- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਉਪਰੰਤ ਪੈਨਸ਼ਨ ਦੇ ਵਿਰੁੱਧ ਮੈਨੂੰ ਕਰਜ਼ਾ ਲੈਣਾ ਪਿਆ, ਜਿਸ ਦੀ ਕਿਸ਼ਤ ਬੈਂਕ ਦੇ ਕਹੇ ਅਨੁਸਾਰ ਪ੍ਰਤੀ ਮਹੀਨਾ ਨਿਯਤ ਹੋਈ। ਕੋਵਿਡ-2019 ਦੌਰਾਨ ਸਰਕਾਰ ਦੀਆਂ ਹਦਾਇਤਾਂ ’ਤੇ ਕਿਸ਼ਤਾਂ ਦੀ ਕਟੌਤੀ ਕੁਝ ਸਮੇਂ ਲਈ ਟਾਲੀ ਗਈ ਪਰ ਜਦੋਂ ਕਰਜ਼ੇ ਦੀ ਅਦਾਇਗੀ ਦਾ ਮਿਥਿਆ ਅੰਤਲਾ ਸਮਾਂ ਨਜ਼ਦੀਕ ਆਇਆ ਤਾਂ ਬੈਂਕ ਵਾਲਿਆਂ ਨੇ ਮੇਰੀ ਪੈਨਸ਼ਨ ’ਚੋਂ ਮਿੱਥੀ ਕਿਸ਼ਤ ਤੋਂ ਕਿਤੇ ਵੱਧ ਰਕਮ ਦੀ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ।

ਅਜੀਤ ਕਮਲ
1998 ’ਚ ਮੈਂ ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ’ਚ ਬਤੌਰ ਸੀਨੀਅਰ ਸਹਾਇਕ ਕੰਮ ਕਰਦਾ ਸੀ। ਘਰਦਿਆਂ ਨੇ ਕਿਹਾ ਕਿ ਪੁਰਾਣਾ ਮਕਾਨ ਢਾਹ ਕੇ ਨਵਾਂ ਮਕਾਨ ਬਣਾਇਆ ਜਾਵੇ। ਮੇਰੇ ਪਿਤਾ ਜੀ ਨੇ ਵੀ ਮਕਾਨ ਦੀ ਉਸਾਰੀ ਦੋ ਵਾਰ ਕੀਤੀ ਸੀ। ਛੇ ਮਰਲੇ ਦੇ ਪਲਾਟ ’ਚ ਪਹਿਲਾਂ ਲੰਮੇ ਰੁਖ਼ ਕਮਰੇ ਪਾ ਲਏ ਤੇ ਫਿਰ ਕਿਸੇ ਦੀ ਸਲਾਹ ’ਤੇ ਦੱਖਣ ਵਾਲੇ ਪਾਸੇ ਦੋ ਕਮਰੇ ਤੇ ਅੱਗੇ ਬਰਾਂਡਾ ਤੇ ਅਗਲੇ ਸਿਰੇ ਦੇ ਖੱਬੇ ਪਾਸੇ ਗਲੀ ਦੇ ਨਾਲ ਇਕ ਬੈਠਕ ਪਾ ਲਈ। ਦੋਹਾਂ ਭਰਾਵਾਂ ਦੀ ਸ਼ਾਦੀ ਉਪਰੰਤ ਜਦੋਂ ਪਰਿਵਾਰ ’ਚ ਵਾਧਾ ਹੋਣ ਲੱਗਾ ਤਾਂ ਫਿਰ ਹੋਰ ਕਮਰਿਆਂ ਦੀ ਲੋੜ ਮਹਿਸੂਸ ਹੋਣ ਲੱਗੀ।
ਬੀਮਾਰੀ ਕਾਰਨ ਪਿਤਾ ਜੀ 1984 ’ਚ ਸੰਸਾਰ ਨੂੰ ਅਲਵਿਦਾ ਆਖ ਗਏ। ਸਾਲ 1998 ’ਚ ਮੈਂ ਸਰਕਾਰ ਦੇ ਵਿੱਤ ਵਿਭਾਗ ਤੋਂ ਮਕਾਨ ਉਸਾਰੀ ਲਈ ਕਰਜ਼ਾ ਲੈਣ ਦਾ ਮਨ ਬਣਾਇਆ ਤੇ ਕਰਜ਼ੇ ਲਈ ਅਪਲਾਈ ਕਰ ਦਿੱਤਾ ਪਰ ਵਿੱਤ ਵਿਭਾਗ ਨੇ ਇਕ ਵਾਰ ਫਿ਼ਰ ਮੈਨੂੰ ਪੜ੍ਹਨੇ ਪਾ ਦਿੱਤਾ। ਮਮੂਲੀ ਜਿਹੇ ਇਤਰਾਜ਼ ਲਾ ਕੇ ਵਾਰ-ਵਾਰ ਕੇਸ ਦਫਤਰ ਨੂੰ ਵਾਪਸ ਮੋੜ ਦਿੱਤਾ ਗਿਆ। ਬਟਾਲੇ ਦਫਤਰ ’ਚ ਬਲਾਕ ਪੱਧਰ ਪ੍ਰਸਾਰ ਅਫਸਰ ਰਣਜੀਤ ਸਿੰਘ ਨਾਲ ਮੈਂ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਿਵਲ ਸਕੱਤਰੇਤ ’ਚ ਉਹਨਾਂ ਦਾ ਇਕ ਦੋਸਤ ਕੰਮ ਕਰਦਾ ਹੈ, ਉਹ ਕਰਮਚਾਰੀ ਯੂਨੀਅਨ ਦਾ ਪ੍ਰਧਾਨ ਹੈ, ਉਸ ਨੂੰ ਜਾ ਕੇ ਕਹਿ ਕੇ ਵੇਖ ਲੈਂਦੇ ਹਾਂ। ਲਿਹਾਜਾ ਉਨ੍ਹਾਂ ਮੇਰੇ ਨਾਲ ਚੰਡੀਗੜ੍ਹ ਗਏ ਤੇ ਪ੍ਰਧਾਨ ਜੀ ਨੂੰ ਮਿਲੇ। ਪ੍ਰਧਾਨ ਸਾਡੇ ਨਾਲ ਵਿੱਤ ਵਿਭਾਗ ਦੇ ਦਫਤਰ ਗਏੇ ਤੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਦੱਸੋ ਕੇਸ ’ਚ ਕੀ ਇਤਰਾਜ਼ ਹਨ। ਸਬੰਧਤ ਕਰਮਚਾਰੀ ਸ਼ਾਇਦ ਡਰ ਗਿਆ, ਉਸ ਨੇ ਕੇਸ ਕੱਢਿਆ ਅਤੇ ਇਤਰਾਜ਼ ਲੱਭਣ ਲੱਗਾ। ਸਾਰੇ ਕਾਗਜ਼ ਇੱਧਰ-ਓਧਰ ਪਲਟਾਏ ਪਰ ਉਹ ਕੋਈ ਇਤਰਾਜ਼ ਨਾ ਦਰਸਾ ਸਕਿਆ। ਉਸ ਨੇ ਪ੍ਰਧਾਨ ਜੀ ਨੂੰ ਕਿਹਾ ਕਿ ਉਹ ਜਲਦੀ ਹੀ ਕੇਸ ਮਨਜ਼ੂਰ ਕਰ ਕੇ ਭੇਜ ਦੇਵੇਗਾ। ਇੰਜ ਪ੍ਰਧਾਨ ਜੀ ਦੇ ਦਬਕੇ ਨਾਲ ਕੇਸ ਤਾਂ ਮਨਜ਼ੂਰ ਹੋ ਗਿਆ ਪਰ ਮਨਜ਼ੂਰੀ ਦਫਤਰ ਆਉਂਣ ਤੱਕ ਮੇਰੇ ਬਦਲੀ ਬਟਾਲਾ ਦਫਤਰ ਦੀ ਹੋ ਗਈ।
