- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਨ 1995 ਵਿਚ ਰਾਜ ਪੱਧਰੀ ਕੈਮਿਸਟਰੀ ਰਿਫਰੈਸ਼ਰ ਕੋਰਸ ਵਿਚ ਹਿੱਸਾ ਲੈਣ ਲਈ ਅੰਮ੍ਰਿਤਸਰ ਵਿਖੇ ਪੰਜਾਬ ਭਰ ’ਚੋਂ ਲੈਕਚਰਾਰ ਇਕੱਠੇ ਹੋਏ ਸਨ। ਉਸੇ ਵਰ੍ਹੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਕਹਾਣੀ ਮੁਕਾਬਲੇ ਵਿਚ ਮੇਰੀ ਪੰਜਾਬੀ ਕਹਾਣੀ, ‘ਮੇਰਾ ਮਾਣਕੂ’ ਅਤੇ ਹਿੰਦੀ ਕਹਾਣੀ ‘ਅਬਲਾ ਨਹੀਂ ਹੋ ਤੁਮ’ ਦੋਹਾਂ ਨੂੰ ਪਹਿਲਾ ਪੁਰਸਕਾਰ ਹਾਸਲ ਹੋਇਆ ਸੀ। ਇਹ ਕਹਾਣੀਆਂ ਵੱਖੋ-ਵੱਖਰੀਆਂ ਅਖ਼ਬਾਰਾਂ ਵਿਚ ਪ੍ਰਕਾਸ਼ਤ ਵੀ ਹੋਈਆਂ।

ਸੰਨ 1995 ਵਿਚ ਰਾਜ ਪੱਧਰੀ ਕੈਮਿਸਟਰੀ ਰਿਫਰੈਸ਼ਰ ਕੋਰਸ ਵਿਚ ਹਿੱਸਾ ਲੈਣ ਲਈ ਅੰਮ੍ਰਿਤਸਰ ਵਿਖੇ ਪੰਜਾਬ ਭਰ ’ਚੋਂ ਲੈਕਚਰਾਰ ਇਕੱਠੇ ਹੋਏ ਸਨ। ਉਸੇ ਵਰ੍ਹੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕਰਵਾਏ ਕਹਾਣੀ ਮੁਕਾਬਲੇ ਵਿਚ ਮੇਰੀ ਪੰਜਾਬੀ ਕਹਾਣੀ, ‘ਮੇਰਾ ਮਾਣਕੂ’ ਅਤੇ ਹਿੰਦੀ ਕਹਾਣੀ ‘ਅਬਲਾ ਨਹੀਂ ਹੋ ਤੁਮ’ ਦੋਹਾਂ ਨੂੰ ਪਹਿਲਾ ਪੁਰਸਕਾਰ ਹਾਸਲ ਹੋਇਆ ਸੀ। ਇਹ ਕਹਾਣੀਆਂ ਵੱਖੋ-ਵੱਖਰੀਆਂ ਅਖ਼ਬਾਰਾਂ ਵਿਚ ਪ੍ਰਕਾਸ਼ਤ ਵੀ ਹੋਈਆਂ। ਹੁਸ਼ਿਆਰਪੁਰ ਤੋਂ ਪੁੱਜੇ ਪਹਿਲੀ ਵਾਰ ਮਿਲੇ ਚੰਗੀ ਸ਼ਖ਼ਸੀਅਤ ਦੇ ਮਾਲਕ ਇਕ ਕੈਮਿਸਟਰੀ ਲੈਕਚਰਾਰ ਨੇ ਮੈਨੂੰ ਵਧਾਈ ਦਿੰਦਿਆਂ ਦੱਸਿਆ ਕਿ ਮੇਰਾ ਗੋਤਰ ਮਾਣਕੂ ਹੈ, ਮੈਂ ‘ਮੇਰਾ ਮਾਣਕੂ’ ਕਹਾਣੀ ਇਹ ਸੋਚ ਕੇ ਪੜ੍ਹੀ ਕਿ ਸ਼ਾਇਦ ਇਸ ਵਿਚ ਸਾਡੇ ਬਾਰੇ ਕੋਈ ਗੱਲ ਹੋਵੇਗੀ। ਉਂਜ ਕਹਾਣੀ ਮਨ ਨੂੰ ਛੂਹ ਗਈ। ਇੰਜ ਇਸ ਕਹਾਣੀ ਰਾਹੀਂ ਸਾਡੀ ਦੋਸਤੀ ਦੀ ਨੀਂਹ ਰੱਖੀ ਗਈ ਸੀ। ਇੱਕੋ ਵਿਸ਼ੇ ਦੇ ਲੈਕਚਰਾਰ ਹੋਣ ਦੇ ਨਾਲ-ਨਾਲ ਸਾਡੇ ਬਹੁਤ ਸਾਰੇ ਵਿਚਾਰ, ਪਸੰਦਾਂ ਅਤੇ ਸ਼ੌਕ ਮਿਲਦੇ-ਜੁਲਦੇ ਸਨ। ਇਹ ਹੈਰਾਨੀ ਵਾਲੀ ਗੱਲ ਸੀ ਕਿ ਜਤਿੰਦਰ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਸਾਹਿਤ ਦਾ ਗੰਭੀਰ ਪਾਠਕ ਸੀ। ਉਸ ਕੋਲ ਪੁਸਤਕਾਂ ਦਾ ਚੰਗਾ ਜ਼ਖ਼ੀਰਾ ਸੀ। ਉਸ ਨੂੰ ਸ਼ਾਸਤਰੀ ਸੰਗੀਤ ਦੀ ਸੂਖ਼ਮ ਜਾਣਕਾਰੀ ਸੀ। ਉਹ ਪਾਕਿਸਤਾਨੀ ਡਰਾਮਿਆਂ ਦਾ ਬੜਾ ਸ਼ੌਕੀਨ ਸੀ। ਉਸ ਦੀ ਪ੍ਰੇਰਨਾ ਸਦਕਾ ਹੀ ਮੈਂ ਵੀ ਇਹ ਡਰਾਮੇ ਦੇਖੇ। ਉਹ ਓਸ਼ੋ, ਮਸਕੀਨ ਅਤੇ ਸ਼ਿਵਾਨੀ ਦੇ ਅਧਿਆਤਮਕ ਲੈਕਚਰਾਂ ਦਾ ਦੀਵਾਨਾ ਸੀ। ਉਹ ਕੰਪਿਉਟਰ ਦਾ ਵੀ ਬੜਾ ਮਾਹਿਰ ਸੀ। ਇਸ ਤੋਂ ਵੀ ਵਧ ਕੇ ਉਹ ਮਿਲਣਸਾਰ, ਮਦਦਗਾਰ, ਕੋਮਲ ਭਾਵੀ ਅਤੇ ਤਰਕ ਨਾਲ ਗੱਲ ਕਰਨ ਵਾਲਾ ਸੀ। ਉਸ ਦੀਆਂ ਇਨ੍ਹਾਂ ਖ਼ੂਬੀਆਂ ਕਰਕੇ ਸਾਡੀ ਦੋਸਤੀ ਹੋਰ ਪੱਕੀ ਹੁੰਦੀ ਗਈ ਸੀ। ਉਸ ਨੇ ਮੇਰੀਆਂ ਲਗਪਗ ਸਾਰੀਆਂ ਪੁਸਤਕਾਂ ਪੜ੍ਹੀਆਂ ਤੇ ਉਨ੍ਹਾਂ ’ਤੇ ਇਕ ਸੂਝਵਾਨ ਪਾਠਕ ਵਾਂਗ ਬੇਝਿਜਕ ਹੋ ਕੇ ਟਿੱਪਣੀਆਂ ਕੀਤੀਆਂ। ਮਹਿਕਮੇ ਦੀ ਲੋੜ ’ਤੇ ਜਤਿੰਦਰ ਨੂੰ ਕੁਝ ਸਮਾਂ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਅਤੇ ਮੈਨੂੰ ਜ਼ਿਲ੍ਹਾ ਐਜੂਸੈਟ ਕੋਆਰਡੀਨੇਟਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ। ਇਨ੍ਹਾਂ ਅਹੁਦਿਆਂ ’ਤੇ ਵੀ ਸਾਡੀ ਸਾਂਝ ਮਿਸਾਲੀ ਸੀ। ਲੈਕਚਰਾਰ ਐਸੋਸੀਏਸ਼ਨ ਅਤੇ ਜਨਰਲ ਕੈਟਾਗਰੀ ਐਸੋਸੀਏਸ਼ਨ ਵਿਚ ਵੀ ਅਸੀਂ ਨਿੱਠ ਕੇ ਕੰਮ ਕੀਤਾ। ਸੰਨ 2010 ਵਿਚ ਅਸੀਂ ਦੋਵੇਂ ਲੈਕਚਰਾਰ ਤੋਂ ਪ੍ਰਿੰਸੀਪਲ ਪਦਉੱਨਤ ਹੋ ਗਏ। ਜਤਿੰਦਰ ਨੂੰ ਪਿੰਡ ਨਾਰਾ ਅਤੇ ਮੈਨੂੰ ਨਾਰੂ ਨੰਗਲ ਜਿਹੇ ਸਕੂਲਾਂ ’ਚ ਬਤੌਰ ਪ੍ਰਿੰਸੀਪਲ ਸੇਵਾ ਕਰਨ ਦਾ ਮੌਕਾ ਮਿਲਿਆ। ਮੈਨੂੰ ਵੀ ਤਲਵਾੜਾ ਛੱਡ ਕੇ ਹੁਸ਼ਿਆਰਪੁਰ ਸ਼ਿਫਟ ਹੋਣਾ ਪਿਆ। ਸਬੱਬੀਂ ਸਾਡੀ ਰਿਹਾਇਸ਼ ਵੀ ਨੇੜੇ-ਨੇੜੇ ਹੀ ਸੀ। ਸ਼ਾਮ ਨੂੰ ਅਸੀਂ ਦੋਵੇਂ ਇਕੱਠੇ ਸੈਰ ਲਈ ਨਿਕਲਦੇ। ਸੈਰ ਦੌਰਾਨ ਅਸੀਂ ਪੜ੍ਹੀਆਂ ਹੋਈਆਂ ਪੁਸਤਕਾਂ ਤੇ ਦੇਖੇ ਹੋਏ ਪਾਕਿਸਤਾਨੀ ਡਰਾਮਿਆਂ ਅਤੇ ਆਪੋ-ਆਪਣੇ ਸਕੂਲ ਦੀਆਂ ਸਮੱਸਿਆਵਾਂ ’ਤੇ ਵਿਚਾਰ-ਚਰਚਾ ਕਰਦੇ। ਆਪਣੇ ਸਕੂਲਾਂ ਦੇ ਸੁਧਾਰ ਲਈ ਯੋਜਨਾਵਾਂ ਘੜਦੇ। ਇਕ-ਦੂਜੇ ਦੇ ਸਕੂਲ ’ਚ ਜਾ ਕੇ ਕੀਤੇ ਹੋਏ ਕੰਮਾਂ ਬਾਰੇ ਸਲਾਹ-ਮਸ਼ਵਰਾ ਕਰਦੇ। ਅਸੀਂ ਆਪੋ-ਆਪਣੇ ਸਕੂਲਾਂ ਨਾਲ ਜੁੜੀਆਂ ਕਈ ਪੁਰਾਣੀਆਂ ਸਮੱਸਿਆਵਾਂ ਜਿਨ੍ਹਾਂ ਨੂੰ ਸਾਥੋਂ ਪਹਿਲਾਂ ਦੇ ਸਕੂਲ ਮੁਖੀ ‘ਮੁਫ਼ਤ ਦੀ ਸਿਰਦਰਦੀ’ ਮੰਨ ਕੇ ਨਜ਼ਰਅੰਦਾਜ਼ ਕਰਦੇ ਰਹੇ ਸਨ, ਉਨ੍ਹਾਂ ਨੂੰ ਹੱਲ ਕੀਤਾ। ਇਹੀ ਨਹੀਂ, ਕਈ ਨਵੇਂ ਪ੍ਰਾਜੈਕਟ ਵੀ ਆਰੰਭ ਕੀਤੇ। ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੁਝ ਵਿਭਾਗੀ ਬੰਦਿਸ਼ਾਂ ਨੂੰ ਅੱਖੋਂ-ਪਰੋਖੇ ਕਰਦਿਆਂ ਕਈ ਤਰ੍ਹਾਂ ਦੇ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਖ਼ਤਰੇ ਮੁੱਲ ਲੈਂਦਿਆਂ ਕਦਮ ਚੁੱਕੇ ਜਿਨ੍ਹਾਂ ਕਰਕੇ ਇਲਾਕੇ ਅਤੇ ਵਿਭਾਗ ਵਿਚ ਸਾਡੇ ਕੀਤੇ ਹੋਏ ਕੰਮਾਂ ਦੀ ਚਰਚਾ ਵੀ ਹੋਣ ਲੱਗੀ ਅਤੇ ਅਸੀਂ ਆਪਣੇ ਵਰਗਿਆਂ ਲਈ ਟਰੈਂਡ ਸੈੱਟਰ ਵੀ ਬਣੇ। ਪੰਚਾਇਤਾਂ ਅਤੇ ਪੀਟੀਏ ਨਾਲ ਸੁਚੱਜਾ ਤਾਲਮੇਲ ਰੱਖਦਿਆਂ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧੀ। ਅਨੁਸ਼ਾਸਨ ਪੱਖੋਂ ਸੁਧਾਰ ਹੋਇਆ ਅਤੇ ਸਾਲਾਨਾ ਨਤੀਜੇ ਵੀ ਵਧੀਆ ਆਉਣ ਲੱਗੇ। ਸਕੂਲਾਂ ਵਿਚ ਸੱਭਿਆਚਾਰਕ ਗਤੀਵੀਧੀਆਂ ਵਿਚ ਵੀ ਵਾਧਾ ਹੋਇਆ। ਸਾਲਾਨਾ ਮੈਗਜ਼ੀਨ ਛਾਪੇ। ਇਨ੍ਹਾਂ ਉਪਲਬਧੀਆਂ ਕਰਕੇ ਸਾਡੇ ਸਕੂਲਾਂ ਦੇ ਨਾਂ ਮੀਡੀਆ ਦਾ ਸ਼ਿੰਗਾਰ ਬਣੇ। ਸਾਨੂੰ ਡੀਸੀ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਸ਼ੰਸਾ ਪੱਤਰ ਵੀ ਮਿਲੇ। ਹੁਣ ਜਤਿੰਦਰ ਮਾਣਕੂ ਮੇਰੇ ਹਰੇਕ ਨਾਵਲ ਦੇ ਖਰੜੇ ਦਾ ਪਹਿਲਾ ਪਾਠਕ ਹੁੰਦਾ। ਉਹ ਹਮੇਸ਼ਾ ਆਪਣੇ ਪਾਠਕੀ ਤਜਰਬੇ ਰਾਹੀਂ ਵਧੀਆ ਸੁਝਾਅ ਦਿੰਦਾ। ਮੇਰੇ ਵੱਲੋਂ ਆਪਣੇ ਅਧਿਆਪਕੀ ਅਨੁਭਵਾਂ ’ਤੇ ਆਧਾਰਤ ਲਿਖੀ ਪੁਸਤਕ, ‘ਇਕ ਸਫ਼ਰ ਇਹ ਵੀ’ ਦੀ ਸੰਪਾਦਨਾ ਦਾ ਕਾਰਜ ਵੀ ਉਸ ਨੇ ਹੀ ਅਣਥੱਕ ਮਿਹਨਤ ਕਰ ਕੇ ਸਿਰੇ ਚੜ੍ਹਾਇਆ। ਇਹ ਪੁਸਤਕ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਲਈ ਪ੍ਰਵਾਨ ਕੀਤੀ ਗਈ। ਅਸੀਂ ਇਕੱਠੇ ਵਿਸ਼ਵ ਪੁਸਤਕ ਮੇਲੇ ਲਈ ਦਿੱਲੀ ਜਾਂਦੇ ਤੇ ਸੈਂਕੜੇ ਪੁਸਤਕਾਂ ਖ਼ਰੀਦ ਕੇ ਲਿਆਉਂਦੇ। ਫਿਰ ਵਾਰੋ-ਵਾਰੀ ਵਟਾ ਕੇ ਪੜ੍ਹਦੇ। ਅਸੀਂ ਦ੍ਰਿਸ਼ਟੀ ਦਾ ਵਿਜ਼ਨ ਮੰਚ, ਹੁਸ਼ਿਆਰਪੁਰ ਦੇ ਬੈਨਰ ਹੇਠ ਸ਼ਹਿਰ ਵਿਚ ਕਈ ਸੈਮੀਨਾਰ, ਪੁਸਤਕ ਲੋਕ ਅਰਪਣ ਅਤੇ ਗੋਸ਼ਟੀਆਂ ਆਯੋਜਿਤ ਕਰਦੇ ਰਹੇ।
ਸਰਪਟ ਦੌੜਦੇ ਸਮੇਂ ਪਤਾ ਹੀ ਨਹੀਂ ਲੱਗਾ ਕਿ ਕਦੋਂ ਸਾਡੀਆਂ ਪਰਿਵਾਰਕ ਤੰਦਾਂ ਇੰਨੀਆਂ ਪੀਡੀਆਂ ਹੋ ਗਈਆਂ ਕਿ ਅਸੀਂ ਇਕ-ਦੂਜੇ ਦੇ ਦੋਸਤ ਹੋਣ ਦੇ ਨਾਲ-ਨਾਲ ਇਕ-ਦੂਜੇ ਦੀ ਸੱਜੀ-ਖੱਬੀ ਬਾਂਹ ਬਣ ਗਏ। ਦੋਵੇਂ ਪਰਿਵਾਰ ਕਈ ਵਾਰ ਇਕੱਠੇ ਟੂਰ ’ਤੇ ਗਏ। ਸਾਡੇ ਧਰਮ ਵੱਖਰੇ ਸਨ। ਸਿਆਸੀ ਸੋਚ ਵੱਖਰੀ ਸੀ। ਮਾਣਕੂ ਦਾ ਆਰਥਿਕ ਰੁਤਬਾ ਮੈਥੋਂ ਉੱਚਾ ਸੀ। ਫਿਰ ਵੀ ਇੱਕ ਵਿਚਾਰਧਾਰਕ ਸਾਂਝ ਨੇ ਸਾਨੂੰ ਲਹੂ ਦੇ ਰਿਸ਼ਤਿਆਂ ਤੋਂ ਵੀ ਪੱਕੇ ਬੰਧਨ ਵਿਚ ਬੰਨ੍ਹ ਦਿੱਤਾ ਸੀ।
ਮਾਣਕੂ ਨੂੰ ਹਰ ਕਦਮ ’ਤੇ ਆਪਣੀ ਸ਼ਰੀਕ-ਏ-ਹਿਆਤ ਗੁਰਮੀਤ ਕੌਰ (ਪ੍ਰਿੰਸੀਪਲ) ਦਾ ਭਰਪੂਰ ਸਾਥ ਮਿਲਦਾ। ਅਸੀਂ ਆਪਣੀਆਂ ਨਿੱਕੀਆਂ-ਨਿੱਕੀਆਂ ਨਿੱਜੀ ਗੱਲਾਂ ਵੀ ਇਕ-ਦੂਜੇ ਨਾਲ ਸਾਂਝੀਆਂ ਕਰ ਲੈਂਦੇ ਜਿਨ੍ਹਾਂ ਦਾ ਅਸੀਂ ਆਪਣੇ ਘਰਦਿਆਂ ਤੋਂ ਓਹਲਾ ਰੱਖਦੇ ਸਾਂ। ਉਸ ਨੂੰ ਡੀਈਓ ਵਜੋਂ ਤਰੱਕੀ ਮਿਲੀ ਤਾਂ ਉਸ ਨਾਲੋਂ ਵੱਧ ਵਧਾਈਆਂ ਦੇ ਫੋਨ ਮੈਨੂੰ ਆਏ। ਅਸੀਂ ਦੋ ਸਾਲਾਂ ਦੇ ਅੰਤਰ ਨਾਲ ਸੇਵਾ ਮੁਕਤ ਹੋਏ ਅਤੇ ਇਕੱਠਿਆਂ ਜਸ਼ਨ ਮਨਾਏ। ਸਮੇਂ ਨਾਲ ਸਾਡੇ ਬੱਚੇ ਵੀ ਪੜ੍ਹ-ਲਿਖ ਕੇ ਆਪੋ-ਆਪਣੀਆਂ ਜੌਬਜ਼ ’ਤੇ ਚਲੇ ਗਏ। ਉਨ੍ਹਾਂ ਦੇ ਵਿਆਹਾਂ ’ਤੇ ਅਸੀਂ ਇਕ-ਦੂਜੇ ਦੀ ਸਲਾਹ ’ਤੇ ਅਮਲ ਕਰਦਿਆਂ ਇਹ ਕਾਰਜ ਸਫਲਤਾਪੂਰਵਕ ਨੇਪਰੇ ਚੜ੍ਹਾਏ। ਮੇਰੀ ਬੇਟੀ ਦੇ ਵਿਆਹ ਮਗਰੋਂ ਜਿਹੜਾ ਵਿਵਾਦ ਸ਼ੁਰੂ ਹੋਇਆ, ਉਸ ਮੁਸ਼ਕਲ ਘੜੀ ਦੌਰਾਨ ਦੋਵੇਂ ਪਤੀ-ਪਤਨੀ ਨੇ ਥਾਣੇ-ਕਚਹਿਰੀਆਂ ਤੇ ਅਦਾਲਤਾਂ ਵਿਚ ਪਹਿਲੇ ਦਿਨ ਤੋਂ ਲੈ ਕੇ ਆਖ਼ਰੀ ਦਿਨ ਤੱਕ ਕਦਮ-ਕਦਮ ’ਤੇ ਸਾਥ ਦੇ ਕੇ ਸੱਚੀ ਦੋਸਤੀ ਦਾ ਧਰਮ ਨਿਭਾਇਆ। ਮੇਰੇ ਬੇਟੇ ਦਾ ਭਿਆਨਕ ਐਕਸੀਡੈਂਟ ਹੋਣ ’ਤੇ ਵੀ ਉਸ ਪਤੀ-ਪਤਨੀ ਨੇ ਸਾਡਾ ਹੌਸਲਾ ਨਾ ਟੁੱਟਣ ਦਿੱਤਾ।
ਮੇਰੇ ਬੇਟੇ ਦੀ ਜੀਵਨ ਰੱਖਿਆ ਲਈ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਉਂਦੇ ਰਹੇ ਤੇ ਸੱਚੀ ਦੋਸਤੀ ਦੇ ਮਾਅਨੇ ਬਾਖ਼ੂਬੀ ਸਮਝਾਏ। ਬਦਕਿਸਮਤੀ ਨਾਲ ਜਤਿੰਦਰ ਮਾਣਕੂ ਨੂੰ ਇਕ ਅਜਿਹੀ ਨਾਮੁਰਾਦ ਬਿਮਾਰੀ ਨੇ ਆਪਣੇ ਸ਼ਿਕੰਜੇ ਵਿਚ ਜਕੜ ਲਿਆ ਕਿ ਵਧੀਆ ਤੋਂ ਵਧੀਆ ਇਲਾਜ ਵੀ ਉਸ ਦੀ ਉਮਰ ਨਾ ਵਧਾ ਸਕਿਆ। ਉਸ ਦੇ ਜਾਣ ਮਗਰੋਂ ਉਸ ਦੇ ਪਰਿਵਾਰ ਨੂੰ ਤਾਂ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੀ, ਸਗੋਂ ਮੇਰੀ ਜ਼ਿੰਦਗੀ ਵਿਚ ਵੀ ਅਜਿਹਾ ਖਲਾਅ ਪੈਦਾ ਹੋ ਗਿਆ ਜਿਸ ਨੂੰ ਭਰੇ ਜਾਣ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਵੀ ਇਕੱਲਾ ਉਨ੍ਹਾਂ ਰਾਹਾਂ ’ਤੇ ਸੈਰ ਲਈ ਜਾਦਾਂ ਹਾਂ ਤਾਂ ਰਸਤੇ ਕੰਢੇ ਉੱਗੇ ਪੇੜ, ਖੇਤ ਅਤੇ ਜਾਣੇ-ਪਛਾਣੇ ਲੋਕ ‘ਮੇਰੇ ਮਾਣਕੂ’ ਦਾ ਪਤਾ ਪੁੱਛਦੇ ਹਨ ਤੇ ਮੈਂ ਡਾਢਾ ਉਦਾਸ ਹੋ ਜਾਂਦਾ ਹਾਂ।
-ਡਾ. ਧਰਮਪਾਲ ਸਾਹਿਲ
-ਮੋਬਾਈਲ : 98761-56964