾਤ ਵੀ ਜਾਰੀ ਰੱਖਣੀ ਜ਼ਰੂਰੀ ਹੁੰਦੀ ਹੈ, ਕਿਉਂਕਿ ਹਰ ਵੱਡੇ ਤੋਂ ਵੱਡਾ ਮਸਲਾ ਅਖ਼ੀਰ ਗੱਲਬਾਤ ਤੋਂ ਬਾਅਦ ਹੀ ਹੱਲ ਹੁੰਦਾ ਹੈ। ਧਰਨਾਕਾਰੀਆਂ ਨੇ ਪਰਮਿੰਦਰ ਸਿੰਘ ਝੋਟੇ ਦੀ ਨਸ਼ਿਆਂ ਵਿਰੁੱਧ ਲੜਾਈ ਨੂੰ ਲਗਾਤਾਰ ਜਾਰੀ ਰੱਖਦਿਆਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢਣਾ ਹੈ। ਪੰਜਾਬੀ ਹਮੇਸ਼ਾ ਹਰ ਸਮੇਂ ਹਰ ਅੰਦੋਲਨ ’ਚ ਸਫਲ ਹੁੰਦੇ ਹਨ। ਤਾਜ਼ਾ ਮਿਸਾਲ ਤਿੰਨ ਕਾਲੇ ਕਾਨੂੰਨਾਂ ਦੀ ਲੜਾਈ ਦੇ ਨਤੀਜੇ ਸਾਹਮਣੇ ਹਨ, ਭਾਵੇਂ ਕੇਂਦਰ ਸਰਕਾਰ ਪੂਰੀ ਤਰ੍ਹਾਂ ਕੀਤੇ ਵਾਅਦੇ ’ਤੇ ਖ਼ਰੀ ਨਹੀਂ ਉਤਰੀ, ਜਿਸ ਕਰਕੇ ਕਿਸਾਨ ਜੱਥੇਬੰਦੀਆਂ ਅਜੇ ਤੱਕ ਲੜਾਈ ਲੜ ਰਹੀਆਂ ਹਨ। ਕੁਲ ਮਿਲਾ ਕੇ ਇਹ ਬਿਮਾਰੀ ਜੜ੍ਹ ਤੋਂ ਚੁੱਕੀ ਜਾਣੀ ਚਾਹੀਦੀ ਹੈ ਤਾਂ ਹੀ ਅਜਿਹੇ ਸੰਘਰਸ਼ ਕਿਸੇ ਨਤੀਜੇ ਤੱਕ ਪਹੁੰਚ ਸਕਦੇ ਹਨ। ਸੰਪਰਕ : 94178 13072