- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਡੀ ਸਮੱਸਿਆ ਇਹ ਵੀ ਹੈ ਕਿ ਸਰੀਰਕ ਬਿਮਾਰੀ ਲਈ ਡਾਕਟਰ ਕੋਲ ਜਾਣਾ ਆਮ ਸਮਝਿਆ ਜਾਂਦਾ ਹੈ ਪਰ ਮਾਨਸਿਕ ਪਰੇਸ਼ਾਨੀ ਲਈ ਮਦਦ ਲੈਣ ਨੂੰ ਅਜੇ ਵੀ ਕਈ ਲੋਕ ਕਮਜ਼ੋਰੀ ਸਮਝਦੇ ਹਨ। ਇਹ ਸੋਚ ਬਦਲਣੀ ਪਵੇਗੀ। ਭਾਰਤੀ ਸਮਾਜ ’ਚ ਔਰਤਾਂ ਤੋਂ ਅਕਸਰ ਉਮੀਦ ਕੀਤੀ ਜਾਂਦੀ ਹੈ ਕਿ ਉਹ ਘਰ ਵੀ ਸੰਭਾਲੇ, ਬੱਚਿਆਂ ਦੀ ਪਰਵਰਿਸ਼ ਵੀ ਕਰੇ, ਨੌਕਰੀ ਵੀ ਕਰੇ, ਰਿਸ਼ਤੇ ਵੀ ਨਿਭਾਏ ਤੇ ਹਰ ਮੁਸ਼ਕਲ ਹਾਲਾਤ ’ਚ ਮਜ਼ਬੂਤ ਵੀ ਰਹੇ।

ਡਾ. ਸੰਦੀਪ ਘੰਡ
ਅਸੀਂ ਲੰਘੀ 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾ ਕੇ ਹਟੇ ਹਾਂ ਪਰ ਇਸ ਦਿਨ ਨੂੰ ਸਿਰਫ਼ ਇਕ ਜਾਗਰੂਕਤਾ ਦਿਵਸ ਤੱਕ ਸੀਮਿਤ ਕਰਨ ਦੀ ਥਾਂ ਆਪਣੇ ਘਰਾਂ, ਪਰਿਵਾਰਾਂ ਤੇ ਸਮਾਜ ’ਚ ਮਾਨਸਿਕ ਸਿਹਤ ਨੂੰ ਗੰਭੀਰਤਾ ਨਾਲ ਸਮਝਣ ਦੀ ਲੋੜ ਹੈ। ਵਿਸ਼ਵ ਸਿਹਤ ਸੰਗਠਨ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ 2026 ਦੀ ਥੀਮ ਆਵਾਜ਼ ਸੁਣਨ ਤੋਂ ਅੱਗੇ, ਬਦਲਾਅ ਦੀ ਲੋੜ ਰੱਖੀ। ਇਸ ਦਾ ਅਰਥ ਹੈ ਕਿ ਮਾਨਸਿਕ ਸਿਹਤ ਸਮੱਸਿਆਵਾਂ ਦਾ ਖੁਦ ਸਾਹਮਣਾ ਕਰ ਚੁੱਕੇ ਲੋਕਾਂ ਦੀ ਆਵਾਜ਼ ਸਿਰਫ਼ ਸੁਣੀ ਹੀ ਨਾ ਜਾਵੇ, ਸਗੋਂ ਉਨ੍ਹਾਂ ਦੇ ਤਜਰਬੇ ਮਾਨਸਿਕ ਸਿਹਤ ਦੀਆਂ ਨੀਤੀਆਂ, ਸੇਵਾਵਾਂ ਤੇ ਫ਼ੈਸਲਿਆਂ ਨੂੰ ਬਣਾਉਣ ’ਚ ਵੀ ਵਰਤੇ ਜਾਣ। ਵਿਸ਼ਵ ਸਿਹਤ ਸੰਗਠਨ ਦਾ ਜ਼ੋਰ ਹੈ ਕਿ ਮਾਨਸਿਕ ਸਿਹਤ ਪ੍ਰਣਾਲੀ ਲੋਕਾਂ ਲਈ ਨਹੀਂ, ਲੋਕਾਂ ਦੇ ਨਾਲ ਮਿਲ ਕੇ ਬਣਾਈ ਜਾਵੇ।