ਅੰਮ੍ਰਿਤਸਰ ਦਫਤਰ ਦਾ ਸੁਪਰੀਟੈਂਡੈਂਟ ਭਾਵੇਂ ਬਟਾਲੇ ਦਾ ਵਾਸੀ ਹੀ ਸੀ ਅਤੇ ਮੇਰਾ ਮਿੱਤਰ ਵੀ ਸੀ। ਕਈਆਂ ਦੇ ਕਹਿਣ ਦੇ ਬਾਵਜੂਦ ਵੀ ਉਸ ਨੇ ਕਰਜ਼ੇ ਦੀ ਰਕਮ ਅੰਮ੍ਰਿਤਸਰ ਖਜ਼ਾਨੇ ਤੋਂ ਡਰਾਅ ਕਰਵਾਉਂਣ ਤੋਂ ਮਨ੍ਹਾ ਕਰ ਦਿੱਤਾ। ਦਫਤਰ ਵਾਲਿਆਂ ਨੇ ਕਿਹਾ ਕਿ ਕਰਮਚਾਰੀ ਦੇ ਐੱਲਪੀਸੀ ’ਚ ਕਰਜ਼ੇ ਦੀ ਵਸੂਲੀ ਸਬੰਧੀ ਇੰਦਰਾਜ ਕਰ ਦਿਓ ਪਰ ਉਹ ਨਾ ਮੰਨਿਆ। ਹੁਣ ਮੁੜ ਚੰਡੀਗੜ੍ਹ ਦਫਤਰ ਨਾਲ ਵਾਹ ਪੈ ਗਿਆ। ਇਸ ਤੋਂ ਪਹਿਲਾਂ ਕਿ ਸਕੱਤਰੇਤ ਵਾਲੇ ਪ੍ਰਧਾਨ ਜੀ ਦੀਆਂ ਮੁੜ ਸੇਵਾਵਾਂ ਲਈਆਂ ਜਾਣ ਮੇਰੇ ਇਕ ਦੋਸਤ ਜੋ ਕਿ ਬਾਬਾ ਬਕਾਲਾ ਵਿਖੇ ਰਹਿੰਦਾ ਸੀ, ਦਾ ਰਈਏ ਦਾ ਖਜ਼ਾਨਾ ਅਫਸਰ ਵਾਕਿਫ਼ ਸੀ। ਉਸ ਨੇ ਮੈਨੂੰ ਖਜ਼ਾਨਾ ਅਫਸਰ ਦਾ ਪੱਤਰ ਵਿੱਤ ਵਿਭਾਗ ਦੇ ਇਕ ਅਧਿਕਾਰੀ ਦੇ ਨਾਂ ਲੈ ਦਿੱਤਾ ਅਤੇ ਉਸ ਅਧਿਕਾਰੀ ਨੇ ਓਸੇ ਦਿਨ ਮੇਰੇ ਕੇਸ ’ਚ ਖਜ਼ਾਨਾ ਦਫਤਰ ਅੰਮ੍ਰਿਤਸਰ ਦੀ ਥਾਂ ’ਤੇ ਖਜ਼ਾਨਾ ਦਫ਼ਤਰ ਬਟਾਲਾ ਕਰ ਦਿੱਤਾ।
ਆਪਣੇ ਹਿੱਸੇ ’ਚ ਮਨਜ਼ੂਰ ਨਕਸ਼ੇ ਅਨੁਸਾਰ ਮਕਾਨ ਦੀ ਉਸਾਰੀ ਤਾਂ ਕਰ ਲਈ ਪਰ ਬੂਹੇ ਬਾਰੀਆਂ ਲੱਗਣੀਆਂ ਰਹਿ ਗਈਆਂ। ਮੇਰੇ ਇਕ ਗਵਾਂਢੀ ਨੇ ਕਿਹਾ ਕਿ ਸਹੀਏ ਸਹੀਏ ਮਕਾਨ ਮੁਕੰਮਲ ਹੋ ਜਾਏਗਾ ਪਰ ਘਰਦਿਆਂ ਦੇ ਜ਼ੋਰ ਪਾਉਂਣ ’ਤੇ ਕਿ ਮਕਾਨ ਕੰਪਲੀਟ ਕਰਵਾਓ, ਕੱਲ੍ਹ ਨੂੰ ਬੱਚਿਆਂ ਦੇ ਵਿਆਹ ਵੀ ਕਰਨੇ ਨੇ ਆਦਿ। ਮੈਂ ਸਥਾਨਕ ਇਕ ਬੈਂਕ ਤੋਂ ਇਕ ਲੱਖ ਰੁਪਏ ਦਾ ਹੋਰ ਕਰਜ਼ਾ ਮਨਜ਼ੂਰ ਕਰਵਾ ਲਿਆ। ਸਰਕਾਰੀ ਕਰਮਚਾਰੀ ਹੋਣ ਕਰ ਕੇ ਕਰਜ਼ਾ ਛੇਤੀ ਮਨਜ਼ੂਰ ਹੋ ਗਿਆ ਪਰ ਬੈਂਕ ਵਾਲੇ ਵਾਕਿਫ਼ ਹੋਣ ਦੇ ਬਾਵਜੂਦ ਵੀ ਕਿਸ਼ਤਾਂ ਨਾਲ ਚੈੱਕ ਦੇਣ ਲੱਗੇ ਤੇ ਹਰ ਚੈੱਕ ਲੈਣ ਸਮੇਂ ਸਬੰਧਤ ਸ਼ਾਖਾ ਨਾਲ ਸਬੰਧਤ ਕਰਮਚਾਰੀ ਨੂੰ ਪਾਰਟੀ ਦੇਣੀ ਪੈਂਦੀ ਸੀ। ਵਿੱਤ ਵਿਭਾਗ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਵੀ ਦਫਤਰ ਵਾਲੇ ਤਨਖਾਹ ’ਚੋਂ ਕੱਟ ਲੈਦੇ ਸਨ। ਇਹ ਕਰਜ਼ਾ ਤਾਂ ਮੁੱਕ ਗਿਆ ਪਰ ਬੈਂਕ ਦਾ ਕਰਜ਼ਾ ਅਜੇ ਸਿਰ ’ਤੇ ਹੀ ਸੀ ਕਿ ਮੇਰੀ ਬਦਲੀ, ਮੁਕਤਸਰ ਦੀ ਹੋ ਗਈ। ਮੁਕਤਸਰ ਜਾ ਕੇ ਇਕ ਤਾਂ ਕਮਰਾ ਕਿਰਾਏ ’ਤੇ ਲੈਣਾ ਪਿਆ ਦੂਜਾ ਰੋਟੀ ਦਾ ਖ਼ਰਚ ਵੱਖਰਾ ਅਤੇ ਹਫਤੇ ਬਾਅਦ ਘਰ ਆਉਂਣ ’ਤੇ ਵਾਪਸ ਜਾਣ ਦਾ ਕਿਰਾਇਆ। ਭਾਵ ਇਸ ਵਾਧੂ ਖਰਚੇ ਨਾਲ ਹੱਥ ਤੰਗ ਹੋ ਗਿਆ। ਬੈਂਕ ਦੇ ਕਰਜ਼ੇ ਦੀ ਕਿਸਤ ਦੀ ਅਦਾਇਗੀ ’ਚ ਰੁਕਾਵਟ ਆਉਂਣ ਲੱਗੀ।
ਬੇਟੇ ਦੇ ਵਿਆਹ ਦੇ ਮੱਦੇਨਜ਼ਰ ਉਸ ਨੂੰ ਬੱਲਬਾਂ ਦੇ ਹੋਲਡਰ ਬਨਾਉਂਣ ਦੀ ਮਸ਼ੀਨ ਲਗਾਉਂਣ ਲਈ ਪੀਐੱਮਆਰਵਾਈ ਸਕੀਮ ਤਹਿਤ ਇਕ ਲੱਖ ਰੁਪਏ ਦਾ ਕਰਜ਼ਾ ਓਸੇ ਬੈਂਕ ਤੋਂ ਲੈ ਲਿਆ ਜਿੱਥੋਂ ਮਕਾਨ ਦੇ ਬੂਹੇ ਬਾਰੀਆਂ ਲਈ ਕਰਜ਼ਾ ਲਿਆ ਸੀ। ਇਹ ਮਸ਼ੀਨ ਪਹਿਲਾਂ ਆਪਣੇ ਚਾਚੇ ਦੇ ਮਕਾਨ ਦੀ ਬੈਠਕ ਜੋ ਘਰ ਦੇ ਸਾਹਮਣੇ ਹੀ ਸੀ ’ਚ ਮਸ਼ੀਨ ਲਗਾ ਲਈ ਪਰ ਕਿਸ ਗੱਲ ਤੋਂ ਨਰਾਜ਼ ਚਾਚੇ ਨੇ ਬੈਠਕ ਖਾਲੀ ਕਰਵਾ ਲਈ ਅਤੇ ਸਾਨੂੰ ਮਸ਼ੀਨ ਆਪਣੇ ਘਰ ’ਚ ਲਾਉਂਣੀ ਪਈ।
ਸਬੰਧਤ ਬੈਂਕ ’ਚ ਮੇਰਾ ਇਕ ਰਿਸ਼ਤੇਦਾਰ ਵੀ ਕੰਮ ਕਰਦਾ ਸੀ। ਬੈਂਕ ਵਿਚ ਕਰਮਚਾਰੀਆਂ ਦੀਆਂ ਦੋ ਵੱਖ ਵੱਖ ਯੂਨੀਅਨਾਂ ਸਨ। ਮੈਨੇਜਰ ਦਾ ਧੜਾ ਦੂਜੀ ਯੂਨੀਅਨ ਦਾ ਸੀ ਅਤੇ ਮੇਰਾ ਰਿਸ਼ਤੇਦਾਰ ਦੂਜੀ ਯੂਨੀਅਨ ਦਾ ਸੀ। ਮੈਨੇਜਰ ਮੇਰੇ ਰਿਸ਼ਤੇਦਾਰ ’ਤੇ ਜ਼ੋਰ ਪਾਉਂਦਾ ਸੀ ਕਿ ਉਹ ਉਸ ਦੀ ਯੂਨੀਅਨ ’ਚ ਚਲਾ ਜਾਵੇ ਪਰ ਰਿਸ਼ਤੇਦਾਰ ਨਾ ਮੰਨਿਆਂ। ਉਸ ’ਤੇ ਜ਼ੋਰ ਪਾਉਂਣ ਲਈ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਕਰ ਦਿੱਤੀ ਕਿ ਮੇਰੇ ਬੇਟੇ ਨੇ ਜਿਸ ਮਸ਼ੀਨ ਲਈ ਬੈਂਕ ਤੋਂ ਕਰਜ਼ਾ ਲਿਆ ਸੀ ਉਹ ਮਸ਼ੀਨ ਖੁਰਦ-ਬੁਰਦ ਕਰ ਦਿੱਤੀ ਹੈ। ਮੇਰੇ ਇਕ ਪੱਤਰਕਾਰ ਦੋਸਤ ਨੇ ਥਾਣੇ ਜਾ ਕੇ ਥਾਣੇਦਾਰ ਦੇ ਸਾਹਮਣੇ ਮੇਰੇ ਨਾਲ ਮੁਕਤਸਰ ਗੱਲ ਕੀਤੀ ਕਿ ਮੇਰਾ ਜਾਣਕਾਰ ਐੱਮਐੱਲਏ ਚੁਣਿਆ ਗਿਆ ਹੈ ਅਤੇ ਉਨ੍ਹਾਂ ਦੇ ਵਜ਼ੀਰ ਬਣਨ ਦੇ ਚਾਂਸ ਵੀ ਹਨ। ਇਸ ਗੱਲ ਨਾਲ ਥਾਣੇਦਾਰ ਸਮਝ ਗਿਆ ਅਤੇ ਉਸ ਨੇ ਮਾਮਲਾ ਓਥੇ ਹੀ ਠੱਪ ਕਰ ਦਿੱਤਾ। ਮੈਨੇਜਰ ਨੇ ਦਫਤਰ ਨੂੰ ਕਈ ਪੱਤਰ ਭੇਜੇ ਕਿ ਕਰਮਚਾਰੀ ਦੀ ਤਨਖਾਹ ’ਚੋਂ ਕਰਜ਼ੇ ਦੀ ਕਿਸ਼ਤ ਕੱਟ ਕੇ ਭੇਜੀ ਜਾਵੇ ਪਰ ਦਫਤਰ ਵਾਲਿਆਂ ਨੇ ਮੇਰਾ ਪੱਖ ਪੂਰਦੇ ਹੋਏ ਉਨ੍ਹਾਂ ਪੱਤਰਾਂ ’ਤੇ ਕੋਈ ਕਾਰਵਾਈ ਨਾ ਕੀਤੀ। ਜਦੋਂ ਮੇਰੀ ਬਦਲੀ ਬਟਾਲੇ ਦੀ ਹੋਈ ਤਾਂ ਜਾ ਕੇ ਬੈਂਕ ਦਾ ਕਰਜ਼ਾ ਖਤਮ ਹੋਇਆ।
ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਉਪਰੰਤ ਪੈਨਸ਼ਨ ਦੇ ਵਿਰੁੱਧ ਮੈਨੂੰ ਕਰਜ਼ਾ ਲੈਣਾ ਪਿਆ, ਜਿਸ ਦੀ ਕਿਸ਼ਤ ਬੈਂਕ ਦੇ ਕਹੇ ਅਨੁਸਾਰ ਪ੍ਰਤੀ ਮਹੀਨਾ ਨਿਯਤ ਹੋਈ। ਕੋਵਿਡ-2019 ਦੌਰਾਨ ਸਰਕਾਰ ਦੀਆਂ ਹਦਾਇਤਾਂ ’ਤੇ ਕਿਸ਼ਤਾਂ ਦੀ ਕਟੌਤੀ ਕੁਝ ਸਮੇਂ ਲਈ ਟਾਲੀ ਗਈ ਪਰ ਜਦੋਂ ਕਰਜ਼ੇ ਦੀ ਅਦਾਇਗੀ ਦਾ ਮਿਥਿਆ ਅੰਤਲਾ ਸਮਾਂ ਨਜ਼ਦੀਕ ਆਇਆ ਤਾਂ ਬੈਂਕ ਵਾਲਿਆਂ ਨੇ ਮੇਰੀ ਪੈਨਸ਼ਨ ’ਚੋਂ ਮਿੱਥੀ ਕਿਸ਼ਤ ਤੋਂ ਕਿਤੇ ਵੱਧ ਰਕਮ ਦੀ ਕਟੌਤੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਜਦ ਬੈਂਕ ਤੋਂ ਇਸ ਸਬੰਧ ’ਚ ਪਤਾ ਕੀਤਾ ਤਾਂ ਦੱਸਿਆ ਗਿਆ ਕਿ ਮਿਥਿਆ ਸਮਾਂ ਪੂਰਾ ਹੋਣ ਤੱਕ ਹੀ ਕਰਜ਼ੇ ਦੀ ਵਾਪਸੀ ਜ਼ਰੂਰੀ ਹੈ। ਮੈਂ ਬਥੇਰਾ ਕਿਹਾ ਕਿ ਜੇ ਸਮਾਂ ਵਾਧੂ ਦੇ ਕੇ ਹੋਰ ਵਿਆਜ਼ ਲੈ ਲਓ ਪਰ ਬੈਂਕ ਵਾਲੇ ਨਹੀਂ ਮੰਨੇ ਅਤੇ ਕਾਫੀ ਸਮਾਂ ਵਾਧੂ ਕਿਸ਼ਤਾਂ ਕੱਟਦੇ ਰਹੇ। ਇੰਜ ਲੋੜੀਂਦਾ ਬਜਟ ਅਪਸੈਂਟ ਹੋਣਾ ਸੰਭਾਵੀ ਸੀ।
ਇਹ ਠੀਕ ਹੈ ਕਿ ਬੈਂਕ ਦੇ ਕਰਜ਼ੇ ਦਾ ਲੋਕਲ ਲਏ ਕਰਜ਼ੇ ਤੋਂ ਵਿਆਜ਼ ਘੱਟ ਹੈ ਪਰ ਬੈਂਕ ਵਾਲੇ ਵੀ ਲਿਹਾਜ਼ ਨਹੀਂ ਕਰਦੇ। ਪੈਨਸ਼ਨ ਦੇ ਵਿਰੁੱਧ ਲਏ ਕਰਜ਼ੇ ’ਤੇ ਚੋਖ਼ਾ ਵਿਆਜ਼ ਦੇਣਾ ਪੈਂਦਾ ਹੈ। ਸਿਆਣੇ ਸੱਚ ਹੀ ਕਹਿੰਦੇ ਹਨ ਕਿ ਬੈਂਕ ਦਾ ਕਰਜ਼ਾ ਮਿੱਠਾ ਜ਼ਹਿਰ ਹੈ ਤੇ ਇਹ ਹੌਲ਼ੀ-ਹੌਲ਼ੀ ਅਸਰ ਕਰਦਾ ਹੈ। ਜੇਕਰ ਕਿਸੇ ਸਥਾਨਕ ਵਿਅਕਤੀ ਤੋਂ ਕਰਜ਼ਾ ਲਿਆ ਹੋਵੇ ਤਾਂ ਉਹ ਮਹੀਨੇ ਦੀ ਮਿੱਥੀ ਤਰੀਖ ਤੇ ਵਿਆਜ਼ ਜਾਂ ਮਿੱਥੀ ਕਿਸ਼ਤ ਲੈਣ ਲਈ ਆ ਦਰਵਾਜ਼ਾ ਖੜਕਾਉਂਦਾ ਹੈ ਪਰ ਬੈਂਕ ਵਾਲੇ ਇੰਜ ਨਹੀਂ ਕਰਦੇ। ਇੰਜ ਹੌਲ਼ੀ-ਹੌਲ਼ੀ ਵਿਆਜ਼ ਤੇ ਮੂਲ ਵਧਦਾ ਜਾਂਦਾ ਹੈ। ਸੰਪਰਕ : 9417376895