ਵਿਸ਼ਵ ਸਿਹਤ ਸੰਗਠਨ ਦੀ ਸਤੰਬਰ 2026 ਦੀ ਤਾਜ਼ਾ ਜਾਣਕਾਰੀ ਅਨੁਸਾਰ ਦੁਨੀਆ ਭਰ ’ਚ ਇਕ ਬਿਲੀਅਨ ਤੋਂ ਵੱਧ ਲੋਕ ਮਾਨਸਿਕ ਸਿਹਤ ਨਾਲ ਸੰਬੰਧਿਤ ਕਿਸੇ ਨਾ ਕਿਸੇ ਸਮੱਸਿਆ ਨਾਲ ਜੂਝ ਰਹੇ ਹਨ। ਸੰਗਠਨ ਇਹ ਵੀ ਕਹਿੰਦਾ ਹੈ ਕਿ ਮਾਨਸਿਕ ਸਿਹਤ ਮਨੁੱਖੀ ਭਲਾਈ ਦਾ ਅਟੁੱਟ ਹਿੱਸਾ ਤੇ ਇਕ ਬੁਨਿਆਦੀ ਮਨੁੱਖੀ ਅਧਿਕਾਰ ਹੈ। ਇਸ ਲਈ ਮਾਨਸਿਕ ਸਿਹਤ ਨੂੰ ਕੇਵਲ ‘ਪਾਗਲਪਨ’ ਜਾਂ ਗੰਭੀਰ ਮਾਨਸਿਕ ਬਿਮਾਰੀ ਨਾਲ ਜੋੜਨਾ ਗ਼ਲਤ ਹੈ। ਤਣਾਅ, ਲਗਾਤਾਰ ਚਿੰਤਾ, ਉਦਾਸੀ, ਇਕੱਲਾਪਣ, ਨੀਂਦ ਦੀ ਸਮੱਸਿਆ, ਜੀਵਨ ’ਚ ਮਕਸਦ ਦੀ ਘਾਟ ਅਤੇ ਭਾਵਨਾਤਮਕ ਥਕਾਵਟ ਵੀ ਕਿਸੇ ਵਿਅਕਤੀ ਦੀ ਮਾਨਸਿਕ ਤੰਦਰੁਸਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਸਾਡੀ ਸਮੱਸਿਆ ਇਹ ਵੀ ਹੈ ਕਿ ਸਰੀਰਕ ਬਿਮਾਰੀ ਲਈ ਡਾਕਟਰ ਕੋਲ ਜਾਣਾ ਆਮ ਸਮਝਿਆ ਜਾਂਦਾ ਹੈ ਪਰ ਮਾਨਸਿਕ ਪਰੇਸ਼ਾਨੀ ਲਈ ਮਦਦ ਲੈਣ ਨੂੰ ਅਜੇ ਵੀ ਕਈ ਲੋਕ ਕਮਜ਼ੋਰੀ ਸਮਝਦੇ ਹਨ। ਇਹ ਸੋਚ ਬਦਲਣੀ ਪਵੇਗੀ।
ਭਾਰਤੀ ਸਮਾਜ ’ਚ ਔਰਤਾਂ ਤੋਂ ਅਕਸਰ ਉਮੀਦ ਕੀਤੀ ਜਾਂਦੀ ਹੈ ਕਿ ਉਹ ਘਰ ਵੀ ਸੰਭਾਲੇ, ਬੱਚਿਆਂ ਦੀ ਪਰਵਰਿਸ਼ ਵੀ ਕਰੇ, ਨੌਕਰੀ ਵੀ ਕਰੇ, ਰਿਸ਼ਤੇ ਵੀ ਨਿਭਾਏ ਤੇ ਹਰ ਮੁਸ਼ਕਲ ਹਾਲਾਤ ’ਚ ਮਜ਼ਬੂਤ ਵੀ ਰਹੇ। ਪਰ ਸਵਾਲ ਹੈ-ਉਸਦੀ ਆਪਣੀ ਥਕਾਵਟ ਅਤੇ ਉਸ ਦੇ ਮਨ ਦੀ ਗੱਲ ਕੌਣ ਸੁਣੇਗਾ? ਘਰੇਲੂ ਜ਼ਿੰਮੇਵਾਰੀਆਂ, ਨੌਕਰੀ ਦਾ ਦਬਾਅ, ਪਰਿਵਾਰਕ ਟਕਰਾਅ, ਆਰਥਿਕ ਚਿੰਤਾ, ਘਰੇਲੂ ਹਿੰਸਾ, ਸਮਾਜਕ ਉਮੀਦਾਂ ਤੇ ਸੋਸ਼ਲ ਮੀਡੀਆ ’ਤੇ ਤੁਲਨਾ ਔਰਤ ਦੀ ਮਾਨਸਿਕ ਸਿਹਤ ’ਤੇ ਅਸਰ ਪਾ ਸਕਦੇ ਹਨ। ਔਰਤਾਂ ਉੱਤੇ ਘਰ, ਨੌਕਰੀ, ਬੱਚਿਆਂ ਅਤੇ ਰਿਸ਼ਤਿਆਂ ਦੀਆਂ ਇਕੱਠੀਆਂ ਜ਼ਿੰਮੇਵਾਰੀਆਂ ਅਤੇ ਸਮਾਜਕ ਟਿੱਪਣੀਆਂ ਨੂੰ ਮਾਨਸਿਕ ਦਬਾਅ ਦੇ ਕਾਰਕ ਵਜੋਂ ਦਰਸਾਇਆ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਵੀ ਔਰਤਾਂ ਦੀ ਸਿਹਤ ਨੂੰ ਜੀਵਨ ਦੇ ਹਰ ਪੜਾਅ ’ਚ ਸਰੀਰਕ ਤੇ ਮਾਨਸਿਕ ਸਿਹਤ ਨਾਲ ਜੋੜਦਾ ਹੈ ਅਤੇ ਦੱਸਦਾ ਹੈ ਕਿ ਸਮਾਜਕ ਅਸਮਾਨਤਾਵਾਂ ਅਤੇ ਸੇਵਾਵਾਂ ਤੱਕ ਪਹੁੰਚ ਔਰਤਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੇ ਹਨ।
ਗਰਭ ਅਵਸਥਾ ਨੂੰ ਆਮ ਤੌਰ ’ਤੇ ਖੁਸ਼ੀ ਦਾ ਸਮਾਂ ਮੰਨਿਆ ਜਾਂਦਾ ਹੈ ਪਰ ਹਰ ਔਰਤ ਲਈ ਇਹ ਸਿਰਫ਼ ਖੁਸ਼ੀ ਦਾ ਹੀ ਨਹੀਂ, ਚਿੰਤਾ ਅਤੇ ਤਣਾਅ ਦਾ ਸਮਾਂ ਵੀ ਹੋ ਸਕਦਾ ਹੈ। ਬੱਚੇ ਦੀ ਸਿਹਤ, ਜਣੇਪੇ ਦਾ ਡਰ, ਆਰਥਿਕ ਸਥਿਤੀ, ਪਰਿਵਾਰਕ ਉਮੀਦਾਂ, ਸਰੀਰਕ ਤਬਦੀਲੀਆਂ ਅਤੇ ਭਵਿੱਖ ਦੀ ਚਿੰਤਾ ਗਰਭਵਤੀ ਔਰਤ ਦੇ ਮਨ ’ਤੇ ਅਸਰ ਪਾ ਸਕਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਦੁਨੀਆ ਭਰ ’ਚ ਲਗਭਗ 10 ਫ਼ੀਸਦੀ ਗਰਭਵਤੀ ਔਰਤਾਂ ਅਤੇ 13 ਫ਼ੀਸਦੀ ਬੱਚੇ ਨੂੰ ਜਨਮ ਦੇ ਚੁੱਕੀਆਂ ਔਰਤਾਂ ਕਿਸੇ ਮਾਨਸਿਕ ਬਿਮਾਰੀ ਦਾ ਸਾਹਮਣਾ ਕਰਦੀਆਂ ਹਨ, ਜਿਸ ’ਚ ਡਿਪ੍ਰੈਸ਼ਨ ਪ੍ਰਮੁੱਖ ਹੈ। ਵਿਕਾਸਸ਼ੀਲ ਦੇਸ਼ਾਂ ’ਚ ਇਹ ਅਨੁਪਾਤ ਲਗਭਗ 15.6 ਫ਼ੀਸਦੀ ਗਰਭ ਅਵਸਥਾ ਦੌਰਾਨ ਅਤੇ 19.8 ਫੀਸਦੀ ਜਨਮ ਤੋਂ ਬਾਅਦ ਦੱਸਿਆ ਗਿਆ ਹੈ।
ਇਹ ਅੰਕੜੇ ਸਾਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਜਦੋਂ ਅਸੀਂ ਮਾਂ ਅਤੇ ਬੱਚੇ ਦੀ ਸਿਹਤ ਦੀ ਗੱਲ ਕਰਦੇ ਹਾਂ ਤਾਂ ਮਾਂ ਦੀ ਮਾਨਸਿਕ ਸਿਹਤ ਨੂੰ ਵੀ ਉਸੇ ਗੰਭੀਰਤਾ ਨਾਲ ਦੇਖਣਾ ਪਵੇਗਾ। ਜੀਵਨ ਦੇ ਆਖ਼ਰੀ ਪੜਾਅ ਨੂੰ ਅਸੀਂ ਅਕਸਰ ‘ਆਰਾਮ ਦਾ ਸਮਾਂ’ ਕਹਿੰਦੇ ਹਾਂ, ਪਰ ਹਕੀਕਤ ’ਚ ਕਈ ਬਜ਼ੁਰਗ ਇਸ ਸਮੇਂ ਇਕੱਲਾਪਣ, ਅਣਗਹਿਲੀ ਅਤੇ ਜੀਵਨ ਦੇ ਮਕਸਦ ਦੀ ਘਾਟ ਦਾ ਸਾਹਮਣਾ ਕਰਦੇ ਹਨ। ਵਿਸ਼ਵ ਸਿਹਤ ਸੰਗਠਨ ਦੀ ਜੁਲਾਈ 2026 ਦੀ ਜਾਣਕਾਰੀ ਅਨੁਸਾਰ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲਗਭਗ 14.75 ਫ਼ੀਸਦੀ ਲੋਕ ਮਾਨਸਿਕ ਬਿਮਾਰੀ ਨਾਲ ਜੀ ਰਹੇ ਸਨ। ਇਸ ਉਮਰ ਵਰਗ ’ਚ ਮਾਨਸਿਕ ਬਿਮਾਰੀਆਂ ਕੁੱਲ ਦਿਸੳਬਿਲਿਟੇ ਦੇ ਸਾਲਾਂ ’ਚ ਲਗਭਗ 6.8 ਫ਼ੀਸਦੀ ਹਿੱਸਾ ਪਾਉਂਦੀਆਂ ਹਨ।
ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਦੁਨੀਆ ਦੀ 60 ਸਾਲ ਤੋਂ ਵੱਧ ਉਮਰ ਦੀ ਆਬਾਦੀ 2023 ’ਚ 1.1 ਬਿਲੀਅਨ ਸੀ ਅਤੇ 2050 ਤੱਕ ਇਹ ਲਗਭਗ 2.1 ਬਿਲੀਅਨ ਹੋਣ ਦੀ ਸੰਭਾਵਨਾ ਹੈ। ਇਸ ਲਈ ਬਜ਼ੁਰਗਾਂ ਦੀ ਮਾਨਸਿਕ ਸਿਹਤ ਆਉਣ ਵਾਲੇ ਦਹਾਕਿਆਂ ਵਿੱਚ ਹੋਰ ਮਹੱਤਵਪੂਰਨ ਵਿਸ਼ਾ ਬਣੇਗੀ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਲਗਭਗ ਚਾਰ ’ਚੋਂ ਇਕ ਬਜ਼ੁਰਗ ਵਿਅਕਤੀ ਇਕੱਲਾਪਣ ਮਹਿਸੂਸ ਕਰਦਾ ਹੈ। ਇਕੱਲਾਪਣ ਅਤੇ ਸਮਾਜਕ ਇਕਾਂਤ ਬਜ਼ੁਰਗਾਂ ਵਿੱਚ ਮਾਨਸਿਕ ਸਿਹਤ ਸਮੱਸਿਆਵਾਂ ਦੇ ਮਹੱਤਵਪੂਰਨ ਖ਼ਤਰੇ ਹਨ।
ਪੰਜਾਬ ਵਰਗੇ ਸੂਬਿਆਂ ’ਚ ਇੱਕ ਹੋਰ ਸਮਾਜਕ ਹਕੀਕਤ ਹੈ—ਬੱਚੇ ਸਿੱਖਿਆ, ਨੌਕਰੀ ਜਾਂ ਰੋਜ਼ਗਾਰ ਲਈ ਦੇਸ਼-ਵਿਦੇਸ਼ ਚਲੇ ਜਾਂਦੇ ਹਨ ਅਤੇ ਮਾਪੇ ਪਿੱਛੇ ਰਹਿ ਜਾਂਦੇ ਹਨ। ਇਹ ਆਰਥਿਕ ਤੌਰ ’ਤੇ ਕਈ ਵਾਰ ਪਰਿਵਾਰ ਲਈ ਚੰਗਾ ਹੋ ਸਕਦਾ ਹੈ, ਪਰ ਇਸਦੇ ਨਾਲ ਭਾਵਨਾਤਮਕ ਦੂਰੀ ਵੀ ਪੈਦਾ ਹੋ ਸਕਦੀ ਹੈ।ਫੋਨ ਅਤੇ ਵੀਡੀਓ ਕਾਲ ਸੰਪਰਕ ਦਾ ਬਦਲ ਤਾਂ ਹਨ, ਪਰ ਹਮੇਸ਼ਾ ਮਨੁੱਖੀ ਸਾਥ ਦਾ ਪੂਰਾ ਬਦਲ ਨਹੀਂ ਬਣ ਸਕਦੇ। ਇਸ ਲਈ ਬਜ਼ੁਰਗਾਂ ਨੂੰ ਸਿਰਫ਼ ਪੈਸਾ ਭੇਜਣਾ ਕਾਫ਼ੀ ਨਹੀਂ। ਉਨ੍ਹਾਂ ਨੂੰ ਸਮਾਂ, ਗੱਲਬਾਤ, ਸਨਮਾਨ ਅਤੇ ਪਰਿਵਾਰ ’ਚ ਆਪਣੀ ਮਹੱਤਤਾ ਦਾ ਅਹਿਸਾਸ ਵੀ ਚਾਹੀਦਾ ਹੈ।ਬੱਚਿਆਂ ਦੇ ਨੌਕਰੀ ਲਈ ਦੂਰ ਜਾਣ, ਜੀਵਨ ਸਾਥੀ ਦੀ ਮੌਤ, ਸਰੀਰਕ ਕਮਜ਼ੋਰੀ ਅਤੇ ਸਮਾਜਕ ਸੰਪਰਕ ਦੀ ਘਾਟ ਨੂੰ ਬਜ਼ੁਰਗਾਂ ਦੇ ਇਕੱਲਾਪਣ ਦੇ ਮੁੱਖ ਕਾਰਕਾਂ ’ਚ ਸ਼ਾਮਲ ਕੀਤਾ ਗਿਆ ਹੈ। ਰਿਟਾਇਰਮੈਂਟ ਤੋਂ ਬਾਅਦ ਸਭ ਤੋਂ ਵੱਡੀ ਸਮੱਸਿਆ ਕਈ ਵਾਰ ਪੈਸੇ ਦੀ ਨਹੀਂ, ਪਛਾਣ ਦੀ ਹੁੰਦੀ ਹੈ। ਜੋ ਵਿਅਕਤੀ 30-35 ਸਾਲ ਤੱਕ ਕਿਸੇ ਅਹੁਦੇ ’ਤੇ ਕੰਮ ਕਰਦਾ ਰਿਹਾ, ਸਵੇਰੇ ਤਿਆਰ ਹੋ ਕੇ ਦਫ਼ਤਰ ਜਾਂਦਾ ਰਿਹਾ, ਲੋਕਾਂ ਨਾਲ ਮਿਲਦਾ ਰਿਹਾ ਅਤੇ ਫ਼ੈਸਲੇ ਲੈਂਦਾ ਰਿਹਾ-ਉਸ ਲਈ ਅਚਾਨਕ ਘਰ ਬੈਠ ਜਾਣਾ ਮਨੋਵਿਗਿਆਨਕ ਤੌਰ ’ਤੇ ਵੱਡੀ ਤਬਦੀਲੀ ਹੈ। ਉਸਦੇ ਮਨ ਵਿੱਚ ਸਵਾਲ ਆ ਸਕਦਾ ਹੈ-‘ਹੁਣ ਮੇਰੀ ਲੋੜ ਕਿਸਨੂੰ ਹੈ?’
ਇਹੀ ਉਹ ਮੋੜ ਹੈ, ਜਿੱਥੇ ਪਰਿਵਾਰ ਅਤੇ ਸਮਾਜ ਦੀ ਭੂਮਿਕਾ ਸ਼ੁਰੂ ਹੁੰਦੀ ਹੈ। ਰਿਟਾਇਰਮੈਂਟ ਨੂੰ ‘ਬੇਕਾਰੀ’ ਨਹੀਂ, ਜੀਵਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਵਜੋਂ ਦੇਖਣ ਦੀ ਲੋੜ ਹੈ। ਸਮਾਜ ਸੇਵਾ, ਲਿਖਣ, ਪੜ੍ਹਨ, ਬਾਗਬਾਨੀ, ਯਾਤਰਾ, ਸਿੱਖਣ, ਨੌਜਵਾਨਾਂ ਨੂੰ ਮਾਰਗਦਰਸ਼ਨ, ਧਾਰਮਿਕ ਜਾਂ ਸੱਭਿਆਚਾਰਕ ਗਤੀਵਿਧੀਆਂ, ਕਸਰਤ ਅਤੇ ਦੋਸਤਾਂ ਨਾਲ ਮਿਲਣਾ ਰਿਟਾਇਰਮੈਂਟ ਤੋਂ ਬਾਅਦ ਜੀਵਨ ਨੂੰ ਅਰਥਪੂਰਨ ਬਣਾ ਸਕਦੇ ਹਨ। ਪਰਿਵਾਰ ਦੀ ਇਕ ਛੋਟੀ ਕੋਸ਼ਿਸ਼ ਵੱਡਾ ਬਦਲਾਅ ਲਿਆ ਸਕਦੀ ਹੈ ਬਜ਼ੁਰਗਾਂ ਨੂੰ ਪੁੱਛੋ-‘ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ?’ਇਸ ਤੋਂ ਵੀ ਵਧੀਆ ਸਵਾਲ ਹੈ-‘ਤੁਸੀਂ ਅੱਜ ਸਾਡੇ ਨਾਲ ਕੀ ਕਰਨਾ ਚਾਹੁੰਦੇ ਹੋ?’
ਉਨ੍ਹਾਂ ਨੂੰ ਪਰਿਵਾਰਕ ਫ਼ੈਸਲਿਆਂ ’ਚ ਸ਼ਾਮਲ ਕਰੋ। ਉਨ੍ਹਾਂ ਦੇ ਤਜਰਬੇ ਨੂੰ ਸਨਮਾਨ ਦਿਓ। ਉਨ੍ਹਾਂ ਨੂੰ ਕੇਵਲ ‘ਬਜ਼ੁਰਗ’ ਨਹੀਂ, ਸਗੋਂ ਪਰਿਵਾਰ ਦੀ ਜੀਵੰਤ ਯਾਦ ਅਤੇ ਤਜਰਬੇ ਦਾ ਖ਼ਜ਼ਾਨਾ ਸਮਝੋ। ਵਿਸ਼ਵ ਸਿਹਤ ਸੰਗਠਨ ਵੀ ਬਜ਼ੁਰਗਾਂ ਦੀ ਮਾਨਸਿਕ ਸਿਹਤ ਲਈ ਸਮਾਜਕ ਸੰਪਰਕ, ਕਮਿਊਨਿਟੀ ਗਰੁੱਪ, ਵਲੰਟੀਅਰਿੰਗ, ਸਿੱਖਿਆ ਤੇ ਅਰਥਪੂਰਨ ਸਮਾਜਕ ਗਤੀਵਿਧੀਆਂ ਨੂੰ ਮਹੱਤਵ ਦਿੰਦਾ ਹੈ। 2026 ਦੀ ਥੀਮ ਦਾ ਅਸਲ ਮਤਲਬ ‘ਜੀਵਨ ਦੇ ਅਸਲ ਤਜਰਬਿਆਂ ਨੂੰ ਸੁਣੋ-ਸੱਚੀਆਂ ਆਵਾਜ਼ਾਂ, ਅਸਲ ਬਦਲਾਅ’ ਸਿਰਫ਼ ਇਕ ਨਾਅਰਾ ਨਹੀਂ। ਇਸਦਾ ਮਤਲਬ ਹੈ ਕਿ ਜਿਨ੍ਹਾਂ ਨੇ ਡਿਪ੍ਰੈਸ਼ਨ, ਚਿੰਤਾ, ਇਕੱਲਾਪਣ ਜਾਂ ਕਿਸੇ ਹੋਰ ਮਾਨਸਿਕ ਸਿਹਤ ਸਮੱਸਿਆ ਦਾ ਸਾਹਮਣਾ ਕੀਤਾ ਹੈ, ਉਨ੍ਹਾਂ ਤੋਂ ਸਿਰਫ਼ ਉਨ੍ਹਾਂ ਦੀ ਕਹਾਣੀ ਸੁਣ ਕੇ ਅੱਗੇ ਨਾ ਵਧੀਏ।
ਉਨ੍ਹਾਂ ਨੂੰ ਪੁੱਛੀਏ-ਸੇਵਾ ਲੈਂਦੇ ਸਮੇਂ ਤੁਹਾਨੂੰ ਕਿਹੜੀ ਮੁਸ਼ਕਲ ਆਈ? ਪਰਿਵਾਰ ਨੇ ਤੁਹਾਨੂੰ ਕਿਵੇਂ ਸਹਾਰਾ ਦਿੱਤਾ? ਕਿੱਥੇ ਤੁਹਾਨੂੰ ਅਣਗਹਿਲੀ ਮਹਿਸੂਸ ਹੋਈ? ਸਿਸਟਮ ’ਚ ਕੀ ਬਦਲਣਾ ਚਾਹੀਦਾ ਹੈ?
ਵਿਸ਼ਵ ਸਿਹਤ ਸੰਗਠਨ ਦੇ ਮਾਨਸਿਕ ਸਿਹਤ ਐਟਲਸ 2024 ਨਾਲ ਜੁੜੇ ਅੰਕੜਿਆਂ ਅਨੁਸਾਰ ਜਵਾਬ ਦੇਣ ਵਾਲੇ ਦੇਸ਼ਾਂ ’ਚ ਸਿਰਫ਼ 37 ਫ਼ੀਸਦੀ ਨੇ ਦੱਸਿਆ ਕਿ ਮਾਨਸਿਕ ਸਿਹਤ ਬਾਰੇ ਪ੍ਰਾਇਮਰੀ ਹੈਲਥਕੇਅਰ ਕਰਮਚਾਰੀਆਂ ਦੀ ਟ੍ਰੇਨਿੰਗ ’ਚ ਖੁਦ ਅਨੁਭਵ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਹ ਅੰਕੜੇ ਦੱਸਦੇ ਹਨ ਕਿ ਸੁਣਨ ਤੋਂ ਅੱਗੇ ਵਧ ਕੇ ਭਾਗੀਦਾਰੀ ਦੇਣ ਦੀ ਅਜੇ ਵੀ ਵੱਡੀ ਲੋੜ ਹੈ। ਸਾਨੂੰ ਕੀ ਕਰਨਾ ਚਾਹੀਦਾ ਹੈ? ਮਾਨਸਿਕ ਸਿਹਤ ਦੀ ਸ਼ੁਰੂਆਤ ਹਸਪਤਾਲ ਤੋਂ ਪਹਿਲਾਂ ਘਰ ਤੋਂ ਹੁੰਦੀ ਹੈ। ਮੁੱਕਦੀ ਗੱਲ, ‘ਆਵਾਜ਼ ਸੁਣੋ, ਤਜਰਬੇ ਤੋਂ ਸਿੱਖੋ ਅਤੇ ਅਜਿਹਾ ਬਦਲਾਅ ਲਿਆਓ, ਜਿਸ ’ਚ ਮਾਨਸਿਕ ਸਿਹਤ ਨਾਲ ਜੂਝ ਰਹੇ ਲੋਕ ਖੁਦ ਵੀ ਬਦਲਾਅ ਦੇ ਹਿੱਸੇਦਾਰ ਹੋਣ।’ ਕਿਉਂਕਿ ਅਸਲ ਮਾਨਸਿਕ ਸਿਹਤ ਪ੍ਰਣਾਲੀ ਉਹ ਹੈ ਜੋ ਲੋਕਾਂ ਬਾਰੇ ਨਹੀਂ, ਲੋਕਾਂ ਦੇ ਨਾਲ ਮਿਲ ਕੇ ਬਣੇ। (ਸੰਪਰਕ : 9478231000)।